BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਸੰਪਾਦਕੀ

ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ ਵੱਲ ਧਿਆਨ ਦੇਵੇ ਸਰਕਾਰ

June 10, 2021 11:40 AM

ਨਿਸ਼ਚਤ ਹੀ ਮੁਲਕ ਨਰਕ ਝਾਗ ਕੇ ਮਹਾਮਾਰੀ ਦੀ ਦੂਸਰੀ ਲਹਿਰ ਦੇ ਕਹਿਰ ਤੋਂ ਬਾਹਰ ਆ ਰਿਹਾ ਹੈ ਪਰ ਭਵਿੱਖ ਅਜਿਹੇ ਕਹਿਰਾਂ ਤੋਂ ਖਾਲੀ ਨਹੀਂ ਹੈ। ਹੁਣ ਵੀ ਦੇਸ਼ ’ਚ ਕੋਵਿਡ-19 ਦੇ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਥੋੜੀ ਨਹੀਂ ਹੈ ਪਰ ਇਹ ਮਹਾਮਾਰੀ ਦੀ ਦੂਜੀ ਲਹਿਰ ਦੇ ਸਿਖਰ ਦੇ ਸਵਾ ਚਾਰ ਲੱਖ ਰੋਜ਼ਾਨਾ ਦੇ ਮਾਮਲਿਆਂ ਸਾਹਮਣੇ ਘੱਟ ਹੈ। ਦੋ ਮਹੀਨੇ ਬਾਅਦ ਦੇਸ਼ ’ਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਹੇਠਾਂ ਆਈ ਹੈ ਪਰ ਇਹ ਹਾਲੇ ਵੀ ਪਹਿਲੀ ਲਹਿਰ ਦੇ ਸਿਖਰ ਸਮੇਂ ਆਉਣ ਵਾਲੇ ਨਵੇਂ ਮਾਮਲਿਆਂ ਤੋਂ ਬਹੁਤ ਜ਼ਿਆਦਾ ਹੇਠਾਂ ਨਹੀਂ ਗਈ ਹੈ। ਪਿਛਲੇ ਮੰਗਲਵਾਰ, 8 ਜੂਨ ਨੂੰ, ਵੀ ਕੋਵਿਡ-19 ਦੇ ਨਵੇਂ ਮਾਮਲੇ 90 ਹਜ਼ਾਰ ਤੋਂ ਉੱਪਰ ਹੀ ਸਨ। ਨਵੇਂ ਮਾਮਲਿਆਂ ਅਤੇ ਰੋਜ਼ਾਨਾਂ ਦੀਆਂ ਮੌਤਾਂ ਦੀ ਗਿਣਤੀ ਘਟੀ ਹੈ ਜੋ ਕਿ ਰਾਹਤ ਦੇਣ ਵਾਲੀ ਗੱਲ ਹੈ ਪਰ ਹਾਲੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਅੰਤ ਹੋ ਗਿਆ ਹੈ।
ਫਿਰ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੂਜੀ ਲਹਿਰ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ ਅਤੇ ਨਵੇਂ ਮਾਮਲਿਆਂ ਦੀ ਗਿਣਤੀ ’ਚ ਕੁਝ ਸਮੇਂ ਬਾਅਦ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ। ਪਰ ਨਵੀਨ ਕੋਰੋਨਾ ਵਿਸ਼ਾਣੂ ਹਵਾ ਵਿੱਚ ਹੈ ਅਤੇ ਇਹ ਫਿਰ ਫੈਲਣ ਲਈ ਆਬਾਦੀ ਲੱਭ ਸਕਦਾ ਹੈ। ਇਸੇ ਲਈ ਸਾਡੇ ਲਈ, ਖ਼ਾਸ ਕਰ ਕੇਂਦਰੀ ਸਰਕਾਰ ਲਈ ਤੇ ਰਾਜਾਂ ਦੀਆਂ ਸਰਕਾਰਾਂ ਲਈ ਵੀ, ਜ਼ਰੂਰੀ ਹੈ ਕਿ ਅਸੀਂ ਮਹਾਮਾਰੀ ਦੀ ਦੂਜੀ ਲਹਿਰ ਦੁਆਰਾ ਕੀਤੇ ਜ਼ਬਰਦਸਤ ਜਾਨੀ ਨੁਕਸਾਨ ਲਈ ਸਾਜ਼ਗਾਰ ਬਣੀਆਂ ਹਾਲਤਾਂ ਦਾ ਕਰੜਾ ਜਾਇਜ਼ਾ ਲਈਏ ਅਤੇ ਸਿੱਖੇ ਸਬਕ ਯਾਦ ਰੱਖੀਏ ਜੋ ਕਿ ਸਾਨੂੰ ਮਹਾਮਾਰੀ ਦੀ ਤੀਜੀ ਲਹਿਰ ਨੂੰ ਹਰਾਉਣ ਵਿੱਚ ਮਦਦਗਾਰ ਸਾਬਤ ਹੋਣੇ ਹਨ। ਮਾਹਿਰਾਂ ਨੂੰਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਵੀ ਆਵੇਗੀ। ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਪੰਜ ਮਹੀਨੇ ਬਾਅਦ ਆ ਸਕਦੀ ਹੈ। ਪਹਿਲੀ ਲਹਿਰ ਦੇ ਮੱਧਮ ਪੈਣ ਤੇ ਹੇਠ ਆਉਣ ਸਮੇਂ ਸਰਕਾਰ, ਸਗੋਂ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੀਨ ਕੋਰੋਨਾ ਵਿਸ਼ਾਣੂ ਨੂੰ ਹਰਾਉਣ ਦਾ ਭਰਮ ਪਾਲ ਬੈਠੇ ਸਨ। ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦਾ ਸਾਰਾ ਜ਼ੋਰ ਚੋਣਾਂ ਜਿੱਤਣ ਵੱਲ ਰਿਹਾ। ਕੁੰਭ ਦੇ ਮੇਲੇ ਅਤੇ ਚੋਣ ਰੈਲੀਆਂ ’ਚ ਖੁੱਲ੍ਹ ਕੇ ਰੋਗਾਣੂ ਫੈਲਾਇਆ ਗਿਆ। ਸਰਕਾਰ ਐਨੀ ਢਿੱਲੀ ਪੈ ਗਈ ਸੀ ਕਿ ਇਸ ਦਾ ਜ਼ਿਕਰ ਬਾਅਦ ਵਿੱਚ ਰਾਸ਼ਟਰ ਸਵੈਮ ਸੇਵਕ ਸੰਘ ਦੇ ਮੁਖੀ ਨੂੰ ਵੀ ਕਰਨਾ ਪਿਆ। ਇਸ ਸਭ ਦਾ ਨਤੀਜਾ ਲੱਖਾਂ ਭਾਰਤੀਆਂ ਦੀਆਂ ਮੌਤਾਂ ’ਚ ਨਿਕਲਿਆ।
ਅੱਜ ਚਾਹੇ ਦੂਜੀ ਲਹਿਰ ਦਬ ਰਹੀ ਹੈ ਪਰ ਹਾਲਤ ਪਹਿਲੀ ਲਹਿਰ ਦੇ ਖਾਤਮੇ ਵੱਲ ਜਾਣ ਦੇ ਸਮੇਂ ਤੋਂ ਨਾਜ਼ੁਕ ਹੀ ਹੈ। ਕਈ ਰਾਜਾਂ ’ਚ ਲਾਗ ਦਰ ਹਾਲੇ ਦੱਸ ਪ੍ਰਤੀਸ਼ਤ ਤੋਂ ਉੱਪਰ ਚੱਲ ਰਹੀ ਹੈ। ਦਿੱਕਤ ਇਹ ਹੈ ਕਿ ਅਰਥਵਿਵਸਥਾ ਦੇ ਹੇਠਾਂ ਜਾਣ, ਬੇ-ਰੋਜ਼ਗਾਰੀ ਵਧਣ, ਆਮਦਨ ਘਟਣ ਅਤੇ ਆਬਾਦੀ ਦੇ ਵੱਡੇ ਹਿੱਸੇ ਦੇ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜਾਣ ਕਾਰਨ ਸਰਕਾਰ ਕਰਫ਼ਿਊ ਅਤੇ ਪਾਬੰਦੀਆਂ ਚੁੱਕਣ ਦੀ ਕਾਹਲੀ ਵਿੱਚ ਹੈ। ਅਰਥਵਿਵਸਥਾ ਹੋਵੇ ਜਾਂ ਮਹਾਮਾਰੀ ਦੋਨਾਂ ਮੁਹਾਜਾਂ ’ਤੇ ਮੋਦੀ ਸਰਕਾਰ ਦੀ ਬਦਇੰਤਜ਼ਾਮੀ ਜਨਤਕ ਹੋ ਚੁੱਕੀ ਹੈ ਅਤੇ ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਤੇ ਨਾਰਾਜ਼ਗੀ ਦਾ ਕਾਰਨ ਵੀ ਬਣੀ ਹੈ। ਅਰਥਵਿਵਸਥਾ ਵਿੱਚ ਗਿਰਾਵਟ ਕੋਵਿਡ-19 ਮਹਾਮਾਰੀ ਤੋਂ ਬਹੁਤ ਦੇਰ ਪਹਿਲਾ ਹੀ ਹੋਣੀ ਸ਼ੁਰੂ ਹੋ ਗਈ ਸੀ, ਮਹਾਮਾਰੀ ਤਾਂ ਇਸ ਨੂੰ ਮਨਫੀ ’ਚ ਹੀ ਲੈ ਗਈ। ਕਾਫੀ ਸਮੇਂ ਤੋਂ ਕੇਂਦਰ ਨੇ ਅਨਲਾਕ ਦਾ ਕੰਮ ਰਾਜਾਂ ਨੂੰ ਸੌਂਪਿਆ ਹੋਇਆ ਹੈ। ਜ਼ਿਆਦਾਤਰ ਰਾਜਾਂ ’ਚ ਪਾਬੰਦੀਆਂ ਚੁੱਕੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁੱਖ ਮੰਤਵ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣਾ ਹੈ ਜਦੋਂ ਕਿ ਕੇਂਦਰ ਨੂੰ ਇਸ ਵਿੱਤੀ ਵਰ੍ਹੇ ਦੀ ਦੂਜੀ ਤੇ ਤੀਜੀ ਤਿਮਾਹੀ ’ਤੇ ਆਸਾਂ ਹਨ। ਇਸੇ ਸਮੇਂ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਤੇਜ਼ੀ ਨਾਲ ਪਾਬੰਦੀਆਂ ਚੁੱਕਣਾ ਖ਼ਤਰਨਾਕ ਹੋ ਸਕਦਾ ਹੈ। ਕੇਂਦਰ ਦੀ ਸਰਕਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਇਸ ਚੇਤਾਵਨੀ ’ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਦੀ ‘ਗਫਲਤ’ ਕਾਰਨ ਮਹਾਮਾਰੀ ਨੇ ਮੁੜ ਖ਼ਤਰਨਾਕ ਪਾਸਾ ਪਲਟਿਆ ਤਾਂ ਸਰਕਾਰ ਲੋਕਾਂ ਦੇ ਰੋਹ ਦਾ ਸਾਹਮਣਾ ਨਹੀਂ ਕਰ ਸਕੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ