ਐਂਟੀਗਾ, 04 ਮਾਰਚ (ਏਜੰਸੀ) : ਸ਼੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਕੀਰੋਨ ਪੋਲਾਰਡ ਨੇ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਪੋਲਾਰਡ ਨੇ ਸ਼੍ਰੀਲੰਕਾ ਦਾ ਸਪਿਨਰ ਅਕੀਲਾ ਧਨੰਜੈ ਦੇ ਇੱਕ ਓਵਰ 'ਚ 6 ਛੱਕੇ ਮਾਰੇ | ਖਾਸ ਗੱਲ ਇਹ ਹੈ ਕਿ ਅਕੀਲਾ ਨੇ ਇਸ ਮੈਚ 'ਚ ਹੈਟ੍ਰਿਕ ਵਿਕਟ ਵੀ ਲਿਆ |
ਯੁਵਰਾਜ ਨੇ 2007 ਟੀ-20 ਮੈਚ ਵਿਸ਼ਵ ਕੱਪ 'ਚ ਇੰਗਲੈਂਡ ਦੇ ਖ਼ਿਲਾਫ਼ ਸਟੀਵਰਡ ਬ੍ਰਾਡ ਦੀ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ | ਪੋਲਾਰਡ ਨੇ ਯੁਵਰਾਜ ਸਿੰਘ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ 'ਚ 6 ਛੱਕੇ ਲਗਾਉਣ ਦੇ 14 ਸਾਲ ਬਾਅਦ ਇਸ ਰਿਕਾਰਡ ਦੀ ਬਰਾਬਰੀ ਕੀਤੀ ਹੈ | ਪੋਲਾਰਡ ਅੰਤਰਰਾਸ਼ਟਰੀ ਕ੍ਰਿਕੇਟ 'ਚ 6 ਗੇਂਦਾਂ ਵਿੱਚ 6 ਛੱਕੇ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ |
ਇਸ ਤੋਂ ਪਹਿਲਾਂ ਇੱਕ ਓਵਰ 'ਚ 6 ਛੱਕੇ ਲਗਾਉਣ ਦਾ ਕਾਰਨਾਮਾ ਯੁਵਰਾਜ ਸਿੰਘ ਅਤੇ ਦੱਖਣੀ ਅਫਰੀਕਾ ਦੇ ਹਰਸ਼ੇਲ ਗਿਬਸ ਨੇ ਕੀਤਾ ਹੈ | ਗਿਬਸ ਨੇ ਸਾਲ 2007 ਦੇ ਇੱਕ ਰੋਜ਼ਾ ਵਿਸ਼ਵ ਕੱਪ 'ਚ ਨੀਦਰਲੈਂਡ ਦੇ ਗੇਂਦਬਾਜ਼ ਡੈਨ ਵੈਨ ਬੁੰਗੇ ਦੇ ਇੱਕ ਓਵਰ 'ਚ 6 ਗੇਂਦਾਂ 'ਤੇ 6 ਛੱਕੇ ਮਾਰੇ ਸਨ | ਸ਼੍ਰੀਲੰਕਾ ਦੇ ਖ਼ਿਲਾਫ਼ ਟੀ-20 ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਨੇ ਪਹਿਲੇ ਟੀ-20 ਮੈਚ 'ਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ | ਇਸ ਜਿੱਤ ਦੇ ਨਾਲ ਵੈਸਟਇੰਡੀਜ਼ ਨੇ ਸ਼੍ਰੀਲੰਕਾ 'ਚ 1-0 ਦੀ ਬੜਤ ਹਾਸਲ ਕਰ ਲਈ ਹੈ |