BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਲੇਖ

ਸਰਬਾਂਗੀ ਸਾਹਿਤਕਾਰ ਭਾਈ ਵੀਰ ਸਿੰਘ

June 10, 2021 11:42 AM

ਜਸਵਿੰਦਰ ਸਿੰਘ ਸਹੋਤਾ

ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸ੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਪਿਤਾ ਡਾ ਚਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਉੱਤਮ ਕੌਰ ਦੀ ਕੁੱਖੋਂ ਅੰਮ੍ਰਿਤਸਰ ਦੇ ਕਟੜਾ ਗਰਬਾ ਸਿੰਘ ਵਿਖੇ ਹੋਇਆ। ਪਿਤਾ ਡਾ ਚਰਨ ਸਿੰਘ ਇੱਕ ਉੱਚ ਕੋਟੀ ਦੇ ਸਾਹਿਤਕਾਰ ਸਨ ਜੋ ਵਿਸ਼ੇਸ਼ ਤੌਰ ’ਤੇ ਬ੍ਰਿਜ ਭਾਸ਼ਾ, ਸੰਸਕ੍ਰਿਤ, ਅੰਗਰੇਜ਼ੀ ਅਤੇ ਪੰਜਾਬੀ ਦੇ ਵਿਦਵਾਨ ਸਨ। ਭਾਈ ਵੀਰ ਸਿੰਘ ਨੂੰ ਸਾਹਿਤ ਦੀ ਗੁੜਤੀ ਘਰ ਚੋਂ ਹੀ ਮਿਲੀ।
ਉਨ੍ਹਾਂ ਦੇ ਦਾਦਾ ਬਾਬਾ ਕਾਹਨ ਸਿੰਘ ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਬ੍ਰਿਜ ਭਾਸ਼ਾ ’ਚ ਕਾਵਿ ਰਚਨਾ ਕਰਦੇ ਸਨ। ਬਚਪਨ ਨਾਨਾ ਗਿਆਨੀ ਹਜਾਰਾ ਸਿੰਘ ਕੋਲ ਬੀਤਿਆ ਜੋ ਉੱਚ ਕੋਟੀ ਦੇ ਵਿਦਵਾਨ ਸਨ। ਭਾਈ ਵੀਰ ਸਿੰਘ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ। ਦਸਵੀਂ ਤੱਕ ਦੀ ਸਿੱਖਿਆ ਮਿਸ਼ਨ ਹਾਈ ਸਕੂਲ ਅੰਮਿ੍ਰਤਸਰ ਤੋਂ ਪ੍ਰਾਪਤ ਕੀਤੀ। 1891 ’ਚ ਦਸਵੀਂ ਦੀ ਪ੍ਰੀਖਿਆ ਜ਼ਿਲ੍ਹੇ ਭਰ ’ਚੋਂ ਪਹਿਲੇ ਸਥਾਨ ’ਤੇ ਰਹਿ ਕੇ ਪਾਸ ਕੀਤੀ। ਸੰਸਕ੍ਰਿਤ ਅਤੇ ਫਾਰਸੀ ਦੀ ਵਿਦਿਆ ਘਰ ’ਚ ਹੀ ਪ੍ਰਾਪਤ ਕੀਤੀ। ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਅਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਆਦਿ ਸੰਸਥਾਵਾਂ ਨੇ ਭਾਈ ਵੀਰ ਸਿੰਘ ਨੂੰ ਪੰਜਾਬੀ ਗੁਰਮਤਿ ਸਾਹਿਤ ਅਤੇ ਸਿੱਖ ਇਤਿਹਾਸ ਵੱਲ ਪ੍ਰੇਰਿਆ। ਉਨ੍ਹਾਂ ਵਜ਼ੀਰ ਹਿੰਦ ਪ੍ਰੈਸ ਲਗਾਈ ਅਤੇ ‘ਖ਼ਾਲਸਾ ਸਮਾਚਾਰ’ ਨਾਂ ਦਾ ਪੱਤਰ ਸ਼ੁਰੂ ਕੀਤਾ। 1904 ’ਚ ਉਨ੍ਹਾਂ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਅੰਮਿ੍ਰਤਸਰ ਅਤੇ ਸੈਂਟਰਲ ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨਤਾਰਨ ਦੀ ਸਥਾਪਨਾ ਕੀਤੀ। 1909 ਨੂੰ ਭਾਈ ਸਾਹਿਬ ਦੀ ਅਗਵਾਈ ’ਚ ਆਨੰਦ ਮੈਰਿਜ ਐਕਟ ਪਾਸ ਹੋਇਆ। ਰਾਣਾ ਸੂਰਤ ਸਿੰਘ (ਮਹਾਂ ਕਾਵਿ), ਲਹਿਰੇ ਹੁਲਾਰੇ, ਮਟਕ ਹੁਲਾਰੇ, ਤ੍ਰੇਲ ਤੁਪਕਾ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਸਹੇਲੀ ਅਤੇ ਮੇਰੇ ਸਾਈਆਂ ਜੀਓ ਆਦਿ ਰਚਨਾਵਾਂ ਦੀ ਸਿਰਜਨਾ ਕੀਤੀ। ‘ਰਾਜਾ ਲਖਦਾਤਾ ਸਿੰਘ’ ਨਾਟਕ ਲਿਖਿਆ। ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ। ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ,ਅਸ਼ਟ ਗੁਰੂ ਚਮਤਕਾਰ ਆਦਿ ਵਾਰਤਕ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣ ਤੋਂ ਬਿਨਾ ਪੁਰਾਤਨ ਜਨਮ ਸਾਖੀ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੇ ਦਰਜਨਾਂ ਪੁਸਤਕਾਂ ਦੀ ਰਚਨਾ ਕਰਕੇ ਨਵੀਆਂ ਲੀਹਾਂ ਪਾਈਆਂ। ਭਾਈ ਵੀਰ ਸਿੰਘ ਇੱਕ ਸਰਬਾਂਗੀ ਲੇਖਕ ਸਨ। ਸਾਹਿਤਕ ਸੇਵਾ ਲਈ ਪੰਜਾਬ ਯੂਨੀਵਰਸਿਟੀ ਵਲੋਂ ‘ਡਾਕਟਰ ਆਫ਼ ਓਰੀਐਂਟਲ ਲਰਨਿੰਗ’ ਦੀ ਉਪਾਧੀ ਦਿੱਤੀ ਗਈ ਅਤੇ ਪੈਪਸੂ ਸਰਕਾਰ ਵਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ। ‘ਮੇਰੇ ਸਾਈਆਂ ਜੀਓ’ ਰਚਨਾ ਲਈ ਭਾਰਤ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਉੱਚ ਕੋਟੀ ਦੀਆਂ ਸਾਹਿਤਕ ਰਚਨਾਵਾਂ ਲਈ ਭਾਰਤ ਸਰਕਾਰ ਵਲੋਂ ‘ਪਦਮ ਭੂਸ਼ਣ’ ਸਨਮਾਨ ਨਾਲ ਸਨਮਾਨਿਆ ਗਿਆ।
ਭਾਈ ਵੀਰ ਸਿੰਘ ਜੀ ਸੂਖਮ ਸੰਵੇਦਨਾ ਵਾਲੇ ਕਵੀ ਸਨ। ਉਨ੍ਹਾਂ ਪੰਜਾਬੀ ’ਚ ਬਹੁਤ ਉੱਚ ਪਾਏ ਦੀਆਂ ਕਵਿਤਾਵਾਂ ਲਿਖੀਆਂ।
ਭਾਈ ਵੀਰ ਸਿੰਘ ਦੀਆਂ ਵੈਦਿਕ ਕਵਿਤਾਵਾਂ ਸਮੁੱਚੇ ਆਧੁਨਿਕ ਪੰਜਾਬੀ ਕਾਵਿ ਦੀ ਮਹਾਨ ਪ੍ਰਾਪਤੀ ਹੈ। ਉਨ੍ਹਾਂ ਸਮਿ੍ਰੱਧ ਰੂਪਕਾਰ ਦੀ ਪਿਰਤ ਵੀ ਪੰਜਾਬੀ ਕਾਵਿ ਵਿੱਚ ਪਾਈ।
ਅਸਲ ’ਚ ਭਾਈ ਵੀਰ ਸਿੰਘ ਜੀ ਆਪਣੇ-ਆਪ ’ਚ ਇੱਕ ਸੰਸਥਾ ਸਨ, ਜਿਨ੍ਹਾਂ ਨੇ ਗਿਣਾਤਮਕ ਤੇ ਗੁਣਾਤਮਕ ਦੋਵਾਂ ਪੱਖਾਂ ਤੋਂ ਪੰਜਾਬੀ ਸਾਹਿਤ ਨੂੰ ਮਾਲੋ-ਮਾਲ ਕੀਤਾ। ਉਹ 1952’ਚ ਵਿਧਾਨ ਪਰੀਸLਦ ਦੇ ਮੈਂਬਰ ਨਿਯੁਕਤ ਹੋਏ। ਆਖਰ ਪੰਜਾਬੀ ਕਵਿਤਾ ਦੇ ਮਹਾਨ ਉਸਰੱਈਏ ਤੇ ਸਰਬਾਂਗੀ ਸਾਹਿਤਕਾਰ 10 ਜੂਨ 1957 ਨੂੰ 84 ਸਾਲ ਦੀ ਉਮਰ ’ਚ ਪੰਜਾਬੀ ਸਾਹਿਤ ਦੀ ਲੰਬੀ ਸੇਵਾ ਕਰਨ ਉਪਰੰਤ ਸਦਾ ਲਈ ਵਿਛੜ ਗਏ। ਭਾਈ ਵੀਰ ਸਿੰਘ ਜੀ ਪੰਜਾਬੀ ਸਾਹਿਤ ’ਚ ਧੁਰੂ ਤਾਰੇ ਵਾਂਗ ਚਮਕਦੇ ਰਹਿਣਗੇ।
ਅੱਜ ਸਮੁੱਚਾ ਪੰਜਾਬੀ ਜਗਤ ਭਾਈ ਵੀਰ ਸਿੰਘ ਜੀ ਨੂੰ ਯਾਦ ਕਰ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ