Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਸੰਪਾਦਕੀ

ਲੜਾਈ ਸੱਭਿਆਚਾਰ, ਕਿਰਦਾਰ ਤੇ ਸੁਭਾਅ ਨੂੰ ਬਚਾਉਣ ਦੀ ਵੀ ਹੈ

May 03, 2021 12:11 PM

ਜਦੋਂ ਤੋਂ ਮੋਦੀ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ, ਜੋ ਕਿ ਕਿਸਾਨਾਂ ’ਚ ਕਾਲੇ ਕਾਨੂੰਨਾਂ ਦੇ ਤੌਰ ’ਤੇ ਜਾਣੇ ਜਾਂਦੇ ਹਨ, ਤਦ ਤੋਂ ਹੀ ਕਿਸਾਨ ਇਨ੍ਹਾਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਸੰਬੰਧੀ ਆਰਡੀਨੈਂਸ ਪਿਛਲੇ ਸਾਲ ਜੂਨ ’ਚ ਜਾਰੀ ਹੋ ਗਏ ਸਨ ਤੇ ਉਸ ਸਮੇਂ ਹੀ ਕਿਸਾਨਾਂ ਵੱਲੋਂ ਇਨ੍ਹਾਂ ਦੇ ਵਿਰੋਧ ’ਚ ਮੋਰਚੇ ਲੱਗ ਗਏ ਸਨ ਪਰ ਕਿਸਾਨ ਅੰਦੋਲਨ, ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਅਰੰਭੇ ਸੰਘਰਸ਼ ਤੋਂ ਬਾਅਦ ਜ਼ਿਆਦਾ ਚਰਚਾ ’ਚ ਆਇਆ। ਇਸ ਦੇ ਚਰਚਾ ’ਚ ਆਉਣ ਦੇ ਜਿਹੜੇ ਬਹੁਤ ਸਾਰੇ ਕਾਰਨ ਰਹੇ, ਉਨ੍ਹਾਂ ’ਚੋਂ ਇਕ ਪ੍ਰਮੁੱਖ ਕਾਰਨ ਪੰਜਾਬ ਦੇ ਸੱਭਿਆਚਾਰ ਦੀਆਂ ਪ੍ਰਗਟ ਹੋਈਆਂ ਝਲਕੀਆਂ ਸਨ। ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਪੰਜਾਬ ਦੇ ਕਿਸਾਨਾਂ ਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਬੈਠੇ ਹੋਣ ਨਾਲ, ਬਹੁਤਾ ਕਰਕੇ ਸੋਸ਼ਲ ਮੀਡੀਆ ਦੀ ਕਵਰੇਜ਼ ਕਰਕੇ, ਦੇਸ਼ਵਾਸੀਆਂ ਅਤੇ ਖਾਸ ਕਰ ਦਿੱਲੀ ਵਾਸੀਆਂ ਨੇ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਜੋ ਪਹਿਲੀਆਂ ਕਾਮਯਾਬੀਆਂ ’ਚ ਸ਼ਾਮਿਲ ਕੀਤੇ ਜਾਣ ਵਾਲਾ ਵਰਤਾਰਾ ਬਣਿਆ। ਇਹ ਦੇਖਿਆ ਗਿਆ ਕਿ ਅੱਜ ਤੋਂ ਪੰਜ ਮਹੀਨੇ ਪਹਿਲਾਂ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੇ, ਉਸ ਤੋਂ ਮਹੀਨਾ ਬਾਅਦ ਜੋ ਵੀਡੀਓ ਵਾਇਰਲ ਹੋਈਆਂ, ਉਨ੍ਹਾਂ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ, ਉਹ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਨੂੰ ਦਰਸਾਉਂਦੀਆਂ ਸਨ। ਬਹੁਤੀਆਂ ਵੀਡੀਓਜ਼ ਪੰਜਾਬੀਆਂ ਦੇ ਮਿਲਵਰਤਣ ਭਰੇ ਵਿਹਾਰ, ਲੰਗਰ ਪ੍ਰਥਾ ਅਤੇ ਪੰਜਾਬੀਆਂ ਦੇ ਕਿਰਦਾਰ ਦੀ ਆਲੇ-ਦੁਆਲੇ ਦੀ ਵਸੋਂ ਵੱਲੋਂ ਕੀਤੀ ਤਾਰੀਫ ਨਾਲ ਭਰੀਆਂ ਸਨ।
ਇਸ ਦੇ ਨਾਲ ਹੀ ਪੰਜਾਬੀਆਂ ਦੇ ਜੁਝਾਰੂਪਨ ਅਤੇ ਹਮਦਰਦੀ ਦੀ ਵੀ ਖੂਬ ਨੁਮਾਇਸ਼ ਹੋਈ ਸੀ।ਲੱਗਦੇ ਹੱਥ ਹੀ ਲੋਕਾਂ ਨੂੰ ਸਪਸ਼ਟ ਹੋ ਗਿਆ ਸੀ ਕਿ ਕਿਸਾਨ ਇੱਥੇ ਲੰਮੀ ਲੜਾਈ ਲੜਨ ਲਈ ਆਏ ਹੋਏ ਹਨ।ਇਹ ਗੱਲਾਂਬਾਤਾਂ ਰਾਹੀਂ ਕੀਤੇ ਪ੍ਰਗਟਾਵਿਆਂ ਤੋਂ ਹੀ ਨਹੀਂ ਸਗੋਂ ਲੰਮੀ ਲੜਾਈ ਲਈ ਉਨ੍ਹਾਂ ਵੱਲੋਂ ਕੀਤੀਆਂ ਤਿਆਰੀਆਂ ਤੋਂ ਵੀ ਪਤਾ ਲੱਗਦਾ ਸੀ। ਕਿਸਾਨਾਂ ਨੂੰ ਬਦਨਾਮ ਕਰਨ ਲਈ ਵੀ ਉੱਥੇ ਸ਼ੁਰੂ ਤੋਂ ਪੱਤਰਕਾਰ ਮੌਜੂਦ ਸਨ। ਇਨ੍ਹਾਂ ਪੱਤਰਕਾਰਾਂ ਦੁਆਰਾ ਪੁੱਛੇ ਸਵਾਲਾਂ ਦੇ ਹਰੇਕ ਕਿਸਾਨ ਨੇ ਬੜੀ ਸੂਝ ਨਾਲ ਖੇਤੀ ਕਾਨੂੰਨਾਂ ਦੀ ਅਸਲੀਅਤ ਨੂੰ ਉਭਾਰਦੇ ਜਵਾਬ ਦਿੱਤੇ ਸਨ। ਇਸ ਮਾਮਲੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੀਆਂ ਕਿਸਾਨ ਬੀਬੀਆਂ ਵੀ ਪਿੱਛੇ ਨਹੀਂ ਸਨ।
ਇਹ ਵੀ ਵੇਖਣ ਨੂੰ ਮਿਲਿਆ ਕਿ ਕਿਸਾਨ ਹੱਥ ’ਤੇ ਹੱਥ ਧਰ ਕੇ ਵਿਹਲਾ ਨਹੀਂ ਬੈਠ ਸਕਦਾ। ਉਨ੍ਹਾਂ ਨੇ ਆਲੇ-ਦੁਆਲੇ ਨੂੰ ਸੰਵਾਰਿਆ ਤੇ ਡਿਵਾਇਡਰਾਂ ’ਤੇ ਸਬਜ਼ੀਆਂ ਤੱਕ ਲਾਈਆਂ। ਕਿਸਾਨਾਂ ਦੀ ਖੁੱਲ੍ਹ ਕੇ ਮਦਦ ਵੀ ਹੋਈ। ਉਨ੍ਹਾਂ ਨੂੰ ਮਾਲਿਸ਼ ਕਰਨ ਵਾਲੀਆਂ ਮਸ਼ੀਨਾਂ, ਡਾਕਟਰੀ ਸਹਾਇਤਾ ਤੇ ਰਾਸ਼ਨ ਦੇ ਨਾਲ ਕਾਜੂ, ਬਾਦਾਮ ਵੀ ਵੰਡੇ ਗਏ।ਮੁਫਤ ਵਿੱਚ ਖਾਣ-ਪੀਣ ਦੀ ਇਹ ਮਦਦ ਪਹੁਚਾਉਣ ਵਾਲਿਆਂ ਵਿੱਚ ਵੀ ਉਹ ਸਭ ਲੋਕ ਸਨ ਜੋ ਪੰਜਾਬ ਦੇ ਕਿਸਾਨਾਂ, ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀਆਂ ਦੇ ਸੁਭਾਅ ਨੂੰ ਪਿਆਰ ਕਰਨ ਵਾਲੇ ਸਨ।
ਇਸ ਤਰ੍ਹਾਂ ਸਿਆਸੀ ਅੰਦੋਲਨ ਕਰਦੇ ਹੋਏ ਵੀ ਕਿਸਾਨਾਂ ਨੇ ਆਪਣੇ ਸੱਭਿਆਚਾਰ, ਕਿਰਦਾਰ ਤੇ ਸੁਭਾਅ ਨਾਲ, ਇਕ ਮੋਦੀ ਸਰਕਾਰ ਨੂੰ ਛੱਡ ਕੇ, ਉਨ੍ਹਾਂ ਸਭਨਾ ਦਾ ਦਿਲ ਜਿੱਤਿਆ, ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਏ। ਪੰਜਾਬੀਆਂ ਦੇ ਸੱਭਿਆਚਾਰ, ਕਿਰਦਾਰ ਤੇ ਸੁਭਾਅ ਦਾ ਅਧਾਰ ਖੇਤੀ ਹੀ ਹੈ। ਖੇਤਾਂ ਵਿੱਚ ਕੀਤੀ ਜਾਂਦੀ ਮਿਹਨਤ ਅਤੇ ਹਸਦੇ-ਖੇਡਦੇ ਨਿਸਰਦੀਆਂ ਫਸਲਾਂ ਦੇ ਪੱਕਣ ਦੀ ਉਡੀਕ ਪੰਜਾਬੀਆਂ ਦਾ ਸੁਭਾਅ ਬਣਾਉਣ ਵਾਲੇ ਤੱਤ ਹਨ। ਇਨ੍ਹਾਂ ਨੂੰ ਬਚਾਈ ਤੇ ਬਰਕਰਾਰ ਰੱਖਣ ਲਈ ਕਿਸਾਨ ਅੱਜ ਸੰਘਰਸ਼ ਕਰ ਰਹੇ ਹਨ ਕਿਉਂਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਇਸ ਅਧਾਰ ਨੂੰ ਖ਼ਤਮ ਕਰਨ ਦਾ ਸਿੱਟਾ ਕੱਢ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ