BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਸੰਪਾਦਕੀ

ਰਾਸ਼ਟਰੀ ਸਵੈਮ ਸੇਵਕ ਸੰਘ ਦੀ ਦੁਬਿਧਾ ਦੇ ਅਰਥ

June 01, 2021 11:44 AM

ਮਹਾਮਾਰੀ ਦੌਰਾਨ ਲੋਕਾਂ ਦੀਆਂ ਵਧੀਆਂ ਸਮੱਸਿਆਵਾਂ ਨੇ ਇਹ ਗੱਲ ਉਭਾਰ ਦਿੱਤੀ ਹੈ ਕਿ ਮੋਦੀ ਸਰਕਾਰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਮੋਦੀ ਸਰਕਾਰ ਦੀ ਜੋ ਮਹਾਮਾਰੀ ਕਾਰਨ ਸਥਿਤੀ ਬਣੀ ਹੈ, ਉਸ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਬੜਾ ਬੇਚੈਨ ਹੈ ਤੇ ਉਸ ਨੇ ਨਰਮ ਢੰਗ ਨਾਲ ਸਰਕਾਰ ਦੀ ਅਲੋਚਨਾ ਵੀ ਕੀਤੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਜੋ ਪਿਛਲੇ ਦਿਨੀਂ ਬਿਆਨ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ‘‘ਕੀ ਜਨਤਾ, ਕੀ ਸ਼ਾਸਨ, ਕੀ ਪ੍ਰਸ਼ਾਸਨ, ਸਾਰੇ ਗਫ਼ਲਤ ਵਿੱਚ ਆ ਗਏ,’’ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੋਦੀ ਸਰਕਾਰ ਦੀ ਮਹਾਮਾਰੀ ਨਾਲ ਨਜਿੱਠਣ ਵਿੱਚ ਅਸਫਲਤਾ
ਕਾਰਨ ਲੋਕਾਂ ਦਾ ਸਰਕਾਰ ਤੋਂ ਭਰੋਸਾ ਉਠਿਆ ਹੈ, ਜਿਸ ਨੂੰ ਮੋਦੀ ਸਮਰਥਕ ਵੀ ਮਹਿਸੂਸ ਕਰਨ ਲੱਗੇ ਹਨ। ਹਾਲਾਂਕਿ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਿਆਸੀ ਸ਼ਾਖਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਇਸ ਬਿਆਨ ਤੋਂ ਧੱਕਾ ਲੱਗਾ ਤੇ ਉਨ੍ਹਾਂ ਨੇ ਇਸ ਤੋਂ ਹੋਏ ਨੁਕਸਾਨ ਦੀ ਪੂਰਤੀ ਦਾ ਯਤਨ ਵੀ ਕੀਤਾ ਪਰ ਇਸ ਦਾ ਲੋਕਾਂ ’ਤੇ ਬਹੁਤਾ ਅਸਰ ਨਹੀਂ ਹੋਇਆ । ਮੋਹਨ ਭਾਗਵਤ ਬੜੇ ਨਪਵੇਂ-ਤੋਲਵੇਂ ਸ਼ਬਦਾਂ ਨਾਲ ਬਿਆਨਬਾਜ਼ੀ ਕਰਦੇ ਹਨ, ਇਸ ਬਿਆਨ ਵਿੱਚ ਉਨ੍ਹਾਂ ਨੇ ਜੋ ਉਰਦੂ ਦਾ ਲਫਜ਼ ਵਰਤਿਆ ਹੈ, ਉਸ ਦਾ ਅਰਥ ‘ਅਵੇਸਲੇ’ ਹੋਣ ਦੇ ਨਾਲ ਢਿੱਲੇ ਪੈਣਾ ਵੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੇ ਸਤਵੇਂ ਸਾਲ ਵਿੱਚ ਉਨ੍ਹਾਂ ਦੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸੰਬੰਧ ਅਜਿਹੇ ਪੱਧਰ ’ਤੇ ਪਹੁੰਚਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਘੱਟ ਤੋਂ ਘੱਟ ਦੋ ਮੂਲ ਮੁੱਦਿਆਂ-ਅਯੁੱਧਿਆ ’ਚ ਰਾਮ ਮੰਦਰ ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ(ਧਾਰਾ 370) ਦਾ ਖਾਤਮਾ-ਨੂੰ ਪੂਰਾ ਕੀਤਾ ਹੈ। ਫਿਰ ਵੀ ਕੋਵਿਡ-19 ਦੀ ਦੂਜੀ ਲਹਿਰ-ਜਿਸ ਵਿੱਚ ਮਈ ਮਹੀਨੇ ਦੇ ਪਹਿਲੇ ਦਿਨਾਂ ਵਿੱਚ ਅਧਿਕਾਰਿਕ ਤੌਰ ’ਤੇ 40 ਹਜ਼ਾਰ ਮੌਤਾਂ ਦੀ ਸੂਚਨਾ ਹੈ-ਨੇ ਮੋਦੀ ਸ਼ਾਸਨ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਰਮਿਆਨ ਸਥਿਤੀ ਦੇ ਵੱਖ-ਵੱਖ ਨਿਰਣੇ ਖੜ੍ਹੇ ਕਰ ਦਿੱਤੇ ਹਨ। ਇਸੇ ਤਰ੍ਹਾਂ ਸੰਘ ਮੁਖੀ ਭਾਗਵਤ ਦੇ ਕਰੀਬੀ ਰਾਮ ਮਾਧਵ ਨੇ ਅੰਗਰੇਜ਼ੀ ਦੇ ਇੱਕ ਪ੍ਰਮੁੱਖ ਰੋਜ਼ਾਨਾ ਅਖ਼ਬਾਰ ਵਿੱਚ ਲਿਖੇ ਲੇਖ ਵਿੱਚ ਕਿਹਾ ਕਿ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਸਿਆਸੀ ਅਗਵਾਈ ਵਿੱਚ ਵਧੇਰੇ ਪਾਰਦਰਸ਼ਤਾ, ਰਚਨਾਤਮਕ ਅਲੋਚਨਾ ਅਤੇ ਮਾਹਿਰਾਂ ਦੀ ਰਾਏ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਮਾਧਵ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਟੀਮ ਵਿਚੋਂ ਬਿਨਾਂ ਕਿਸੇ ਕਾਰਨ ਹਟਾਉਣ ਤੋਂ ਬਾਅਦ ਹਾਲ ਹੀ ਵਿੱਚ ਸੰਘ ਦੀ ਕੌਮੀ ਕਾਰਜਕਾਰਨੀ ’ਚ ਲਿਆ ਗਿਆ ਹੈ। ਇਸ ਲਈ ਮੋਹਨ ਭਾਗਵਤ ਤੇ ਮਾਧਵ ਦੀਆਂ ਟਿੱਪਣੀਆਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।
ਇਹ ਪਹਿਲੀ ਵਾਰ ਨਹੀਂ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਨੌਕਰਸ਼ਾਹਾਂ ਤੇ ਸਲਾਹਕਾਰਾਂ ’ਤੇ ਵਧੇਰੇ ਨਿਰਭਰਤਾ ਦੀ ਸ਼ਿਕਾਇਤ ਕੀਤੀ ਹੋਵੇ। ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਵੀ ਅਜਿਹਾ ਹੋਇਆ ਸੀ। ਇਸ ਸਾਲ ਜਨਵਰੀ ਵਿੱਚ ਅਹਿਮਦਾਬਾਦ ਵਿੱਚ ਹੋਈ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾਵਾਂ ਦੇ ਦਖਲ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਅਗਾਂਹ ਪਾਉਣ ਦੀ ਪੇਸ਼ਕਸ਼ ਕੀਤੀ ਸੀ। ਜਿਸ ਤਰ੍ਹਾਂ ਮੋਦੀ ਸਰਕਾਰ ਨਿੱਜੀਕਰਨ ਨੂੰ ਵਧਾ ਰਹੀ ਹੈ, ਸੰਘ ਇਸ ਤੋਂ ਵੀ ਨਾਖੁਸ਼ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ ਨੇ ਮੋਦੀ ਸਰਕਾਰ ਦੀ ਅਲੋਚਨਾ ਤਾਂ ਕਰ ਦਿੱਤੀ ਪਰ ਇਹ ਆਪਣੀ ਇਸ ਸਿਆਸੀ ਸ਼ਾਖਾ ਤੋਂ ਬਹੁਤ ਜ਼ਿਆਦਾ ਨਾਰਾਜ਼ ਵੀ ਨਹੀਂ ਰਹਿ ਸਕਦਾ। ਕਿਉਂਕਿ ਅਗਲੇ ਸਾਲ ਸੱਤ ਸੂਬਿਆਂ, ਉੱਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ, ਗੋਆ, ਮਣੀਪੁਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਨ੍ਹਾਂ ਵਿੱਚ ਕਈ ਸੂਬਿਆਂ ਅੰਦਰ ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਤੇ ਸੰਘ, ਦੋਵਾਂ ਲਈ, ਬਹੁਤ ਮਹੱਤਵਪੂਰਨ ਹੈ।
ਅਸਲ ਸਮੱਸਿਆ ਇਹ ਹੈ ਕਿ ਮਹਾਮਾਰੀ ਨਾਲ ਨਜਿੱਠਣ ’ਚ ਨਾਕਾਮ ਰਹੀ ਮੋਦੀ ਸਰਕਾਰ ਦੀ ਮਕਬੂਲੀਅਤ ਦਿਨੋਂ ਦਿਨ ਹੇਠਾਂ ਨੂੰ ਜਾ ਰਹੀ ਹੈ। ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪਿ੍ਰਅਤਾ ਨੂੰ ਵੀ ਸੱਟ ਲੱਗੀ ਹੈ। ਇਸ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਲੱਗਦਾ ਹੈ ਕਿ ਉਸ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਅਧੂਰਾ ਹੀ ਰਹਿ ਜਾਵੇਗਾ ਪਰ ਹਾਲੇ ਤੱਕ ਉਸ ਨੂੰ ਕੋਈ ਅਜਿਹਾ ਨੇਤਾ ਵੀ ਨਹੀਂ ਮਿਲ ਰਿਹਾ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਦੇ ਸਮਰੱਥ ਦਿਖਦਾ ਹੋਵੇ। ਸੋ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਦੁਬਿਧਾ ਨੂੰ ਸਮਝਿਆ ਜਾ ਸਕਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ