ਚੰਡੀਗੜ੍ਹ, 06 ਮਾਰਚ (ਏਜੰਸੀ) : ਪੰਜਾਬ ਦੇ ਲੁਧਿਆਣਾ 'ਚ ਥਾਣਾ ਸਦਰ ਅਧੀਨ ਪੈਂਦੇ ਖੇਤਰ 'ਚ ਤੇਜ਼ ਰਫਤਾਰ ਟਰੈਕਟਰ ਦੀ ਚਪੇਟ 'ਚ ਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਚਾਰ ਬੱਚਿਆਂ ਦਾ ਪਿਤਾ ਸੀ। ਮਿਲੀ ਜਾਣਕਾਰੀ ਅਨੁਸਾਰ ਨਿਊ ਸੁੰਦਰ ਨਗਰ ਦਾ ਰਹਿਣ ਵਾਲਾ ਸੁਨੀਲ ਦਾਸ ਦੇਰ ਰਾਤ ਫੈਕਟਰੀ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ । ਜਿਸ ਤਰ੍ਹਾਂ ਹੀ ਉਹ ਥਰੀਕੇ ਚੌਕ ਵਿੱਚ ਪਹੁੰਚਿਆ ਤਾਂ ਤੇਜ਼ ਰਫਤਾਰ ਟਰੈਕਟਰ ਨੇ ਸਾਈਕਲ ਸਵਾਰ ਸੁਨੀਲ ਨੂੰ ਟੱਕਰ ਮਾਰ ਦਿੱਤੀ।ਟਰੈਕਟਰ ਹੇਠਾਂ ਆਉਣ ਕਾਰਨ ਸੁਨੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਚਾਰ ਬੱਚੇ ਛੱਡ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਰੀਕੇ ਦੇ ਰਹਿਣ ਵਾਲੇ ਟਰੈਕਟਰ ਚਾਲਕ ਕਮਲੇਸ਼ ਪਾਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।