BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਲੇਖ

ਕੋਰੋਨਾ ਦਾ ਕਹਿਰ: ਮਹਾਂ ਦੋਸ਼ੀ ਹਨ ਪ੍ਰਧਾਨ ਮੰਤਰੀ ਅਤੇ ਉਸਦੀ ਜੁੰਡਲੀ-1

May 06, 2021 11:40 AM

ਲਹਿੰਬਰ ਸਿੰਘ ਤੱਗੜ

ਪਿਛਲੇ ਲਗਭਗ ਡੇਢ ਮਹੀਨੇ ਤੋਂ ਭਾਰਤ ਵਿੱਚ ਕੋਰੋਨਾ ਦਾ ਕਹਿਰ ਵਰਤ ਰਿਹਾ ਹੈ। ਸਮੁੱਚਾ ਭਾਰਤ ਮਹਾਮਾਰੀ ਦੇ ਜਬਾੜਿ੍ਹਆਂ ਦੀ ਲਪੇਟ ’ਚ ਹੈ। ਇਸ ਨੂੰ ਕੋਰੋਨਾ ਦੀ ਦੂਸਰੀ ਲਹਿਰ ਕਿਹਾ ਜਾ ਰਿਹਾ ਹੈ। ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਇਹ ਲਹਿਰ ਨਹੀਂ ਕੋਰੋਨਾ ਦੀ ਸੁਨਾਮੀ ਹੈ। ਹਰ ਰੋਜ਼ ਸਾਢੇ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਇਸ ਨਾਲ ਮਰ ਰਹੇ ਹਨ। ਮਰਨ ਵਾਲਿਆਂ ਦੀ ਕੁੱਲ ਗਿਣਤੀ ਸਵਾ ਦੋ ਲੱਖ ਤੋਂ ਟੱਪ ਗਈ ਹੈ। ਦੋ ਕਰੋੜ ਤੋਂ ਵੱਧ ਭਾਰਤ ਵਾਸੀ ਕੋਰੋਨਾ ਤੋਂ ਬੀਮਾਰ ਹੋ ਚੁੱਕੇ ਹਨ। ਹਰ ਰੋਜ਼ 4 ਲੱਖ ਤੋਂ ਵੱਧ ਭਾਰਤੀ ਨਵੇਂ ਬੀਮਾਰ ਹੋ ਰਹੇ ਹਨ। ਹੁਣ ਸਾਡਾ ‘ਭਾਰਤ ਮਹਾਨ’ ਕੋਰੋਨਾ ਮਹਾਮਾਰੀ ਦੇ ਖੇਤਰ ਵਿੱਚ ਅਮਰੀਕਾ, ਬਰਾਜ਼ੀਲ ਸਮੇਤ ਸਾਰੀ ਦੁਨੀਆਂ ਦੇ ਰੀਕਾਰਡ ਤੋੜ ਰਿਹਾ ਹੈ, ਆਪਣੇ ਨਵੇਂ ਰੀਕਾਰਡ ਬਣਾ ਰਿਹਾ ਹੈ ਅਤੇ ਆਪਣੇ ਰੀਕਾਰਡ ਵੀ ਤੋੜ ਰਿਹਾ ਹੈ। ਦੇਸ਼ ਦੇ ਕੋਰੋਨਾ ਦਾ ਇਲਾਜ ਕਰਨ ਵਾਲੇ ਸਾਰੇ ਹਸਪਤਾਲ ਭਰ ਚੁੱਕੇ ਹਨ। ਹਸਪਤਾਲਾਂ ਦੇ ਬਾਹਰ ਕੋਰੋਨਾ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਬਹੁਤ ਸਾਰੇ ਹਸਪਤਾਲਾਂ ਦੇ ਬੈੱਡਾਂ ਤੇ 2-2, 3-3 ਮਰੀਜ਼ ਪਏ ਹਨ। ਵਰਾਂਡਿਆਂ, ਵਿਹੜਿਆਂ ’ਚ ਮਰੀਜ਼ ਪਏ ਹਨ ਅਤੇ ਕਰਾਹ ਰਹੇ ਹਨ। ਬਾਹਰ ਐਂਬੂਲੈਂਸਾਂ, ਪ੍ਰਾਈਵੇਟ ਵਹੀਕਲਾਂ ਵਿੱਚ ਮਰੀਜ਼ ਪਏ ਹਨ। ਜਿਹੜੇ ਗੰਭੀਰ ਮਰੀਜ਼ ਹਸਪਤਾਲਾਂ ਵਿੱਚ ਦਾਖਲ ਵੀ ਹੋ ਚੁੱਕੇ ਹਨ, ਉਨ੍ਹਾਂ ਦਾ ਇਲਾਜ ਕਰਨ ਲਈ ਸਾਧਨਾਂ ਦੀ ਭਾਰੀ ਥੁੜ ਹੈ। ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਲਈ ਮੁੱਖ ਤੌਰ ਤੇ ਅਤੇ ਮੁੱਢਲੇ ਤੌਰ ਤੇ ਤਿੰਨ ਵਸਤੂਆਂ ਦੀ ਲੋੜ ਹੈ। ਵੈਂਟੀਲੇਟਰ, ਆਕਸੀਜ਼ਨ ਅਤੇ ਰੇਮਿਡੀਸਿਵਰ ਟੀਕੇ ਪਰ ਇਹ ਤਿੰਨੇ ਹੀ ਲੋੜੀਂਦੀ ਮਾਤਰਾ ਵਿੱਚ ਉਪਲੱਭਧ ਨਹੀਂ ਹਨ। ਆਕਸੀਜ਼ਨ ਨਾ ਮਿਲਣ ਕਾਰਨ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੇ ਵੱਖ ਵੱਖ ਹਸਪਾਤਲਾਂ ਵਿੱਚ ਸੈਂਕੜੇ ਮਰੀਜ਼ ਮਰ ਚੁੱਕੇ ਹਨ ਅਤੇ ਮਰ ਰਹੇ ਹਨ। ਆਕਸੀਜ਼ਨ ਤੋਂ ਬਿਨਾ ਵੈਂਟੀਲੇਟਰ ਕਿਸੇ ਕੰਮ ਦੇ ਨਹੀਂ। ਪੰਜ ਹਜ਼ਾਰ ਰੁਪਏ ਦੀ ਕੀਮਤ ਦਾ ਰੈਮਿਡੀਸਿਵਰ ਟੀਕਾ ਲੱਖ-ਲੱਖ ਰੁਪਏ ਦੀ ਬਲੈਕ ਵਿੱਚ ਵੀ ਨਹੀਂ ਮਿਲ ਰਿਹਾ। ਹਸਪਤਾਲਾਂ ਅੰਦਰ ਮਰੀਜ਼ ਤੜਪਦੇ ਚੀਕਾਂ ਮਾਰ ਰਹੇ ਹਨ ਬਾਹਰ ਉਨ੍ਹਾਂ ਦੇ ਪਰਿਵਾਰਕ ਮੈਂਬਰ, ਮਿੱਤਰ ਪਿਆਰੇ, ਰਿਸ਼ਤੇਦਾਰ ਅਤੇ ਹੋਰ ਸਕੇ ਸਬੰਧੀ ਸੱਜਣ ਆਕਸੀਜ਼ਨ, ਰੇਮਿਡੀਸਿਵਰ ਟੀਕੇ ਲੱਭਦੇ ਭੱਜੇ ਫਿਰਦੇ ਹਨ। ਦਿੱਲੀ ਹਾਈਕੋਰਟ ਸਰਕਾਰ ਨੂੰ ਹੁਕਮ ਦੇ ਰਹੀ ਹੈ ਕਿ ਭੀਖ ਮੰਗੋ, ਚੋਰੀ ਕਰੋ ਜਿਵੇਂ ਵੀ ਹੋ ਸਕੇ ਆਕਸੀਜ਼ਨ ਲਿਆਓ। ਕੋਰਟ ਇਹ ਵੀ ਕਹਿ ਰਹੀ ਹੈ ਕਿ ਆਕਸੀਜ਼ਨ ਦੀ ਸਪਲਾਈ ਵਿੱਚ ਅੜਿਕੇ ਡਾਹੁਣ ਵਾਲਿਆਂ ਨੂੰ ਫਾਹੇ ਲਾ ਦਿਆਂਗੇ। ਹੁਣ ਤੱਕ ਭਾਰਤ ਵਿੱਚ ਲੱਗ ਪੱਗ ਦੋ ਕਰੋੜ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਦੋ ਲੱਖ ਤੋਂ ਵੱਧ ਮਰ ਚੁੱਕੇ ਹਨ। ਬੀਮਾਰ ਹੋਣ ਅਤੇ ਮਰਨ ਵਾਲਿਆਂ ਦੀ ਗਿਣਤੀ ਦੀ ਰਫਤਾਰ ਹਰ ਰੋਜ ਵੱਧ ਰਹੀ ਹੈ। ਸ਼ਮਸਾਨ ਘਾਟਾਂ ਅਤੇ ਕਬਰਸਤਾਨਾਂ ਵਿੱਚ ਮੁਰਦਿਆਂ ਨੂੰ ਨਜਿੱਠਣ ਲਈ ਵੀ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਦੇਸ਼ ਵਿੱਚ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ, ਲੋਕ ਤਰਾਹ-ਤਰਾਹ ਕਰ ਰਹੇ ਹਨ। ਮਾਹਿਰ ਚਿਤਾਵਨੀਆਂ ਦੇ ਰਹੇ ਹਨ ਕਿ ਸਥਿੱਤੀ ਅਜੇ ਹੋਰ ਵਿਗੜੇਗੀ। ਸਥਿੱਤੀ ਹੱਥੋਂ ਨਿਕਲਦੀ ਜਾ ਰਹੀ ਹੈ, ਅਫਰਾ-ਤਫਰੀ ਫੈਲਣ ਦਾ ਖਤਰਾ ਮੰਡਰਾਅ ਰਿਹਾ ਹੈ। ਕਈ ਥਾਂ ਹਫੜਾ ਦਫੜੀ ਵਿੱਚ ਹਸਪਤਾਲਾਂ ਵਿੱਚ ਅੱਗਾਂ ਲੱਗਣ ਕਾਰਨ ਕੋਰੋਨਾ ਮਰੀਜ਼ ਸੜਕੇ ਮਰ ਰਹੇ ਹਨ। ਸਰਕਾਰਾਂ ਬੇਬੱਸ ਜਾਪ ਰਹੀਆਂ ਹਨ।
ਇਸ ਸਮੇਂ ਸੰਸਾਰ ਭਰ ਵਿੱਚ ਕੋਰੋਨਾ ਮਹਾਮਾਰੀ ਦੇ ਸਬੰਧ ਵਿੱਚ ਸਭ ਤੋਂ ਵੱਧ ਚਰਚਾ ਭਾਰਤ ਦੀ ਹੋ ਰਹੀ ਹੈ। ਸਾਰਾ ਸੰਸਾਰ ਭਾਰਤ ਦੀ ਇਸ ਸਥਿੱਤੀ ਤੇ ਫਿਕਰਮੰਦੀ ਦਿਖਾ ਰਿਹਾ ਹੈ। ਅਮਰੀਕਾ, ਇੰਗਲੈਂਡ, ਰੂਸ, ਚੀਨ, ਜਪਾਨ, ਆਸਟਰੇਲੀਆ, ਫਰਾਂਸ, ਕੈਨੈਡਾ, ਡੈਨਮਾਰਕ, ਜਰਮਨੀ, ਸਾਊਦੀ ਅਰਬ, ਯੂ.ਏ.ਈ., ਸਿੰਗਾਪੁਰ ਪਾਕਿਸਤਾਨ, ਇਰਾਨ, ਅਫਗਾਨਿਸਤਾਨ, ਭੂਟਾਨ ਅਤੇ ਹੋਰ ਕਈ ਦੇਸ਼ਾਂ ਸਮੇਤ ਯੂਰਪੀਨ ਯੂਨੀਅਨ ਅਤੇ ਯੂ.ਐਨ.ਓ. ਨੇ ਹਮਦਰਦੀ ਅਤੇ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ ਹਰ ਸੰਭਵ ਤੇ ਲੋੜੀਂਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਦਿੱਤੀ ਹੈ। ਇਸ ਅੰਤਰਰਾਸ਼ਟਰੀ ਸਹਾਇਤਾ, ਹਮਦਰਦੀ ਅਤੇ ਇੱਕਮੁੱਠਤਾ ਦੇ ਨਾਲ-ਨਾਲ ਭਾਰਤ ਅਤੇ ਭਾਰਤ ਦੀ ਸਰਕਾਰ ਦਾ ਅੰਤਰਰਾਸ਼ਟਰੀ ਤੌਰ ਤੇ ਜਲੂਸ ਵੀ ਨਿਕਲ ਰਿਹਾ ਹੈ ਅਤੇ ਅਸੀਂ ਮਖੌਲ ਦੇ ਪਾਤਰ ਵੀ ਬਣ ਰਹੇ ਹਾਂ। ਕੋਰੋਨਾ ਦੀ ਪਹਿਲੀ ਲਹਿਰ ਦਾ ਪ੍ਰਭਾਵ ਜਦੋਂ ਘਟਣਾ ਸ਼ੁਰੂ ਹੋ ਗਿਆ ਸੀ ਅਤੇ ਬੀਮਾਰ ਹੋਣ ਅਤੇ ਮੌਤਾਂ ਦੀ ਗਿਣਤੀ ਹੇਠਾਂ ਆਉਣੀ ਸ਼ੁਰੂ ਹੋ ਗਈ ਸੀ ਤਾਂ ਸਾਡੇ ਪ੍ਰਧਾਨ ਮੰਤਰੀ, ਸਰਕਾਰ ਅਤੇ ਉਸਦੇ ਚੱਟੇ ਵੱਟਿਆਂ ਨੇ ਆਪਣੇ ਮੂੰਹ ਮੀਆਂ ਮਿੱਠੂ ਬਣਦੇ ਹੋਏ ਟਾਹਰਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਸਨ ਕਿ ਅਸੀਂ ਕੋਰੋਨਾ ਨੂੰ ਹਰਾ ਦਿੱਤਾ ਹੈ। ਇਹ ਵੀ ਜ਼ੋਰ ਸ਼ੋਰ ਨਾਲ ਪਰਚਾਰਿਆ ਗਿਆ ਕਿ ਜੇਕਰ ਭਾਰਤ ਮਾਰਚ 2020 ਵਿੱਚ ਲਾਕਡਾਊਨ ਨਾ ਲਾਉਂਦਾ ਤਾਂ ਇੱਥੇ ਮੌਤਾਂ ਦੀ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਹੋਣੀ ਸੀ। ਆਪਣੀ ਕਾਰਗੁਜ਼ਾਰੀ ਨੂੰ ਕੋਰੋਨਾ ਨਾਲ ਲੜਨ ਦੇ ਭਾਰਤੀ ਮਾਡਲ ਵਜੋਂ ਵੀ ਪਰਚਾਰਿਆ ਗਿਆ। ਇਸ ਤੋਂ ਪਹਿਲਾਂ ਮਹਾਂਭਾਰਤ ਦੇ ਯੁੱਧ ਦਾ ਹਵਾਲਾ ਦਿੰਦਿਆਂ ਹੋਇਆਂ ਕੋਰੋਨਾ ਉਤੇ 21 ਦਿਨਾਂ ਵਿੱਚ ਫਤਿਹ ਪ੍ਰਾਪਤ ਕਰ ਲੈਣ ਵਰਗੀਆਂ ਛੁਰਲੀਆਂ, ਤਾਲੀਆਂ ਵਜਾਕੇ, ਥਾਲੀਆਂ ਖੜਕਾ ਕੇ, ਬਿਜਲੀ ਬੰਦ ਕਰਕੇ ਅਤੇ ਮੋਮਬੱਤੀਆਂ ਜਗਾਕੇ ਅਤੇ ਹੋਰ ਕਈ ਤਰ੍ਹਾਂ ਧਮੱਚੜ ਪਾਕੇ ਕੋਰੋਨਾ ਨੂੰ ਭਜਾ ਦੇਣ ਵਰਗੀਆਂ ਨੋਟੰਕੀਆਂ ਆਦਿ ਵੀ ਸਭ ਨੂੰ ਯਾਦ ਹਨ। ਉਪਰੋਕਤ ਸਭ ਕੁੱਝ ਅਤੇ ਹੋਰ ਬਹੁਤ ਕੁੱਝ ਦੇ ਹਵਾਲੇ ਦੇ ਕੇ ਸੰਸਾਰ ਭਰ ਦੇ ਮੀਡੀਆ ਵਲੋਂ ਸਾਡੀ ਮੋਦੀ ਸਰਕਾਰ ਨੂੰ ਛੰਡਿਆ ਅਤੇ ਭੰਡਿਆ ਜਾ ਰਿਹਾ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਇਸ ਸਥਿੱਤੀ ਨੂੰ ਪਹੁੰਚਿਆ ਕਿਸ ਤਰ੍ਹਾਂ ਹੈ। ਅਸਲ ਵਿੱਚ ਇਸ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਭਾਰਤ ਦੀ ਮੋਦੀ ਸਰਕਾਰ ਅਤੇ ਉਸਦੀ ਜੁੰਡਲੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਪੂਰੀ ਤਰ੍ਹਾਂ ਗੈਰ ਗੰਭੀਰਤਾ, ਗੈਰ ਜ਼ਿੰਮੇਵਾਰੀ ਅਤੇ ਲਾਪ੍ਰਵਾਹੀ ਦਾ ਪ੍ਰਗਟਾਵਾ ਕੀਤਾ। ਜਦੋਂ ਸੰਸਾਰ ਵਿੱਚ ਕੋਰੋਨਾ ਮਹਾਮਾਰੀ ਫੈਲ ਰਹੀ ਸੀ ਅਤੇ ਭਾਰਤ ਵਿੱਚ ਵੀ ਇਸਦੇ ਕੇਸ ਸਾਹਮਣੇ ਆਉਣ ਲੱਗ ਪਏ ਸਨ ਤਾਂ ਉਸ ਵੇਲੇ ਸਾਡਾ ਪ੍ਰਧਾਨ ਮੰਤਰੀ ਮਹਾਮਾਰੀ ਨਾਲ ਨਜਿੱਠਣ ਦੀ ਥਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਤੋੜ ਕੇ ਉਥੇ ਭਾਜਪਾ ਸਰਕਾਰ ਸਥਾਪਤ ਕਰਨ ਦੀਆਂ ਸਾਜ਼ਸ਼ਾਂ ਵਿੱਚ ਰੁਝਿਆ ਹੋਇਆ ਸੀ। ਇਸ ਤੋਂ ਪਹਿਲਾਂ ਸੰਸਾਰ ਦੀ ਇਕੋ ਇੱਕ ਮਹਾਸ਼ਕਤੀ ਦੇ ਵਹਿਮ ਦਾ ਸ਼ਿਕਾਰ ਅਮਰੀਕਾ ਦੇ ਬੇਵਕੂਫ ਰਾਸ਼ਟਰਪਤੀ ਦਾ ਭਾਰਤ ਵਿੱਚ ਸਵਾਗਤ ਕਰਨ ਲਈ ‘‘ਨਮਸਤੇ ਟਰੰਪ’’ ਪ੍ਰੋਗਰਾਮ ਵਿੱਚ ਇਕ ਲੱਖ ਤੋਂ ਵੱਧ ਦੀ ਭੀੜ ਇਕੱਠੀ ਕਰਨ ਵਿੱਚ ਜੁਟਿਆ ਰਿਹਾ। ਇਨ੍ਹਾਂ ਕੰਮਾਂ ਤੋਂ ਵਿਹਲੇ ਹੋ ਕੇ ਬਿਨਾ ਕਿਸੇ ਤਿਆਰੀ, ਬਿਨਾ ਕਿਸੇ ਵਾਰਨਿੰਗ ਅਚਾਨਕ 23 ਮਾਰਚ ਨੂੰ ਸਾਰੇ ਦੇਸ਼ ਵਿੱਚ ਲਾਕਡਾਊਨ ਠੋਕ ਦਿੱਤਾ ਅਤੇ ਸਾਰਾ ਦੇਸ਼ ਜਾਮ ਕਰ ਦਿੱਤਾ। ਇਹ ਵੀ ਨਹੀਂ ਵਿਚਾਰਿਆ ਜਾਂ ਸੋਚਿਆ ਕਿ ਇਸ ਦੇ ਨਤੀਜੇ ਕੀ ਨਿਕਲਣਗੇ। ਬਿੱਜ ਵਾਂਗ ਪਏ ਇਸ ਲਾਕਡਾਊਨ ਨਾਲ ਜੋ ਜੋ ਅਣਕਿਆਸੀਆਂ ਦੁੱਖ ਤਕਲੀਫਾਂ, ਭਾਰਤ ਵਾਸੀਆਂ ਖਾਸ ਕਰਕੇ ਗਰੀਬ ਵਰਗ, ਮਿਹਨਤਕਸ਼ਾਂ, ਭੁੱਖੇ ਮਰਦੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਹਜ਼ਾਰਾਂ ਮੀਲ ਪੈਦਲ ਤੁਰੇ ਜਾਂਦਿਆਂ ਨੂੰ ਹੋਈਆਂ ਅਤੇ ਹੋਰ ਬਹੁਤ ਕੁਝ, ਇਹ ਇਕ ਵੱਡਾ ਤੇ ਵੱਖਰਾ ਵਿਸ਼ਾ ਹੈ ਜਿਸ ਤੇ ਬਹੁਤ ਵਿਚਾਰ ਵਟਾਂਦਰਾ ਹੋ ਚੁੱਕਾ ਹੈ ਅਤੇ ਫੇਰ ਵੀ ਹੁੰਦਾ ਰਹੇਗਾ। ਪਰ ਇਸ ਲਾਕਡਊਨ ਦੇ ਚਲਦਿਆਂ ਵੀ ਜਿਸ ਤਰ੍ਹਾਂ ਸਾਡਾ ਭਾਰਤ ਕੋਰੋਨਾ ਮਹਾਮਾਰੀ ਦੇ ਖੇਤਰ ਵਿੱਚ ਛਾਲਾਂ ਮਾਰਦਿਆਂ ਹੋਇਆਂ ਬਾਕੀ ਸਾਰੇ ਦੇਸ਼ਾਂ ਨੂੰ ਪਛਾੜਕੇ ਸਿਰਫ ਅਮਰੀਕਾ ਅਤੇ ਬਰਾਜ਼ੀਲ ਤੋਂ ਹੀ ਪਿਛੇ ਰਹਿ ਗਿਆ ਸੀ, ਸਾਡੇ ਰੋਜ਼ਾਨਾ ਇੱਕ ਲੱਖ ਤੋਂ ਵੱਧ ਕੇਸ ਆਉਣ ਲੱਗ ਪਏ ਸਨ ਅਤੇ ਸਾਰੇ ਦੇਸ਼ ਵਿੱਚ ਹਾਹਾਕਾਰ ਮੱਚ ਗਈ ਸੀ, ਇਸ ਸਭ ਕੁੱਝ ਤੋਂ ਵੀ ਸਾਡੇ ਹਾਕਮਾਂ ਨੇ ਕੋਈ ਸਬਕ ਨਾ ਸਿਖਿਆ ਅਤੇ ਕੋਰੋਨਾ ਨੂੰ ਹਰਾ ਦੇਣ ਦੀ ਖੁਸ਼ ਫਹਿਮੀ ਦਾ ਸ਼ਿਕਾਰ ਹੀ ਹੋਏ ਰਹੇ। ਲਾਕਡਾਊਨ ਦੌਰਾਨ ਕੋਰੋਨਾ ਦੇ ਸਿਖਰਾਂ ਤੇ ਜਾਣ ਦੇ ਸਮੇਂ ਨੂੰ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ, ਮਜ਼ਦੂਰ ਜਮਾਤ ਵਿਰੋਧੀ ਕੋਡਾਂ ਅਤੇ ਹੋਰ ਕਈ ਲੋਕ ਵਿਰੋਧੀ ਕਦਮਾਂ ਨੂੰ ਧੱਕੇ ਨਾਲ ਪਾਸ ਕਰਨ ਅਤੇ ਲਾਗੂ ਕਰਨ ਲਈ ਵਰਤਿਆ। ਉਹ ਵੱਖਰੀ ਗੱਲ ਹੈ ਕਿ ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਸਦਕਾ ਪ੍ਰਧਾਨ ਮੰਤਰੀ ਮੋਦੀ ਦੀ ਹਾਲਤ ਉਸ ਸੱਪ ਵਰਗੀ ਹੋ ਗਈ ਹੈ ਜਿਸ ਦੇ ਮੂੰਹ ਵਿੱਚ ਕੋਹੜ ਕਿਰਲੀ ਆ ਗਈ ਸੀ। ਨਵੰਬਰ 2020 ਵਿੱਚ ਜਦੋਂ ਕੋਰੋਨਾ ਮਹਾਮਾਰੀ ਨੂੰ ਕੁੱਝ ਠੱਲ ਪਈ, ਰੋਜ਼ਾਨਾਂ ਕੇਸ ਘੱਟਦੇ ਘੱਟਦੇ ਰੋਜ਼ਾਨਾ 14-15 ਹਜ਼ਾਰ ਤੱਕ ਆ ਗਏ ਤਾਂ ਸਾਡੀ ਮੋਦੀ ਸਰਕਾਰ ਅਤੇ ਬਹੁਤ ਸਾਰੀਆਂ ਸੂਬਾਈ ਸਰਕਾਰਾਂ ਵੀ ਇਸ ਮੁਗਾਲਤੇ ਦਾ ਸ਼ਿਕਾਰ ਹੋ ਗਈਆਂ ਕਿ ਬੱਸ ਹੁਣ ਅਸੀਂ ਕੋਰੋਨਾ ਨੂੰ ਹਰਾ ਲਿਆ ਹੈ। ਦੁਨੀਆਂ ਭਰ ਦੇ ਮਾਹਿਰ ਡਾਕਟਰਾਂ ਅਤੇ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਿਹਤ ਸੰਸਥਾਵਾਂ ਨੇ ਲਗਾਤਾਰ ਚਿਤਾਵਨੀਆਂ ਦਿੱਤੀਆਂ ਅਤੇ ਸੁਚੇਤ ਕੀਤਾ ਕਿ ਅਪ੍ਰੈਲ-ਮਈ 2021 ਵਿੱਚ ਭਾਰਤ ਉਤੇ ਕੋਰੋਨਾ ਮਹਾਮਾਰੀ ਦਾ ਦੂਸਰਾ ਹਮਲਾ ਹੋਵੇਗਾ ਜੋ ਪਹਿਲੇ ਸਾਰੇ ਹਮਲਿਆਂ ਨਾਲੋਂ ਭਿੰਨ, ਭਿਆਨਕ ਅਤੇ ਖਤਰਨਾਕ ਹੋਵੇਗਾ। ਚਾਹੀਦਾ ਤਾਂ ਇਹ ਸੀ ਕਿ ਮੋਦੀ ਸਰਕਾਰ ਸੂਬਾਈ ਸਰਕਾਰਾਂ ਨੂੰ ਨਾਲ ਅਤੇ ਵਿਸ਼ਵਾਸ ਵਿੱਚ ਲੈ ਕੇ ਇਨ੍ਹਾਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦੀ ਅਤੇ ਇਸ ਦੂਸਰੇ ਹਮਲੇ ਦਾ ਮੁਕਾਬਲਾ ਕਰਨ ਲਈ ਵੱਡੇ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕਰ ਲੈਂਦੀ। ਇਸੇ ਸਮੇਂ ਦੌਰਾਨ ਸਾਡੇ ਭਾਰਤ ਦੇ ਮਾਹਰ ਡਾਕਟਰਾਂ ਅਤੇ ਵਿਗਿਆਨੀਆਂ ਦੀ ਮਿਹਨਤ, ਯੋਗਤਾ ਅਤੇ ਇੰਗਲੈਂਡ ਦੇ ਵਿਗਿਆਨੀਆਂ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਦੋ ਵੈਕਸੀਨਜ਼ ਕੋਵੀਸ਼ੀਲਡ ਅਤੇ ਕੋਵੈਕਸੀਨ ਵੀ ਤਿਆਰ ਹੋ ਗਈਆਂ ਜੋ 15 ਜਨਵਰੀ 2021 ਤੋਂ ਭਾਰਤ ਵਿੱਚ ਸਿਲਸਿਲੇਵਾਰ ਲੱਗਣੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ