BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਕਿਸਾਨਾਂ ਨੂੰ ਕਮਜ਼ੋਰ ਪੈ ਰਹੇ ਕਹਿਣ ਵਾਲੇ ਝੂਠੇ ਸਾਬਤ ਹੋਣਗੇ

May 15, 2021 11:32 AM

ਮੋਦੀ ਸਰਕਾਰ ਦੀਆਂ ਕਰਨੀਆਂ ਕਾਰਨ ਅੱਜ ਸਮੁੱਚਾ ਦੇਸ਼ ਇੱਕ ਵੱਡੇ ਦੁਖਾਂਤ ’ਚੋਂ ਲੰਘ ਰਿਹਾ ਹੈ, ਜੋ ਕਿ ਕੋਵਿਡ-19 ਮਹਾਮਾਰੀ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਕਾਰਨ ਆਈ ਦੂਜੀ ਲਹਿਰ ਦੇ ਨਾਲ ਹੀ ਆਇਆ ਹੈ। ਹਾਲਤ ਇਹ ਹੈ ਕਿ ਨਵੀਨ ਕੋਰੋਨਾ ਵਿਸ਼ਾਣੂ ਦੇਸ਼ ਦੇ ਕਈ ਰਾਜਾਂ ਦੇ ਦੇਹਾਤੀ ਇਲਾਕਿਆਂ ’ਚ ਤੇਜ਼ੀ ਨਾਲ ਫੈਲਣ ਲੱਗਿਆ ਹੈ, ਜਿੱਥੇ ਡਾਕਟਰੀ ਸਹੂਲਤਾਂ ਦੀ ਘਾਟ ਤਾਂ ਹੁੰਦੀ ਹੀ ਹੈ ਹੰਗਾਮੀ ਹਾਲਤ ਵਿੱਚ ਜਲਦ ਦਵਾ ਵੀ ਹਾਸਲ ਨਹੀਂ ਹੁੰਦੀ। ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੇ ਪਿੰਡਾਂ ਵਿੱਚ ਕੋਵਿਡ-19 ਮਹਾਮਾਰੀ ਦੇ ਜ਼ਿਆਦਾ ਫੈਲਣ ਨਾਲ ਕਿਸਾਨ ਵੀ ਪੇਂਡੂ ਆਬਾਦੀ ਦੇ ਦੂਸਰੇ ਹਿੱਸਿਆਂ ਸਮੇਤ ਇਸ ਵੱਖਰੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨੀ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ। ਸਥਿਤੀ ਇਹ ਹੈ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਤੇ ਆਪਣੀਆਂ ਮੁੱਖ ਮੰਗਾਂ ’ਤੇ ਪਹਿਲਾਂ ਵਾਂਗ ਹੀ ਡਟੇ ਹੋਏ ਹਨ, ਜਦੋਂ ਕਿ ਸਰਕਾਰ ਆਪਣੀ ਜ਼ਿਦ ’ਤੇ ਅੜੀ ਹੋਈ ਹੈ, ਮੋਦੀ ਸਰਕਾਰ ਲਈ ਆਪਣਾ ਅਖੌਤੀ ਮਜਬੂਤ ਸਰਕਾਰ ਦਾ ਅਕਸ ਬਣਾਈ ਰੱਖਣਾ ਕਿਸਾਨਾਂ ਦੀਆਂ ਜਾਨਾਂ ਨਾਲੋਂ ਵਧੇਰੇ ਮਹਤੱਵਪੂਰਨ ਹੈ।
ਮੋਦੀ ਸਰਕਾਰ ਕਿਸਾਨਾਂ ਦੀ ਸਥਿਤੀ ਨੂੰ ਸਮਝਣ ਤੋਂ ਪਹਿਲਾਂ ਵੀ ਇਨਕਾਰੀ ਰਹੀ ਹੈ ਤੇ ਹੁਣ ਵੀ ਇਸ ਨੇ ਹੈਂਕੜ ਭਰਿਆ ਵਤੀਰਾ ਅਪਣਾਇਆ ਹੋਇਆ ਹੈ। ਮਹਾਮਾਰੀ ’ਚ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਲਈ ਜੋਖ਼ਮ ਵੱਧ ਗਿਆ ਹੈ। ਜਾਨਾਂ ਜਾਣ ਦਾ ਖ਼ਤਰਾ ਵੀ ਵੱਧ ਚੁੱਕਾ ਹੈ ਤੇ ਸਰਕਾਰ ਇੱਕ ਤਰ੍ਹਾਂ ਨਾਲ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ। ਇਸ ਕਰਕੇ ਦੇਸ਼ ਦੀਆਂ 12 ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਲਿਖੇ ਖ਼ਤ ਵਿੱਚ ਕਿਸਾਨਾਂ ਦਾ ਮੁੱਦਾ ਵਿਸ਼ੇਸ਼ ਤੌਰ ’ਤੇ ਉਠਾਇਆ ਹੈ। ਖ਼ਤ ਵਿੱਚ ਸਪਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੂੰ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤਾਂ ਕਿ ਲੱਖਾਂ ’’ਅੰਨਦਾਤਿਆਂ’’ ਦੀਆਂ ਜਾਨਾਂ ਸੁਰੱਖਿਅਤ ਰੱਖੀਆਂ ਜਾ ਸਕਣ ਪਰ ਲੱਗਦਾ ਨਹੀਂ ਕਿ ਮੋਦੀ ਸਰਕਾਰ ਪ੍ਰਮੁੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਇਸ ਮੁਨਾਸਿਬ ਸੁਝਾਅ ’ਤੇ ਅਮਲ ਕਰੇਗੀ। ਪਰ ਇਸ ਸੁਝਾਅ ਤੋਂ ਸਪੱਸ਼ਟ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੀ ਜੋਖਮ ਭਰੀ ਹਾਲਤ ਦਾ ਧਿਆਨ ਧਰ ਰਹੀਆਂ ਹਨ, ਜਦੋਂਕਿ ਮੋਦੀ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਚੁੱਪ ਧਾਰ ਕੇ ਬੈਠੀ ਹੈ।
ਸਰਕਾਰ ਦੀ ਇਹ ਧਾਰਨਾ ਸਹੀ ਸਿੱਧ ਹੋਣ ਵਾਲੀ ਨਹੀਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਅਤੇ ਦੂਸਰੀਆਂ ਚਾਲਾਂ ਚੱਲ ਕੇ ਉਹ ਤਿੰਨੋਂ ਨਵੇਂ ਖੇਤੀ ਕਾਨੂੰਨਾਂ, ਜੋ ਕਿ ਦੇਸ਼ ਦੇ ਕਿਸਾਨਾਂ ਵਿੱਚ ਕਾਲੇ ਕਾਨੂੰਨਾਂ ਵਜੋਂ ਜਾਣੇ ਜਾਂਦੇ ਹਨ, ਵਿਰੁੱਧ ਕਿਸਾਨ ਸੰਘਰਸ਼ ਨੂੰ ਦਬਾ ਦੇਵੇਗੀ।ਦੇਸ਼ ਦਾ ਕਿਸਾਨ ਮੋਦੀ ਸਰਕਾਰ ਦੀ ਰਗ ਨੂੰ ਪਛਾਣਦਾ ਹੈ ਅਤੇ ਇਹ ਪਹਿਲਾਂ ਤੋਂ ਹੀ ਜਾਣਦਾ ਹੈ ਕਿ ਇਹ ਸੰਘਰਸ਼ ਬਹੁਤ ਲੰਬਾ ਹੋਵੇਗਾ ਅਤੇ ਔਕੜਾਂ ਤੇ ਮੁਸ਼ਕਲਾਂ ਨਾਲ ਭਰਿਆ ਹੋਵੇਗਾ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਖ਼ਿਲਾਫ਼ ਅਪਣਾਏ ਹੈਂਕੜ ਭਰੇ ਰਵੱਈਏ ਕਾਰਨ ਖ਼ੁਦ ਪ੍ਰਧਾਨ ਮੰਤਰੀ ਅਤੇ ਹੁਕਮਰਾਨ ਸਿਆਸੀ ਪਾਰਟੀ, ਭਾਰਤੀ ਜਨਤਾ ਪਾਰਟੀ, ਨੂੰ ਸਿਆਸੀ ਕੀਮਤ ਚੁਕਾਉਣੀ ਪਈ ਹੈ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਵਿੱਚ ਨਿਸ਼ਚੇ ਹੀ ਕਿਸਾਨਾਂ ਦੇ ਮੁੱਦੇ ਨੇ ਭੂਮਿਕਾ ਅਦਾ ਕੀਤੀ ਹੈ। ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਵਿੱਚ ਵੀ ਕਿਸਾਨ ਮੰਗਾਂ ਪ੍ਰਤੀ ਕੇਂਦਰ ਦੇ ਅੜੀਅਲ ਵਤੀਰੇ ਨੇ ਭੂਮਿਕਾ ਨਿਭਾਈ ਹੈ। ਅਗਲੇ ਸਾਲ ਉੱਤਰ ਪ੍ਰਦੇਸ਼, ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕਿਸਾਨ ਇਨ੍ਹਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਵਿਰੁੱਧ ਪ੍ਰਚਾਰ ਕਰਨ ਲਈ ਕਮਰਕੱਸੇ ਕਰ ਰਹੇ ਹਨ। ਉਂਝ ਵੀ ਕਿਸਾਨ ਆਪਣੇ ਖੇਤੀ ਕੰਮਾਂ ਤੋਂ ਕੁਝ ਵਿਹਲੇ ਹੋਣ ਲੱਗੇ ਹਨ। ਉਨ੍ਹਾਂ ਦੇ ਇਰਾਦੇ ਪਹਿਲਾਂ ਹੀ ਬੁਲੰਦ ਹਨ। ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹ ਲੋਕ ਝੂਠੇ ਪੈਂਦੇ ਦੇਖਾਂਗੇ ਜੋ ਕਿਸਾਨ ਸੰਘਰਸ਼ ਨੂੰ ਆਪਣੀ ਤਾਕਤ ਗੁਆ ਰਿਹਾ ਸੰਘਰਸ਼ ਦੱਸ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ