Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਸਹੀ ਨਹੀਂ ਮਹਾਮਾਰੀ ਨੂੰ ਗ਼ੈਰ-ਸੰਜੀਦਗੀ ਨਾਲ ਲੈਣਾ

April 05, 2021 11:32 AM

ਭਾਰਤ ’ਚ ਨਵੀਨ ਕੋਰੋਨਾ ਵਿਸ਼ਾਣੂ ਦੀ ਫੈਲਾਈ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੀ ਸਖ਼ਤੀ ਦੇ ਦਿਨ ਚਲ ਰਹੇ ਹਨ। ਪਿਛਲੇ ਐਤਵਾਰ, 4 ਅਪਰੈਲ ਨੂੰ ਦੇਸ਼ ’ਚ ਕੋਰੋਨਾ ਪੀੜਤਾਂ ਦੇ ਨਵੇਂ ਮਾਮਲਿਆਂ ਦੀ ਗਿਣਤੀ 93 ਹਜ਼ਾਰ 249 ਸੀ ਜੋ ਕਿ ਇਸ ਤੋਂ ਪਿਛਲੇ ਛੇ ਮਹੀਨਿਆਂ ’ਚ ਆਏ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਇਸ ਦਿਨ ਪਿਛਲੇ ਚੌਵੀ ਘੰਟੇ ਵਿਚ 634 ਮੌਤਾਂ ਵੀ ਹੋਈਆਂ ਜੋ ਕਿ 3 ਦਸੰਬਰ ਤੋਂ ਬਾਅਦ ਇਕ ਦਿਨ ’ਚ ਕੋਵਿਡ-19 ਮਹਾਮਾਰੀ ਨਾਲ ਹੋਈਆਂ ਸਭ ਤੋਂ ਵਧ ਮੌਤਾਂ ਹਨ ਹਾਲਾਂਕਿ ਮ੍ਰਿਤੂ ਦਰ ਕੌਮੀ ਪੱਧਰ ’ਤੇ 1.33 ਪ੍ਰਤੀਸ਼ਤ ਬਣੀ ਹੋਈ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿਚੋਂ 70 ਪ੍ਰਤੀਸ਼ਤ ਲੋਕ ਦੂਸਰੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ। ਦੇਸ਼ ਵਿਚ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਵਿਚ ਕੁਝ ਅਜਿਹੀ ਹੀ ਗਿਣਤੀ ਵਿਚ ਕੋਰੋਨਾ ਮਰੀਜ਼ ਸਾਹਮਣੇ ਆਏ ਸਨ। ਕੋਰੋਨਾ ਸੰਬੰਧਿਤ ਮੌਤਾਂ ਦੀ ਗਿਣਤੀ ਪਿਛਲੇ ਸਾਲ ਦੇ ਦਸੰਬਰ ਮਹੀਨੇ ’ਚ ਤੇਜ਼ੀ ਨਾਲ ਘਟੀ ਸੀ ਅਤੇ ਇਸ ਫਰਵਰੀ ਦੇ ਪਹਿਲੇ ਹਫ਼ਤੇ ਸਭ ਤੋਂ ਨੀਵੇਂ ਪੱਧਰ ’ਤੇ ਆ ਗਈ ਸੀ ਪਰ ਮਹਾਮਾਰੀ ਦੀ ਦੂਜੀ ਲਹਿਰ ਨਾਲ ਹੀ ਇਹ ਫਰਵਰੀ ਦੇ ਅਗਲੇ ਦਿਨਾਂ ’ਚ ਵੱਧਣ ਲੱਗੀ ਅਤੇ ਮਾਰਚ ਦੇ ਸ਼ੁਰੂਆਤੀ ਦਿਨਾਂ ’ਚ ਇਕ ਸੌ ਤੋਂ ਵੀ ਵਧ ਗਈ।
ਅਪਰੈਲ ਮਹੀਨੇ ਦੇ ਪਹਿਲੇ ਦਿਨਾਂ ’ਚ ਹੀ ਕੋਵਿਡ-19 ਮਹਾਮਾਰੀ ਨਾਲ ਰੋਜ਼ਾਨਾ 500 ਮੌਤਾਂ ਹੋਣ ਲੱਗੀਆਂ। 2 ਅਪਰੈਲ ਨੂੰ ਮਹਾਮਾਰੀ ਨੇ ਦੇਸ਼ ’ਚ 711 ਜਾਨਾਂ ਲੈ ਲਈਆਂ। ਹਾਲਾਂਕਿ ਕਿਸੇ ਨੂੰ ਵੀ ਇਹ ਪੱਕਾ ਨਹੀਂ ਹੈ ਕਿ ਕੋਵਿਡ-19 ਮਹਾਮਾਰੀ ਦੀਆਂ ਕਿੰਨੀਆਂ ਲਹਿਰਾਂ ਕਿਸ ਕਿਸ ਸਮੇਂ ਆਉਣੀਆਂ ਹਨ ਅਤੇ ਕਦੋਂ ਤੱਕ ਆਉਂਦੀਆਂ ਰਹਿਣਗੀਆਂ ਫਿਰ ਵੀ ਦੂਜੀ ਲਹਿਰ ਬਾਰੇ ਆਈਆਈਟੀ ਕਾਨਪੁਰ ਦੇ ਕੁਝ ਵਿਗਿਆਨੀਆਂ ਨੇ ਅਨੁਮਾਨ ਪੇਸ਼ ਕੀਤਾ ਹੈ ਕਿ ਦੇਸ਼ ’ਚ ਦੂਜੀ ਲਹਿਰ ਦੀ ਸਿਖਰ (ਪੀਕ) 15 ਤੋਂ 20 ਅਪਰੈਲ ਦਰਮਿਆਨ ਆਵੇਗੀ। ਪੰਜਾਬ ’ਚ ਸਿਖਰ ਪਹਿਲਾਂ ਆਵੇਗੀ ਅਤੇ ਫਿਰ ਮਹਾਰਾਸ਼ਟਰ ’ਚ ਸਿਖਰ ਵੇਖਣ ਨੂੰ ਮਿਲੇਗੀ। ਅਨੁਮਾਨ ਮੁਤਾਬਿਕ ਮਈ ਮਹੀਨੇ ਦੇ ਅੰਤ ਤੀਕ ਕੋਰੋਨਾਂ ਪੀੜਤਾਂ ਦੇ ਮਾਮਲਿਆਂ ਵਿਚ ਕਾਫੀ ਕਮੀ ਆ ਸਕਦੀ ਹੈ। ਇਨ੍ਹਾਂ ਵਿਗਿਆਨੀਆਂ ਦਾ ਗਣਿਤ ਆਧਾਰਿਤ ਮਾਡਲ ਵਰਤ ਕੇ ਪਿਛਲੀ ਵਾਰ ਦਾ ਅਨੁਮਾਨ ਕਿ ਮਾਮਲੇ ਸਤੰਬਰ ’ਚ ਸਿਖਰ ’ਤੇ ਪਹੁੰਚਣਗੇ, ਸਹੀ ਸਾਬਤ ਹੋਇਆ ਹੈ ਜਿਸ ਕਰਕੇ ਤਾਜ਼ਾ ਅਨੁਮਾਨ ਦੀ ਭਰੋਸੇਯੋਗਤਾ ਬਣੀ ਹੋਈ ਹੈ।
ਕੇਂਦਰ ਸਰਕਾਰ ਨੇ ਮੁੜ ਤੋਂ ਤੇਜ਼ੀ ਨਾਲ ਫੈਲ ਰਹੀ ਮਹਾਮਾਰੀ ਰੋਕਣ ਲਈ ਰਾਜਾਂ ਨੂੰ ਪਾਬੰਦੀਆਂ ਲਾਉਣ ਲਈ ਕਿਹਾ ਹੈ। ਕੇਂਦਰ ਵਲੋਂ 11 ਰਾਜ ਤੇ ਕੇਂਦਰ ਪ੍ਰਸ਼ਾਸਿਤ ਰਾਜ, ਗੰਭੀਰ ਚਿੰਤਾ ਵਾਲੇ ਦੱਸੇ ਗਏ ਹਨ ਜਿਨ੍ਹਾਂ ’ਚ ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲਾ, ਛਤੀਸਗੜ੍ਹ, ਚੰਡੀਗੜ੍ਹ, ਗੁਜਰਾਤ, ਮਧਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਹਰਿਆਣਾ ਸ਼ਾਮਿਲ ਹਨ। ਇਨ੍ਹਾਂ ਵਿਚੋਂ ਹੀ ਪਿਛਲੇ 14 ਦਿਨਾਂ ’ਚ 90 ਪ੍ਰਤੀਸ਼ਤ ਨਵੇਂ ਮਾਮਲੇ ਆਏ ਹਨ ਅਤੇ 90 ਪ੍ਰਤੀਸ਼ਤ ਤੋਂ ਵਧ (90.5 ਪ੍ਰਤੀਸ਼ਤ) ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਦੀ ਹਾਲਤ ਸਭ ਤੋਂ ਖ਼ਤਰਨਾਕ ਹੈ। ਦੇਸ਼ ’ਚ ਐਤਵਾਰ, 4 ਅਪਰੈਲ ਨੂੰ ਕੋਰੋਨਾ ਪੀੜਤਾਂ ਦੇ ਨਵੇਂ ਮਾਮਲਿਆਂ ਦੀ ਗਿਣਤੀ 93 ਹਜ਼ਾਰ 249 ਆਉਣ ਨਾਲ ਚਿੰਤਾਵਾਂ ’ਚ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਸਤੰਬਰ ਮਹੀਨੇ ਦੀ 17 ਤਾਰੀਕ ਨੂੰ ਮਹਾਮਾਰੀ ਦੇ ਸਿਖਰ ਸਮੇਂ, 97 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਸਨ । ਇਸ ਸਮੇਂ ਦੇਸ਼ ’ਚ ਐਕਟਿਵ ਮਾਮਲੇ ਵੀ 6 ਲੱਖ 14 ਹਜ਼ਾਰ 696 ਹੋ ਚੁੱਕੇ ਹਨ।
ਇਸ ਹਾਲਤ ਨਾਲ ਨਿਪਟਣ ਲਈ ਜ਼ਿਆਦਾ ਪ੍ਰਭਾਵਿਤ ਰਾਜਾਂ ’ਚ ਰਾਤ ਦਾ ਕਰਫ਼ਿਊ ਆਇਦ ਹੋ ਰਿਹਾ ਹੈ। ਮੁੰਬਈ ਦਾ ਰਾਤ ਦਾ ਜੀਵਨ ਲਗਭਗ ਖ਼ਤਮ ਹੀ ਹੈ । ਪੂਨੇ ’ਚ ਸ਼ਾਮ ਦੇ 6 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫ਼ਿਊ ਆਇਦ ਹੈ ਅਤੇ ਇਥੇ ਮਾਲ, ਰੈਸਟੋਰੈਂਟ, ਹੋਟਲ ਅਤੇ ਧਾਰਮਿਕ ਥਾਵਾਂ ਬੰਦ ਹਨ। ਪੰਜਾਬ ’ਚ ਵੀ ਰਾਤ ਦਾ ਕਰਫ਼ਿਊ ਚਲ ਰਿਹਾ ਹੈ। ਇਸ ਦੇ ਨਾਲ ਹੀ ਟੈਸਟ ਵਧਾਏ ਜਾ ਰਹੇ ਹਨ। ਮਹਾਮਾਰੀ ਦੀ ਦੂਜੀ ਲਹਿਰ ਦੇ ਇਸ ਸਮੇਂ ’ਚ ਮਹਾਮਾਰੀ ਨਾਲ ਟਕਰਨ ਦੇ ਉਪਾਅ ਪਹਿਲਾਂ ਨਾਲੋਂ ਵਧੇਰੇ ਹਨ। ਵੈਕਸੀਨ ਖੋਜ ਲਈ ਗਈ ਹੈ ਅਤੇ ਟੀਕੇ ਤੇਜ਼ੀ ਨਾਲ ਲਗ ਰਹੇ ਹਨ ਹਾਲਾਂਕਿ ਟੈਸਟ ਬਾਅਦ ਰਿਪੋਰਟ ਆਉਣ ਦਰਮਿਆਨ ਦਾ ਸਮਾਂ ਘਟਾਉਣ ਦੀ ਲੋੜ ਬਣੀ ਹੋਈ ਹੈ। ਕੋਰੋਨਾ ਮਰੀਜ਼ਾਂ ਦੀ ਸਹੀ ਨਿਗਰਾਨੀ ਵੀ ਸਖ਼ਤ ਕਰਨ ਵਾਲੀ ਹੈ ਅਤੇ ਲਾਗ ਦੇ ਸ਼ਿਕਾਰ ਹੋਏ ਵਿਅਕਤੀ ਦੇ ਸਾਰੇ ਕਰੀਬੀਆਂ ਜਾਂ ਸੰਪਰਕ ’ਚ ਆਏ ਲੋਕਾਂ ਦੇ ਟੈਸਟ ਕਰਨ ਦੀ ਰਣਨੀਤੀ ’ਤੇ ਕੰਮ ਹੋਣਾ ਜ਼ਰੂਰੀ ਬਣ ਗਿਆ ਹੈ। ਇਸ ਪਾਸੇ ਅਮਲ ਹੋ ਵੀ ਰਿਹਾ ਹੈ।
ਪਰ ਇਸ ਸਭ ਦੇ ਬਾਵਜ਼ੂਦ ਸਭ ਨੂੰ ਯਾਦ ਰੱਖਣਾ ਹੋਵੇਗਾ ਕਿ ਨਵੀਨ ਕੋਰੋਨਾ ਵਿਸ਼ਾਣੂ-ਸਾਰਸ ਕੋਣ-2 ਨੇ ਇਸ ਸੰਸਾਰ ’ਚ ਹੁਣ ਰਹਿਣਾ ਹੀ ਹੈ। ਟੀਕੇ ਇਸ ਵਿਸ਼ਾਣੂ ਨਾਲ ਲੜਨ ਦੀ ਸਾਡੇ ਸਰੀਰ ਦੀ ਤਾਕਤ ਨੂੰ ਵਧਾਉਣ ਦਾ ਹੀ ਕੰਮ ਕਰ ਸਕਦੇ ਹਨ। ਇਸ ਸਾਹਮਣੇ ਹੀ ਨਵੀਨ ਕੋਰੋਨਾ ਵਿਸ਼ਾਣੂ ਨੇ, ਪਹਿਲਾ ਆਏ ਹੋਰ ਵਿਸ਼ਾਣੂਆਂ ਵਾਂਗ, ਕਮਜ਼ੋਰ ਪੈਣਾ ਹੈ। ਪਰ ਮਹਾਮਾਰੀ ਦੇ ਦੌਰ ਵਿਚੋਂ ਨਿਕਲਣ ਲਈ ਟੀਕੇ ਅਤੇ ਦੂਸਰੇ ਢੰਗ ਤਰੀਕੇ ਅਪਨਾਉਣੇ ਪੈਣਗੇ। ਸੋ ਬੇਹਤਰ ਇਹ ਹੈ ਕਿ ਕੋਵਿਡ-19 ਦੇ ਟਾਕਰੇ ਲਈ ਸੁਝਾਈਆਂ ਤਰਕੀਬਾਂ-ਸਹੀ ਢੰਗ ਨਾਲ ਮਾਸਕ ਪਾਉਣਾ, ਹੱਥ ਸਾਫ ਰੱਖਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ - ’ਤੇ ਚਲਣਾ ਮਹੱਤਵਪੂਰਨ ਹੈ। ਮਹਾਮਾਰੀ ਨੂੰ ਗ਼ੈਰ ਸੰਜੀਦਗੀ ਢੰਗ ਨਾਲ ਲੈਣਾ ਗਲਤ ਹੈ ਹਾਲਾਂਕਿ ਇਹ ਸਹੀ ਹੈ ਕਿ ਮੋਦੀ ਸਰਕਾਰ ਕੋਵਿਡ-19 ਦੀ ਮਹਾਮਾਰੀ ਦੀ ਗੰਭੀਰਤਾ ਬਣਾਈ ਰੱਖਣ ’ਚ ਨਾਕਾਮ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ