Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਸੰਪਾਦਕੀ

ਭਾਰਤੀਆਂ ਦੇ ਮੌਜੂਦਾ ਦੁੱਖਾਂ-ਮੁਸੀਬਤਾਂ ਲਈ ਸਰਕਾਰ ਜ਼ਿੰਮੇਵਾਰ

April 29, 2021 11:34 AM

ਦੇਸ਼ ’ਚ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਕੀਤੇ ਸੰਕਟ ਦੇ ਡੂੰਘੇ ਤੇ ਵਧੇਰੇ ਵਿਆਪਕ ਹੁੰਦੇ ਜਾਣ ਨਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਮੁਹਾਜ਼ ਦੀ ਮੋਦੀ ਸਰਕਾਰ ਗੰਭੀਰ ਸਵਾਲਾਂ ’ਚ ਘਿਰ ਚੁੱਕੀ ਹੈ। ਸਵਾਲਾਂ ਦੀ ਸੇਧ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਦੇਸ਼ ’ਚ ਸਰਕਾਰ ਕਿਸ ਨੂੰ ਆਖਦੇ ਹਨ। ਅੱਠ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਵਧ ਨਵੇਂ ਮਾਮਲੇ ਆ ਰਹੇ ਹਨ। 22 ਅਪਰੈਲ ਤੋਂ 28 ਅਪਰੈਲ ਦੌਰਾਨ ਨਿੱਤ ਆ ਰਹੇ ਨਵੇਂ ਕੋਰੋਨਾ ਪੀੜਤਾਂ ਦੇ ਮਾਮਲਿਆਂ ’ਚ ਕੋਈ 50 ਹਜ਼ਾਰ ਮਾਮਲਿਆਂ ਦਾ ਵਾਧਾ ਹੋ ਚੁੱਕਾ ਹੈ ਅਤੇ ਇਸੇ ਸਮੇਂ ਦੌਰਾਨ ਨਿਤ ਹੋਣ ਵਾਲੀਆਂ ਮੌਤਾਂ 21 ਸੌ 14 ਤੋਂ ਵਧ ਕੇ ਲਗਭਗ 33 ਸੌ (3297) ਹੋ ਚੁੱਕੀਆਂ ਹਨ। ਹਸਪਤਾਲਾਂ ’ਚ ਬੈੱਡ ਨਹੀਂ, ਆਕਸੀਜਨ ਨਹੀਂ, ਵੈਂਟੀਲੇਟਰ ਨਹੀਂ ਅਤੇ ਅਮਲੇ-ਫੈਲੇ ਦੀ ਕਮੀ ਤਾਂ ਪਹਿਲਾਂ ਤੋਂ ਹੀ ਰੜਕ ਰਹੀ ਹੈ। ਦਿਨੋਂ ਦਿਨ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਮੋਦੀ ਸਰਕਾਰ, ਸਗੋਂ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਰਤ ਦੇ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ’ਚ ਨਾਕਾਮ ਰਹੇ ਹਨ।
ਇਸ ਨਾਕਾਮੀ ਦਾ ਕਾਰਨ ਸਪੱਸ਼ਟ ਹੈ। ਮਹਾਮਾਰੀ ਦਾ ਦੌਰ ਜਦੋਂ ਥੋੜ੍ਹਾ ਮੱਠਾ ਪਿਆ ਤਾਂ ਸਰਕਾਰ ਜਿੱਤ ਦੇ ਦਮਗਜ਼ੇ ਮਾਰਨ ਲੱਗੀ ਸਗੋਂ ਦੁਨੀਆਂ ਨੂੰ ਬਚਾਉਣ ਦੀਆਂ ਗੱਲਾਂ ਕਰਨ ਲੱਗੀ ਸੀ। ਜਨਵਰੀ ’ਚ ਦਾਵੋਸ ਦੀ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਨੂੰ ਮੁਖਾਤਿਬ ਹੁੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਜਦੋਂ ਮਹਾਮਾਰੀ ਸ਼ੁਰੂ ਹੋਈ ਤਾਂ ਦੁਨੀਆਂ ਨੂੰ ਭਾਰਤ ਦੀ ਬਹੁਤ ਚਿੰਤਾ ਸੀ, ਕਿਹਾ ਜਾ ਰਿਹਾ ਸੀ ਕਿ ਭਾਰਤ ’ਚ 20 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ। 80 ਪ੍ਰਤੀਸ਼ਤ ਤੱਕ ਲੋਕਾਂ ਨੂੰ ਮਹਾਮਾਰੀ ਲਪੇਟੇ ’ਚ ਲੈ ਸਕਦੀ ਹੈ। ਪਰ ਅਸੀਂ ਅਜਿਹਾ ਨਹੀਂ ਹੋਣ ਦਿੱਤਾ। ਮਨੁੱਖਤਾ ਨੂੰ ਆਫ਼ਤ ਤੋਂ ਬਚਾ ਲਿਆ। ਦੋ ‘ਮੇਕ ਇਨ ਇੰਡੀਆ’ ਵੈਕਸੀਨ ਨਾਲ ਦੁਨੀਆਂ ਦੀ ਸਭ ਤੋਂ ਵਿਸ਼ਾਲ ਟੀਕਾ-ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤ ਇਨ੍ਹਾਂ ਟੀਕਿਆਂ ਦਾ ਨਿਰਯਾਤ ਕਰ ਕੇ ਦੁਨੀਆਂ ਨੂੰ ਬਚਾਉਣ ਲਈ ਅਗਾਂਹ ਆਇਆ ਹੈ। ਬੇਸ਼ਕ, ਟੀਕਿਆਂ ਦਾ ਨਿਰਯਾਤ ਕੀਤਾ ਵੀ ਗਿਆ ਜਦੋਂ ਕਿ ਦੇਸ਼ ’ਚ ਹੀ ਇਨ੍ਹਾਂ ਦੀ ਕਮੀ ਵੀ ਆਈ। ਫਿਰ ਫਰਵਰੀ ’ਚ ਭਾਰਤੀ ਜਨਤਾ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ’ਚ ਮਤਾ ਪਾਸ ਕੀਤਾ ਗਿਆ ਕਿ ਫਖ਼ਰ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ’ਚ ਨਾ ਸਿਰਫ ਕੋਵਿਡ-19 ਨੂੰ ਹਰਾ ਦਿੱਤਾ ਗਿਆ ਹੈ ਸਗੋਂ ਸਭ ਨਾਗਰਿਕਾਂ ਨੂੰ ਆਤਮਨਿਰਭਰ ਭਾਰਤ ਬਨਾਉਣ ਪ੍ਰਤੀ ਵਿਸ਼ਵਾਸ ਨਾਲ ਭਰ ਦਿੱਤਾ ਹੈ... ਪਾਰਟੀ ਭਾਰਤ ਨੂੰ ਦੁਨੀਆਂ ਸਾਹਮਣੇ ਇਕ ਮਾਣ-ਮਤੇ ਤੇ ਜੇਤੂ ਦੇਸ਼ ਵਜੋਂ ਪੇਸ਼ ਕਰਨ ਲਈ ਬਿਨਾ ਕਿਸੇ ਵਿਵਾਦ ਦੇ ਆਪਣੇ ਕੇਂਦਰੀ ਆਗੂਆਂ ਨੂੰ ਸਲਾਮ ਕਰਦੀ ਹੈ।
ਫਰਵਰੀ ਦਾ ਦੂਸਰਾ ਹਫਤਾ ਗੁਜ਼ਰਦੇ ਗੁਜ਼ਰਦੇ ਨਵੇਂ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ ਅਤੇ ਮਹਾਮਾਰੀ ਤੇਜ਼ੀ ਨਾਲ ਮੁੜ (ਦੂਜੀ ਲਹਿਰ) ਫੈਲਣ ਲੱਗੀ ਸੀ। ਅੱਜ ਦੇਸ਼ ’ਚ ਹਾਹਾਕਾਰ ਮਚਿਆ ਹੋਇਆ ਹੈ। ਭਾਰਤੀਆਂ ਦੀ ਤੜਫ਼, ਲਾਚਾਰੀ ਅਤੇ ਕੰਧ ਨਾਲ ਟੱਕਰਾਂ ਮਾਰਨ ਵਾਲੀ ਬੇਵਸੀ ਸਾਰੀ ਦੁਨੀਆਂ ਦੇ ਸਾਹਮਣੇ ਹੈ। ਅਨੇਕ ਮੁਲ਼ਕ ਮਦਦ ਲਈ ਬਹੁੜ ਰਹੇ ਹਨ। ਅਖੌਤੀ ਆਤਮਨਿਰਭਰਤਾ ਦਾ ਖੋਲ ਉਤਰ ਗਿਆ ਅਤੇ ਲੋਕਾਂ ਦਾ ਮੋਦੀ ਸਰਕਾਰ ’ਤੋਂ ਵਿਸ਼ਵਾਸ ਉੱਠ ਰਿਹਾ ਹੈ। ਭਾਰਤੀ ਲੋਕਾਂ ਨੂੰ ਸਮਝ ਆਉਣ ਲੱਗਾ ਹੈ ਕਿ ਜੋ ਦੁਖਾਂਤ ਅੱਜ ਅਸੀਂ ਭੋਗ ਰਹੇ ਹਾਂ, ਆਪਣੇ ਗੁਆ ਰਹੇ ਹਾਂ, ਉਸ ਦਾ ਮੁਖ ਕਾਰਨ ਮੋਦੀ ਸਰਕਾਰ ਦੁਆਰਾ ਮਹਾਮਾਰੀ ਨੂੰ ਠੀਕ ਤਰ੍ਹਾਂ ਸਮਝਣ ਤੋਂ ਇਨਕਾਰ ਕਰਦੇ ਰਹਿਣਾ ਹੈ। ਸਰਕਾਰ ਅਤੇ ਹੁਕਮਰਾਨ ਪਾਰਟੀ ਦੇ ਅਜਿਹੇ ਬਿਆਨਾਂ ਕਾਰਨ ਹੀ ਮਹਾਮਾਰੀ ਪ੍ਰਤੀ ਆਮ ਭਾਰਤੀ ਵੀ ਗ਼ੈਰ-ਸੰਜੀਦਾ ਹੋਇਆ। ਮੋਦੀ ਸਰਕਾਰ ਅਟੱਲ ਦੂਸਰੀ ਲਹਿਰ ਨੂੰ ਗੰਭੀਰਤਾ ਨਾਲ ਨਹੀਂ ਲੈ ਸਕੀ ਜਦੋਂ ਕਿ ਦੁਨੀਆਂ ਭਰ ਦੇ ਮਾਹਿਰ ਲੋਕ ਦੂਸਰੀ ਲਹਿਰ ਆਉਣ ਦੀ ਚੇਤਾਵਨੀ ਦਿੰਦੇ ਰਹੇ। ਸਗੋਂ ਇਹ ਸਪੱਸ਼ਟ ਕਰਦੇ ਰਹੇ ਕਿ ਇਹ ਪਤਾ ਨਹੀਂ ਹੈ ਕਿ ਕੋਵਿਡ-19 ਮਹਾਮਾਰੀ ਦੀਆਂ ਕਿੰਨੀਆਂ ਲਹਿਰਾਂ ਆਉਣੀਆਂ ਹਨ ਕਿਉਂਕਿ ਮਹਾਮਾਰੀ ਲਿਆਉਣ ਵਾਲਾ ਨਵੀਨ ਕੋਰੋਨਾ ਵਿਸ਼ਾਣੂ ਬਿਲਕੁਲ ਨਵਾਂ ਹੈ ਜਿਸ ਦਾ ਵਿਗਿਆਨੀਆਂ ਨੂੰ ਹਾਲੇ ਬਹੁਤਾ ਪਤਾ ਨਹੀਂ ਹੈ। ਤੁਰਕੀ ਅਤੇ ਈਰਾਨ ’ਚ ਪਹਿਲਾਂ ਹੀ ਕੋਵਿਡ-19 ਮਹਾਮਾਰੀ ਦੀ ਤੀਸਰੀ ਲਹਿਰ ਚਲ ਰਹੀ ਹੈ। ਮੋਦੀ ਸਰਕਾਰ ਨੇ ਆ ਰਹੀ ਦੂਸਰੀ ਲਹਿਰ ਦੀ ਸੱਚਾਈ ਨੂੰ ਪ੍ਰਵਾਨ ਨਹੀਂ ਕੀਤਾ ਜਿਸ ਕਰਕੇ ਇਸ ਨਾਲ ਨਿਪਟਣ ਦੀ ਕੋਈ ਤਿਆਰੀ ਵੀ ਨਹੀਂ ਹੋ ਸਕੀ। ਇਹ ਗ਼ੈਰ-ਵਿਗਿਆਨਕ ਨਜ਼ਰੀਏ ਕਾਰਨ ਹੋਇਆ ਹੈ। ਹੁਣ ਡਰਾਉਣੇ ਨਤੀਜੇ ਸਭ ਦੇ ਸਾਹਮਣੇ ਹਨ। ਭਾਰਤ ਦੇ ਲੋਕਾਂ ਨੂੰ ਭਾਰੀ ਦੁਖਾਂ ਤੇ ਮੁਸੀਬਤਾਂ ’ਚ ਪਾਉਣ ਲਈ ਮੋਦੀ ਸਰਕਾਰ ਜ਼ਿੰਮੇਵਾਰ ਬਣਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ