BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਫੌਜਾ ਸਿੰਘ ਨਾਲ ਇੱਕ ਮੁਲਾਕਾਤ

June 15, 2021 11:46 AM

ਗੁਰਪ੍ਰੀਤ ਡੈਨੀ

ਅੱਜਕੱਲ੍ਹ ਉਹ ਬਾਬਾ ਇਕੱਲਾ ਘੁੰਮਦਾ ਹੈ । ਜਿਸ ਦੇ ਮਗਰ ਕਦੀ ਦੁਨੀਆਂ ਘੁੰਮਦੀ ਸੀ। “ਕੁਦਰਤ ਕਰਵਾਉਂਦੀ ਹੈ ਸਭ” ਉਹ ਵਾਰ-ਵਾਰ ਇਹੀਂ ਸ਼ਬਦ ਪੁਕਾਰ ਦਾ ਹੈ। ਆਪਣੇ ਬਰਸੀਨ ਦੇ ਖੇਤਾਂ ਵਿਚ ਬੈਠਾ ਉਹ ਸਰੋਂ ਦੇ ਫੁੱਲਾਂ ਨੂੰ ਨਿਹਾਰਦਾ ਰਹਿੰਦਾ ਹੈ। ਇਹ ਉਹ ਹੀ ਬਾਬਾ ਹੈ ਜੋ ਉਸ ਵੇਲੇ ਦੌੜਨਾ ਸ਼ੁਰੂ ਕਰਦਾ ਹੈ ਜਿਸ ਵੇਲੇ ਆਮ ਬਜ਼ੁਰਗ ਮੰਜੇ ਨਾਲ ਯਰਾਨੇ ਲਾ ਲੈਂਦੇ ਹਨ ਜਾਂ ਮੰਜਾ ਉਹਨਾਂ ਨਾਲ । ਬਾਬੇ ਨੇ ਇੰਗਲੈਂਡ ਵਿਚ ਜਾ ਕੇ 80 ਸਾਲ ਦੀ ਬਿਰਧ ਉਮਰ ਵਿਚ ਪਹਿਲੀ ਮੈਰਾਥਨ ਦੌੜ ਦੌੜੀ ਤੇ ਦੁਨੀਆਂ ਵਿਚ ਫੌਜਾ ਸਿੰਘ, ਫੌਜਾ ਸਿੰਘ ਹੋ ਗਈ।
ਇਹ ਕਹਾਣੀ ਸਾਰੀ ਦੁਨੀਆਂ ਜਾਣਦੀ ਹੈ। ਪਰ ਜਦੋਂ ਦੁਨੀਆਂ ਸੁਪਨਾ ਲੱਗਣ ਲੱਗ ਪੈਂਦੀ ਹੈ ਤਾਂ ਦੁਨੀਆਂ ਧੁੰਦਲੀ ਤੇ ਸੱਚ ਸਾਫ਼ ਦਿਖਾਈ ਦੇਣ ਲੱਗਦਾ ਹੈ। ਬਾਬਾ ਫੌਜ ਸਿੰਘ ਅੱਜ ਉਹ ਸਥਿਤੀ ਹੰਢਾ ਰਿਹਾ ਹੈ। ਬਾਬਾ ਮੇਰੇ ਗੁਆਂਢੀ ਪਿੰਡ ਦਾ ਹੀ ਹੈ। ਮੈਂ ਜਦ ਦਫਤਰ ਜਾਂਦਾ ਹਾਂ ਤਾ ਲੰਘਦਾ-ਵੜਦਾ ਬਾਬੇ ਦੇ ਗੋਡੀ ਹੱਥ ਲਾ ਆਉਂਦਾ ਹਾਂ। ਲੰਘੀਆਂ ਗਰਮੀਆਂ ਜਦੋਂ ਕੋਰੋਨਾ ਪੂਰੇ ਸਿਖਰਾਂ ਉੱਤੇ ਸੀ ਤਾਂ ਬਾਬਾ ਇੰਗਲੈਂਡ ਤੋਂ ਆਇਆ ਹੋਇਆ ਸੀ। ਲੌਕਡਾਊਨ ਤੇ ਪੰਜਾਬ ਦੀ ਗਰਮੀਂ ਦਾ ਝੰਬਿਆ ਬੋਹੜ ਦੇ ਥੱਲੇ ਬੈਠਾ ਇਕਲਾਪੇ ਨੂੰ ਘੂਰ ਦਾ ਰਹਿੰਦਾ। ਮੈਂ ਆਪਣੇ ਚੈਨਲ ਵਾਲਿਆ ਨਾਲ ਬਾਬੇ ਦੇ ਇੰਟਰਵਿਊ ਲਈ ਗਿਆ। ਮੇਰੇ ਸਹਿਯੋਗੀ ਨੇ ਬਾਬੇ ਨੂੰ ਸਵਾਲ ਪੁੱਛਿਆ ਬਾਬਾ ਜੀ ਅੱਜਕੱਲ੍ਹ ਕੀ ਕਰਦੇ ਹੋ? ਬਾਬਾ ਦੁੱਖੀ ਹਿਰਦੇ 'ਚੋਂ ਬੋਲਿਆ, “ਨਾ ਘਰਵਾਲੀ ਰਹੀਂ ਇਕ ਕੁੜੀ ਤੇ ਮੁੰਡਾ ਵੀ ਉਹਦੇ ਪਿੱਛੇ ਹੋ ਤੁਰੇ, ਨਾਲ ਖੇਡੇ ਸੱਜਣ ਵੈਲੀ ਵੀ ਕਦੋਂ ਦੇ ਲੱਕੜਾਂ ਹਵਾਲੇ ਹੋ ਗਏ” ਕਹਿਣ ਤੋਂ ਬਾਅਦ ਬਾਬਾ ਰੌਣ ਹਾਕਾ ਹੋ ਗਿਆ, ਫਿਰ ਸਾਹ ਲੈ ਬੋਲਿਆ “ਮੈਨੂੰ ਇੱਥੋਂ ਭੇਜ ਦਿਉ ਨਹੀਂ ਤਾਂ ਮੈਂ ਮਰ ਜਾਣਾ”। ਇਹ ਗੱਲ ਬਾਬੇ ਨੇ ਦਸ-ਬਾਰਾਂ ਵਾਰ ਹਾਉਂਕੇ ਲੈ-ਲੈ ਦੁਹਰਾਈ। ਦੁਨੀਆਂ ਜਿੱਤਣ ਵਾਲੇ ਨੇ ਹੌਸਲਾ ਹਾਰ ਦਿੱਤਾ ਸੀ। ਮੈਂ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੂੰ ਫੋਨ ਕੀਤਾ ਕਿ ਬਾਬਾ ਫੌਜਾ ਸਿੰਘ ਕਹਿੰਦਾ ਮੈਂ ਤੁਰ ਚੱਲਿਆ ਜੇ ਬਚਾਉਣਾ ਤਾਂ ਬਚਾ ਲਓ। ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ 10 ਦਿਨਾਂ ਵਿਚ ਹੀ ਅੰਮ੍ਰਿਤਸਰ ਤੋਂ ਇੰਗਲੈਂਡ ਦੀ ਪਹਿਲੀਂ ਫਲਾਇਟ ਦੀ ਟਿਕਟ ਲੈ ਦਿੱਤੀ।
ਕੋਰੋਨਾ ਕਰਕੇ ਫਲਾਇਟ ਬੰਦ ਸਨ ਪਰ ਕਿਤੇ ਕੋਈ ਟਾਵਾਂ-ਟਾਵਾਂ ਜਹਾਜ਼ ਉੱਡ ਰਿਹਾ ਸੀ। ਬਾਬਾ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਅੰਮ੍ਰਿਤਸਰ ਤੋਂ ਪਹਿਲੀਂ ਫਲਾਈਟ ਵਿਚ ਬੈਠ ਇੰਗਲੈਂਡ ਜਾ ਪਹੁੰਚਿਆ।
ਅੱਜਕੱਲ੍ਹ ਬਾਬਾ ਫਿਰ ਪੰਜਾਬ ਆਪਣੇ ਪਿੰਡ ਬਿਆਸ (ਜਲੰਧਰ) ਆਇਆ ਹੋਇਆ ਹੈ। ਮੈਂ ਬਾਬੇ ਨੂੰ ਮਿਲਣ ਗਿਆ ਤੇ ਬਾਬੇ ਮੈਨੂੰ ਪਛਾਣਿਆ ਨਾ, ਮੈਂ ਕਿਹਾ ਬਾਬਾ ਕਰਾੜੀ ਤੋਂ ਆਇਆ ਹਾਂ ਪੈਨੀ। ਬਾਬੇ ਨੂੰ ਡੈਨੀ ਤਾਂ ਨਹੀਂ ਕਹਿਣਾ ਆਉਂਦਾ ਉਹ ਮੈਨੂੰ ਪੈਨੀ ਕਹਿ ਲੈਂਦਾ ਹੈ। ਉਸ ਮੈਨੂੰ ਹੁਣ ਪਛਾਣ ਲਿਆ ਸੀ। ਮੈਂ ਪੁੱਛਿਆ ਜਲਦੀ ਕਿਉਂ ਆ ਗਏ? ਕਹਿਣ ਲੱਗਾ “ਮਰਨ ਆਇਆ ਹਾਂ, ਹੁਣ ਸਮਾਂ ਦਿਸਦਾ ਮੂਹਰੇ ਬੱਸ ਹੁਣ ਨਹੀਂ ਜਾ ਹੋਣਾ ਪੈਨੀ ਹੋਰ ਕਿਤੇ ਓਸ ਖੁਦਾ ਤੋਂ ਇਲਾਵਾ, ਬੰਦਾ ਕਿੰਨਾ ਕੁ ਜੀਅ ਸਕਦਾ ਹੈ ਆਖਰ ਥੱਕ ਜਾਂਦਾ ਹੈ। “ਬਾਬਾ ਲੰਮੇ-ਲੰਮੇ ਸਾਹ ਲੈ ਬੋਲਦਾ ਰਿਹਾ। ਮੈਂ ਅੱਗੇ ਪੁੱਛਿਆ ਬਾਬਾ ਜੀ 109 ਸਾਲ ਜੀਅ ਕੇ ਕੀ ਲੱਗਦਾ ਹੈ ਕਿ ਕੀ ਹੈ ਜ਼ਿੰਦਗੀ? ਪੈਨੀ ਇੱਥੇ ਕੱਖ ਪਤਾ ਨਹੀਂ ਲੱਗਦਾ ਦੁਨੀਆਂ ਸਾਲੀ ਮੈਂ-ਮੈਂ ਦੀ ਮਾਰੀ ਹੈ, ਸਭ ਕੁਦਰਤ ਦਾ ਖੇਲ ਹੈ ਕੋਈ ਨੇੜੇ ਨਹੀਂ ਲੱਗਦਾ ਔਖੇ ਵੇਲੇ ਸ਼ਾਇਦ ਇਹੀ ਸਚਾਈ ਹੈ।" ਮੈਂ ਕਿਹਾ ਬਾਬੇ ਜੀ ਕਿਉਂ ਦਿਲ ਛੱਡਦੇ ਹੋ ਅਜੇ ਤਾਂ ਤੁਸੀਂ ਕਈ ਨੌਜਵਾਨਾਂ ਵਿਚ ਊਰਜਾ ਭਰਨੀ ਹੈ। ਅਜੇ ਤੁਸੀਂ ਤੁਹਾਡੇ 'ਤੇ ਜੋ ਫਿਲਮ ਬਣ ਰਹੀਂ ਹੈ ਉਸ ਵਿਚ ਤੁਸੀਂ ਮੇਨ ਕਿਰਦਾਰ ਦਾ ਰੌਲ ਨਿਭਾਉਣਾ ਹੈ, ਬਾਬਾ ਹੱਸਦਾ ਕਹਿਣ ਲੱਗਿਆ ਉਪਰ ਆਲੇ ਨੂੰ ਮਨਜ਼ੂਰ ਹੋਇਆ ਤਾਂ ਹੋਜੂ ਨਹੀਂ ਤਾਂ ਫਿਰ ਜਾਣਾ ਤਾਂ ਹੈਗਾ ਹੀ ਹੈ, ਇੰਨੀ ਗੱਲ ਕਹਿ ਕੇ ਚੁੱਪ ਹੋ ਗਿਆ ਤੇ ਮੈਂ ਬਾਬੇ ਦੀ ਚਿੱਟੀ ਪੱਗ ਤੇ ਚਿੱਟੀ ਦਾਹੜੀ ਨੂੰ ਨਿਹਾਰਦਾ ਹੋਇਆ ਫਤਿਹ ਬੁਲਾ ਤੁਰ ਪਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ