BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਕਾਮਰੇਡ ਡਾਕਟਰ ਸ਼ੇਰ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ

June 17, 2021 11:58 AM

ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਕਾਮਰੇਡ ਡਾਕਟਰ ਸ਼ੇਰ ਸਿੰਘ ਦਾ ਜਨਮ 20-08-1933 ਨੂੰ ਹੋਇਆ ਅਤੇ ਉਹ ਮਿਤੀ 03-06-2021 ਨੂੰ ਇੱਕ ਦੁਰਘਟਨਾ (ਐਕਸੀਡੈਂਟ) ਦਾ ਸ਼ਿਕਾਰ ਹੋਣ ਕਾਰਨ ਸਦੀਵੀ ਵਿਛੋੜਾ ਗਏ । ਡਾ. ਸ਼ੇਰ ਸਿੰਘ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਖੱਬੇ ਪੱਖੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋ ਗਏ ਸਨ ਅਤੇ 1955 ਵਿਚ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿੱਪ ਪ੍ਰਾਪਤ ਕਰ ਲਈ ਸੀ। ਡਾ. ਸ਼ੇਰ ਸਿੰਘ ਐਮਬੀਬੀਐਸ ਕਰਨ ਉਪਰੰਤ ਸਰਕਾਰੀ ਨੌਕਰੀ ਵਿੱਚ ਚਲੇ ਗਏ ਸਨ । ਸਰਕਾਰੀ ਨੌਕਰੀ ਕਰਦਿਆਂ ਵੀ ਪਾਰਟੀ ਵਿੱਚ ਡਾਕਟਰਾਂ ਦੀ ਜਥੇਬੰਦੀ ’ਚ ਕੰਮ ਕਰਦਿਆਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ।
ਇਕ ਸਮੇਂ ਡਾਕਟਰ ਸ਼ੇਰ ਸਿੰਘ ਨੇ ਸਰਕਾਰੀ ਨੌਕਰੀ ਤੋਂ ਤਿਆਗ-ਪੱਤਰ ਦੇ ਦਿੱਤਾ ਅਤੇ ਪ੍ਰਾਈਵੇਟ ਕਲੀਨਿਕ ਸ਼ੁਰੂ ਕਰ ਲਿਆ ਅਤੇ ਆਪ ਨੇ ਪਾਰਟੀ ਸਰਗਰਮੀਆਂ ਵਿੱਚ ਵੀ ਵੱਧ-ਚੜ੍ਹ ਕੇੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਮਿਊਨਿਸਟ ਪਾਰਟੀ ਵਿਚ ਵਿਚਾਰਧਾਰਕ ਮੁੱਦਿਆਂ ’ਤੇ ਵੰਡ ਹੋਣ ਸਮੇਂ ਆਪ ਨੇ 1964 ਵਿੱਚ ਸੀਪੀਆਈ (ਐਮ) ਵਿੱਚ ਸ਼ਾਮਲ ਹੋ ਕੇ ਮਜ਼ਦੂਰ ਜਮਾਤ ਦੀ ਬੰਦਖਲਾਸੀ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ । ਦੇਸ਼ ਅੰਦਰ ਐਮਰਜੈਂਸੀ ਦੇ ਕਾਲੇ ਦੌਰ ਅੰਦਰ ਜਦੋਂ ਇੰਦਰਾ ਗਾਂਧੀ ਵਲੋਂ ਲੋਕਾਂ ਦੇ ਜਮਹੂਰੀ ਹੱਕਾਂ ਉਪਰ ਹਮਲਾ ਬੋਲਿਆ ਗਿਆ ਤਾਂ ਸੀਪੀਆਈ (ਐਮ) ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ ਸੀ । ਡਾ. ਸ਼ੇਰ ਸਿੰਘ ਵਲੋਂ ਇਸ ਸਮੇਂ ਵੀ ਆਪਣੀ ਭੂਮਿਕਾ ਅਦਾ ਕੀਤੀ ਗਈ । ਜਦੋਂਂ ਕਮਿਊਨਿਸਟ ਲਹਿਰ ’ਚ ਖੱਬੇ ਕੁਰਾਹੇ ਖ਼ਿਲਾਫ਼, ਨਕਸਲਾਇਟ ਉਭਾਰ ਸਮੇਂ, ਸੀਪੀਆਈ (ਐਮ) ਨੇ ਦ੍ਰਿੜਤਾ ਨਾਲ ਸੰਘਰਸ਼ ਕੀਤਾ, ਉਸ ਸਮੇਂ ਵੀ ਡਾਕਟਰ ਸ਼ੇਰ ਸਿੰਘ ਨੇ ਮਾਅਰਕੇਬਾਜ਼ੀ ਵਿਰੁੱਧ ਡਟ ਕੇ ਵਿਚਾਰਧਾਰਕ ਤੇ ਜਥੇਬੰਦਕ ਲੜਾਈ ਲੜੀ ।
ਪੰਜਾਬ ਅੰਦਰ ਅੱਤਵਾਦ-ਵੱਖਵਾਦ ਦੇ ਕਾਲੇ ਦੌਰ ਸਮੇਂ ਵੀ ਦਹਿਸ਼ਤ ਵਿਰੁੱਧ ਜੋ ਸੀਪੀਆਈ (ਐਮ) ਨੇ ਵਿਚਾਰਧਾਰਕ ਜੰਗ ਲੜੀ ਉਸ ਵਿਚ ਪਾਰਟੀ ਦੀ ਸਮਝਦਾਰੀ ਨੂੰ ਲੋਕਾਂ ਅੰਦਰ ਪ੍ਰਚਾਰਨ ਵਿੱਚ ਡਾ. ਸ਼ੇਰ ਸਿੰਘ ਨੇ ਆਗੂ ਦਾ ਰੋਲ ਅਦਾ ਕੀਤਾ । ਇਸ ਸਮੇਂ ਦੌਰਾਨ ਕਮਿਊਨਿਸਟਾਂ ਦੇ ਤਿੰਨ ਸੌ ਦੇ ਕਰੀਬ ਸਾਥੀਆਂ ਦੀਆਂ ਸ਼ਹਾਦਤਾਂ ਵੀ ਹੋਈਆਂ, ਪਰੰਤੂ ਪੰਜਾਬ ਵਿੱਚ ਅਮਨ-ਸ਼ਾਂਤੀ ਦੀ ਬਹਾਲੀ ਵਾਸਤੇ ਅਤੇ ਦਹਿਸ਼ਤਗਰਦਾਂ ਨੂੰ ਲੋਕਾਂ ’ਚੋਂ ਅਲੱਗ-ਥਲੱਗ ਕਰਨ ਵਾਸਤੇ ਜੋ ਪਾਰਟੀ ਵਲੋਂ ਵਿਚਾਰਧਾਰਕ ਸੰਘਰਸ਼ ਸਪੱਸ਼ਟਤਾ ਅਤੇ ਦ੍ਰਿੜਤਾ ਪੂਰਵਕ ਲੜਿਆ ਗਿਆ ਉਸ ਵਿਚ ਵੀ ਡਾ. ਸ਼ੇਰ ਸਿੰਘ ਨੇ ਬੇਕਿਰਕੀ ਨਾਲ ਸੰਘਰਸ਼ ਵਿਚ ਯੋਗਦਾਨ ਪਾਉਂਦਿਆਂ ਹੋਇਆਂ ਪਾਰਟੀ ਸਾਥੀਆਂ ਦੀ ਹੌਸਲੇ ਨਾਲ ਅਗਵਾਈ ਕੀਤੀ। ਇਸ ਦੌਰ ਤੋਂ ਬਾਅਦ ਕੁੱਝ ਕੁਰਸੀ ਦੇ ਲਾਲਚੀ ਲੋਕਾਂ ਵਲੋਂ ਪਾਰਟੀ ਨੂੰ ਤੋੜਨ ਦੇ ਯਤਨ, ਜੋ 1998 ਤੋਂ ਸ਼ੁਰੂ ਕੀਤੇ ਗਏ ਸਨ, ਅਤੇ ਪਾਰਟੀ ਤੋਂ ਇਸ ਫੁੱਟਪਾਊ ਟੋਲੇ ਦੇ 2001 ਵਿੱਚ ਅਲੱਗ ਹੋ ਜਾਣ ਤੱਕ ਦੇ ਸਮੇਂ ਵਿਚ ਵੀ ਡਾ. ਸ਼ੇਰ ਸਿੰਘ ਨੇ ਦ੍ਰਿੜਤਾ ਪੂਰਬਕ ਪਾਰਟੀ ਦੀ ਰਾਖੀ ਕਰਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਕਾਮਰੇਡ ਡਾਕਟਰ ਸ਼ੇਰ ਸਿੰਘ, ਕਾਮਰੇਡ ਰਤਨ ਸਿੰਘ ਹੈਬਤਪੁਰ ਹੋਰਾਂ ਦੇ ਨਜ਼ਦੀਕੀ ਸਾਥੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਪਾਰਟੀ ਨੂੰ ਦਾਨ ਕਰ ਦਿੱਤੀ, ਜੋ ਕਿ ਡੇਰਾਬੱਸੀ ਵਿਖੇ ਹੈ। ਇਸ ਜਾਇਦਾਦ ਲਈ ਕਾਮਰੇਡ ਰਤਨ ਸਿੰਘ ਹੋਰਾਂ ਦੇ ਜਿਊਂਦੇ ਜੀ ਟਰੱਸਟ ਦਾ ਗਠਨ ਕੀਤਾ ਗਿਆ।
ਉਸ ਟਰੱਸਟ ਦੀ ਡੀਡ ਬਣਾਉਣ ਵਿੱਚ ਡਾ. ਸ਼ੇਰ ਸਿੰਘ ਹੋਰਾਂ ਦੀ ਹੀ ਮੁੱਖ ਭੂਮਿਕਾ ਰਹੀ ਅਤੇ ਕਾਮਰੇਡ ਰਤਨ ਸਿੰਘ ਟਰੱਸਟ ਡੇਰਾਬੱਸੀ ਦੇ ਆਪਣੇ ਅੰਤਿਮ ਸਾਹਾਂ ਤੱਕ ਪ੍ਰਧਾਨ ਦੇ ਅਹੁਦੇ ’ਤੇ ਰਹੇ। ਇਸ ਟਰੱਸਟ ਨੂੰ ਪਾਰਟੀ ਵਿਦਿਆ ਦੇ ਕੇਂਦਰ ਵਜੋਂ ਵਿਕਸਤ ਕੀਤਾ ਗਿਆ ਅਤੇ ਹਰ ਸਾਲ ਟਰੱਸਟ ਵਲੋਂ ਕਾਮਰੇਡ ਰਤਨ ਸਿੰਘ ਅਤੇ ਹੋਰ ਉਘੇ ਕਮਿਊਨਿਸਟਾਂ ਦੀ ਸਾਂਝੀ ਬਰਸੀ ਡੇਰਾਬੱਸੀ ਵਿਖੇ ਡਾ. ਸ਼ੇਰ ਸਿੰਘ ਦੀ ਅਗਵਾਈ ਵਿੱਚ ਮਨਾਈ ਜਾਂਦੀ ਰਹੀ ਹੈ। ਡਾ.ਸ਼ੇਰ ਸਿੰਘ ਸੀਪੀਆਈ (ਐਮ) ਚੰਡੀਗੜ੍ਹ-ਮੋਹਾਲੀ ਜ਼ਿਲ੍ਹਾ ਕਮੇਟੀ ਦੇ ਸਕੱਤਰੇਤ ਮੈਂਬਰ ਵੀ ਸਨ।
ਕਾਮਰੇਡ ਡਾ. ਸ਼ੇਰ ਸਿੰਘ ਹੋਰਾਂ ਦਾ ਅਚਾਨਕ ਸਦੀਵੀ ਵਿਛੋੜਾ, ਜਿਥੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਾਸਤੇ ਬਹੁਤ ਹੀ ਦੁੱਖਦਾਈ ਅਤੇ ਨਾ ਪੂਰਨਯੋਗ ਘਾਟਾ ਹੈ, ਉਥੇ ਸੀਪੀਆਈ. (ਐਮ) ਨੇ ਫਿਰਕੂ, ਫਾਸ਼ੀਵਾਦੀ ਅਤੇ ਵੰਡਪਾਊ ਸ਼ਕਤੀਆਂ ਵਿਰੁੱਧ ਚਲ ਰਹੇ ਵਰਤਮਾਨ ਸੰਘਰਸ਼ ’ਚ ਆਪਣਾ ਇੱਕ ਪਰਪੱਕ ਮਾਰਕਸਵਾਦੀ ਆਗੂ ਗੁਆ ਲਿਆ ਹੈ ਜਿਸ ਨਾਲ ਸਮੁੱਚੀ ਕਮਿਊਨਿਸਟ ਲਹਿਰ ਨੂੰ ਨੁਕਸਾਨ ਪੁੱਜਾ ਹੈ ।
ਮੈਂ ਸੀਪੀਆਈ (ਐਮ) ਦੀ ਪੰਜਾਬ ਰਾਜ ਕਮੇਟੀ ਵੱਲੋਂ ਕਾਮਰੇਡ ਡਾ. ਸ਼ੇਰ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਸਮੁੱਚੀ ਪਾਰਟੀ ਨੂੰ ਅਤੇ ਪਾਰਟੀ ਹਮਦਰਦਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਮਰੇਡ ਡਾ. ਸ਼ੇਰ ਸਿੰਘ ਦੇ ਸਦੀਵੀ ਵਿਛੋੜੇ ਕਾਰਨ ਹੋਏ ਨੁਕਸਾਨ ਨੂੰ ਪੂਰਨ ਵਾਸਤੇ, ਫਿਰਕਾਪ੍ਰਸਤੀ, ਵੰਡਵਾਦੀ ਸ਼ਕਤੀਆਂ, ਹਿੰਦੂਤਵ ਏਜੰਡੇ ’ਤੇ ਕੰਮ ਕਰ ਰਹੀ ਸਰਕਾਰ ਤੇ ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਵਿਰੁੱਧ ਅਤੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੀ ਮਜ਼ਬੂਤੀ ਵਾਸਤੇ ਵਧ-ਚੜ੍ਹ ਕੇ ਯੋਗਦਾਨ ਪਾਉਣ। ਇਹ ਹੀ ਸਾਥੀ ਡਾ. ਸ਼ੇਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਆਓ ਆਪਾਂ ਸਾਰੇ ਕਾਮਰੇਡ ਡਾ. ਸ਼ੇਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਉਨ੍ਹਾਂ ਦੇ ਜੱਦੀ ਘਰ ਲਖਨੌਰ ਵਿਖੇ ਮਿਤੀ 17-06-2021 ਨੂੰ ਠੀਕ 12 ਵਜੇ ਤੋਂ 1 ਵਜੇ ਤੱਕ ਸ਼ਰਧਾਂਜਲੀ ਦੇਣ ਪਹੁੰਚੀਏ।
                                                                                                           ਸੂਬਾ ਸਕੱਤਰ, ਸੀ.ਪੀ.ਆਈ. (ਐਮ) ਪੰਜਾਬ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ