- 8 ਮਾਰਚ ਨੂੰ ਪੰਜਾਬ ’ਚ ਹੋਣਗੇ 117 ਹਲਕਾ ਪੱਧਰੀ ਰੋਸ ਧਰਨੇ, 14 ਪ੍ਰਮੁੱਖ ਮਸਲੇ ਉਭਾਰ ਕੇ ਸਰਕਾਰ ਤੋਂ ਹੋਵੇਗੀ ਜਨਤਕ ਜਵਾਬਦੇਹੀ
ਡੱਬਵਾਲੀ, 5 ਮਾਰਚ (ਇਕਬਾਲ ਸਿੰਘ ਸ਼ਾਂਤ) : ਨਗਰ ਕੌਂਸਲ ਚੋਣਾਂ ’ਚ ਵੱਡੀ ਜਿੱਤ ਦੇ ਜਸ਼ਨਾਂ ’ਚ ਡੁੱਬੀ ਕਾਂਗਰਸ ਨੂੰ ਉਸਦੇ 2017 ਦੇ ਅਧੂਰੇ ਚੋਣ ਵਾਅਦਿਆਂ ਅਤੇ ਚਾਰ ਸਾਲਾਂ ਦੀ ਮਾੜੀ ਜਨਤਕ ਕਾਰਗੁਜਾਰੀ ’ਤੇ 2022 ਵਿੱਚ ਭੂੰਜੇ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਮੈਦਾਨ ’ਚ ਉੱਤਰ ਪਿਆ ਹੈ। ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਧਾਰਮਿਕ ਸਹੁੰ ਅਤੇ ਹੁਸ਼ਿਆਰ ਜ਼ਿਲ੍ਹੇ ’ਚ ਕਿਸਾਨ ਪਿਉ- ਪੁੱਤ ਦੇ ਅਮਰਿੰਦਰ ਸਿੰਘ ਨੂੰ ਦੋਸ਼ੀ ਦੱਸਦੇ ਖੁਦਕੁਸ਼ੀ ਨੋਟ ’ਤੇ ਗੁੰਦਵੇਂ ਤਰੀਕੇ ’ਚ ਘੇਰਨ ਲਈ 8 ਮਾਰਚ ਨੂੰ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਹੈ। ਜਿਸ ਤਹਿਤ 117 ਹਲਕਿਆਂ ’ਚ ਰੋਸ ਧਰਨੇ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ। ਇਨ੍ਹਾਂ ਧਰਨਿਆਂ ’ਚ ਅਕਾਲੀ ਦਲ ਵੱਲੋਂ ਪਿਛਲੇ ਚੋਣ ਮਨੋਰਥ ਪੱਤਰ ਮੁਤਾਬਕ ਬੁਢਾਪਾਵਿਧਵਾ ਤੇ ਅੰਗਹੀਣ ਪੈਨਸ਼ਨ ’ਚ ਵਾਧੇ, ਨਸ਼ਿਆਂ, ਘਰ-ਘਰ ਨੌਕਰੀ, ਖੇਤੀ ਕਰਜ਼ਾ ਮਾਫ਼ੀ ਸਮੇਤ 14 ਮਸਲੇ ਉਭਾਰ ਕੇ ਲੋਕ ਕਚਿਹਰੀ ’ਚ ਸੂਬਾ ਸਰਕਾਰ ਤੋਂ ਹਿਸਾਬ ਮੰਗਿਆ ਜਾਵੇਗਾ। ਡੀਜ਼ਲ-ਪਟਰੋਲ ਤੇ ਘਰੇਲੂ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਜਿਹੇ ਅਹਿਮ ਮਸਲੇ ਵੀ ਉਠਾਏ ਜਾਣਗੇ। ਚੋਣ ਵਰ੍ਹੇ ’ਚ ਕਿਸਾਨ ਸੰਘਰਸ਼ ਵਿਚਕਾਰ ਆਪਣੇ ਸੁਰੱਖਿਅਤ ਸਿਆਸੀ ਭਵਿੱਖ ਦਾ ਭੁਲੇਖਾ ਪਾਲੀ ਬੈਠੀ ਕੈਪਟਨ ਸਰਕਾਰ ਨੂੰ ਅਕਾਲੀ ਦਲ ਦਾ ਪਰਪੱਕ ਮੁੱਦਿਆਂ ’ਤੇ ਆਧਾਰਤ ਸੰਘਰਸ਼ ਵੱਡੀ ਜਨਤਕ ਜਵਾਬਦੇਹੀ ਵਿੱਚ ਉਲਝਾ ਸਕਦਾ ਹੈ। ਇਸੇ ਵਿਚਕਾਰ ਕੋਰੋਨਾ ਮਹਾਮਾਰੀ ਦੇ ਸਖ਼ਤ ਦੌਰ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੀਤੇ ਦਿਨ੍ਹੀਂ ਘਰੋਂ ਪੈਰ ਬਾਹਰ ਰੱਖਣ ਨਾਲ ਹੀ ਆਗਾਮੀ ਸਿਆਸੀ ਪਰਿਦਿ੍ਰਸ਼ ਸਾਹਮਣੇ ਕੰਧ ’ਤੇ ਲਿਖਿਆ ਵਿਖਾਈ ਦੇਣ ਲੱਗਿਆ ਹੈ। ਪੰਜਾਬ ਵਿੱਚ ਗੁਆਂਢੀ ਸੂਬਿਆਂ ਨਾਲੋਂ ਸਭ ਤੋਂ ਵੱਧ ਪਟਰੋਲ ’ਤੇ 35.14 ਅਤੇ ਡੀਜ਼ਲ ’ਤੇ 17.14 ਫ਼ੀਸਦੀ ਵੈਟ ਕੈਪਟਨ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਠ ਮਾਰਚ ਦੇ ਸੂਬਾ ਪੱਧਰੀ ਸੰਘਰਸ਼ ਲਈ ਅੱਜ ਪਿੰਡ ਬਾਦਲ ਰਿਹਾਇਸ਼ ’ਤੇ ਵੱਖ-ਵੱਖ ਹਲਕਿਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਹਾਸਲ ਕੀਤੇ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਅੱਠ ਮਾਰਚ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ ਵਿਖੇ ਹਲਕਾ ਰੋਸ ਧਰਨੇ ਦੀ ਅਗਵਾਈ ਕਰਨਗੇ। ਧਰਨੇ ਦੀ ਵਿਸ਼ਾਲਤਾ ਲਈ ਪਾਰਟੀ ਕਾਡਰ ਸਰਗਰਮੀ ਨਾਲ ਡਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਦਲ ਪਿੰਡ ’ਚ ਜਲਾਲਾਬਾਦ ਅਤੇ ਅਰਨੀਵਾਲਾ ਦੇ ਵੱਡੀ ਗਿਣਤੀ ਵਰਕਰ ਅਤੇ ਆਗੂਆਂ ਨਾਲ ਭਰਵੀਂ ਮੀਟਿੰਗ ਕੀਤੀ। ਬਾਦਲ ਨੇ ਕਾਂਗਰਸੀ ਅਹੁਦੇਦਾਰਾਂ ਵੱਲੋਂ ਸਿਆਸੀ ਰੰਜਿਸ਼ ਤਹਿਤ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਕਰਨ ਦੀ ਸਖ਼ਤ ਨਿਖੈਧੀ ਕੀਤੀ। ਹਰ ਵੇਲੇ ਵਰਕਰਾਂ ਨਾਲ ਡਟਣ ਭਰੋਸਾ ਦਿੰਦੇ ਹੋਏ ਧੱਕੇਸ਼ਾਹੀ ਦਾ ਲੋਕਤੰਤਰੀ ਢੰਗ ਨਾਲ ਜਵਾਬ ਦੇਣ ਲਈ 2022 ’ਚ ਆਪਣੀ ਸਰਕਾਰ ਬਣਾਉਣ ਲਈ ਹੁਣੇ ਤੋਂ ਕਮਰ ਕਸ ਲੈਣ ਦਾ ਸੱਦਾ ਦਿੱਤਾ। ਪਾਰਟੀ ਦੇ 8 ਮਾਰਚ ਦੇ ਧਰਨੇ ਤੇ ਅਗਲੀਆਂ ਗਤੀਵਿਧੀਆਂ ਦੀ ਕਾਮਯਾਬੀ ਲਈ ਸਭ ਦੇ ਤਨ ਮਨ ਨਾਲ ਪਾਰਟੀ ਹੁਕਮਾਂ ‘ਤੇ ਫੁਲ ਚੜ੍ਹਾਉਣ ਦੇ ਭਰੋਸੇ ਨਾਲ ਖੁਸ਼ੀ ਮਹਿਸੂਸ ਹੋਈ।