BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

...ਤਾਂ ਕਿ ਘਰ ਨਾ ਤਿੜਕੇ

June 14, 2021 11:31 AM

ਤਰਸੇਮ ਲੰਡੇ

ਸਿਆਣੇ ਕਹਿੰਦੇ ਹਨ ਕਿ ਹਰ ਘਰ ਵਿੱਚ ਕਦੇ ਨਾ ਕਦੇ ਦੋ ਭਾਂਡੇ ਖੜਕ ਹੀ ਜਾਂਦੇ ਹਨ। ਸਾਡੇ ਸਮਾਜ ਵਿਚ ਪਤੀ-ਪਤਨੀ ਦੀ ਲੜਾਈ-ਝਗੜੇ ਦੇ ਅਣਗਣਿਤ ਕੇਸ ਆ ਰਹੇ ਹਨ। ਬਹੁਤੇ ਕੇਸਾਂ ਵਿਚ ਮਸਲਾ ਵਿਗੜ ਕੇ ਅੱਗੇ ਤਲਾਕ ਤੱਕ ਪੁੱਜ ਜਾਂਦਾ ਹੈ। ਜਿਸ ਨਾਲ ਵਿਆਹ ਵਰਗਾ ਪਵਿੱਤਰ ਰਿਸ਼ਤਾ ਝੁਕ ਕੇ ਰਹਿ ਜਾਂਦਾ ਹੈ। ਵੈਸੇ ਤਾਂ ਦੋ ਰੂਹਾਂ ਨੂੰ ਹੀ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਸੀ ਐਡਜਸਟਮੈਂਟ ਕਰਨੀ ਚਾਹੀਦੀ ਹੈ। ਪਰ ਸਾਡੇ ਸਮਾਜ ਵਿੱਚ ਇਸ ਦੀ ਪਹਿਲ ਲੜਕੀ ਨੂੰ ਹੀ ਕਰਨੀ ਪੈਂਦੀ ਹੈ। ਉਸ ਦਾ ਕਾਰਨ ਇਹ ਹੁੰਦਾ ਹੈ ਕਿ ਉਸਦੇ ਸਹੁਰੇ ਘਰ ਦੇ ਪਹਿਲਾਂ ਤੋਂ ਕੁਝ ਨਿਯਮ ਬਣੇ ਹੁੰਦੇ ਹਨ। ਜਿੰਨਾਂ ਦੀ ਪਾਲਣਾ ਕਰਦਾ ਪਰਿਵਾਰ ਅੱਗੇ ਵੱਧਦਾ ਹੈ। ਹੁਣ ਜੇ ਸ਼ੀਸ਼ਾ ਵੀ ਟੁੱਟੇ ਖੜਕਾ ਤਾਂ ਹੋਵੇਗਾ ਹੀ। ਇਹ ਤਾਂ ਫਿਰ ਵੀ ਪਰਿਵਾਰ ਦੇ ਮੁਖੀ ਦੁਆਰਾ ਬਣਾਏ ਨਿਯਮ ਹੁੰਦੇ ਹਨ। ਪਹਿਲਾਂ ਹਰ ਇੱਕ ਅੰਦਰ ਪਰਿਵਾਰ ਦੇ ਮੁਖੀ ਦਾ ਡਰ ਅਤੇ ਸ਼ਰਮ ਹੁੰਦੀ ਸੀ, ਜੋ ਹੁਣ ਘੱਟਦੀ ਜਾ ਰਹੀ ਹੈ। ਸਾਡੇ ਸਮਾਜ ਵਿੱਚ ਪਰਿਵਾਰ ਮੁਖੀ ਦਾ ਰੋਅਬ ਕਿਸੇ ਨੂੰ ਆਪਹੁਦਰੀ ਕਰਨ ਦੀ ਅਗਿਆ ਨਹੀੰ ਦਿੰਦਾ ਸੀ। ਇਸ ਦਾ ਅਰਥ ਸਾਰੀ ਉਮਰ ਦੀ ਗੁਲਾਮੀ ਨਹੀੰ ਸਗੋੰ ਸਮਾਂ ਪਾ ਕੇ ਇੱਕ ਦੂਜੇ ਨੂੰ ਅਗਲੇ ਦਾ ਭਰੋਸਾ ਜਿੱਤਣਾ ਪੈਂਦਾ ਹੈ। ਇਸ ਤਰ੍ਹਾਂ ਹੀ ਲੜਕੀਆਂ ਨੂੰ ਸਹੁਰੇ ਘਰ ਦੇ ਰੀਤ ਰਿਵਾਜ ਜਾਂ ਨਿਯਮ ਸਮਝਣੇ ਪੈਂਦੇ ਹਨ। ਜਿੱਥੇ ਇਹ ਸੰਭਵ ਨਹੀਂ ਹੁੰਦਾ, ਉੱਥੇ ਕਾਟੋ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਇਕ ਸਿਆਣੀ ਔਰਤ ਸਮਾਂ ਪਾ ਕੇ ਘਰ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਤਰੀਕੇ ਨਾਲ ਆਪਣੇ ਅਨੁਸਾਰ ਢਾਲ ਲੈਂਦੀ ਹੈ। ਪਰ ਇਸਦੇ ਲਈ ਉਸ ਨੂੰ ਆਪਣੀ ਸੋਚ ਦੂਜਿਆਂ ਦੇ ਮਨਾਂ ਅੰਦਰ ਬਿਠਾਉਣੀ ਪੈਂਦੀ ਹੈ ਅਤੇ ਫੈਸਲੇ ਸਹੀ ਸਿੱਧ ਕਰਨੇ ਪੈੰਦੇ ਹਨ। ਜੇਕਰ ਫਿਰ ਤੁਹਾਡੀ ਗੱਲ ਨੂੰ ਘਰ ਦਾ ਮੁਖੀਆ ਨਹੀੰ ਮੰਨਦਾ ਤਾਂ ਕੋਈ ਗੱਲ ਨਹੀੰ, ਚੁੱਪ ਰਹੋ। ਜੇਕਰ ਤੁਹਾਡੀ ਰਾਏ ਸੂਝ ਭਰੀ ਹੈ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮੰਨੀ ਜਾਵੇਗੀ। ਹੋ ਸਕਦਾ ਇਸਦੀ ਥੋਨੂੰ ਉਡੀਕ ਕਰਨੀ ਪਵੇ।
ਆਮ ਤੌਰ ’ਤੇ ਮੀਆਂ ਬੀਵੀ ਦੇ ਰਿਸ਼ਤੇ ਇੱਕ ਦੂਜੇ ਨੂੰ ਸਮਝਣ ਜਾਂ ਪਰਿਵਾਰਾਂ ਨੂੰ ਸਮਝਣ ਤੋਂ ਅਣਜਾਣ ਰਹਿ ਜਾਂਦੇ ਹਨ। ਜਿਸ ਕਰਕੇ ਘਰ ਦਾ ਮਾਹੌਲ ਵਿਗੜ ਜਾਂਦਾ ਹੈ। ਕਈ ਵਾਰ ਅਸੀੰ ਨਿੱਕੀਆਂ ਮੋਟੀਆਂ ਗੱਲਾਂ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰ ਲੈੰਦੇ ਹਾਂ। ਜਿਸ ਕਰਕੇ ਉਨ੍ਹਾਂ ਦੀ ਸਾਡੇ ਘਰ ਵਿੱਚ ਦਖ਼ਲਅੰਦਾਜ਼ੀ ਵੱਧ ਜਾਂਦੀ ਹੈ। ਤਾਂ ਫਿਰ ਆਪਣੀ ਖੁਸ਼ਨੁਮਾ ਜ਼ਿੰਦਗੀ ਨੂੰ ਸੂਲੀ ਟੰਗਣ ਦੇ ਕਸੂਰਵਾਰ ਅਸੀਂ ਖ਼ੁਦ ਹੁੰਦੇ ਹਾਂ। ਯਾਦ ਰੱਖੋ ਨਿਭਾਉਣੀ ਤਾਂ ਦੋਵਾਂ ਜੀਆਂ ਨੇ ਹੁੰਦੀ ਹੈ , ਤੀਜਾ ਤਾਂ ਕੁੱਝ ਨਹੀਂ ਕਰ ਸਕਦਾ। ਪੁੱਠੀ ਮਤ ਦੇਣਾ ਵਾਲਾ ਕਈ ਵਾਰ ਘਰ ਖ਼ਰਾਬ ਕਰ ਦਿੰਦਾ ਹੈ। ਤਾਂ ਫਿਰ ਸਥਿਤੀ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲ੍ਹਣ ਵਾਲੀ ਬਣ ਜਾਂਦੀ ਹੈ । ਉਤੋਂ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਅੱਡ। ਪਿਛਲੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਦੀ ਘਰੇਲੂ ਝਗੜੇ ਦੀ ਵੀਡੀਓ ਵਾਇਰਲ ਹੋਈ। ਪਹਿਲੀ ਗੱਲ ਤਾਂ ਮੀਡੀਏ ਨੂੰ ਵੀ ਇਸ ਤਰ੍ਹਾਂ ਦਾ ਤਮਾਸ਼ਾ ਨਹੀੰ ਬਣਾਉਣਾ ਚਾਹੀਦਾ ਸੀ। ਕਿਉਂਕਿ ਹਰ ਇੱਕ ਵਿਅਕਤੀ ਦੀ ਆਪਣੀ ਜ਼ਿੰਦਗੀ ਹੈ। ਘਰੇਲੂ ਕਲੇਸ਼ ਕਿਸਦੇ ਘਰ ਵਿਚ ਨਹੀਂ ਹੁੰਦਾ। ਪਰ ਜੇ ਵੀਡੀਓ ਵਾਇਰਲ ਕੀਤੀ ਵੀ ਗਈ ਤਾਂ ਕੁੱਝ ਲੋਕਾਂ ਨੇ ਉਸ ’ਤੇ ਸਵਾਦ ਵੀ ਲਿਆ ਤੇ ਕੁੱਝ ਨੇ ਕੁੱਝ ਜ਼ਰੂਰ ਸਿੱਖਿਆ ਵੀ ਹੋਵੇਗਾ। ਸਿੱਖਣ ਵਾਲੀ ਗੱਲ ਆਪਣੇ ਰਿਸ਼ਤੇਦਾਰਾਂ ਦੀ ਸਾਡੀ ਨਿੱਜੀ ਜ਼ਿੰਦਗੀ ਜਾਂ ਘਰ ਵਿੱਚ ਦਖਲਅੰਦਾਜ਼ੀ ਹੈ। ਅੱਜ ਕੱਲ ਇਹ ਸ਼ਿਕਾਇਤਾਂ ਬਹੁਤੇ ਪਰਿਵਾਰਾਂ ਦੀਆਂ ਹਨ। ਰਿਸ਼ਤੇਦਾਰਾਂ ਨੂੰ ਵੀ ਕਿਸੇ ਦੇ ਘਰ ਵਿਚ ਦਖਲਅੰਦਾਜ਼ੀ ਕਰਨ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਚੰਗੀ ਗੱਲ ਇਹ ਹੈ ਕਿ ਦੋਵੇਂ ਮੀਆਂ-ਬੀਵੀ ਨੇ ਮਹਿਲਾ ਕਮਿਸ਼ਨ ਕੋਲ ਜਾ ਕੇ ਆਪਣੀਆਂ ਪਹਿਲਾਂ ਵਾਲੀਆਂ ਗਲਤੀਆਂ ਦਰੁਸਤ ਕਰ ਲਈਆਂ ਅਤੇ ਫਿਰ ਤੋਂ ਇਕੱਠੇ ਰਹਿਣ ਦਾ ਪ੍ਰਣ ਕੀਤਾ। ਉਮੀਦ ਹੈ ਕਿ ਉਨ੍ਹਾਂ ਦੀ ਇਹ ਵੀਡੀਓ ਸਭ ਨੂੰ ਬਹੁਤ ਵੱਡੀ ਸਿੱਖਿਆ ਦੇ ਕੇ ਗਈ ਹੋਵੇਗੀ। ਸੋ ਲੋੜ ਹੈ ਕਿਸੇ ਦੀ ਸ਼ਹਿ ’ਤੇ ਮੁੱਛਾਂ ਮੁਨਵਾਉਣ ਵਰਗੀ ਸੋਚ ਤਿਆਗੀਏ ਅਤੇ ਆਪਣੀ ਸੂਝ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਕਰੀਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ