ਰਾਕੇਸ਼ ਕੁਮਾਰ
ਵੈਰਾਗ ਦਾ ਅਰਥ ਸੰਸਾਰਿਕ ਮੋਹ ਮਾਇਆ, ਬੰਧਨਾ ਤੋਂ ਮੁਕਤੀ ਹੈ। ਧਰਮ ਵਿੱਚ ਵੈਰਾਗ ਨੂੰ ਦੋ ਰੂਪ ਵਿੱਚ ਦੱਸਿਆ ਗਿਆ ਹੈ। ਇਕ ਰੂਪ ਵਿੱਚ ਵਿਅਕਤੀ ਘਰ-ਬਾਰ ਛੱਡ ਕੇ ਸੰਨਿਆਸੀ ਵਾਲਾ ਜੀਵਨ ਭੋਗਦਾ ਅਤੇ ਪਰਮਾਤਮਾ ਦੀ ਭਗਤੀ ਕਰਦਾ ਹੈ। ਦੂਜਾ ਰੂਪ ਜਿਸ ਵਿੱਚ ਮਨੁੱਖ ਗ੍ਰਹਿਸਤੀ ਧਰਮ ਦਾ ਪਾਲਣ ਕਰਦੇ ਹੋਏ ਪਰਮਾਤਮਾ ਨਾਲ ਆਪਣੀ ਆਤਮਾ ਨੂੰ ਜੋੜਦਾ ਹੈ। ਮਨੁੱਖ ਵੈਰਾਗ ਦੇ ਇਹਨਾਂ ਦੋਹਾਂ ਰਸਤਿਆਂ ਵਿੱਚੋਂ ਕਿਸੇ ’ਤੇ ਵੀ ਚਲਦਿਆਂ, ਮਨ ਵਿੱਚ ਤਿਆਗ, ਦਯਾ, ਦੂਜਿਆਂ ਪ੍ਰਤੀ ਸਮਰਪਣ ਦੀ ਭਾਵਨਾ, ਹਰ ਜੀਵ ਲਈ ਪਿਆਰ ਦੀ ਜੋਤੀ ਜਗਾ ਕੇ ਰੱਖਦਾ ਹੈ। ਸੰਸਾਰ ਤੋਂ ਪ੍ਰਾਪਤ ਹੋਣ ਵਾਲੇ ਦੁੱਖ-ਸੁੱਖ, ਕਸ਼ਟਾਂ ਨੂੰ ਤਿਆਗ ਕੇ ਅਧਿਆਤਮਕ ਰਾਹ ’ਤੇ ਚੱਲਣਾ ਵੈਰਾਗ ਹੈ। ਵੈਰਾਗ ਵਿੱਚ ਜੋ ਸ਼ਾਂਤੀ ਦਾ ਅਹਿਸਾਸ ਹੈ ਉਹ ਸੰਸਾਰ ਦੇ ਸਾਰੇ ਸੁੱਖਾਂ ਤੋਂ ਸਰਵੋਤਮ ਹੈ।
ਵੈਰਾਗੀ ਭਾਵਨਾ ਨੂੰ ਸਮਾਜ ਵਿੱਚ ਮਾਨ-ਸਨਮਾਨ ਮਿਲਦਾ ਹੈ ਅਤੇ ਮਨੁੱਖ ਦੀ ਅਵਸਥਾ ਵਿੱਚ ਵੀ ਪਰਿਵਰਤਨ ਹੁੰਦਾ ਹੈ। ਸੰਸਾਰ ਦੀ ਮਾਇਆ ਨੂੰ ਤਿਆਗਣ ਦਾ ਮਤਲਬ ਦੁੱਖ-ਸੁੱਖ ਨੂੰ ਇੱਕ ਕਰ ਦੇਣਾ ਹੈ ਕਿਉਂਕਿ ਐਸੀ ਭਾਵਨਾ ਦਾ ਅਹਿਸਾਸ ਹੀ ਅੱਗੇ ਜਾ ਕੇ ਪਰਮਾਤਮਾ ਨਾਲ ਜੁੜਨ ਦਾ ਰਾਹ ਖੋਲ੍ਹਦਾ ਹੈ। ਜਿਸ ਵਿੱਚ ਮਨੁੱਖ ਆਪਣੀ ਗਿਆਨ ਇੰਦਰੀਆਂ ਨੂੰ ਪ੍ਰਭੂ ਭਗਤੀ ਵੱਲ ਕੇਂਦਰਿਤ ਕਰਦਾ ਹੈ ਅਤੇ ਕਾਮ ਵਾਸਨਾ ਤੋਂ ਦੂਰ ਆਪਣੇ ਫ਼ਰਜ਼ ਦਾ ਧਰਮ ਮੁਤਾਬਕ ਨਿਭਾ ਕਰਦਾ ਹੈ। ਵੈਰਾਗ ਦਾ ਮਤਲਬ ਕੇਵਲ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਕੇ ਜੰਗਲਾਂ ਵਿੱਚ ਭਟਕਣਾ ਨਹੀਂ। ਜਦੋਂ ਮਨੁੱਖ ਆਪਣੀਆਂ ਇੱਛਾਵਾਂ, ਮੋਹ, ਲਾਲਚ ਤਿਆਗ ਕਰ ਦਿੰਦਾ ਹੈ ਤੇ ਆਪਣਾ ਕਰਮ ਜਨ-ਕਲਿਆਣ ਲਈ ਕਰਦਾ ਹੈ ਅਤੇ ਆਪਣੇ ਜੀਵਨ ਨੂੰ ਅਮਰ ਕਰ ਦਿੰਦਾ ਹੈ। ਮਨ ਨੂੰ ਇੱਛਾਵਾਂ ਤੋਂ ਮੁਕਤ ਕਰਨਾ,ਕਲਪਨਾਵਾਂ ਤੋਂ ਮਨ ਦੀ ਮੁਕਤੀ ਤੇ ਭੋਤਿਕਤਾ ਤੋਂ ਮਨ ਨੂੰ ਹਟਾ ਲੈਣਾ ਵੈਰਾਗ ਦੀ ਪਹਿਲੀ ਪੌੜੀ ਹੈ।
ਜੋਗੀਆਂ, ਸਾਧੂਆਂ, ਸੰਨਿਆਸੀਆਂ ਦੇ ਵਸਤਰ ਭਾਵੇਂ ਭਗਵੇਂ ਹੋਣ, ਪਰ ਇਹ ਜ਼ਰੂਰੀ ਨਹੀਂ ਕਿ ਉਹ ਵੈਰਾਗ ਦੇ ਸਾਗਰ ਵਿੱਚ ਡੁੱਬੇ ਹੋਣ। ਮਾਨਸਿਕ ਪੀੜਾ ਵੀ ਮਨੁੱਖੀ ਜੀਵਨ ਨੂੰ ਘਰ ਤੋਂ ਮੁੂੰਹ ਮੋੜਨ ਲਈ ਮਜ਼ਬੂਰ ਕਰ ਸਕਦੀ ਹੈ। ਜਿਸ ਕਰਕੇ ਉਹ ਮਾਨਸਿਕ ਸ਼ਾਂਤੀ ਲਈ ਭਗਵਾਂ ਰੂਪ ਧਾਰਨ ਕਰ ਸਕਦਾ ਹੈ। ਸਮੇਂ ਦੇ ਬਦਲਣ ਨਾਲ ਰੁੱਤਾਂ ਦਾ ਬਦਲ ਜਾਂਦੀਆਂ ਹਨ ਪਰ ਵੈਰਾਗੀ ਹੋਇਆ ਮਨ ਇਕੋ-ਜਿਹਾ ਰਹਿੰਦਾ ਹੈ ਅਤੇ ਨਿਰੰਤਰ ਸੰਸਾਰ ਦੇ ਲੋਕਾਂ ਨੂੰ ਹਮੇਸ਼ਾ ਹੀ ਹਨੇਰੇ ਤੋਂ ਚਾਨਣ ਵੱਲ ਨੂੰ ਤੋਰਦਾ ਹੈ। ਭੋਤਿਕਤਾ ਵਿੱਚ ਰਹਿੰਦੇ ਹੋਏ ਵਹਿਮਾਂ-ਭਰਮਾਂ, ਕਸ਼ਟਾਂ ਵਿੱਚੋਂ ਲੋਕਾਂ ਨੂੰ ਕੱਢਣ ਦਾ ਯਤਨ ਕਰਦਾ ਹੈ। ਵੈਰਾਗੀ ਹੋਣਾ ਗਿਆਨ ਦੀ ਉਹ ਸੀਮਾ ਹੈ ਜਿਸ ਤੋਂ ਪਰੇ ਕੁਝ ਵੀ ਨਹੀਂ ਹੈ। ਇਸ ਅਵਸਥਾ ਤੱਕ ਪਹੁੰਚਣ ਲਈ ਆਤਿਮਕ ਬਲ ਦੀ ਲੋੜ ਹੁੰਦੀ ਹੈ। ਵੈਰਾਗ ਉਸ ਨਦੀ ਵਾਂਗ ਹੁੰਦਾ ਹੈ ਜਿਸ ਦੀਆਂ ਲਹਿਰਾਂ ਹਰ ਤਰ੍ਹਾਂ ਦੇ ਦੁਨਿਆਵੀ ਵਿਕਾਰਾਂ ਅਤੇ ਨਿੱਜਤਾ ਦੀ ਜ਼ਿੰਦਗੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੂਹ ਨੂੰ ਆਨੰਦ ਦੀ ਪ੍ਰਾਪਤੀ ਕਰਵਾਉਂਦੀਆਂ ਹਨ। ਜਿਸ ਤੋਂ ਬਾਅਦ ਹੋਰ ਕਿਸੇ ਚੀਜ਼ ਪ੍ਰਤੀ ਲਾਲਸਾ ਨਹੀਂ ਰਹਿੰਦੀ।
ਮਨ ਦੀਆਂ ਇੱਛਾਵਾਂ ਦੀ ਕੋਈ ਸੀਮਾ ਨਹੀਂ ਹੁੰਦੀ। ਜਿਨ੍ਹਾਂ ਨੂੰ ਸਾਡੀਆਂ ਇੰਦਰੀਆਂ ਪੂੁੂਰਾ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ। ਇੱਕ ਵੈਰਾਗੀ ਵਿਅਕਤੀ ਸੰਸਾਰ ਦੀ ਭੋਤਿਕਤਾ ਨੂੰ ਇੰਦਰੀਆਂ ਰਾਹੀਂ ਕਿਵੇਂ ਕੰਟਰੋਲ ਵਿੱਚ ਕਰਨਾ ਹੈ ਇਸ ਬਾਰੇ ਵਿਚਾਰ ਕਰਦਾ ਹੈ। ਸੰਸਾਰ ਤੋਂ ਭੱਜਣਾ ਵੈਰਾਗ ਨਹੀਂ ਹੁੰਦਾ ਬਲਕਿ ਦਿ੍ਰਸ਼ਟੀਕੋਣ ਬਦਲ ਕੇ ਸੰਸਾਰ ਨੂੰ ਦੇਖਣਾ ਉਸ ਦਾ ਕਰਮ ਹੈ ਕਿਉਂਕਿ ਜੇਕਰ ਕਰਮ ਵਿੱਚ ਤਿਆਗ ਹੋਵੇਗਾ ਤਾਂ ਹੀ ਵੈਰਾਗੀ ਜੀਵਨ ਸੰਭਵ ਹੈ।