BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਸੰਪਾਦਕੀ

ਦਸ ਗਜ਼ ’ਚ ਝਾੜੂ ਮਾਰਨ ਨਾਲ ਮੌਸਮੀ ਤਬਦੀਲੀ ਨਹੀਂ ਰੁਕੇਗੀ

June 08, 2021 11:22 AM

ਇਸ ਤਰ੍ਹਾਂ ਲੱਗਦਾ ਹੈ ਕਿ ਮੁੱਦਾ ਭਾਵੇਂ ਵਾਤਾਵਰਣ ਸੰਭਾਲਣ ’ਚ ਆ ਰਹੇ ਵਿਗਾੜਾਂ ਤੋਂ ਬਚਣ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਨਿਸ਼ਾਨਦੇਹੀ ਕਰਨ ਜਿਹਾ ਅੰਤਾਂ ਦਾ ਗੰਭੀਰ ਹੋਵੇ, ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਆਮ ਲੋਕਾਂ ਨੂੰ ਗੁਮਰਾਹ ਕਰਨ ਦੇ ਢੰਗ-ਤਰੀਕੇ ਅਪਣਾਏ ਜਾਂਦੇ ਹਨ ਤਾਂ ਕਿ ਮੁੱਦੇ ਪ੍ਰਤੀ ਸੋਚ ਨੂੰ ਜ਼ਿਆਦਾ ਤੋਂ ਜ਼ਿਆਦਾਤਰ ਪੇਤਲੀ ਕੀਤਾ ਜਾ ਸਕੇ। ਸਮਾਜ, ਵਿਅਕਤੀ ਤੇ ਉਸ ਦੇ ਰਿਜ਼ਕ ਅਤੇ ਅਰਥਵਿਵਸਥਾ ਨਾਲ ਜੁੜੇ ਅਨੇਕ ਮੁੱਦੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਹੀ ਰੋਲਿਆ ਜਾ ਰਿਹਾ ਹੈ। ਹਰੇਕ ਸਾਲ ਚਾਰ ਜੂਨ ਨੂੰ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਅਸਲ ਮੰਤਵ ਇਹ ਹੈ ਕਿ ਮਨੁੱਖ ਨੂੰ ਸੁਚੇਤ ਕੀਤਾ ਜਾਵੇ ਕਿ ਉਸ ਦੀਆਂ ਕੁੱਝ ਸਰਗਰਮੀਆਂ ਕੁਦਰਤ ਅਤੇ ਇਸ ਦੀਆਂ ਕੁੱਝ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਢਾਅ ਲਾ ਰਹੀਆਂ ਹਨ ਜਿਨ੍ਹਾਂ ਨਾਲ ਸਾਡੀ ਧਰਤੀ ਅਤੇ ਇਸ ਉੱਪਰ ਵਸਦੇ ਜੀਵਨ ਲਈ ਹੀ ਖ਼ਤਰਾ ਖੜ੍ਹਾ ਹੋ ਰਿਹਾ ਹੈ। ਦਿਨੋਂ ਦਿਨ ਇਹ ਵੀ ਪ੍ਰਤੱਖ ਹੁੰਦਾ ਰਿਹਾ ਹੈ ਕਿ ਜੇਕਰ ਉਨ੍ਹਾਂ ਮਨੁੱਖੀ ਸਰਗਰਮੀਆਂ ਨੂੰ ਨਾ ਰੋਕਿਆ ਗਿਆ ਜਿਹੜੀਆਂ ਮੌਸਮੀ ਤਬਦੀਲੀ ਅਤੇ ਇਸ ਲਈ ਸਮੁੱਚੇ ਗ੍ਰਹਿ ਦੇ ਤਾਪਮਾਨ ਦੇ ਵਾਧੇ ਦਾ ਨਤੀਜਾ ਕੱਢ ਰਹੀਆਂ ਹਨ, ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰੀ ਕੁਦਰਤੀ ਆਫ਼ਤਾਂ ਦਾ ਮਨੁੱਖ ਸਾਹਮਣਾ ਨਹੀਂ ਕਰ ਸਕੇਗਾ।
ਗ੍ਰਹਿ ਦੇ ਤਾਪਮਾਨ ਦਾ ਵੱਧਣਾ ਮੌਸਮੀ ਤਬਦੀਲੀ ਦਾ ਇਕ ਹਿੱਸਾ ਹੈ ਜਿਸ ਨਾਲ ਹੋ ਰਿਹਾ ਨੁਕਸਾਨ ਹੁਣ ਸਾਹਮਣੇ ਹੈ। ਵਾਤਾਵਰਣ ਨੂੰ ਬਚਾਉਣ ਦਾ ਅਰਥ ਧਰਤੀ, ਇਸ ਉਪਰ ਵਸਦੇ ਲੋਕਾਂ ਅਤੇ ਹਰ ਪ੍ਰਕਾਰ ਦੇ ਜੀਵਨ ਨੂੰ ਬਚਾਉਣਾ ਹੈ। ਇਸ ਧਰਤੀ ਅਤੇ ਇਸ ਦੇ ਸਰੋਤਾਂ ਨੂੰ ਆਉਣ ਵਾਲੀਆਂ ਨਸਲਾਂ ਲਈ ਸੁਰੱਖਿਅਤ ਅਤੇ ਸਾਫ਼-ਸੁਥਰਾ ਰੱਖਣਾ ਅੱਜ ਦੀ ਨਸਲ ਦਾ ਕੰਮ ਹੈ। ਪਹਿਲਾਂ ਹੀ ਮਨੁੱਖ ਦੁਆਰਾ ਕੀਤੀ ਗਰੀਨ ਗੈਸਾਂ ਦੀ ਵਾਧੂ ਨਿਕਾਸੀ ਕਾਰਨ ਮੌਸਮੀ ਤਬਦੀਲੀ ਵੱਲ ਅਸੀਂ ਵਧ ਰਹੇ ਹਾਂ। ਨਤੀਜੇ ਵਜੋਂ ਲੰਬੇ ਸਮੇਂ ਦੇ ਸੋਕੇ, ਪਹਿਲਾਂ ਨਾਲੋਂ ਜ਼ਿਆਦਾ ਅਤੇ ਵਧੇਰੇ ਤੇਜ਼-ਤਿੱਖੜ ਸਮੁੰਦਰੀ ਤੂਫ਼ਾਨ, ਬੇਮੌਸਮੀ ਬਾਰਿਸ਼ ਅਤੇ ਅਜਿਹੀਆਂ ਹੀ ਹੋਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਹ ਤੈਅ ਹੈ ਕਿ ਜੇਕਰ ਅਸੀਂ ਆਲਮੀ ਤਾਪਮਾਨ ਦੇ ਵਾਧੇ ਨੂੰ ਪੂਰਬ ਸਨਅਤੀ ਕਾਲ ਦੇ ਤਾਪਮਾਨ ਤੋਂ, 2050 ਤੱਕ, 2 ਸੈਲਸੀਅਸ ਡਿਗਰੀ ਤੱਕ ਦੇ ਤਾਪਮਾਨ ਦੇ ਵਾਧੇ ਤੱਕ ਨਾ ਰੋਕ ਸਕੇ ਤਾਂ ਮਨੁੱਖੀ ਜੀਵਨ, ਵੱਡੀਆਂ ਅਤੇ ਨਿਰੰਤਰ ਆਫ਼ਤਾਂ ’ਚ ਘਿਰ ਜਾਵੇਗਾ। ਕਈ ਵਿਕਸਤ ਮੁਲਕ, ਖਾਸ ਕਰ ਅਮਰੀਕਾ ਪੈਰਿਸ ਦੇ ਮੌਸਮੀ ਤਬਦੀਲੀ ਸਬੰਧੀ ਸਮਝੌਤੇ ਦੇ ਰੱਖੇ ਇਸ ਨਿਸ਼ਾਨੇ ਦੀ ਪੂਰਤੀ ਲਈ ਅੜਿੱਕਾ ਬਣ ਰਹੇ ਹਨ। ਇਹ ਮੁਲਕ ਆਪਣਾ ਸਨਅਤੀ ਪ੍ਰਦੂਸ਼ਣ ਘਟਾਉਣ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਵਿਕਾਸ ਕਰ ਰਹੇ ਦੇਸ਼ਾਂ ਨਾਲ ਗ਼ੈਰ-ਰਵਾਇਤੀ ਊਰਜਾ ਸਰੋਤਾਂ ਦੀ ਤਕਨੀਕ ਸਾਂਝੀ ਕਰਨ ਲਈ ਢੰਗ ਨਾਲ ਚੱਲ ਰਹੇ ਹਨ। ਸੋ, ਵਾਤਾਵਰਣ ਦੀ ਸੰਭਾਲ ਦੀ ਲੜਾਈ ਬਹੁਤ ਵੱਡੀ ਅਤੇ ਕੌਮਾਂਤਰੀ ਪੱਧਰ ’ਤੇ ਲੜੀ ਜਾਣ ਵਾਲੀ ਲੜਾਈ ਹੈ।
ਵਾਤਾਵਰਣ ਨੂੰ ਸਾਫ਼ ਰੱਖਣ, ਸੰਭਾਲਣ ਅਤੇ ਇਸ ਨੂੰ ਵਿਗਾੜਾਂ ਤੋਂ ਮੁਕਤ ਰੱਖਣ ਲਈ ਸਰਗਰਮੀ ਵਿਖਾਉਣ ਦਾ ਮਤਲਬ ਇਸ ਧਰਤ, ਇਸ ਉਪਰਲੇ ਜੀਵਨ ਅਤੇ ਆਗਾਮੀ ਨਸਲਾਂ ਲਈ ਕੁਦਰਤਰੀ ਸਰੋਤ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰਨਾ ਹੈ। ਪਰ ਆਮ ਲੋਕਾਂ ਨੂੰ ਇਸ ਸਮਝ ਵੱਲ ਨਹੀਂ ਤੋਰਿਆ ਜਾ ਰਿਹਾ। ਇਸ ਦੀ ਥਾਂ, ਜਿਵੇਂ ਐਤਕੀ ਵਾਤਾਵਰਣ ਦਿਵਸ ਮਨਾਉਂਦਿਆਂ ਦੱਸਿਆ ਗਿਆ, ਲੋਕਾਂ ਨੂੰ ਆਪਣਾ ਜੀਵਨ ਢੰਗ ਬਦਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਖਾਣੇ ਦੀ ਬਰਬਾਦੀ ਤੋਂ ਬਚਣ, ਘਟ ਕਾਗਜ਼ ਵਰਤਣ, ਕਾਰ ਦੀ ਰਫ਼ਤਾਰ ਘਟ ਰੱਖਣਾ, ਦਰਖ਼ਤ ਲਾਉਣ, ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਪਾਇਆ ਜਾ ਰਿਹਾ ਹੈ। ਆਪਣੇ ਆਲੇ-ਦੁਆਲੇ ਦੀ ਦਸ ਗਜ਼ ਦੀ ਸਫ਼ਾਈ ਰੱਖਣ ਨੂੰ ਵਾਤਾਵਰਣ ਬਚਾਉਣ ਦੇ ਮੂਲ ਮੰਤਰ ਵੱਜੋਂ ਪ੍ਰਚਾਰਿਆ ਜਾ ਰਿਹਾ ਹੈ। ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਜੀਵਨ ਸ਼ੈਲੀ ’ਚ ਸੁਧਾਰ ਕਰਨ ਦੀ ਆਪਣੀ ਅਹਿਮੀਅਤ ਹੈ ਪਰ ਇਹ ਅਸਲ ਸਮੱਸਿਆ ਦੇ ਹੱਲ ਤੋਂ ਦੂਰ ਦੀਆਂ ਕਾਰਵਾਈਆਂ ਹਨ। ਅੱਜ ਜਿਸ ਨੇ ਧਰਤੀ ਅਤੇ ਜੀਵਨ ਨੂੰ ਖ਼ਤਰੇ ’ਚ ਪਾਇਆ ਹੈ, ਉਹ ਹੈ ਵਿਕਾਸ ਦਾ ਅਜੋਕਾ ਮਾਡਲ ਜੋ ਮੁਨਾਫੇ ਲਈ ਨਾ ਮਨੁੱਖ ਦੀ ਪਰਵਾਹ ਕਰ ਰਿਹਾ ਹੈ ਨਾ ਕੁਦਰਤ ਦੀ। ਧਰਤੀ ਅਤੇ ਜੀਵਨ ਨੂੰ ਬਚਾਉਣ ਲਈ ਵਿਕਾਸ ਦਾ ਇਹ ਮਾਡਲ ਬਦਲਣਾ ਪਵੇਗਾ, ਉਸ ਨਾਲ ਹੀ ਕੁਦਰਤ ਦੀ ਅੰਨ੍ਹੀ ਲੁੱਟ ਨੂੰ ਲਗਾਮ ਪਵੇਗੀ। ਊਰਜਾ ਦੇ ਗ਼ੈਰ-ਰਵਾਇਤੀ ਸਰੋਤਾਂ ਨੂੰ ਅਪਣਾਉਣਾ ਹੋਵੇਗਾ ਜਿਸ ਲਈ ਸਰਕਾਰੀ ਖ਼ਰਚਾ ਕਰਨਾ ਪਵੇਗਾ ਇਹ ਸਰਕਾਰ ਦੇ ਪੱਧਰ ’ਤੇ ਵੱਡੇ ਫੈਸਲੇ ਲੈਣ ਦਾ ਮਾਮਲਾ ਹੈ। ਦਸ ਗਜ਼ ’ਚ ਝਾੜੂ ਮਾਰਨ ਨਾਲ ਮੌਸਮੀ ਤਬਦੀਲੀ ਰੁਕਣ ਵਾਲੀ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ