BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਲੇਖ

ਡਿਮੈਂਸ਼ੀਆ ਦੇ ਸ਼ਿਕਾਰ ਬਜ਼ੁਰਗਾਂ ਦੀ ਸੰਭਾਲ ਪਰਿਵਾਰ ਦੀ ਜ਼ਿੰਮੇਵਾਰੀ

June 09, 2021 11:19 AM

ਅਸ਼ਵਨੀ ਚਤਰਥ

ਬਿਰਧ ਅਵਸਥਾ, ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਢਲਦੀ ਸ਼ਾਮ ਵਰਗੀ ਅਵਸਥਾ ਹੁੰਦੀ ਹੈ ਜਿਸ ਵਿੱਚ ਸਿਖ਼ਰ ਦੁਪਹਿਰ ਵਾਲਾ ਨਿੱਘ, ਚਮਕ ਅਤੇ ਊਰਜਾ ਨਹੀਂ ਬਚੀ ਰਹਿੰਦੀ ਬਲਕਿ ਢਲਦੀ ਸ਼ਾਮ ਦੀ ਧੁੰਦਲੀ ਰੌਸ਼ਨੀ ਵਾਂਗ ਬਿਰਧ ਸਰੀਰ ਦੀਆਂ ਅੱਖਾਂ ਦੀ ਰੌਸ਼ਨੀ, ਸੁਣਨ ਸ਼ਕਤੀ ਅਤੇ ਯਾਦ ਸ਼ਕਤੀ ਮੱਧਮ ਪੈ ਜਾਂਦੀਆਂ ਹਨ। ਬਜ਼ੁਰਗਾਂ ਵਿੱਚ ਯਾਦਦਾਸ਼ਤ ਦਾ ਘਟਣਾ ਅਕਸਰ ਹੀ 70 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਿੱਚ ਵੇਖਣ ਨੂੰ ਮਿਲਦਾ ਹੈ, ਜਿਸ ਨੂੰ ‘ਡਿਮੈਂਸ਼ੀਆ’ ਆਖਿਆ ਜਾਂਦਾ ਹੈ। ਵਿਗਿਆਨ ਅਨੁਸਾਰ ਇਸ ਰੋਗ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ। ਪਹਿਲੀ ਅਵਸਥਾ ਵਿੱਚ ਮਨੁੱਖ ਆਪਣੀਆਂ ਨਿੱਜੀ ਵਸਤਾਂ ਜਿਵੇਂ ਚਾਬੀ, ਪਰਸ ਜਾਂ ਐਨਕ ਆਦਿ ਕਿਸੇ ਥਾਂ ਉੱਤੇ ਰੱਖ ਕੇ ਭੁੱਲਣ ਲੱਗਦਾ ਹੈ ਪਰ ਰੋਗੀ ਬਣ ਚੁਕਣ ਦੇ ਬਾਵਜੂਦ ਵੀ ਉਹ ਆਮ ਵਿਅਕਤੀਆਂ ਵਾਂਗ ਹੀ ਲਗਦਾ ਹੈ ਅਤੇ ਇਸ ਅਵਸਥਾ ਵਿੱਚ ਜੇਕਰ ਡਾਕਟਰੀ ਸਹਾਇਤਾ ਲੈ ਲਈ ਜਾਵੇ ਤਾਂ ਰੋਗ ਨੂੰ ਅੱਗੇ ਵਧਣ ਤੋਂ ਕੁਝ ਵਰਿ੍ਹਆਂ ਤੱਕ ਲਮਕਾਇਆ ਜਾ ਸਕਦਾ ਹੈ। ਦੂਜੀ ਅਵਸਥਾ ਉਹ ਹੁੰਦੀ ਹੈ ਜਿਸ ਵਿੱਚ ਮਨੁੱਖ ਇੱਕ ਹੀ ਗੱਲ ਨੂੰ ਦੁਬਾਰਾ-ਦੁਬਾਰਾ ਕਰਦਾ ਹੈ ਅਤੇ ਉਹ ਜਾਣ-ਪਛਾਣ ਵਾਲੇ ਲੋਕਾਂ ਦੇ ਨਾਂ ਭੁੱਲਣ ਲੱਗਦਾ ਹੈ। ਇਸ ਅਵਸਥਾ ਤੱਕ ਆਦਮੀ ਦੇ ਜੀਵਨ ਢੰਗ ਵਿੱਚ ਬਹੁਤ ਵੱਡੀ ਗਿਰਾਵਟ ਨਹੀਂ ਦੇਖਣ ਨੂੰ ਮਿਲਦੀ। ਬਿਮਾਰੀ ਦੀ ਤੀਸਰੀ ਅਤੇ ਆਖਰੀ ਅਵਸਥਾ ਵਿੱਚ ਰੋਗੀ ਘਰ ਦੇ ਜੀਆਂ ਦੇ ਨਾਂ, ਉਹਨਾਂ ਨਾਲ ਰਿਸ਼ਤਾ ਅਤੇ ਜਾਣ-ਪਛਾਣ ਅਤੇ ਜਗ੍ਹਾ ਆਦਿ ਭੁੱਲ ਜਾਂਦਾ ਹੈ ਤੇ ਸਭ ਤੋਂ ਭਿਆਨਕ ਅਵਸਥਾ ਉਦੋਂ ਬਣ ਜਾਂਦੀ ਹੈ ਜਦੋਂ ਉਹ ਆਪਣੇ ਰੋਜ਼ਾਨਾ ਦੇ ਕੰਮ-ਕਾਜ ਲਈ ਦੂਸਰਿਆਂ ਉੱਤੇ ਨਿਰਭਰ ਹੋ ਜਾਂਦਾ ਤੇ ਚੱਲਣ-ਫਿਰਨ ਲੱਗਿਆਂ ਉਹ ਆਲੇ-ਦੁਆਲੇ ਨਾਲ ਤਾਲਮੇਲ ਨਹੀਂ ਬਿਠਾ ਪਾਉਂਦਾ ਤੇ ਡਿੱਗ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਅਵਸਥਾ ਵਿੱਚ ਉਹ ਨਿੱਕੇ ਬੱਚਿਆਂ ਵਾਂਗ ਹੋ ਜਾਂਦਾ ਹੈ। ਰੋਗੀ ਅਵਸਥਾ ਹੋਣ ਕਰਕੇ ਅਜਿਹਾ ਮਨੁੱਖ ਆਪਣੇ ਘਰ ਵਾਲਿਆਂ, ਧੀਆਂ-ਪੁੱਤਾਂ ’ਤੇ ਨਿਰਭਰ ਹੋ ਕੇ ਰਹਿ ਜਾਂਦਾ ਹੈ। ਸਥਿਤੀ ਉਸ ਵੇਲੇ ਗੰਭੀਰ ਹੋ ਜਾਂਦੀ ਹੈ ਜਦੋਂ ਰੋਜ਼ਾਨਾ ਜੀਵਨ ਦੇ ਛੋਟੇ-ਛੋਟੇ ਕੰਮਾਂ-ਕਾਜਾਂ ਲਈ ਉਸ ਨੂੰ ਦੂਸਰਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਅਜਿਹੇ ਵਿੱਚ ਘਰ ਦੇ ਜੀਆਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਧੀਆਂ-ਪੁੱਤਾਂ ਅਤੇ ਨੂੰਹਾਂ ਲਈ ਅਜੀਬ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਹੁੰਦਾ ਅਤੇ ਹਰ ਕੋਈ ਕੰਨੀ ਕਤਰਾਉਣ ਲੱਗਦਾ ਹੈ। ਹਰ ਕੋਈ ਆਪਣੀ ਜ਼ਿੰਮੇਵਾਰੀ ਦੂਜੇ ਨੂੰ ਦੇਣ ਦੀ ਕੋਸ਼ਿਸ਼ ਵਿੱਚ ਜੀਆਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ ਅਤੇ ਘਰੇਲੂ ਰਿਸ਼ਤੇ ਖ਼ਰਾਬ ਹੋਣ ਲੱਗਦੇ ਹਨ। ਮਸਲਾ ਗੱਲਬਾਤ ਤੋਂ ਸ਼ੁਰੂ ਹੋ ਕੇ ਘਰੇਲੂ ਝਗੜਿਆਂ ਤੱਕ ਪਹੁੰਚ ਜਾਂਦਾ ਹੈ। ਤ੍ਰਾਸਦੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦੇ ਹੋਏ ਘਰ ਵਾਲੇ ਬਜ਼ੁਰਗ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਨ। ਬਜ਼ੁਰਗ ਲਈ ਇਸ ਤੋਂ ਤਰਸ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਇੱਕ ਡਾਕਟਰੀ ਸਰਵੇ ਅਨੁਸਾਰ ਸੰਸਾਰ ਭਰ ਵਿੱਚ ਡਿਮੈਂਸ਼ੀਆ ਤੋਂ ਪੀੜਤ ਰੋਗੀਆਂ ਦੀ ਗਿਣਤੀ ਤਕਰੀਬਨ 50 ਮਿਲੀਅਨ ਤੱਕ ਪਹੁੰਚ ਚੁਕੀ ਹੈ ਅਤੇ ਹਰ ਸਾਲ 10 ਮਿਲੀਅਨ ਨਵੇਂ ਰੋਗੀ ਹੋਰ ਜੁੜਦੇ ਜਾਂਦੇ ਹਨ। ਉਕਤ ਸਰਵੇ ਇਸ ਰੋਗ ਦੇ ਕਾਰਨ ਲਈ ਮਨੁੱਖੀ ਭੋਜਨ ਦੇ ਗਲਤ ਢੰਗ ਤਰੀਕੇ ਤੇ ਕੁਪੋਸ਼ਣ, ਜ਼ਿੰਦਗੀ ਵਿੱਚ ਮਾਨਸਿਕ ਤਣਾਅ, ਸ਼ੂਗਰ, ਬਲੱਡ ਪ੍ਰੈਸ਼ਰ ਦਾ ਵਧਣਾ, ਸਿਗਰਟ ਅਤੇ ਸ਼ਰਾਬ ਦੇ ਬੇਹੱਦ ਸੇਵਨ, ਆਵਾਜ਼ ਦਾ ਪ੍ਰਦੂਸ਼ਣ ਅਤੇ ਭੋਜਨ ਪਦਾਰਥਾਂ ਵਿੱਚ ਕੀਟਨਾਸ਼ਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਡਿਮੈਂਸ਼ੀਆ ਲਈ ਅਲਜ਼ਾਈਮਰ ਰੋਗ, ਦਿਮਾਗ ਦੀਆਂ ਕੋਸ਼ਿਕਾਵਾਂ ਤੱਕ ਆਕਸੀਜਨ ਤੇ ਪੋਸ਼ਕ ਤੱਤਾਂ ਦਾ ਨਾ ਪਹੁੰਚ ਸਕਣਾ ਅਤੇ ਦਿਮਾਗ ਦੇ ਹਿੱਸਿਆਂ ਵਿੱਚ ਪ੍ਰੋਟੀਨ ਦੇ ਗੁੱਛਿਆਂ ਦੇ ਜਮ੍ਹਾਂ ਹੋਣ ਨੂੰ ਜ਼ਿੰਮੇਵਾਰ ਐਲਾਨਿਆ ਗਿਆ ਹੈ। ਇਹਨਾਂ ਸਾਰੀਆਂ ਹਾਲਤਾਂ ਵਿੱਚ ਦਿਮਾਗ ਦੇ ਸੈੱਲ ਟੁੱਟਣ ਲੱਗਦੇ ਹਨ, ਜਿਸ ਕਾਰਨ ਯਾਦਾਸ਼ਤ ਦਿਨੋਂ ਦਿਨ ਘੱਟਦੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਵਿਅਕਤੀ ਆਪਣੇ ਜੀਵਨ ਵਿੱਚ ਉਸਾਰੂ ਜੀਵਨ ਢੰਗ ਧਾਰਨ ਕਰਕੇ, ਸੰਤੁਲਿਤ ਖੁਰਾਕ ਲੈ ਕੇ, ਮਾਨਸਿਕ ਤਣਾਅ ਰਹਿਤ ਜੀਵਨ ਬਤੀਤ ਕਰਕੇ, ਪ੍ਰਦੂਸ਼ਣ ਰਹਿਤ ਵਾਤਾਵਰਣ ਅਤੇ ਸਾਰਥਕ ਜੀਵਨ ਦੇ ਵਿਚਾਰ ਧਾਰਨ ਕਰਕੇ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਅਤੇ ਉਕਤ ਰੋਗਾਂ ਤੋਂ ਮੁਕਤ ਰਹਿ ਸਕਦਾ ਹੈ।
ਬਜ਼ੁਰਗਾਂ ਦੀ ਸਾਂਭ-ਸੰਭਾਲ ਪਰਿਵਾਰ ਦੇ ਜੀਆਂ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਅਤੇ ਅਜਿਹਾ ਕਰਨ ਵਿੱਚ ਕਿਸੇ ਵੀ ਜੀਅ ਨੂੰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਹਰੇਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹ ਬਜ਼ੁਰਗ ਜਾਂ ਮਾਪੇ ਜਿਨ੍ਹਾਂ ਨੇ ਸਾਰੀ ਉਮਰ ਤਨ, ਮਨ ਅਤੇ ਧਨ ਨਾਲ ਸਾਰੇ ਬੱਚਿਆਂ ਦੀ ਦਿਲੋਂ ਸੇਵਾ ਕੀਤੀ, ਹੁਣ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਬਿਰਧ ਅਵਸਥਾ ਵਿੱਚ ਘਰ ਦੇ ਸਾਰੇ ਹੀ ਜੀਅ ਪ੍ਰੇਮ-ਪਿਆਰ ਅਤੇ ਸੁਹਿਰਦਤਾ ਨਾਲ ਬਜ਼ੁਰਗਾਂ ਦੀ ਸੇਵਾ ਕਰਨ। ਸਾਡਾ ਭਾਰਤੀ ਸਮਾਜ ਉਂਝ ਵੀ ਧਾਰਮਿਕ ਵਿਚਾਰਾਂ ਵਾਲਾ ਹੈ ਜਿਸ ਵਿੱਚ ਬਜ਼ੁਰਗਾਂ ਦੀ ਸੇਵਾ, ਰੱਬ ਦੀ ਭਗਤੀ ਦੇ ਬਰਾਬਰ ਹੀ ਮੰਨੀ ਗਈ ਹੈ। ਨੈਤਿਕ ਪੱਖੋਂ ਵੀ ਸਾਨੂੰ ਬਜ਼ੁਰਗਾਂ ਦੀ ਸੇਵਾ ਤਨੋ-ਮਨੋਂ ਹੀ ਕਰਨੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ