BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਲੇਖ

ਸਿਆਸਤਦਾਨ ਬਨਾਮ ਨੌਕਰਸ਼ਾਹੀ

June 22, 2021 11:27 AM

ਰਾਜਿੰਦਰ ਪਾਲ ਸ਼ਰਮਾ

ਲੋਕਰਾਜ ਵਿੱਚ ਸਿਆਸਤਦਾਨਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਹੋਰ ਤਾਂ ਹੋਰ ਸਿਆਸਤਦਾਨਾਂ ਬਗ਼ੈਰ ਲੋਕਰਾਜ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਨੌਕਰਸ਼ਾਹੀ (ਅਧਿਕਾਰੀ ਤੇ ਕਰਮਚਾਰੀ) ਵੀ ਹਰ ਰਾਜ ਪ੍ਰਬੰਧ ਦਾ ਅਟੁੱਟ ਅੰਗ ਹੁੰਦੀ ਹੈ। ਇਨ੍ਹਾਂ ਦੋਨਾਂ ਦਾ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਹੈ ਸਿਆਸਤਦਾਨ ਨੀਤੀ ਜਾਂ ਪਾਲਿਸੀ ਬਣਾਉਂਦੇ ਹਨ ਤੇ ਇਸ ਨੂੰ ਲਾਗੂ ਕਰਨਾ ਨੌਕਰਸ਼ਾਹੀ ਦਾ ਕੰਮ ਹੁੰਦਾ ਹੈ। ਦੋਨਾਂ ਦਾ ਰਿਸ਼ਤਾ ਮਾਲਕ ਤੇ ਮੈਨੇਜਰ ਵਾਂਗ ਹੁੰਦਾ ਹੈ। ਮੈਨੇਜਰ ਕੰਮ ਦੀ ਮੁਹਾਰਤ ਰੱਖਦਾ ਹੁੰਦਾ ਹੈ ਤੇ ਸਿਆਸਤਦਾਨ ਲੋਕਭਲਾਈ ਦੇ ਕੰਮ ਕਰਵਾਉਣ ਲਈ ਨੀਤੀ ਉਲੀਕਦਾ ਹੈ। ਤਕਨੀਕੀ ਤੌਰ ’ਤੇ ਸਿਆਸਤਦਾਨ ਮਾਹਿਰ ਨਹੀਂ ਹੁੰਦਾ। ਇਸੇ ਕਾਰਨ ਸਿਆਸਤਦਾਨ ਦਾ ਬਹੁਤਾ ਦਖ਼ਲ (ਟੋਕਾ-ਟਾਕੀ) ਚੰਗਾ ਨਹੀਂ ਸਮਝਿਆ ਜਾਂਦਾ। ਨੌਕਰਸ਼ਾਹੀ ਦੇ ਭ੍ਰਿਸ਼ਟ ਹੋਣ ਪ੍ਰਤੀ ਸਿਆਸਤਦਾਨਾਂ ਨੂੰ ਜ਼ਰੂਰ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਜਨਤਾ ਤੱਕ ਕੀਤੇ ਕੰਮਾਂ ਦਾ ਲਾਭ ਪਹੁੰਚੇ।
ਸਾਡੇ ਪਿਛਲੇ ਕੁਝ ਸਮੇਂ ਤੋਂ ਸਿਆਸੀ ਦਖ਼ਲਅੰਦਾਜ਼ੀ ਯੋਗ ਹੱਦ ਤੋਂ ਕਾਫ਼ੀ ਵੱਧ ਗਈ ਹੈ। ਵਿਰੋਧੀਆਂ ਨੂੰ ਫਸਾਉਣਾ ਤੇ ਬੇਇੱਜਤ ਕਰਨਾ ਆਮ ਚੱਲਣ ਲੱਗ ਪਿਆ ਹੈ। ਇਹ ਸਾਰੀ ਗੰਦੀ ਖੇਡ ਨੌਕਰਸ਼ਾਹੀ ਤੋਂ ਕਰਾਈ ਜਾਂਦੀ ਹੈ। ਜਿਹੜੇ ਅਫ਼ਸਰ ਜਾਂ ਮੁਲਾਜ਼ਮ ਗਲਤ ਕੰਮ ਕਰਨ ਤੋਂ ਪਰਹੇਜ ਕਰਦੇ ਹਨ ਉਨ੍ਹਾਂ ਦੀ ਬਦਲੀ (ਉਹ ਵੀ ਨਕੰਮੀ ਥਾਂ ’ਤੇ) ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਆਨੇ-ਬਹਾਨੇ ਮੁਅੱਤਲ ਵੀ ਕਰ ਦਿੱਤੇ ਜਾਂਦੇ ਹਨ। ਗਿਣਤੀ ਦੇ ਸੁੱਘੜ ਤੇ ਸਿਆਣੇ ਸਿਆਸਤਦਾਨ ਵੀ ਮਿਲਦੇ ਹਨ ਪਰ ਸਮੁੱਚੇ ਤੌਰ ’ਤੇ ਹਉਮੈਗ੍ਰਸਤ ਹੀ ਜ਼ਿਆਦਾ ਹਨ। ਅਫ਼ਸਰਾਂ ਨੂੰ ‘ਤੂੰ ਤੂੰ ਕਹਿਕੇ ਬਲਾਉਣਾ’ ਤੇ ਜਨਤਕ ਤੌਰ ’ਤੇ ਜ਼ਲੀਲ ਕਰਨਾ ਆਮ ਚੱਲਦਾ ਹੈ। ਬੋਲ-ਬਾਣੀ ਸੁਲਝੀ ਤੇ ਚੱਝ ਦੀ ਹੀ ਸੱਜਦੀ ਹੈ। ਹਾਂ, ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਸਜਾ ਜ਼ਰੂਰ ਦੇਣੀ ਚਾਹੀਦੀ ਹੈ। ਉਰਦੂ ਦਾ ਸ਼ੇਅਰ ‘ਹਰ ਬਾਤ ਪੇ ਕਹਿਤੇ ਹੋ ਤੂ ਕਿਆ ਹੈ, ਤੁਮਹੀ ਕਹੋ ਯਹ ਅੰਦਾਜ਼ੇ ਗੁਪਤਗੂ ਕਿਆ ਹੈ’ ਇਸ ਕੁਤਾਹੀ ਤੇ ਭੈੜ ਨੂੰ ਸਪੱਸ਼ਟ ਕਰਦਾ ਹੈ। ਬੋਲਚਾਲ ਵਿੱਚ ਆਪ ਜਾਂ ਤੁਸੀਂ ਜੱਚਦਾ ਹੈ ਤੇ ਉਜੱਡਾਂ ਵਾਂਗ ਤੂੰ ਤੂੰ ਜਾਂ ਓਏ ਓਏ ਨਿੰਦਣਯੋਗ ਹੈ।
ਸਿਆਸਤਦਾਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਮੁਲਾਜ਼ਮ ਜਾਂ ਅਫ਼ਸਰ ਪੜ੍ਹੇ ਲਿਖੇ ਹੁੰਦੇ ਹਨ ਤੇ ‘ਤੂੰ ਤੂੰ’ ਨਾਲ ਉਹ ਤਕਲੀਫ਼ ਮਹਿਸੂਸ ਕਰਦੇ ਹਨ ਚਾਹੇ ਨੌਕਰੀ ਦੀ ਮਜ਼ਬੂਰੀ ਸਦਕਾ ਅੱਗੋਂ ਕੁਝ ਨਹੀਂ ਕਹਿੰਦੇ ਪਰ ਉਨ੍ਹਾਂ ਨੂੰ ਠੇਸ ਜ਼ਰੂਰ ਲੱਗਦੀ ਹੈ। ਸੋ ਸਿਆਸਤਦਾਨਾਂ ਨੂੰ ‘ਰਾਵਣ’ ਦੀ ਰੂਹ ਤੋਂ ਪਰੇ, ਰਹਿਣਾ ਚਾਹੀਦਾ ਹੈ ਤੇ ਹਉਮੈਗ੍ਰਸਤ ਨਹੀਂ ਹੋਣਾ ਚਾਹੀਦਾ। ਇਥੇ ਇਹ ਵੀ ਸਪਸ਼ੱਟ ਕੀਤਾ ਜਾਂਦਾ ਹੈ ਕਿ ਸਿਆਸਤਦਾਨ ਚਾਹੇ ਕਿਸੇ ਪਾਰਟੀ ਨਾਲ ਸਬੰਧਤ ਹੋਣ ਬਹੁਤੇ ਹਉਮੈਗ੍ਰਸਤ ਮਿਲਦੇ ਹਨ। ਸੋ ਗੱਲ ਸਮੁੱਚੇ ਤੌਰ ’ਤੇ ਕੀਤੀ ਜਾ ਰਹੀ ਹੈ। ਨੇਮਾਂ ਦੀ ਉਲੰਘਣਾ ਇਹ ਲੋਕ (ਬਲਕਿ ਇਨ੍ਹਾਂ ਦੇ ਚਮਚੇ ਵੀ) ਆਮ ਕਰਦੇ ਹਨ। ਕੋਰੋਨਾ ਦੌਰ ’ਚ ਹੀ ਅਨੇਕ ਵਾਰ ਇਨ੍ਹਾ ਦੇ ਇਕੱਠ ਕਰਕੇ ਟੱਪਣ ਨੱਚਣ ਦੇ ਸੀਨ ਚਰਚਾ ਦਾ ਵਿਸ਼ਾ ਬਣੇ ਹਨ।
ਬੜੀ ਸੰਤੁਸ਼ਟੀ ਹੈ ਕਿ ਸਾਡੇ ਲੋਕ ਰਾਜ ਪੱਕੇ ਪੈਰੀ ਹੋ ਗਿਆ ਹੈ। ਪਰ ਅਜੇ ਇਸ ਵਿੱਚ ਅਨੇਕ ਘਾਟਾਂ ਹਨ। ਇੰਗਲੈਂਡ, ਅਮਰੀਕਾ ਆਦਿ ਵਿਖੇ ਵਿਧਾਇਕ ਤੇ ਵਜ਼ੀਰ ਆਮ ਨਿਯਮ ਦੀ ਪਾਲਣਾ ਕਰਦੇ ਹਨ। ਬੋਲ-ਬਾਣੀ ਵੀ ਉਨ੍ਹਾਂ ਦੀ ਸ਼ਲਾਘਾਯੋਗ ਹੁੰਦੀ ਹੈ। ਨਿਯਮ ਜਾਂ ਕਾਨੂੰਨ ਉਨ੍ਹਾਂ ਦੇ ਬੱਚਿਆਂ ਦੇ ਫਟ ਲਾਗੂ ਹੋ ਜਾਂਦਾ ਹੈ। ਚਮਚਾਗਿਰੀ ਦਾ ਸੱਭਿਆਚਾਰ ਪੈਦਾ ਹੀ ਨਹੀਂ ਹੁੰਦਾ। ਸਾਡੇ ਤਾਂ ਜੇ ਕੋਈ ਮੁਲਾਜ਼ਮ ਕਿਸੇ ਗਲਤੀ ਕਰਨ ਵਾਲੇ ਨੂੰ ਰੋਕਦਾ ਹੈ ਤਾਂ ਫੌਰਨ ਸੱਤਾਧਾਰੀ ਸਿਆਸਤਦਾਨ ਦਾ ਫੋਨ ਆ ਜਾਂਦਾ ਹੈ। ਨਤੀਜੇ ਵੱਜੋਂ ਸਾਡੇ ਯੋਗ ਤੇ ਨੇਕ ਅਫ਼ਸਰਾਂ ਦੇ ਮਨੋਬਲ ਹੀ ਡਿੱਗ ਰਹੇ ਹਨ। ਸੋ ਸਿਆਸਤਦਾਨ ਦੀ ‘ਧੌਂਸ ਉਰਫ਼ ਧੱਕਾ’ ਸਾਡੇ ਗੰਭੀਰ ਸਮੱਸਿਆ ਬਣੀ ਜਾ ਰਹੀ ਹੈ। ਇਸ ਪ੍ਰਤੀ ਸਾਰੇ ਸੂਝਵਾਨ ਲੋਕਾਂ ਨੂੰ ਤੇ ਵਿਸ਼ੇਸ਼ ਕਰਕੇ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਤੇ ਹਉਮੈਗ੍ਰਸਤ ਹੋਣ ਤੋਂ ਬਚਣਾ ਚਾਹੀਦਾ ਹੈ।
ਲੋਕਰਾਜ ਵਿੱਚ ਸੱਤਾਧਾਰੀ ਸਿਆਸਤਦਾਨ ਕੁਝ ਸਮੇਂ ਦੇ ਰਾਜੇ ਹੁੰਦੇ ਹਨ ਕਿਉਂਕਿ ਚੋਣਾਂ ’ਚ ਸੱਤਾ ’ਚ ਤਬਦੀਲੀ ਆ ਜਾਂਦੀ ਹੈ। ਪਰ ‘ਯਥਾ ਰਾਜਾ ਤਥਾ ਪਰਜਾ’ ਅਨੁਸਾਰ ਸਿਆਸਤਦਾਨਾਂ ਦੇ ਕਿਰਦਾਰ ਨਮੂਨੇ ਦੇ ਹੋਣੇ ਚਾਹੀਦੇ ਹਨ। ਕਾਨੂੰਨ ਦੀ ਸਰਵਉੱਚਤਾ ਸਥਾਪਿਤ ਹੋਣੀ ਜ਼ਰੂਰੀ ਹੈ। ਭਾਵ ਹਰੇਕ ਕਾਨੂੰਨ ਦਾ ਸਤਿਕਾਰ ਕਰੇ ਤੇ ਮਨਮਰਜ਼ੀ ਖ਼ਤਮ ਹੋਵੇ। ਹਾਂ , ਗ਼ੈਰਕਾਨੂੰਨੀ ਕੰਮ (ਰਿਸ਼ਵਤਖੋਰੀ, ਧੱਕਾ ਆਦਿ) ਨੂੰ ਸਜ਼ਾ ਜ਼ਰੂਰ ਮਿਲੇ। ਸੋ ਸਾਡੇ ਸੱਤਾਧਾਰੀ ਸਿਆਸਦਾਨਾਂ ਨੂੰ ਵਿਸ਼ੇਸ਼ ਕਰਕੇ ਨੌਕਰਸ਼ਾਹੀ ਤੋਂ ਗਲਤ ਕੰਮ ਨਹੀਂ ਕਰਵਾਉਣੇ ਚਾਹੀਦੇ । ਦਖ਼ਲਅੰਦਾਜ਼ੀ ਕੋਈ ਮਾੜੀ ਨਹੀਂ ਪਰ ਠੀਕ ਕੰਮ ਕਰਵਾਉਣ ਲਈ ਹੋਣੀ ਚਾਹੀਦੀ ਹੈ ਨਾ ਕਿ ਗਲਤ ਕੰਮ ਕਰਵਾਉਣ ਖਾਤਰ। ਉਸ ਦਿਨ ਦੀ ਉਡੀਕ ਕਰਦੇ ਹਾਂ ਜਦੋਂ ਸਾਡਾ ਲੋਕਰਾਜ ਇਨ੍ਹਾਂ ਭੈੜਾਂ ਤੋਂ ਮੁਕਤ ਹੋ ਜਾਵੇਗਾ ਤੇ ਕਮਜ਼ੋਰ ਤੋਂ ਕਮਜ਼ੋਰ (ਬਲਕਿ ਹਰੇਕ) ਨੂੰ ਇਨਸਾਫ਼ ਮਿਲੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ