- ਕਾਕਾ ਰਣਦੀਪ ਸਿੰਘ ਨਾਭਾ ਨੇ ਹਲਕਾ ਵਾਸੀਆਂ ਨਾਲ ਕੀਤੇ ਵਾਅਦੇ ਪੁਗਾਏ :ਮਿੰਟੂ
ਫ਼ਤਹਿਗੜ੍ਹ ਸਾਹਿਬ, 7 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਜ਼ਿਲ੍ਹੇ ਦੇ ਪਿੰਡ ਨੂਰਪੁਰਾ ਵਿਖੇ 44 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਅੱਜ ਹਲਕਾ ਅਮੋਲਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਵੱਲੋਂ ਪਿੰਡ ਨੂਰਪੁਰਾ ਵਿਖੇ ਬਣਨ ਜਾ ਰਹੇ ਕਮਿਊਨਿਟੀ ਸੈਂਟਰ ਲਈ ਦਿੱਤੀ ਜਾਣ ਵਾਲੀ 15 ਲੱਖ ਰੁਪਏ ਦੀ ਗ੍ਰਾਂਟ ’ਚੋਂ 5 ਲੱਖ ਰੁਪਏ ਦਾ ਚੈੱਕ ਸਰਪੰਚ ਅਮਨਜੋਤ ਕੌਰ ਅਤੇ ਪੰਚਾਇਤ ਮੈਂਬਰਾਂ ਨੂੰ ਸੌਂਪਿਆ ਗਿਆ। ਵਿਧਾਇਕ ਵੱਲੋਂ ਅੱਜ ਪਿੰਡ ਨੂਰਪੁਰਾ ਵਿਖੇ ਬਣਾਏ ਗਏ ਪਾਰਕ, ਸਟਰੀਟ ਲਾਈਟਾਂ, ਸੀਵਰੇਜ਼ ਸਿਸਟਮ ਅਤੇ ਪੱਕੇ ਕੀਤੇ ਗਏ ਖੇਤਾਂ ਨੂੰ ਜਾਂਦੇ ਰਾਸਤੇ ਦਾ ਉਦਘਾਟਨ ਕੀਤਾ ਗਿਆ ਤੇ ਪਿੰਡ ਨੂਰਪੁਰਾ ਦੀ ਫਿਰਨੀ ਨੂੰ ਪੱਕਾ ਕਰਵਾਉਣ ਅਤੇ ਸਟਰੀਟ ਲਾਈਟਾਂ ਲਈ ਲੱਗਣ ਵਾਲੇ ਸੋਲਰ ਸਿਸਟਮ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਪਿੰਡ ਨੂਰਪੁਰਾ ਨਾਲ ਹੀ ਸਬੰਧਿਤ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਮਿੰਟੂ, ਸਰਪੰਚ ਅਮਨਜੋਤ ਕੌਰ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਚਿਰਾਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਲਈ ਵਿਧਾਇਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਲਜਿੰਦਰ ਸਿੰਘ ਭੱਟੋਂ (ਕਾਨੂੰਨੀ ਸਲਾਹਕਾਰ), ਬਲਵੀਰ ਸਿੰਘ ਗੁਰਧਨਪੁਰ (ਮੀਤ ਪ੍ਰਧਾਨ ਪੰਚਾਇਤ ਸੰਮਤੀ), ਜਗਜੀਤ ਸਿੰਘ ਮਛਰਾਈ ਕਲਾਂ, ਰਾਮ ਕਿ੍ਰਸ਼ਨ ਭੱਲਾ ਪੀ.ਏ., ਮਾਸਟਰ ਰਣਧੀਰ ਸਿੰਘ ਨੂਰਪੁਰਾ ਅਤੇ ਪੰਚਾਇਤ ਸੈਕਟਰੀ ਰਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।