ਰੂਪਨਗਰ/1 ਅਪ੍ਰੈਲ/ਰਾਜਨ ਵੋਹਰਾ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕਰਕੇ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ ਉਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਦੇਵੇ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਦਿਨੋਂ ਦਿਨ ਵਧਦੇ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਸਬੰਧੀ ਜਾਣਕਾਰੀ ਲੈਣ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਅਤੇ ਹੁਣ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਮਹਿੰਗੇ ਸਮਝੌਤੇ ਕੀਤੇ ਗਏ ਹਨ।
ਉਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਦੇ ਵਾਂਗ ਮੁਫਤ ਬਿਜਲੀ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਲੁੱਟਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਨ੍ਹਾਂ ਬਿਜਲੀ ਖਰੀਦੇ ਹੀ 5400 ਕਰੋੜ ਰੁ ਬਿਜਲੀ ਖਪਤਕਾਰਾਂ ਦੀਆਂ ਜੇਬਾਂ ਕਟਕੇ ਦਿੱਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿੱਚ ਬਿੱਲ ਸਾੜੇਗੀ ਅਤੇ ਕੈਪਟਨ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਏਗੀ, ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਬਿਜਲੀ ਰਾਹੀਂ ਲੋਕਾਂ ਨੂੰ ਲੁਟ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ, ਜ਼ਿਲ੍ਹਾ ਖਜਾਨਚੀ ਸੁਰਜਨ ਸਿੰਘ, ਜ਼ਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ, ਆਪ ਆਗੂ ਸਵਰਨ ਸਿੰਘ ਸਾਂਪਲਾ,ਜਸਵਿੰਦਰ ਕੌਰ ਸ਼ਾਹੀ,ਸਾਬਕਾ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ, ਸਹਰੀ ਪ੍ਰਧਾਨ ਸ਼ਿਵ ਕੁਮਾਰ ਸੈਣੀ,ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਰਾਮ ਕੁਮਾਰ ਮੁਕਾਰੀ,ਸੰਤੋਖ ਸਿੰਘ ਵਾਲੀਆ,ਸਾਹਿਲ ਸਿੰਘ, ਗੁਰਮੇਲ ਸਿੰਘ,ਗੁਰਚਰਨ ਸਿੰਘ ਮੈਨੇਮਜਰਾ, ਸੰਦੀਪ ਜੋਸ਼ੀ,ਬਲਵੰਤ ਸਿੰਘ ਚੰਦਪੁਰੀ,ਰਣਜੀਤ ਸਿੰਘ, ਵਿਕਰਾਂਤ ਚੌਧਰੀ ਹਾਜ਼ਰ ਸਨ।