BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਕੋਰੋਨਾ ਦਾ ਕਹਿਰ: ਮਹਾਂ ਦੋਸ਼ੀ ਹਨ ਪ੍ਰਧਾਨ ਮੰਤਰੀ ਅਤੇ ਉਸਦੀ ਜੁੰਡਲੀ-2

May 07, 2021 11:59 AM

ਲਹਿੰਬਰ ਸਿੰਘ ਤੱਗੜ

ਦੁਨੀਆ ਦੇ ਕਈ ਦੇਸ਼ਾਂ ਜਿਵੇਂ ਕਿ ਚੀਨ, ਇਟਲੀ, ਸਮੇਨ, ਈਰਾਨ, ਇੰਗਲੈਂਡ, ਜਰਮਨੀ, ਫਰਾਂਸ, ਰੂਸ ਆਦਿ ਮਹਾਂਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਬੁਰੀ ਤਰ੍ਹਾਂ ਫਸ ਗਏ ਸਨ। ਉਸ ਸਮੇਂ ਸੰਸਾਰ ਕੋਲ ਇਸ ਮਹਾਂਮਾਰੀ ਵਿਰੁੱਧ ਲੜਨ ਵਾਸਤੇ ਨਾ ਤਜ਼ਰਬਾ ਸੀ ਅਤੇ ਨਾ ਹੀ ਸਾਧਨ। ਪਰ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ੁਰੂਆਤੀ ਦੌਰ ਦੇ ਤਜ਼ਰਬਿਆਂ ਤੋਂ ਸਿੱਖ ਕੇ ਆਪੋ ਆਪਣੇ ਯੋਗ ਪ੍ਰਬੰਧ ਕਰ ਲਏ। ਅਜਿਹੇ ਦੇਸ਼ਾਂ ਵਿੱਚੋਂ ਭਾਂਵੇਂ ਮਹਾਂਮਾਰੀ ਅਜੇ ਖਤਮ ਤਾਂ ਨਹੀਂ ਹੋਈ ਪਰ ਸਥਿੱਤੀ ਕੰਟਰੋਲ ਵਿੱਚ ਹੈ। ਇਸ ਸਬੰਧ ਵਿੱਚ ਸਮਾਜਵਾਦੀ ਦੇਸ਼ ਚੀਨ ਦਾ ਇਥੇ ਜ਼ਿਕਰ ਕਰਨਾ ਮਹੱਤਵਪੂਰਨ, ਲਾਹੇਵੰਦ ਅਤੇ ਪ੍ਰਸੰਗਕ ਹੋਵੇਗਾ, ਜਿਸ ਨੇ ਸਾਰੇ ਸੰਸਾਰ ਨੂੰ ਹੀ ਰਾਹ ਵਿਖਾਇਆ ਹੈ। ਚੀਨ ਜੋ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ, ਤੀਜੇ ਨੰਬਰ ਤੇ ਸੀ ਇਸ ਵੇਲੇ ਵਰਲਡੋਮੀਟਰ (worldometer) ਅਨੁਸਾਰ 95ਵੇਂ ਨੰਬਰ ਤੇ ਹੈ। ਇਸ ਸਮੇਂ ਚੀਨ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਸਿਰਫ 90600+ ਅਤੇ ਕੁਲ ਮੌਤਾਂ ਦਾ ਅੰਕੜਾ ਸਿਰਫ 4646 ਹੈ। ਹਾਲਾਂ ਕਿ ਆਬਾਦੀ ਦੇ ਪੱਖ ਤੋਂ ਚੀਨ ਦੁਨੀਆਂ ਚੋਂ ਪਹਿਲੇ ਨੰਬਰ ਤੇ ਹੈ ਅਤੇ ਕੋਰੋਨਾ ਦਾ ਆਰੰਭ ਵੀ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਹੋਇਆ ਸੀ।
ਪਰ ਅਫਸੋਸ ਕਿ ਸਾਡੀ ਮੋਦੀ ਸਰਕਾਰ ਅਤੇ ਬਹੁਤ ਸਾਰੀਆਂ ਸੂਬਾਈ ਸਰਕਾਰਾਂ ਸਮੇਂ ਦੇ ਹਾਣ ਦੀਆਂ ਸਾਬਤ ਨਹੀਂ ਹੋ ਸਕੀਆਂ। ਇਹ ਆਪਣੀਆਂ ਸਿਆਸੀ ਤੰਗ ਨਜ਼ਰੀ ਦੀਆਂ ਵਲਗਣਾਂ ਵਿੱਚ ਹੀ ਫਸੀਆਂ ਰਹੀਆਂ। ਮੋਦੀ-ਅਮਿਤਸ਼ਾਹ-ਅਦਿੱਤਿਆ ਨਾਥ ਜੋਗੀ ਤ੍ਰਿਕੜੀ ਨੇ ਕੁੰਭ ਦੇ ਮੇਲੇ ਵਿੱਚ ਲੱਖਾਂ ਸਾਧੂਆਂ, ਸੰਤਾਂ, ਮਹੰਤਾਂ ਅਤੇ ਆਮ ਲੋਕਾਂ ਨੂੰ ਗੰਗਾ-ਇਸ਼ਨਾਨ ਕਰਨ ਦੀ ਆਗਿਆ ਦਿੱਤੀ ਅਤੇ ਕੋਈ ਪਾਬੰਦੀਆਂ ਨਹੀਂ ਲਾਈਆਂ। ਅਜਿਹਾ ਹੋਣ ਦੇਣ ਨਾਲ ਕੋਰੋਨਾ ਮਹਾਂਮਾਰੀ ਦਾ ਕਿਤਨਾ ਪਸਾਰ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋਵੇਗਾ। ਇਥੇ ਹੀ ਬੱਸ ਨਹੀਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਉਨ੍ਹਾਂ ਦੀ ਸਾਰੀ ਜੁੰਡਲੀ ਸਭ ਕੁੱਝ ਛੱਡ ਛਡਾ ਕੇ ਅਤੇ ਭੁਲ ਭੁਲਾਕੇ ਪੰਜ ਰਾਜਾਂ ਦੀਆਂ ਚੋਣਾਂ ਨੂੰ ਇਸ ਤਰ੍ਹਾਂ ਜਿੱਤਣ ਲਈ ਚੜ੍ਹ ਪਏ ਜਿਸ ਤਰ੍ਹਾਂ ਕੋਈ ਪੁਰਾਣੇ ਸਮਿਆਂ ਦੇ ਬਾਦਸ਼ਾਹ ਉਨ੍ਹਾਂ ਇਲਾਕਿਆਂ ਨੂੰ ਜਿੱਤਣ ਲਈ ਚੜ੍ਹਦੇ ਸਨ ਜਿਹੜੇ ਉਨ੍ਹਾਂ ਦੇ ਅਧੀਨ ਨਾ ਹੋਣ। ਇੱਕ ਇਕ ਦਿਨ ਵਿੱਚ ਪੰਜ ਪੰਜ ਰੈਲੀਆਂ ਕੀਤੀਆਂ ਜਾਣ ਲੱਗੀਆਂ ਜਿਨ੍ਹਾਂ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ ਜਾਂਦੀਆਂ। ਮੋਦੀ ਦੀਆਂ ਰੈਲੀਆਂ ਵੱਖਰੀਆਂ, ਅਮਿਤਸ਼ਾਹ ਦੀਆਂ ਵੱਖਰੀਆਂ ਅਤੇ ਹੋਰ ਆਗੂਆਂ ਦੀਆਂ ਵੱਖਰੀਆਂ। ਨਾ ਮੋਦੀ ਦੇ ਮੂੰਹ ਤੇ ਮਾਸਕ, ਨਾ ਅਮਿਤਸ਼ਾਹ ਦੇ, ਨਾ ਹੋਰ ਲੀਡਰਾਂ ਤੇ ਅਤੇ ਨਾ ਹੀ ਰੈਲੀਆਂ ਵਿੱਚ ਸ਼ਾਮਲ ਭੀੜਾਂ ਦੇ। ਪੱਛਮੀ ਬੰਗਾਲ ਨੂੰ ਜਿੱਤਣ ਲਈ ਤਾਂ ਇਨ੍ਹਾਂ ‘ਮਾਡਰਨ ਬਾਦਸ਼ਾਹਾਂ’ ਨੇ ਸਿਰੇ ਹੀ ਲਾ ਦਿੱਤੇ, ਰੀਕਾਰਡ ਹੀ ਤੋੜ ਦਿੱਤੇ। ਇਥੋਂ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਮੋਦੀ ਸਾਹਿਬ ਇਤਨੇ ਗਦ ਗਦ ਹੋ ਗਏ ਕਿ ਕਹਿਣ ਲੱਗ ਪਏ ਕਿ ਮੈਂ ਆਪਣੀ ਜਿੰਦਗੀ ਵਿੱਚ ਕਿਸੇ ਰੈਲੀ ਵਿੱਚ ਇਤਨੇ ਲੋਕ ਨਹੀਂ ਵੇਖੇ। ਜਿਥੋਂ ਤੱਕ ਨਜ਼ਰ ਜਾਂਦੀ ਹੈ ਲੋਕ ਹੀ ਲੋਕ ਹਨ। ਪੱਛਮੀ ਬੰਗਾਲ ਨੂੰ ਜਿੱਤਣ ਦੇ ਨਸ਼ੇ ਦੀ ਲੋਰ ਵਿੱਚ ਮੋਦੀ ਜੀ ਭੁਲ ਹੀ ਗਏ ਕਿ ਸਾਰੇ ਦੇਸ਼ ਉਤੇ ਕੋਰੋਨਾ ਦਾ ਹਮਲਾ ਨਵੇਂ ਤੋਂ ਨਵੇਂ ਰੀਕਾਰਡ ਬਣਾ ਰਿਹਾ ਹੈ। ਇਨ੍ਹਾਂ ਹੀ ਦਿਨਾਂ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸ ਆਉਣ ਦੀ ਗਿਣਤੀ ਪਹਿਲਾਂ ਇੱਕ ਲੱਖ ਤੋਂ ਟੱਪੀ, ਫਿਰ ਦੋ ਲੱਖ, ਫਿਰ ਤਿੰਨ ਲੱਖ ਤੇ ਫਿਰ ਸਾਢੇ ਤਿੰਨ ਲੱਖ ਰੋਜ਼ਾਨਾਂ ਤੋਂ ਵੀ ਟੱਪ ਗਈ। ਇਨ੍ਹਾਂ ਦਿਨਾਂ ਵਿੱਚ ਭਾਰਤ ਨੇ ਰੋਜ਼ਾਨਾਂ ਕੇਸਾਂ ਦੀ ਗਿਣਤੀ ਸਬੰਧੀ ਅਮਰੀਕਾ, ਬਰਾਜ਼ੀਲ ਵਰਗੇ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਸਮੇਤ ਦੁਨੀਆਂ ਦੇ ਨਾ ਕੇਵਲ ਸਾਰੇ ਰੀਕਾਰਡ ਹੀ ਤੋੜ ਦਿੱਤੇ ਬਲਕਿ ਆਪਣੇ ਨਵੇਂ ਰੋਜ਼ਾਨਾਂ ਬਣਾਏ ਜਾਂਦੇ ਨਵੇਂ ਰੀਕਾਰਡਾਂ ਨੂੰ ਵੀ ਰੋਜ਼ਾਨਾ ਹੀ ਤੋੜਿਆ ਜਾਣ ਲੱਗਾ। ਅੰਤ 23 ਅਪ੍ਰੈਲ ਨੂੰ ਤਿੰਨ ਖਬਰਾਂ ਨਾਲੋ-ਨਾਲ ਆਈਆਂ। ਪਹਿਲੀ ਇਹ ਕਿ ਅੱਜ ਭਾਰਤ ਨੇ ਅਮਰੀਕਾ ਦਾ 8 ਜਨਵਰੀ 2021 ਨੂੰ 24 ਘੰਟਿਆਂ ਵਿੱਚ 3, 13,310 ਕੇਸਾਂ ਦਾ ਸੰਸਾਰ ਰੀਕਾਰਡ ਤੋੜ ਦਿੱਤਾ ਹੈ ਅਤੇ ਨਾਲ ਹੀ ਦੂਸਰੀ ਖਬਰ ਆਈ ਕਿ ਕਲਕੱਤਾ ਹਾਈ ਕੋਰਟ ਨੇ ਵੱਡੀਆਂ ਚੋਣ ਰੈਲੀਆਂ ਤੇ ਪਾਬੰਦੀ ਲਾ ਦਿੱਤੀ ਹੈ। ਹਾਈ ਕੋਰਟ ਵਲੋਂ ਖਿਚਾਈ ਤੋਂ ਇੱਕ ਘੰਟੇ ਬਾਦ ਖਬਰ ਆਈ ਕਿ ਮੋਦੀ ਨੇ 23 ਅਪ੍ਰੈਲ ਦੀਆਂ ਪੱਛਮੀ ਬੰਗਾਲ ਦੀਆਂ ਆਪਣੀਆਂ ਵੱਡੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਹਨ। ਭਾਵ ਕਿ ਮੋਦੀ ਨੂੰ ਚੋਣ ਜਿੱਤਣ ਦੇ ਨਸ਼ੇ ਚੋਂ ਸੁਰਤ ਉਸ ਸਮੇਂ ਆਈ ਜਦੋਂ ਸੰਸਾਰ ਰੀਕਾਰਡ ਟੁੱਟ ਗਿਆ ਅਤੇ ਹਾਈ ਕੋਰਟ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਤਾਂ ਜਾਕੇ ਸਾਡੇ ਹਾਕਮਾਂ ਨੂੰ ਮਾੜੀ ਮੋਟੀ ਸ਼ਰਮ ਆਈ ਜਾਂ ਇਹ ਕਹਿ ਲਓ ਕਿ ਸ਼ਰਮ ਆਉਣ ਦਾ ਡਰਾਮਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ 23 ਅਪ੍ਰੈਲ ਨੂੰ ਦਿੱਲੀ ਵਿੱਚ ਕੋਰੋਨਾ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ। 25 ਅਪ੍ਰੈਲ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੂੰ ਮਹਿਸੂਸ ਹੋਇਆ ਕਿ ਕੋਰੋਨਾ ਦੀ ਦੂਸਰੀ ਲਹਿਰ ਨੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਹੈ। ਇਹ ਹਨ ਜਾਂ ਇਹੋ ਜਿਹੇ ਹਨ ਸਾਡੇ ਭਾਰਤ ਮਹਾਨ ਦੇ ਵਰਤਮਾਨ ਹਾਕਮ।
ਸਾਡੇ ਦੇਸ਼ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਵਿੱਚ ਹੀ ਕਈ ਵੱਡੀਆਂ ਕੰਮਜ਼ੋਰੀਆਂ ਸਾਹਮਣੇ ਆ ਗਈਆਂ ਸਨ। ਵੈਂਟੀਲੇਟਰਾਂ ਦੀ ਘਾਟ, ਦਵਾਈਆਂ ਦੀ ਘਾਟ, ਬੈੱਡਾਂ ਦੀ ਘਾਟ, ਆਕਸੀਜ਼ਨ ਦੀ ਘਾਟ ਆਦਿ ਸਭ ਕੁੱਝ ਦੀ ਨਿਸ਼ਾਨ ਦੇਹੀ ਹੋ ਗਈ ਸੀ। ਇਥੇ ਸਾਡਾ ਆਪਣੀ ਸਰਕਾਰ ਤੋਂ ਸਵਾਲ ਪੁਛਣਾ ਬਣਦਾ ਹੈ ਕਿ ਇਨ੍ਹਾਂ ਸਾਰੀਆਂ ਘਾਟਾਂ ਨੂੰ ਪੂਰੀਆਂ ਕਰਨ ਲਈ ਉਸਨੇ ਕੀ ਕਦਮ ਚੁੱਕੇ ਹਨ? ਸਾਰੀਆਂ ਇਹੋ ਘਾਟਾਂ ਇਸ ਵਰਤਮਾਨ ਦੌਰ ਵਿੱਚ ਵੀ ਸਾਹਮਣੇ ਆ ਰਹੀਆਂ ਹਨ ਤੇ ਪਹਿਲਾਂ ਨਾਲੋਂ ਵੱਧ ਵਿਕਰਾਲ ਰੂਪ ਵਿੱਚ ਆ ਰਹੀਆਂ ਹਨ। ਉਸ ਸਮੇਂ ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਆਕਸੀਜ਼ਨ ਦੀ ਘਾਟ ਪੂਰੀ ਕਰਨ ਲਈ ਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ 162 ਆਕਸੀਜ਼ਨ ਪਲਾਂਟ ਲਾਏ ਜਾਣਗੇ, ਜਿਥੋਂ ਵੈਂਟੀਲੇਟਰਾਂ ਨੂੰ ਸਿੱਧੀ ਸਪਲਾਈ ਹੋ ਸਕੇਗੀ। ਰੀਪੋਰਟਾਂ ਹਨ ਕਿ ਇਨ੍ਹਾਂ ਚੋਂ ਸਿਰਫ 33 ਪਲਾਂਟ ਹੀ ਲਗੇ ਹਨ, ਬਾਕੀ ਕਿਉਂ ਨਹੀਂ ਲੱਗੇ। ਆਕਸੀਜ਼ਨ ਨੂੰ ਕਿਸੇ ਦੂਸਰੀ ਕੋਰੋਨਾ ਲਹਿਰ ਦੇ ਸਮੇਂ ਲਈ ਕਿਉਂ ਬਚਾਕੇ ਜਾਂ ਸਾਂਭ ਕੇ ਜਾਂ ਫਿਰ ਲੋੜ ਅਨੁਸਾਰ ਪੈਦਾ ਕਰ ਸਕਣ ਦੀ ਸਮਰੱਥਾ ਦੇ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ?
ਹੁਣ 25 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਐਲਾਨ ਕਰਦਾ ਹੈ ਕਿ 550 ਆਕਸੀਜ਼ਨ ਪਲਾਂਟ ਲਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ। ਚੰਗੀ ਗੱਲ ਹੈ ਪਰ ਇਹ ਪ੍ਰਬੰਧ ਅਗਾਂਊਂ ਅਤੇ ਸਮੇਂ ਸਿਰ ਕਿਉਂ ਨਹੀਂ ਕੀਤੇ ਗਏ? ਜਿਹੜੇ ਮਰੀਜ਼, ਆਕਸੀਜ਼ਨ ਨਾ ਮਿਲਣ ਕਾਰਨ ਮਰ ਗਏ ਹਨ ਅਤੇ ਮਰ ਰਹੇ ਹਨ, ਉਨ੍ਹਾਂ ਦੀ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਜੇਕਰ ਕੋਈ ਵਿਅਕਤੀ ਕੋਰੋਨਾ ਕਾਰਨ ਬੀਮਾਰ ਹੋ ਜਾਵੇ, ਹਸਪਤਾਲ ਦਾਖਲ ਹੋ ਜਾਏ ਦਵਾਈਆਂ ਮਿਲਣ, ਵੈਂਟੀਲੇਟਰ ਲਗ ਜਾਏ, ਆਕਸੀਜ਼ਨ ਮਿਲੇ ਪਰ ਫਿਰ ਵੀ ਮੌਤ ਹੋ ਜਾਏ ਤਾਂ ਕਿਹਾ ਜਾਏਗਾ ਕਿ ਕੋਰੋਨਾ ਕਾਰਨ ਮੌਤ ਹੋ ਗਈ ਹੈ। ਪਰ ਜੇਕਰ ਮਰੀਜ਼ ਨੂੰ ਦਾਖਲ ਹੋਣ ਲਈ ਹਸਪਤਾਲ ਹੀ ਨਾ ਮਿਲੇ, ਮਿਲ ਜਾਵੇ ਤਾਂ ਦਵਾਈ, ਵੈਂਟੀਲੇਟਰ, ਆਕਸੀਜ਼ਨ ਹੀ ਨਾ ਮਿਲੇ ਤੇ ਮਰੀਜ਼ ਮਰ ਜਾਏ ਤਾਂ ਇਸ ਨੂੰ ਕਤਲ ਕਿਉਂ ਨਾ ਕਿਹਾ ਜਾਵੇ। ਆਕਸੀਜ਼ਨ ਨਾ ਮਿਲਣ ਕਾਰਨ ਸੈਂਕੜੇ ਲੋਕ ਮਰ ਚੁੱਕੇ ਹਨ ਅਤੇ ਮਰ ਰਹੇ ਹਨ ਤੇ ਇਨ੍ਹਾਂ ਦੀ ਕਾਤਲ ਮੋਦੀ ਸਰਕਾਰ ਨਹੀਂ ਤਾਂ ਹੋਰ ਕੌਣ ਹੈ?
26 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਨੇ ਇਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਭਾਰਤ ਦੇ ਚੋਣ ਕਮਿਸ਼ਨ ਨੂੰ ਕੋਰੋਨਾ ਦੀ ਦੂਸਰੀ ਲਹਿਰ ਵਾਸਤੇ ‘ਇਕੱਲਿਆਂ’ ਦੋਸ਼ੀ ਕਰਾਰ ਦਿੰਦਿਆਂ ‘ਸਭ ਤੋਂ ਵੱਧ ਗੈਰ ਜ਼ਿੰਮੇਵਾਰ ਅਦਾਰਾ ਕਰਾਰ ਦਿੱਤਾ ਹੈ ਅਤੇ ਇਥੋਂ ਤੱਕ ਆਖ ਦਿੱਤਾ ਹੈ ਕਿ ਕਮਿਸ਼ਨ ਦੇ ਅਧਿਕਾਰੀਆਂ ਖਿਲਾਫ ਕਤਲ ਕੇਸ ਦਰਜ ਕੀਤੇ ਜਾ ਸਕਦੇ ਹਨ। ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ ਵੱਡੀਆਂ ਚੋਣ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ, ਇਸੇ ਕਾਰਨ ਕੋਰੋਨਾ ਫੈਲਿਆ ਹੈ। ਮਦਰਾਸ ਹਾਈਕੋਰਟ ਦੀ ਆਲੋਚਨਾ ਸਹੀ ਹੈ ਪਰ ਸਵਾਲ ਇਹ ਹੈ ਕਿ ਇਹ ਆਦੇਸ਼ ਉਸ ਸਮੇਂ ਦੇਣਾ ਚਾਹੀਦਾ ਸੀ ਜਦੋਂ ਰੈਲੀਆਂ ਹੋ ਰਹੀਆਂ ਸਨ। ਨਾਲ ਹੀ ਹਾਈ ਕੋਰਟ ਨੂੰ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆਉਣਾ ਚਾਹੀਦਾ ਸੀ, ਜਿਸ ਦਾ ਬਗਲ ਬੱਚਾ ਬਣਕੇ ਚੋਣ ਕਮਿਸ਼ਨ ਚਲ ਰਿਹਾ ਸੀ। ਖੈਰ, ਹਾਈ ਕੋਰਟ ਵਲੋਂ ਖਿਚਾਈ ਕਰਨ ਤੋਂ ਬਾਦ ਚੋਣ ਕਮਿਸ਼ਨ ਨੇ 2 ਮਈ ਨੂੰ ਚੋਣ ਨਤੀਜਿਆਂ ਤੋਂ ਬਾਦ ਜਲੂਸ ਕੱਢਣ ਤੇ ਪਾਬੰਦੀ ਲਾ ਦਿੱਤੀ ਹੈ ਜੋ ਚੰਗੀ ਗੱਲ ਹੈ। ਇਸ ਖਬਰ ਦਾ ਰੋਜਾਨਾ ‘ਨਵਾਂ ਜਮਾਨਾਂ’ ਨੇ ਹੈਂਡਿੰਗ ਦਿੱਤਾ ਹੈ, ‘‘ਜਲੂਸ ਕਢਵਾਉਣ ਤੋਂ ਬਾਅਦ ਜਲੂਸਾਂ ਤੇ ਰੋਕ’’।
ਇਸ ਸਮੇਂ ਦੇਸ਼ ਦੇ ਹਾਲਾਤ ਕਿਤਨੇ ਡਰਾਉਣ ਵਾਲੇ, ਦਿਲ ਦਹਿਲਾਉਣ ਵਾਲੇ, ਚਿੰਤਾਜਨਕ ਅਤੇ ਗੰਭੀਰ ਹਨ ਅਤੇ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਰਹਿ ਗਿਆ। ਹੁਣ ਕੇਂਦਰੀ ਸਰਕਾਰ, ਸੂਬਾਈ ਸਰਕਾਰਾਂ, ਸਾਰੀਆਂ ਰਾਜਨੀਤਿਕ ਪਾਰਟੀਆਂ, ਸਭ ਸੰਸਥਾਵਾਂ, ਸਾਰੇ ਲੋਕ ਇਸ ਨਾਲ ਸਹਿਮਤ ਹਨ। ਅਜਿਹੇ ਹਾਲਾਤਾਂ ਲਈ ਕੇਵਲ ਦੋਸ਼ੀ ਹੀ ਨਹੀਂ ਬਲਕਿ ਮਹਾਂ ਦੋਸ਼ੀ ਹੈ ਸਾਡਾ ਪ੍ਰਧਾਨ ਮੰਤਰੀ ਮੋਦੀ ਅਤੇ ਉਸਦੀ ਜੁੰਡਲੀ। ਇਸ ਵਿੱਚ ਸ਼ੱਕ ਦੀ ਵੀ ਕੋਈ ਗੁੰਜਾਇਸ਼ ਨਹੀਂ ਹੈ। ਪਿਛੇ ਹੋਈਆਂ ਗਲਤੀਆਂ, ਲਾਹਪਰਵਾਹੀਆਂ, ਬੇਵਕੂਫੀਆਂ ਦੇ ਬਾਵਜ਼ੂਦ ਦੇਸ਼ ਨੂੰ ਇਸ ਘੋਰ ਸੰਕਟ ਦਾ ਮੁਕਾਬਲਾ ਕਰਕੇ ਇਸ ’ਚੋਂ ਬਾਹਰ ਨਿਕਲਣ ਲਈ ਹੰਗਾਮੀ ਕਦਮ ਚੁੱਕਣੇ ਜ਼ਰੂਰੀ ਹਨ। ਇਸ ਦੀ ਸਭ ਤੋਂ ਵੱਡੀ ਜ਼ਿਮੇਵਾਰੀ ਫਿਰ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰੀ ਸਰਕਾਰ ਦੀ ਹੀ ਹੈ। ਬਾਕੀ ਸਾਰੇ ਤਾਂ ਸਹਿਯੋਗ ਹੀ ਕਰ ਸਕਦੇ ਹਨ ਅਤੇ ਕਰਨਾ ਵੀ ਚਾਹੀਦਾ ਹੈ।ਪ੍ਰਧਾਨ ਮੰਤਰੀ ਆਪਣੇ ਰਾਜਸੀ ਤੰਗ ਹਿਤਾਂ ਚੋਂ ਬਾਹਰ ਨਿਕਲੇ। ਦੇਸ਼ ਦੀਆਂ ਸਾਰੀਆਂ ਸੂਬਾਈ ਸਰਕਾਰਾਂ, ਸਾਰੀਆਂ ਰਾਜਸੀ ਧਿਰਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਪਹਿਲ ਕਦਮੀ ਕਰੇ। ਦੇਸ਼ ਭਰ ਵਿੱਚ ਹਸਪਤਾਲਾਂ ਦੀ ਗਿਣਤੀ ਅਤੇ ਸਮਰੱਥਾ ਵਧਾਈ ਜਾਵੇ। ਵੈਂਟੀਲੇਟਰਾਂ, ਆਕਸੀਜ਼ਨ, ਰੇਮਡਿਸਿਵਰ ਟੀਕਿਆਂ ਅਤੇ ਹੋਰ ਹਰ ਪ੍ਰਕਾਰ ਦੀਆਂ ਲੋੜੀਂਦੀਆਂ ਦਵਾਈਆਂ ਦੀ ਪੂਰਤੀ ਲਈ ਕੋਈ ਵੀ ਕਸਰ ਬਾਕੀ ਨਾ ਛੱਡੇ, ਸਾਰੇ ਸਾਧਨ ਜੁਟਾਏ ਜਾਣ। ਦੇਸ਼ ਵਿੱਚ ਇੰਪਲਾਈਜ਼ ਸਟੈਟ ਇੰਸ਼ੋਰੈਂਸ (5.S.9.) ਕਾਰਪੋਰੇਸ਼ਨ ਦਾ ਵਿਸ਼ਾਲ ਢਾਂਚਾ ਤੇ ਸਿਸਟਮ ਹੈ। ਇਹ ਸੰਸਥਾਂ 17 ਕਰੋੜ ਤੋਂ ਵੱਧ ਮਿਹਨਤਕਸ਼ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਹੈ। ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦਾ ਲੱਖਾਂ ਦਾ ਸਟਾਫ ਹੈ। ਇਸ ਕਾਰਪੋਰੇਸ਼ਨ ਕੋਲ ਆਪਣੇ ਵਿੱਤੀ ਵਸੀਲੇ ਹਨ। ਇਸ ਸੰਸਥਾ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਤਾਇਨਾਤ ਕਰਨਾ ਚਾਹੀਦਾ ਹੈ। ਅਜੇਹੇ ਹੋਰ ਅਨੇਕਾਂ ਕਦਮ ਹਨ ਜੋ ਚੁੱਕੇ ਜਾ ਸਕਦੇ ਹਨ। ਵਿਦੇਸ਼ਾਂ ਤੋਂ ਆ ਰਹੀਆਂ ਹਰ ਪ੍ਰਕਾਰ ਦੀ ਸਹਾਇਤਾ ਦੀਆਂ ਪੇਸ਼ਕਸ਼ਾਂ ਨੂੰ ਮਾਨਵਤਾਵਾਦੀ ਆਧਾਰ ਤੇ ਪ੍ਰਵਾਨ ਕੀਤਾ ਜਾਵੇ।
ਦੇਸ਼ ਵਿੱਚ 15 ਜਨਵਰੀ ਤੋਂ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ। ਹੁਣ ਤੱਕ 15 ਕਰੋੜ ਤੋਂ ਵੱਧ ਭਾਰਤੀਆਂ ਨੂੰ ਇਹ ਟੀਕੇ ਲੱਗ ਚੁੱਕੇ ਹਨ। ਪਰ ਟੀਕਾਕਰਨ ਦੀ ਇਹ ਰਫਤਾਰ ਸੰਤੋਸ਼ਜਨਕ ਨਹੀਂ। ਇਸ ਰਫਤਾਰ ਨਾਲ ਤਾਂ ਬਾਕੀ ਵਸੋਂ ਨੂੰ ਵੈਕਸੀਨ ਲਗਾਉਣ ਲਈ ਤਾਂ ਢਾਈ ਤਿੰਨ ਸਾਲਾਂ ਦਾ ਸਮਾਂ ਲਗ ਜਾਵੇਗਾ। ਜਦ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਹੁਣ ਉਤੋਂ ਦੀ ਵੈਕਸੀਨ ਦੀ ਥੁੜ ਪੈਣ ਦੀ ਖਬਰਾਂ ਵੀ ਆ ਰਹੀਆਂ ਹਨ। ਵੈਕਸੀਨ ਦੀ ਥੁੜ ਕਾਰਨ ਦੇਸ਼ ਦੇ ਬਹੁਤੇ ਪ੍ਰਾਂਤਾਂ ਵਿੱਚ 1 ਮਈ ਤੋਂ 18 ਤੋਂ 45 ਸਾਲ ਦੇ ਵਿਅਕਤੀਆਂ ਨੂੰ ਟੀਕੇ ਲਾਉਣਾ ਸ਼ੁਰੂ ਕਰਨ ਦਾ ਕੰਮ ਮੁਲਤਵੀ ਕਰਨਾ ਪਿਆ ਹੈ। ਕੇਂਦਰੀ ਸਰਕਾਰ ਇਸ ਪਾਸੇ ਵਿਸ਼ੇਸ ਧਿਆਨ ਦੇਵੇ। ਅਸੀਂ ਕਾਮਨਾਂ ਕਰਦੇ ਹਾਂ ਕਿ ਭਾਰਤ ਜਲਦੀ ਤੋਂ ਜਲਦੀ ਇਸ ਸੰਕਟਮਈ ਦੌਰ ਚੋਂ ਬਾਹਰ ਨਿਕਲੇ।
ਇਸ ਲਿਖਤ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਇਕ ਹੋਰ ਬਹੁਤ ਹੀ ਜ਼ਰੂਰੀ ਪੱਖ ਵਾਰੇ ਗੱਲ ਕਰਨਾ ਚਾਹੁੰਦੇ ਹਾਂ। ਜਿਸ ਦਿਨ ਤੋਂ ਸੰਸਾਰ ਵਿੱਚ ਇਹ ਕੋਰੋਨਾ ਮਹਾਮਾਰੀ ਪੈਦਾ ਹੋ ਕੇ ਸ਼ੁਰੂ ਹੋਈ ਹੈ ਉਸ ਸਮੇਂ ਤੋਂ ਹੀ ਸੰਸਾਰ ਭਰ ਵਿੱਚ ਹੀ ਕੁੱਝ ਵਿਸ਼ੇਸ਼ ਹਿੱਤਾਂ ਵਾਲੀਆਂ ਸ਼ਕਤੀਆਂ ਵਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਕੋਰੋਨਾ ਜਾਂ ਕੋਵਿਡ-19 ਨਾਂ ਦੀ ਕੋਈ ਬੀਮਾਰੀ-ਮਹਾਮਾਰੀ ਹੈ ਹੀ ਨਹੀਂ। ਇਹ ਮੁਹਿੰਮ ਅੱਜ ਵੀ ਜਾਰੀ ਹੈ ਤੇ ਪਹਿਲਾਂ ਨਾਲੋਂ ਵਧ ਜ਼ੋਰ ਸ਼ੋਰ ਨਾਲ ਚਲ ਰਹੀ ਹੈ ਕਿ ਵੈਕਸੀਨ ਦੇ ਟੀਕੇ ਨਾ ਲਗਵਾਓ, ਇਸ ਨਾਲ ਤੁਸੀਂ ਅਨੇਕਾਂ ਬੀਮਰੀਆਂ ਦੇ ਸ਼ਿਕਾਰ ਹੋ ਜਾਓਗੇ, ਤੁਸੀਂ ਨੰਪੁਸਕ ਹੋ ਜਾਉਗੇ। ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਟੀਕਾ ਕਰਨ ਸੰਸਾਰ ਦੀ ਵਸੋਂ ਘਟਾਉਣ ਲਈ ਕੀਤਾ ਜਾ ਰਿਹਾ ਹੈ, ਅਜਿਹਾ ਹੋਰ ਵੀ ਬਹੁਤ ਕੁੱਝ ਕਿਹਾ ਜਾ ਰਿਹਾ ਹੈ। ਇਸ ਨਾਲ ਕਈ ਅਖਾਉਤੀ ‘‘ਵੱਡੇ ਡਾਕਟਰਾਂ ਤੇ ਸੰਸਥਾਵਾਂ’’ ਦੇ ਨਾਂ ਜੋੜੇ ਜਾ ਰਹੇ ਹਨ। ਅਸੀਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਰਾ ਕੁੱਝ ਕਿਸੇ ਗੁੱਝੇ ਮੰਤਵ ਲਈ ਨਾਂਹ ਪੱਖੀ ਸ਼ਕਤੀਆਂ ਵਲੋਂ ਪ੍ਰਗਟਾਇਆ ਜਾ ਰਿਹਾ ਹੈ।
ਅੰਤ ਵਿੱਚ ਅਸੀਂ ਸਮੂੰਹ ਦੇਸ਼ ਵਾਸੀਆਂ ਖਾਸ ਕਰਕੇ ਸਮੂੰਹ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੁੱਝ ਵਿਸ਼ੇਸ਼ ਹਿੱਤਾਂ ਵਾਲੀਆਂ ਸ਼ਕਤੀਆਂ ਵਲੋਂ ਕੀਤੇ ਜਾ ਰਹੇ ਇਸ ਗੁੰਮਰਾਹਕੁੰਨ ਅਤੇ ਕੂੜ ਪ੍ਰਚਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਕੋਵਿਡ-19 ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਹਰ ਦੇਸ਼ ਵਾਸੀ ਨੂੰ ਵੈਕਸੀਨ ਜ਼ਰੂਰ ਹੀ ਲੁਆਉਣੀ ਚਾਹੀਦੀ ਹੈ । ਆਪਣੇ ਆਪ ਨੂੰ, ਪਰਿਵਾਰ ਨੂੰ, ਦੇਸ਼ ਨੂੰ ਅਤੇ ਸਮੂੰਹ ਲੋਕਾਈ ਨੂੰ ਇਸ ਮਹਾਂਮਾਰੀ ਤੋਂ ਮੁਕਤ ਕਰਵਾਉਣ ਵਿੱਚ ਆਪਣਾ ਮੁਕੰਮਲ ਹਿੱਸਾ ਪਾਉਣਾ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ