ਸੜੋਆ, 7 ਅਪ੍ਰੈਲ (ਹਰਮੇਲ ਸਹੂੰਗੜਾ) : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਦੀ ਯੋਗ ਅਗਵਾਈ ਹੇਠ ਲੈਫ ਜਨਰਲ ਬਿਕਰਮ ਸਿੰਘ ਸਬ ਡਵੀਜਨਲ ਹਸਪਤਾਲ ਬਲਾਚੌਰ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਵਿਸ਼ਾ “ਇਕ ਚੰਗੇ ਅਤੇ ਸਿਹਤਮੰਦ ਵਿਸ਼ਵ ਦਾ ਨਿਰਮਾਣ ਕਰਨਾ” ਹੈ। ਇਸ ਮੌਕੇ ਡਾ. ਮਾਨ ਨੇ ਕਿਹਾ ਕਿ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਸਿਹਤ ਹੁੰਦੀ ਹੈ ਅਤੇ ਜੇਕਰ ਅਸੀਂ ਸਿਹਤਮੰਦ ਹੋਵਾਂਗੇ ਤਾਂ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ। ਉਨ੍ਹਾਂ ਕਿਹਾ ਕਿ ਬਿਮਾਰੀਆਂ ਪ੍ਰਤੀ ਜਾਗਰੂਕਤਾ ਹੀ ਸਿਹਤਮੰਦ ਜੀਵਨ ਦਾ ਸਹੀ ਆਧਾਰ ਹੈ।
ਡਾ. ਮਾਨ ਨੇ ਦੱਸਿਆ ਕਿ ਇਕ ਸਿਹਤਮੰਦ ਸਰੀਰ ਲਈ ਨਾ ਕੇਵਲ ਸਰੀਰਕ, ਸਗੋਂ ਮਾਨਸਿਕ ਰੂਪ ਨਾਲ ਵੀ ਤੰਦਰੁਸਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਬਿਮਾਰੀਆਂ ਦਾ ਇਲਾਜ ਜਾਗਰੂਕਤਾ ਹੈ ਅਤੇ ਅਸੀਂ ਆਪਣੀ ਜੀਵਨਸ਼ੈਲੀ ਵਿਚ ਤਬਦੀਲੀਆਂ ਕਰਕੇ ਸਿਹਤਮੰਦ ਬਣ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਅਜੋਕੇ ਸਮਾਂ ਤਣਾਅ ਨਾਲ ਭਰਪੂਰ ਹੈ ਅਤੇ ਸਾਨੂੰ ਸਿਹਤਮੰਦ ਰਹਿਣ ਲਈ ਪੌਸ਼ਟਿਕ ਆਹਾਰ ਖਾਣ, ਗੂੜੀ ਨੀਂਦ ਲੈਣ, ਤਣਾਅ ਤੋਂ ਦੂਰ ਰਹਿਣ ਤੇ ਰੋਜ਼ਾਨਾ ਕਸਰਤ ਕਰਨ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਕਈ ਵੱਡੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਰੂਪ ਨਾਲ ਸਿਹਤਮੰਦ ਬਣਾਉਣ ਲਈ ਜਾਗਰੂਕ ਕਰਨਾ ਹੀ ਇਸ ਦਿਵਸ ਦਾ ਮੁੱਖ ਉਦੇਸ਼ ਹੈ। ਇਸ ਲਈ ਜ਼ਰੂਰੀ ਹੈ ਸੁੰਤਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ ਅਤੇ ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਵੀ ਕਰਨੀ ਚਾਹੀਦੀ ਹੈ।ਇਸ ਮੌਕੇ ਡਾ. ਰਮਨਦੀਪ ਸਮੇਤ ਹੋਰ ਵੀ ਹਾਜਰ ਸਨ।