BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਸਰਕਾਰ ਤਿਆਰੀ ਰੱਖਦੀ ਤਾਂ ਕੀਮਤੀ ਜਾਨਾਂ ਬਚ ਜਾਂਦੀਆਂ

May 05, 2021 11:29 AM

ਭਾਰਤ ਦੇ ਵਿਸ਼ਵ ਗੁਰੂ ਬਣਨ ਦੀ ਵਿਚਾਰਧਾਰਾ ਦੇ ਪ੍ਰਗਟਾਵਿਆਂ ਅਤੇ ਵੈਕਸੀਨ ਦੇ ਮਾਮਲੇ ’ਚ ਮਾਨਵਤਾ ਨੂੰ ਬਚਾਉਣ ਲਈ ਅਗਾਂਹ ਆਉਣ ਦੇ ਸਰਕਾਰੀ ਦਾਅਵਿਆਂ ਦੇ ਦੌਰਾਨ ਦੇਸ਼ ’ਚ ਮਹਾਮਾਰੀ ਕਾਰਨ ਹਾਲਤ ਵਿਗੜਦੀ ਗਈ ਅਤੇ ਉਸ ਤੋਂ ਬਾਅਦ ਹੁਣ ਵੱਖਰੀ ਕਿਸਮ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਆਤਮਨਿਰਭਰ ਭਾਰਤ ਦਾ ਪ੍ਰਚਾਰ ਮਹਾਮਾਰੀ ਦੀ ਮਾਰ ਨਾਲ ਦੇਸ਼ ਦੀ ਗ਼ਰਕ ਰਹੀ ਸਥਿਤੀ ’ਚ ਨਾ ਤਾਂ ਕੋਈ ਸੁਧਾਰ ਕਰ ਪਾਇਆ ਅਤੇ ਨਾ ਹੀ ਇਸ ਨਾਲ ਆਮ ਭਾਰਤੀ ਲੋਕਾਂ ਨੂੰ ਕੋਈ ਰਾਹਤ ਨਸੀਬ ਹੋ ਸਕੀ। ਉਲਟਾ ਇਹ ਜ਼ਰੂਰ ਸਾਫ ਹੋ ਗਿਆ ਹੈ ਕਿ ਮਹਾਮਾਰੀ ਦੀ ਦੂਜੀ, ਜ਼ਿਆਦਾ ਘਾਤਕ ਤੇ ਤੇਜ਼ੀ ਨਾਲ ਫੈਲਣ ਵਾਲੀ, ਲਹਿਰ ਦਾ ਮੁਕਾਬਲਾ ਕਰਨ ਲਈ ਕੋਈ ਵੀ ਤਿਆਰੀ ਨਾ ਕਰਨ ਅਤੇ ਸਿੱਟੇ ਵਜੋਂ ਹੋ ਰਹੇ ਜਾਨੀ ਨੁਕਸਾਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਹਾਲਤ ਐਨੀ ਜ਼ਿਆਦਾ ਵਿਗੜ ਚੁੱਕੀ ਹੈ ਕਿ ਪਿਛਲੇ 10-12 ਦਿਨਾਂ ਤੋਂ ਰੋਜ਼ਾਨਾ ਸਾਢੇ ਤਿੰਨ ਲੱਖ ਤੋਂ ਵਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੋ ਦਿਨ ਚਾਰ ਲੱਖ ਤੋਂ ਉਪਰ ਵੀ ਨਵੇਂ ਮਾਮਲੇ ਆਏ ਹਨ। ਤਿੰਨ ਹਜ਼ਾਰ ਤੋਂ ਵਧ ਮੌਤਾਂ ਹੋ ਰਹੀਆਂ ਹਨ। ਹਸਪਤਾਲ ਭਰੇ ਪਏ ਹਨ। ਨਵੇਂ ਮਰੀਜ਼ ਭਰਤੀ ਕਰਨ ਲਈ ਥਾਂ ਨਹੀਂ ਬਚੀ। ਸੜਕਾਂ ’ਤੇ ਲੋਕ ਮਰ ਰਹੇ ਹਨ। ਲਾਸ਼ਾਂ ਫੂਕਣ ਲਈ ਥਾਂ ਨਹੀਂ ਮਿਲ ਰਹੀ। ਨਵੇਂ ਸਿਵੇ ਤਿਆਰ ਹੋ ਰਹੇ ਹਨ। ਦਵਾਈਆਂ ਅਤੇ ਆਕਸੀਜਨ ਜਿਹੀਆਂ ਦੂਸਰੀਆਂ ਇਲਾਜ ਲਈ ਜ਼ਰੂਰੀ ਵਸਤਾਂ, ਵੈਂਟੀਲੇਟਰ ਜਿਹੇ ਉਪਕਰਣਾਂ ਅਤੇ ਟੀਕਿਆਂ ਦੀ ਕਾਲਾਬਾਜ਼ਾਰੀ ਸਿਖਰਾਂ ’ਤੇ ਪਹੁੰਚ ਚੁੱਕੀ ਹੈ। ਗੱਲ ਕੀ ਸਮੁੱਚੀ ਸਿਹਤ ਵਿਵਸਥਾ ਹੀ ਢਹਿ-ਢੇਰੀ ਹੋਣ ਵਾਲੀ ਲੱਗਦੀ ਹੈ। ਦੇਸ਼ ਦੀ ਅਜਿਹੀ ਭਿਅੰਕਰ ਦਸ਼ਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ’ਚ ਦਿੱਤੇ ਇਸ ਬਿਆਨ ਤੋਂ ਥੇੜੇ ਦਿਨ ਬਾਅਦ ਹੀ ਬਣਨੀ ਸ਼ੁਰੂ ਹੋ ਗਈ ਸੀ। ‘‘ਭਾਰਤ ਨੇ ਕੋਵਿਡ-19 ’ਤੇ ਕਾਬੂ ਪਾ ਕੇ ਸੰਸਾਰ ਨੂੰ ਆਫ਼ਤ ਤੋਂ ਬਚਾਇਆ ਹੈ।’’ ਅਜਿਹੇ ਬਿਆਨਾਂ ਅਤੇ ਸੰਸਾਰ ਨੂੰ ਟੀਕੇ ਸਪਲਾਈ ਕਰਨ ਦੇ ਫੈਸਲੇ ਅਤੇ ਸਪਲਾਈ ਵੀ ਭਾਰਤੀ ਲੋਕਾਂ ਨੂੰ ਰਾਹਤ ਨਹੀਂ ਦੇ ਸਕੀ ਸੀ ਕਿਉਂਕਿ ਜ਼ਮੀਨੀ ਪੱਧਰ ’ਤੇ ਲੋਕ ਮਹਾਮਾਰੀ ਦਾ ਦੁੱਖ ਭੋਗ ਰਹੇ ਸਨ ਅਤੇ ਦੇਖ ਰਹੇ ਸਨ ਕਿ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਲੋਕਾਂ ਲਈ ਰਾਹਤ ਦੀਆਂ ਖ਼ਬਰਾਂ ਹੁਣ ਆਉਣ ਲੱਗੀਆਂ ਹਨ ਜਦੋਂ ਮਹਾਮਾਰੀ ਨਾਲ ਲੜਨ ਦੀ ਮੋਦੀ ਸਰਕਾਰ ਦੀ ਸਮਰਥਾ ਹਰ ਥਾਂ ਊਣੀ ਪੈ ਰਹੀ ਹੈ ਅਤੇ ਆਫਤ ਨਿਯੰਤਰਣ ਤੋਂ ਬਾਹਰ ਹੋ ਗਈ ਹੈ। ਲੋਕਾਂ ਨੂੰ ਰਾਹਤ ਦੇਣ ਵਾਲੀਆਂ ਖ਼ਬਰਾਂ ਸ਼ਾਇਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਚਾਰਧਾਰਕਾਂ ਅਤੇ ਮੋਦੀ ਸਰਕਾਰ ਨੂੰ ਸੁਖਾਵੀਆਂ ਨਾ ਲੱਗਣ ਕਿਉਂਕਿ ਇਨ੍ਹਾਂ ਨੇ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਨੂੰ ਰਾਹਤ ਦੇਣ ਵਾਲੀਆਂ ਖ਼ਬਰਾਂ ਬਾਹਰਲੇ ਮੁਲ਼ਕਾਂ ਤੋਂ ਮਹਾਮਾਰੀ ਵਿਰੁੱਧ ਲੜਨ ਲਈ ਲੋੜੀਂਦੇ ਸਾਮਾਨ ਦੇ ਭਾਰਤ ਪੁੱਜਣ ਜਾਂ ਜਲਦ ਆਉਣ ਨਾਲ ਸੰਬੰਧਿਤ ਹਨ। ਪਿਛਲੇ ਵੀਰਵਾਰ ਅਮਰੀਕਾ ਅਤੇ ਰੂਸ ਤੋਂ ਮਦਦ ਦਾ ਸਾਮਾਨ ਲੈ ਕੇ ਆਏ ਪਹਿਲੇ ਜਹਾਜ਼ ਨਵੀਂ ਦਿੱਲੀ ਉਤਰੇ ਹਨ। ਇਨ੍ਹਾਂ ’ਚ ਵੈਂਟੀਲੇਟਰ, ਆਕਸੀਜਨ ਕੋਨਸਨਟ੍ਰੇਟਰ ਦਵਾਈਆਂ, ਲੱਖਾਂ ਮਾਸਕ, ਟੈਸਟ ਕਿਟਾਂ ਆਦਿ ਸ਼ਾਮਲ ਹਨ। ਚੀਨ ਵੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਅੱਜ ਜਦੋਂ ਦੁਨੀਆ ’ਚ ਕੋਵਿਡ-19 ਮਹਾਮਾਰੀ ਨਾਲ ਮਰਨ ਵਾਲਿਆਂ ਵਿੱਚੋਂ ਹਰੇਕ ਚੌਥਾ ਵਿਅਕਤੀ ਭਾਰਤੀ ਹੈ, ਦੁਨੀਆਂ ਭਾਰਤ ਦੀ ਮਦਦ ’ਤੇ ਉਤਰ ਆਈ ਹੈ। ਇਹ ਰਾਹਤ ਦੇਣ ਵਾਲੀ ਖ਼ਬਰ ਹੈ। ਭਾਰਤ ਦੇ ਵਿਦੇਸ਼ ਸਕੱਤਰ ਦਾ ਕਹਿਣਾ ਹੈ ਕਿ ‘‘ਭਾਰਤ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ 40 ਤੋਂ ਵਧ ਦੇਸ਼ ਸਰਗਰਮ ਹੋ ਚੁੱਕੇ ਹਨ। ਭਾਰਤ ਨੂੰ ਯੁਰਪ, ਖਾੜੀ ਦੇਸ਼ਾਂ ਅਤੇ ਇਥੋਂ ਤੱਕ ਕਿ ਦੂਰ ਦਰਾਜ਼ ਦੇ ਆਸਟਰੇਲੀਆ, ਨਿਊਜ਼ੀਲੈਂਡ ਜਿਹੇ ਮੁਲ਼ਕਾਂ ਤੋਂ ਮਦਦ ਮਿਲਣ ਵਾਲੀ ਹੈ।’’ ਭਾਰਤ ਸਰਕਾਰ ਨੂੰ ਬੰਗਲਾਦੇਸ਼ ਅਤੇ ਮਿਸਰ ਤੋਂ ਵੀ ਮਦਦ ਹੋ ਰਹੀ ਹੈ। ਜਿਸ ਵੀ ਮੁਲ਼ਕ ਵਿੱਚ ਮਹਾਮਾਰੀ ਨਾਲ ਲੜਨ ਦੇ ਉਪਕਰਣ ਵਰਤੋਂ ਤੋਂ ਬਗੈਰ ਪਏ ਹਨ, ਭਾਰਤ ਭੇਜੇ ਜਾ ਰਹੇ ਹਨ। ਜ਼ਰੂਰੀ ਸਾਮਾਨ ਲਿਆ ਰਹੇ ਕੁੱਝ ਹਵਾਈ ਜਹਾਜ਼ 30 ਅਪਰੈਲ ਨੂੰ ਵੀ ਆਏ ਹਨ। ਹੋਰ ਸਾਮਾਨ ਆ ਰਿਹਾ ਹੈ।
ਨਿਸ਼ਚੇ ਹੀ ਇਹ ਵਿਦੇਸ਼ੀ ਮਦਦ ਭਾਰਤ ਦੇ ਕੰਮ ਆਏਗੀ। ਪਰ ਭਾਰਤੀ ਮਰੀਜ਼ਾਂ ਨੂੰ ਅਸਲ ਰਾਹਤ ਤਦ ਹੀ ਮਿਲੇਗੀ ਜਦੋਂ ਜ਼ਰੂਰੀ ਸਾਮਾਨ ਉਨ੍ਹਾਂ ਤੱਕ ਪਹੁੰਚ ਜਾਵੇਗਾ। ਅਗਲੇ ਦਿਨ ਹੋਰ ਵੀ ਅਹਿਮ ਰਹਿਣ ਵਾਲੇ ਹਨ ਕਿਉਂਕਿ ਮਦਦ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਵਧਣ ਵਾਲੀ ਹੈ। ਫਿਰ ਵੀ ਮਹਾਮਾਰੀ ਵਿਰੁੱਧ ਲੋੜੀਂਦੀਆਂ ਜ਼ਰੂਰੀ ਵਸਤਾਂ ਨਾਲ ਲੈਸ ਸਿਹਤਕਰਮੀ ਵਧੇਰੇ ਸਮਰੱਥਾ ਨਾਲ ਲੜ ਸਕਣਗੇ। ਪਰ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਾਮਾਰੀ ਨੂੰ ਹਰਾਉਣ ਲਈ ਇਕ ਦੂਸਰੇ ਦੀ ਮਦਦ ਕਰਨਾ ਜ਼ਰੂਰੀ ਹੈ ਅਤੇ ਕਿਸੇ ਇਕ ਮੁਲ਼ਕ ਵੱਲੋਂ ਸੰਸਾਰ ਨੂੰ ਬਚਾਉਣ ਦੇ ਦਾਅਵੇ ਕਰਨਾ ਖੋਖ਼ਲੀਆਂ ਗੱਲਾਂ ਹਨ। ਸਾਫ ਹੈ ਕਿ ਜੇਕਰ ਮੋਦੀ ਸਰਕਾਰ ਮਹਾਮਾਰੀ ਦੀ ਦੂਜੀ ਲਹਿਰ ਲਈ ਤਿਆਰੀ ਰੱਖਦੀ ਤਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ