Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਕਬਾਇਲੀ ਖੇਤਰ ਦੇ ਲੋਕਾਂ ਨਾਲ ਜੁੜਨ ’ਚ ਸਰਕਾਰਾਂ ਨਾਕਾਮ

April 07, 2021 11:37 AM

ਪਿਛਲੇ ਸ਼ਨੀਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਕੇਂਦਰੀ ਸੁਰਖਿਆ ਬਲਾਂ ਅਤੇ ਛੱਤੀਸਗੜ੍ਹ ਪੁਲਿਸ ਦੇ ਜਵਾਨਾਂ ’ਤੇ ਮਾਓਵਾਦੀਆਂ ਦੁਆਰਾ ਕੀਤੇ ਜਬਰਦਸਤ ਹਮਲੇ ਨੇ, ਜਿਸ ’ਚ 22 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ ਕਈ ਜ਼ਖ਼ਮੀ ਵੀ ਹੋਏ ਹਨ, ਮੁੜ ਮਾਓਵਾਦੀਆਂ ਦੀਆਂ ਹਿੰਸਕ ਕਾਰਵਾਈਆਂ ਦੀ ਸਮੱਸਿਆ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਅਸਫਲਤਾਵਾਂ ਤੇ ਅਣਗਹਿਲੀਆਂ ਨੂੰ ਉਭਾਰ ਦਿੱਤਾ ਹੈ। ਇਸ ਕਬਾਇਲੀ ਖੇਤਰ ਵਾਲੇ ਰਾਜ ਅਤੇ ਕੇਂਦਰ ਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਗਲਾਂ ਉਠਣ ਲੱਗੀਆਂ ਹਨ। ਭਾਰਤੀ ਜਨਤਾ ਪਾਰਟੀ 2014 ਤੋਂ ਪਹਿਲਾਂ ਦੀ ਮਾਓਵਾਦੀਆਂ ਨੂੰ ਖਤਮ ਕਰਨ ਦੀ ਨੀਤੀ ਪ੍ਰਚਾਰਦੀ ਆਈ ਹੈ ਅਤੇ ਮੋਦੀ ਸਰਕਾਰ ਨੇ ਸ਼ੁਰੂ ਤੋਂ ਹੀ ਮਾਓਵਾਦ ਦਾ ਖਾਤਮਾ ਕਰਨਾ ਆਪਣਾ ਖਾਸ ਨਿਸ਼ਾਨਾ ਐਲਾਨਿਆ ਹੋਇਆ ਹੈ। ਨਵੰਬਰ 2016 ਨੂੰ ਨੋਟਬੰਦੀ, ਜਿਸ ਦੇ ਮੰਦੇ ਪ੍ਰਭਾਵ ਹਾਲੇ ਤੱਕ ਦੇਸ਼ ਦੀ ਅਰਥਵਿਵਸਥਾ ਤੋਂ ਮਿਟੇ ਨਹੀਂ ਹਨ, ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਦਾ ਇਕ ਮੰਤਵ ਮਾਓਵਾਦੀਆਂ ਦਾ ਪੈਸਾ ਤਬਾਹ ਕਰਨਾ ਦੱਸਿਆ ਸੀ। ਮੋਦੀ ਸਰਕਾਰ ਵਾਰ-ਵਾਰ ਦੁਹਰਾਅ ਚੁੱਕੀ ਹੈ ਕਿ ਉਹ ਮਾਓਵਾਦੀਆਂ ਵਿਰੁਧ ਸਖ਼ਤ ਲੜਾਈ ਪ੍ਰਤੀ ਵਚਨਬੱਧ ਹੈ। ਪਰ ਤਾਜ਼ਾ ਮੰਦਭਾਗੀ ਘਟਨਾ ਤੋਂ ਲੱਗਦਾ ਹੈ ਕਿ ਮਾਤਰ ਬਿਆਨਬਾਜ਼ੀਆਂ ਹੀ ਕੀਤੀਆਂ ਗਈਆਂ ਹਨ, ਜ਼ਮੀਨੀ ਪੱਧਰ ’ਤੇ ਕੁਝ ਵੀ ਖਾਸ ਨਹੀਂ ਕੀਤਾ ਗਿਆ।
ਛੱਤੀਸਗੜ੍ਹ ਦੇ ਜ਼ਿਲ੍ਹੇ ਸੁਕਮਾ ਅਤੇ ਬੀਜਾਪੁਰ ਦੀ ਸੀਮਾ ਨੇੜੇ ਪੈਂਦੇ ਤੱਰੇਮ ਜੰਗਲੀ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਦਰਮਿਆਨ ਹੋਇਆ ਹਥਿਆਰਬੰਦ ਮੁਕਾਬਲਾ ਮਾਓਵਾਦੀਆਂ ਦੁਆਰਾ ਹੀ ਤਿਆਰ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ ਸ਼ਾਇਦ ਮਾਓਵਾਦੀਆਂ ਨੇ ਹੀ ਉਨ੍ਹਾਂ ਦੇ ਨੇਤਾ, ਹਿਦਮਾ, ਜੋ ਮਾਓਵਾਦੀਆਂ ਦੀ ਪਹਿਲੀ ਬਟਾਲੀਅਨ ਦਾ ਮੁਖੀ ਵੀ ਹੈ, ਦੇ ਉਥੇ ਲੁਕੇ ਹੋਣ ਦੀ ਇਤਲਾਹ ਸੁਰੱਖਿਆ ਬਲਾਂ ਦੇ ਕਿਸੇ ਸੂਹਈਏ ਕੋਲ ਪਹੁੰਚਾਈ ਸੀ। ਇਸੇ ਲਈ ਸੁਰੱਖਿਆ ਕਰਮੀਆਂ ਦੀਆਂ ਟੁਕੜੀਆਂ- ਸਪੈਸ਼ਲ ਟਾਸਕ ਫੋਰਸ, ਛੱਤੀਸਗੜ੍ਹ ਦੀ ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਵਿਸ਼ੇਸ਼ ਕੋਬਰਾ ਯੂਨਿਟ ਦੇ ਜਵਾਨ ਇਸ ਮਾਓਵਾਦੀ ਗੜ੍ਹ ’ਚ ਤਲਾਸ਼ੀ ਮੁਹਿੰਮ ਲਈ ਪਹੁੰਚੇ, ਜਿਨ੍ਹਾ ਨੂੰ ਮਾਓਵਾਦੀਆਂ ਨੇ ਅਗਾਂਹ ਆਉਣ ਦਿੱਤਾ ਅਤੇ ਮਿੱਥੀ ਥਾਂ ’ਤੇ ਤਿੰਨ ਪਾਸਿਆਂ ਤੋਂ ਘਾਤ ਲਾ ਕੇ ਹਮਲਾ ਕੀਤਾ। ਮਾਓਵਾਦੀ ਜਵਾਨਾਂ ਦੇ ਹਥਿਆਰ ਅਤੇ ਗੋਲੀ ਬਾਰੂਦ ਵੀ ਲੁਟ ਕੇ ਲੈ ਗਏ। ਇਸ ਹਮਲੇ ਨਾਲ 2010 ਵਿਚ ਕੇਂਦਰੀ ਰਿਜ਼ਰਵ ਫੋਰਸ ’ਤੇ ਹੋਏ ਮਾਓਵਾਦੀ ਹਮਲੇ ਦੀ ਯਾਦ ਤਾਜ਼ਾ ਹੋ ਗਈ ਹੈ ਜਿਸ ’ਚ 76 ਜਵਾਨ ਮਾਰੇ ਗਏ ਸਨ। ਤਦ ਤੋਂ ਬਸਤਰ ਜ਼ਿਲ੍ਹੇ ਵਿਚ ਮਾਓਵਾਦੀਆਂ ਵਲੋਂ 175 ਜਵਾਨ ਮਾਰੇ ਗਏ ਹਨ। ਇਸ ਦਾ ਅਰਥ ਹੈ ਕਿ ਭਾਵੇਂ ਮਾਓਵਾਦੀਆਂ ਦਾ ਪਿਛਲੇ ਸਾਲਾਂ ’ਚ ਕਾਫੀ ਨੁਕਸਾਨ ਹੋਇਆ ਹੈ ਅਤੇ ਇਹ ਥੋੜੇ ਤੋਂ ਹੋਰ ਥੋੜੇ ਇਲਾਕੇ ਵਿਚ ਸੁੰਗੜਦੇ ਜਾ ਰਹੇ ਹਨ ਪਰ ਫਿਰ ਵੀ ਇਹ ਭਾਰੀ ਖਤਰਾ ਬਣੇ ਹੋਏ ਹਨ। ਮਾਓਵਾਦੀ ਦੂਰ-ਦੁਰਾਡੇ ਦੇ ਇਨ੍ਹਾਂ ਇਲਾਕਿਆਂ ’ਚ ਸੜਕਾਂ ਅਤੇ ਸੰਚਾਰ ਵਿਵਸਥਾ ਦੇ ਵਿਕਾਸ ਦੇ ਵੀ ਵੈਰੀ ਹਨ।
20ਵੀਂ ਸਦੀ ਦੇ 70ਵਿਆਂ ਵਿਚ ਬੰਗਾਲ ਦੇ ਇਕ ਪਿੰਡ ਤੋਂ ਪੈਦਾ ਹੋਈ ਨਕਸਲਵਾੜੀ ਲਹਿਰ ਅਗਾਂਹ ਜਾ ਕੇ ਮਾਓਵਾਦੀ ਲਹਿਰ ਵਜੋਂ ਜਾਣੀ ਗਈ ਹੈ। ਪਏ ਦਬਾਅ ਕਾਰਨ ਮਾਓਵਾਦੀਆਂ ਦੇ ਦੋ ਵੱਖ-ਵੱਖ ਗਰੁਪ ਪਿੱਛੇ ਜਿਹੇ ਇਕ ਝੰਡੇ ਹੇਠ ਆ ਗਏ ਸਨ। ਪਿਛਲੇ ਸਾਲਾਂ ਦੇ ਮੁਕਾਬਲੇ ਕਮਜ਼ੋਰ ਹੋਣ ਦੇ ਬਾਵਜੂਦ ਇਨ੍ਹਾਂ ਦੀਆਂ ਸਫਾਂ ’ਚ ਨਵੇਂ ਲੋਕ ਆਉਂਦੇ ਰਹੇ ਹਨ। ਸਰਕਾਰ ਅਸੂਲ ਪਖੋਂ ਇਹ ਸਮਝ ਚੁੱਕੀ ਹੈ ਕਿ ਮਾਓਵਾਦ ਦਾ ਮੁਕੰਮਲ ਸਫਾਇਆ ਕਰਨ ਲਈ ਸਰਕਾਰੀ ਹਥਿਆਰਬੰਦ ਦਸਤੇ ਹੀ ਕਾਫੀ ਨਹੀਂ, ਕਬਾਇਲੀ ਖੇਤਰ ਦਾ ਵਿਕਾਸ ਵੀ ਜ਼ਰੂਰੀ ਹੈ ਪਰ ਸਰਕਾਰਾਂ ਇਨ੍ਹਾਂ ਕਬਾਇਲੀ ਖੇਤਰਾਂ ’ਚ ਰਹਿ ਰਹੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਤਾਲਮੇਲ ਬਿਠਾਉਣ ’ਚ ਨਾਕਾਮ ਰਹੀਆਂ ਹਨ ਅਤੇ ਵਿਵਸਥਾ ਦੀਆਂ ਬੇਇਨਸਾਫੀਆਂ ਵੀ ਜਾਰੀ ਹਨ। ਇਸ ਲਈ ਮਾਓਵਾਦੀਆਂ ਦੀ ਸਮੱਸਿਆ ਨਾਲ ਨਿਪਟਣ ਲਈ ਇਕ ਅਜਿਹੀ ਸਰਬਪੱਖੀ ਨੀਤੀ ਅਪਨਾਉਣ ਦੀ ਲੋੜ ਹੈ ਜੋ ਸਥਾਨਕ ਲੋਕਾਂ ਦਾ ਜੀਵਨ-ਪੱਧਰ ਉਪਰ ਉਠਾਏ, ਉਨ੍ਹਾਂ ਨਾਲ ਹੁੰਦੇ ਧੱਕੇ ਨੂੰ ਰੋਕੇ ਅਤੇ ਸਥਾਨਕ ਵਿਕਾਸ ਨੂੰ ਮਜ਼ਬੂਤ ਕਰੇ। ਇਸ ਦੇ ਨਾਲ ਹੀ ਮਾਓਵਾਦੀਆਂ ਨੂੰ ਮੁੱਖ ਧਾਰਾ ’ਚ ਲਿਆੳਣਾ ਵੀ ਬਹੁਤ ਜ਼ਰੂਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ