BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਸੰਪਾਦਕੀ

ਤਾਜ਼ਾ ਰੋਸ ਪ੍ਰਦਰਸ਼ਨਾਂ ਨੇ ਮੁੜ ਦਿਖਾਈ ਕਿਸਾਨਾਂ ਦੀ ਦ੍ਰਿੜਤਾ  

June 07, 2021 11:34 AM

ਬੀਤੇ ਸ਼ਨੀਵਾਰ, 5 ਜੂਨ, ਨੂੰ ਆਰਡੀਨੈਂਸ ਦੀ ਸ਼ਕਲ ’ਚ ਨਵੇਂ ਖੇਤੀ ਕਾਨੂੰਨਾਂ ਨੂੰ ਲਿਆਉਂਦਿਆ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਦਿਨ ਦੇਸ਼ ਭਰ ਦੇ ਕਿਸਾਨਾਂ ਨੇ ਇਨ੍ਹਾਂ ਤਿਨੋਂ ਖੇਤੀ ਕਾਨੂੰਨਾਂ ਵਿਰੁੱਧ ਡਟ ਕੇ ਪ੍ਰਤੀਰੋਧ ਦਿਖਾਉਂਦਿਆਂ ਦੇਸ਼ ਭਰ ਵਿੱਚ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਫਾੜੀਆਂ ਤੇ ਸਾੜੀਆਂ। ਇਸ ਦਿਨ ਕਿਸਾਨ ਅੰਦੋਲਨ ਪੂਰੇ ਦਮਖਮ ਨਾਲ ਨਜ਼ਰ ਆਇਆ ਅਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦਾ ਵਿਰੋਧ ਝੱਲਣਾ ਔਖਾ ਹੋਇਆ ਰਿਹਾ। ਕਿਸਾਨਾਂ ਨੇ ਪਹਿਲਾਂ ਹੀ ਐਲਾਨਿਆ ਹੋਇਆ ਸੀ ਕਿ ਉਹ ਤਿਨੋਂ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਸਾਂਸਦਾਂ ਤੇ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਸਾਹਮਣੇ ਜਾ ਕੇ ਸਾੜਨਗੇ ਤਾਂ ਜੋ ਸਿੱਧੇ ਤੌਰ ’ਤੇ ਜਤਾਇਆ ਜਾ ਸਕੇ ਕਿ ਇਹ ਕਹਿਣਾ ਦਰੁਸਤ ਨਹੀਂ ਕਿ ਕਿਸਾਨ ਅੰਦੋਲਨ ਰੋਸ ਪ੍ਰਗਟਾਉਣ ਦੀ ਆਪਣੀ ਸਮਰੱਥਾ ਗੁਆ ਰਿਹਾ ਹੈ। ਇਸ ਸੰਬੰਧੀ ਅਸਲ ਗੱਲ ਇਹ ਹੈ ਕਿ ਕਿਸਾਨ ਆਪਣਾ ਅੰਦੋਲਨ ਸ਼ਾਂਤਮਈ ਢੰਗ ਨਾਲ ਅਤੇ ਕਿਸੇ ਵੀ ਭੜਕਾਹਟ ਤੋਂ ਪਰਾ ਰਹਿਣ ਦੇ ਇਰਾਦੇ ਨਾਲ ਚਲਾ ਰਹੇ ਹਨ, ਜਦੋਂ ਕਿ ਹੁਕਮਰਾਨ ਕਿਸਾਨਾਂ ਨੂੰ ਭੜਕਾਉਣ ਦੇ ਹੱਥਕੰਡੇ ਵਰਤਦੇ ਰਹੇ ਹਨ ਅਤੇ ਇਨ੍ਹਾਂ ਨੇ ਕਦੇ ਵੀ ਕਿਸਾਨ ਅੰਦੋਲਨ ਪ੍ਰਤੀ ਦਿਆਨਤਦਾਰੀ ਤੋਂ ਕੰਮ ਨਹੀਂ ਲਿਆ।
5 ਜੂਨ ਦੇ ਆਪਣੇ ਰੋਸ ਪ੍ਰਗਟਾਵਿਆਂ ’ਚ ਕਿਸਾਨ ਪੂਰੀ ਤਰ੍ਹਾਂ ਸਫਲ ਰਹੇ ਹਨ ਅਤੇ ਉਨ੍ਹਾਂ ਨੂੰ ਸਮਾਜ ਦੇ ਦੂਸਰੇ ਤਬਕਿਆਂ ਤੋਂ ਵੀ ਹਿਮਾਇਤ ਮਿਲੀ ਹੈ ਜੋ ਕਿ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹੀ ਹਾਸਲ ਰਹੀ ਹੈ। ਇਸ ਦੇ ਉਲਟ ਦੇਖਿਆ ਗਿਆ ਹੈ ਕਿ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਪ੍ਰਤੀ ਖਾਸ ਤੌਰ ’ਤੇ ਵੈਰ ਭਰਿਆ ਵਤੀਰਾ ਰੱਖਦੀ ਹੈ। ਪਹਿਲਾਂ ਵੀ ਦੇਖਿਆ ਗਿਆ ਹੈ ਕਿ ਹਰਿਆਣਾ ’ਚ ਸਰਕਾਰ ਕਿਸਾਨਾਂ ਵਿਰੁੱਧ ਪੁਲਿਸ ਦੀ ਖੁੱਲ੍ਹ ਕੇ ਵਰਤੋਂ ਕਰਦੀ ਰਹੀ ਹੈ। ਕਿਸਾਨਾਂ ’ਤੇ ਲਾਠੀਚਾਰਜ ਹੁੰਦੇ ਰਹੇ ਹਨ। ਹਾਲਾਂਕਿ ਹਰਿਆਣਾ ਸਰਕਾਰ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਸਾਹਮਣੇ ਮੂੰਹ ਦੀ ਵੀ ਖਾਣੀ ਪਈ ਹੈ, ਜਿਵੇਂ ਹਿਸਾਰ ਵਿੱਚ ਕੁੱਝ ਦਿਨ ਪਹਿਲਾਂ ਵਾਪਰਿਆ ਘਟਨਾਕ੍ਰਮ ਦਰਸਾਉਂਦਾ ਹੈ। ਇਸ ਰੋਸ ਪ੍ਰਦਰਸ਼ਨ ਵਾਲੇ ਦਿਨ ਵੀ ਹਰਿਆਣਾ ਸਰਕਾਰ ਨੇ ਪੰਚਕੂਲਾ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਵਾਇਆ ਹੈ, ਜਦੋਂ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰਨਾਲ ਫੇਰੀ ਨੂੰ ਸਫਲ ਬਣਾਉਣ ਲਈ ਕਰਨਾਲ ਨੂੰ ਇੱਕ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ। ਇਸ ਦੇ ਨਾਲ ਹੀ ਟੋਹਾਣਾ ਵਿਖੇ ਵੀ ਹਿਸਾਰ ਵਾਲੇ ਹੀ ਦਾਅਪੇਚ ਖੇਡੇ ਜਾ ਰਹੇ ਹਨ। ਉੱਥੇ ਹਰਿਆਣਾ ਪੁਲਿਸ ਨੇ ਕੁੱਝ ਕਿਸਾਨਾਂ ਨੂੰ ਹਿਰਾਸਤ ’ਚ ਲੈ ਰੱਖਿਆ ਹੈ, ਜਿਨ੍ਹਾਂ ਦੀ ਰਿਹਾਈ ਲਈ ਕਿਸਾਨਾਂ ਦੇ ਕੌਮੀ ਆਗੂ ਥਾਣੇ ਸਾਹਮਣੇ ਧਰਨਾ ਦੇ ਰਹੇ ਹਨ ਅਤੇ ਵੱਡੀ ਗਿਣਤੀ ’ਚ ਕਿਸਾਨ ਧਰਨੇ ਵਿੱਚ ਪਹੁੰਚਣ ਲੱਗੇ ਹਨ। ਉੱਥੇ ਵੀ ਕਿਸਾਨ ਸ਼ਾਂਤਮਈ ਢੰਗ ਨਾਲ ਰਿਹਾਈ ਦੀ ਮੰਗ ਕਰ ਰਹੇ ਹਨ, ਉਮੀਦ ਹੈ ਕਿ ਇੱਥੇ ਵੀ ਕਿਸਾਨਾਂ ਦੀ ਹਿਸਾਰ ਵਾਂਗ ਜਿੱਤ ਹੋਵੇਗੀ। ਅਸਲ ’ਚ ਕਿਸਾਨਾਂ ਦੀ ਤਾਕਤ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਸ ਤਾਕਤ ਤੋਂ ਡਰਦੇ ਵੀ ਹਨ। ਸੱਤਾ ਦੀ ਧੌਂਸ ਦਿਖਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਹੁਤ ਵਾਰ ਜ਼ਿਆਦਾ ਹੀ ਉਲਾਰ ਹੋ ਜਾਂਦੇ ਹਨ ਜੋ ਕਿ ਗ਼ੈਰ-ਜਮਹੂਰੀ ਹੈ।
ਕਿਸਾਨਾਂ ਦੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਨੇ ਇੱਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਪ੍ਰਤੀ ਉਨ੍ਹਾਂ ਦੀ ਹਿਕਾਰਤ ਅਤੇ ਮੁਖਾਲਫਤ ਪਹਿਲਾਂ ਵਾਂਗ ਕਾਇਮ ਹੈ ਅਤੇ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੇ ਉਨ੍ਹਾਂ ਦਾ ਕਿੰਨਾ ਨੁਕਸਾਨ ਕਰਨਾ ਹੈ। ਖੇਤੀ ਕਾਨੂੰਨਾਂ ਸੰਬੰਧੀ ਆਰਡੀਨੈਂਸ ਪਾਸ ਕੀਤੇ ਨੂੰ ਇੱਕ ਸਾਲ ਦਾ ਸਮਾਂ ਲੰਘਣ ਬਾਅਦ ਵੀ, ਜਦੋਂ ਕਿ ਕਿਸਾਨ ਪਹਿਲੇ ਦਿਨ ਤੋਂ ਹੀ ਇਨ੍ਹਾਂ ਦਾ ਵਿਰੋਧ ਕਰਦੇ ਰਹੇ ਹਨ, ਕੇਂਦਰ ਦੀ ਮੋਦੀ ਸਰਕਾਰ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ, ਹਾਲਾਂਕਿ ਇਸ ਨੂੰ ਹੁਣ ਆਪਣੇ ਘੱਟ ਰਹੇ ਸਮਰਥਨ ਦਾ ਵੀ ਫਿਕਰ ਹੈ। ਇਸ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ ’ਤੇ ਹੋ ਰਹੇ ਰੋਸ ਧਰਨਿਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਹ ਸਪਸ਼ਟ ਤੌਰ ’ਤੇ ਇੱਕ ਅਜਿਹੀ ਲਹਿਰ ਦਾ ਰੂਪ ਧਾਰ ਰਿਹਾ ਹੈ ਜੋ ਮੋਦੀ ਸਰਕਾਰ ਦੇ ਸੱਤਾ ਦੇ ਹੰਕਾਰ ਨੂੰ ਤੋੜਨ ਦੀ ਤਾਕਤ ਪ੍ਰਾਪਤ ਕਰਨ ਵੱਲ ਵਧ ਰਿਹਾ ਹੈ। ਬੇਹਤਰ ਇਹੋ ਹੋਵੇਗਾ ਕਿ ਸਰਕਾਰ ਆਪਣਾ ਹੰਕਾਰ ਅਤੇ ਕਿਸਾਨਾਂ ਪ੍ਰਤੀ ਨਿੱਜੀ ਵੈਰ-ਵਿਰੋਧ ਪਾਸੇ ਰੱਖ ਕੇ ਅਜਿਹਾ ਮਾਹੌਲ ਬਣਾਏ ਜਿਸ ਵਿੱਚ ਗੱਲਬਾਤ ਰਾਹੀਂ ਨਿਬੇੜਾ ਹੋ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ