BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

‘‘ਆ ਗਏ ਕਾਲੇ ਈ ਕਾਲੇ ਰਾਅ’’ ਦੇ ਹੁਣ ਵਿਸਰ ਗਏ ਚਾਅ

June 28, 2021 11:42 AM

ਬਹਾਦਰ ਸਿੰਘ ਗੋਸਲ

ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਕੋਈ ਪੰਜਾਬ ’ਚੋਂ (ਖਰੜ ਵਾਲੇ ਪਾਸਿਓਂ) ਚੰਡੀਗੜ੍ਹ ਆਉਂਦਾ ਤਾਂ ਨਦੀ ਦਾ ਪੁਲ ਪਾਰ ਕਰਦੇ ਹੀ ਪੁਰਾਣੀ ਖਰੜ-ਕਾਲਕਾ ਸੜਕ ’ਤੇ ਲੱਗੇ ਜਾਮਣਾਂ ਦੇ ਵੱਡੇ-ਵੱਡੇ ਰੁੱਖਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਸੀ। ਖਾਸ ਕਰਕੇ ਮੁਹਾਲੀ ਦੇ ਪਿੰਡ ਕੋਲ ਤਾਂ ਸੜਕ ’ਤੇ ਇਹ ਰੁੱਖ ਦੇਖਣਯੋਗ ਹੁੰਦੇ ਸਨ। ਜਦੋ ਜੂਨ-ਜੁਲਾਈ ਦੇ ਮਹੀਨੇ ਕੋਈ ਇਸ ਸੜਕ ’ਤੇ ਆਉਂਦਾ ਤਾਂ ਉਹ ਚੰਡੀਗੜ੍ਹ ਦੇ ਬਜਵਾੜਾ ਚੌਂਕ ਤੱਕ ਜਾਮਣਾਂ ਦੇ ਰੁੱਖਾਂ ’ਤੇ ਲੱਗੀਆਂ ਮਣਾ-ਮੂੰਹੀ ਜਾਮਣਾਂ ਦੇਖ ਕੁਦਰਤ ਦੀ ਦੇਣ ਲਈ ਖੂਬ ਅਚੰਬੇ ਵਿੱਚ ਪੈ ਜਾਂਦਾ।
ਇਸ ਸੜਕ ’ਤੇ ਦੋਵੇਂ ਪਾਸੇ ਲੱਗੇ ਜਾਮਣਾਂ ਦੇ ਵੱਡੇ-ਵੱਡੇ ਰੁੱਖ, ਕਾਲੀਆਂ, ਮੋਟੀਆਂ ਅਤੇ ਰਸ ਭਰੀਆਂ ਜਾਮਣਾਂ ਹਰ ਇਕ ਦੇ ਮਨ ਨੂੰ ਲਲਚਾ ਦੇਂਦੀਆਂ। ਲੋਕ ਅਤੇ ਇਲਾਕੇ ਦੇ ਬੱਚੇ ਹੇਠ ਡਿਗਦੀਆਂ ਖੱਟੀਆਂ-ਮਿੱਠੀਆਂ ਜਾਮਣਾਂ ਦਾ ਚੁਣ-ਚੁਣ ਕੇ ਅਨੰਦ ਲੈਂਦੇ। ਬੱਚੇ ਤਾਂ ਖੇਡਦੇ-ਖੇਡਦੇ ਹੀ ਜਾਮਣਾਂ ਨਾਲ ਪੱਲੇ ਭਰ ਲੈਂਦੇ। ਉਨ੍ਹਾਂ ਦੇ ਭਾਅ ਦਾ ਮੌਸਮ ਵਿੱਚ ਜਾਮਣਾਂ ਦਾ ਜਗ ਲੱਗ ਜਾਂਦਾ। ਸੜਕਾਂ ਦੇ ਨਾਲ ਲਗਦੇ ਪਿੰਡਾਂ ਵਿੱਚ, ਹਰ ਘਰ ਵਿੱਚ ਜਾਮਣਾਂ ਪਈਆਂ ਮਿਲ ਜਾਂਦੀਆਂ। ਪਰ ਕਿਉਂਕਿ ਸੜਕ ਬਹੁਤ ਚਲਦੀ ਸੀ ਅਤੇ ਲੋਕਾਂ ਦਾ ਚੰਡੀਗੜ੍ਹ ਆਉਣਾ-ਜਾਣਾ ਬਣਿਆ ਹੀ ਰਹਿੰਦਾ ਸੀ। ਖਾਸ ਕਰਕੇ ਢਾਹੇ ਦੇ ਇਲਾਕੇ ਤੋਂ ਆਉਂਦੇ ਲੋਕ ਤਾਂ ਇਨ੍ਹਾਂ ਜਾਮਣਾਂ ਦਾ ਖੂਬ ਅਨੰਦ ਲੈਂਦੇ ਅਤੇ ਵਾਪਸੀ ਪਰ ਬਹੁਤ ਸਾਰੀਆਂ ਜਾਮਣਾਂ ਖ੍ਰੀਦ ਕੇ ਵੀ ਲੈ ਜਾਂਦੇ।
ਇਸ ਤਰ੍ਹਾਂ ਜਾਮਣਾਂ ਦੇ ਮੌਸਮ ਵਿੱਚ ਜਾਮਣਾਂ ਵੇਚਣ ਵਾਲਿਆਂ ਦਾ ਧੰਦਾ ਵੀ ਖੂਬ ਚਲਦਾ। ਸੜਕ ਦੇ ਦੋਹੀ ਪਾਸੇ ਕਾਲੀਆਂ-ਕਾਲੀਆਂ ਜਾਮਣਾਂ ਦੇ ਢੇਰ ਲਗਾ ਕੇ ਅਨੇਕ ਆਦਮੀ-ਔਰਤਾਂ ਅਤੇ ਉਨ੍ਹਾਂ ਦੇ ਬੱਚੇ ਜਾਮਣਾਂ ਵੇਚਣ ਦਾ ਕੰਮ ਕਰਦੇ। ਉਹ ਉੱਚੀ-ਉੱਚੀ ਆਵਾਜ਼ ਵਿੱਚ ਜਾਮਣਾਂ ਵੇਚਣ ਦਾ ਹੋਕਾ ਦੇਂਦੇ ਹੋਏ ਵਧੀਆ-ਵਧੀਆ ਰਸ ਭਰੀਆਂ ਆਵਾਜ਼ਾਂ ਕੱਢਦੇ ਹੋਏ ਕਹਿੰਦੇ, ‘‘ਚਲਿਆ ਕਾਲੇ ਈ ਕਾਲੇ ਰਾਅ, ਚਲਿਆ ਕਾਲੇ ਕਾਲੇ ਰਾਅ,’’ ਇੰਝ ਲੱਗਦਾ ਸੀ ਕਿ ਰਸ ਭਰੀਆਂ ਮਿੱਠੀਆਂ ਜਾਮਣਾਂ ਵੇਚਦੇ-ਵੇਚਦੇ ਉਨ੍ਹਾਂ ਦੀਆਂ ਆਵਾਜ਼ਾਂ ਵੀ ਰਸ ਭਰੀਆਂ ਹੋ ਗਈਆਂ ਸਨ। ਦੂਰ-ਦੂਰ ਤੱਕ ਜਾਮਣਾਂ ਦੇ ਢੇਰ ਦੇਖ ਅਤੇ ਸੜਕ ਦੇ ਕਿਨਾਰੇ ਆਪਣੀਆਂ ਟੋਕਰੀਆਂ ਭਰੀ ਬੈਠੇ ਅਨੇਕ ਪਰਿਵਾਰਾਂ ਨੂੰ ਦੇਖ, ਰਸਤੇ ਵੀ ਕਾਲੇ-ਕਾਲੇ ਹੀ ਲਗਦੇ ਸਨ। ਸੜਕਾਂ ’ਤੇ ਡਿੱਗੀਆਂ ਅਤੇ ਟੁੱਟ ਚੁੱਕੀਆਂ ਜਾਮਣਾਂ ਨੂੰ ਤਾਂ ਕੋਈ ਚੁਕਦਾ ਨਹੀਂ ਸੀ। ਇਸ ਤਰ੍ਹਾਂ ਸੜਕਾਂ ਵੀ ਕਾਲੀਆਂ ਹੋਰ ਕਾਲੀਆਂ ਨਜ਼ਰ ਆਉਂਦੀਆਂ। ਸਮੇਂ ਅਤੇ ਵਾਤਾਵਰਣ ਦੇ ਅਨੁਸਾਰ ਉਨ੍ਹਾਂ ਦਾ ਕਾਲੇ-ਕਾਲੇ ਰਾਹ ਵਾਲਾ ਹੋਕਾ ਬਿਲਕੁਲ ਉਨ੍ਹਾਂ ਦੀ ਰੋਜ਼ੀ ਨਾਲ ਢੁਕਦਾ ਸੀ ਅਤੇ ਇਸ ਤਰ੍ਹਾਂ ਗ੍ਰਾਹਕ ਆਪਣੇ ਆਪ ਹੀ ਉਨ੍ਹਾਂ ਵੱਲ ਖਿੱਚੇ ਚਲੇ ਜਾਂਦੇ।
ਭਾਵੇਂ ਉਨ੍ਹਾਂ ਦਿਨਾਂ ਵਿੱਚ ਜਾਮਣਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਸਨ ਅਤੇ ਸਸਤੀਆਂ ਹੋਣ ਕਰਕੇ ਗ੍ਰਾਹਕ ਵੀ ਚੋਖਾ ਪੈਂਦਾ ਸੀ। 2-3 ਰੁਪਏ ਵਿੱਚ ਕਿੱਲੋ ਜਾਮਣਾਂ ਵੇਚਣ ਵਾਲੇ ਆਮ ਦੇ ਦੇਂਦੇ ਸਨ। ਪਰ ਇਸ ਤਰ੍ਹਾਂ ਕਰਨ ਨਾਲ ਉਹ ਲੋਕ ਆਪਣੀ ਚੰਗੀ ਦਿਹਾੜੀ ਬਣਾ ਲੈਂਦੇ ਸਨ ਅਤੇ ਆਪਣੇ ਪਰਿਵਾਰ ਅਤੇ ਬੱਚਿਆਂ ਵਿੱਚ ਖੁਸ਼ ਰਹਿ ਕੇ ਚੰਗੀ ਰੋਟੀ ਖਾ ਲੈਂਦੇ ਸਨ।
ਅਜਿਹੀ ਸੋਚ ਵਾਲੇ ਲੋਕਾਂ ਪ੍ਰਤੀ ਸ਼ਰਧਾ ਵਲੋਂ ਸਿਰ ਵੀ ਆਪਣੇ ਆਪ ਹੀ ਝੁਕ ਜਾਂਦਾ ਸੀ। ਬਹੁਤ ਸਿਆਣੇ ਲੋਕ ਉਨ੍ਹਾਂ ਦੀ ਇਸ ਮਿਹਨਤ ਤੋਂ ਸਬਕ ਲੈ ਕੇ ਆਪ ਵੀ ਰੁੱਖ ਜਾਂ ਆਪਣੇ ਵਿਹੜੇ ਜਾਮਣ ਦਾ ਰੁੱਖ ਲਗਾਉਣ ਦਾ ਯਤਨ ਕਰਦੇ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਵੀ ਚੰਡੀਗੜ੍ਹ ਦੇ ਸੈਕਟਰਾਂ ਵਿੱਚ ਕਈ ਘਰਾਂ ਵਿੱਚ ਜਾਮਣ ਦੇ ਰੁੱਖ ਦੇਖਣ ਨੂੰ ਮਿਲ ਜਾਂਦੇ ਹਨ।
ਭਾਵੇਂ ਅੱਜ ਵੀ ਜਾਮਣਾਂ ਦੇ ਮੌਸਮ ਵਿੱਚ ਕਿਤੇ-ਕਿਤੇ ਜਾਮਣਾਂ ਵੇਚਣ ਵਾਲੇ ਦੇਖੇ ਜਾਂਦੇ ਹਨ ਪਰ ਪਤਾ ਨਹੀਂ ਉਹ ਜਾਮਣਾਂ ਕਿੱਥੋਂ ਦੂਰ-ਦੂਰ ਤੋਂ ਤੋੜ ਕੇ ਲਿਆਉਂਦੇ ਹੋਣਗੇ। ਜਾਮਣ ਦੇ ਫਲ ਨੂੰ ਤੋੜਨਾ ਅਤੇ ਉਸ ਦੀ ਸੰਭਾਲ ਕਰਨੀ ਵੀ ਕਾਫੀ ਸਮਝਦਾਰੀ ਦਾ ਕੰਮ ਹੈ। ਇਹੀ ਕਾਰਨ ਹੈ ਕਿ ਸਾਨੂੰ ਅੱਜ ਜਾਮਣਾਂ ਖਰੀਦਣ ਲਈ ਇੱਕ ਕਿੱਲੋ ਦੇ 100-125 ਰੁਪਏ ਦੇਣੇ ਪੈਂਦੇ ਹਨ। ਕਈ ਵਾਰ ਤਾਂ ਭਾਅ ਸੁਣ ਕੇ ਮਨ ਚੁਪ ਵੱਟ ਲੈਂਦਾ ਹੈ। ਫਿਰ ਯਾਦ ਕਰਦਾ ਹੈ ਉਨ੍ਹਾਂ ਕਾਲੇ-ਕਾਲੇ ਰਾਹਾਂ ਵਾਲੇ ਕਾਲੀਆਂ-ਕਾਲੀਆਂ ਜਾਮਣਾਂ ਦੇ ਲੱਗੇ ਢੇਰਾਂ ਨੂੰ। ਅੱਜ ਕੋਈ ਜਾਮਣਾਂ ਵੇਚਣ ਵਾਲਾ ਉਹ ‘‘ਚਲਿਆ ਕਾਲੇ ਈ ਕਾਲੇ ਰਾਅ’’ ਵਾਲੀ ਮਿੱਠੀ ਸੁਰ ਵੀ ਨਹੀਂ ਕੱਢਦਾ। ਕਿਉਂਕਿ ਜਾਮਣਾਂ ਦਾ ਮੁੱਲ ਸੁਣ ਕੇ ਉਨ੍ਹਾਂ ਪਾਸ ਕੋਈ-ਕੋਈ ਗਾਹਕ ਹੀ ਨਹੀਂ ਰੁਕਦਾ ਹੈ। ਸੜਕ ’ਤੇ ਲੱਗੇ ਮੁਹਾਲੀ ਪਿੰਡ ਵਾਲੇ ਉਹ ਸਾਰੇ ਵੱਡੇ-ਵੱਡੇ ਰੁੱਖ ਪਤਾ ਨਹੀਂ ਕਿੱਥੇ ਗਏ, ਕੁਝ ਸੁੱਕ ਕੇ ਢੈਅ-ਢੇਰੀ ਹੋ ਗਏ ਅਤੇ ਕੁਝ ਸਾਡੇ ਵਿਕਾਸ ਦੀ ਭੇਟ ਚੜ੍ਹ ਗਏ। ਉਸ ਸੜਕ ’ਤੇ ਕੋਈ ਵੀ ਨਵਾਂ ਜਾਮਣ ਦਾ ਰੁੱਖ ਲੱਗਿਆ ਨਜ਼ਰ ਨਹੀਂ ਆਉਂਦਾ। ਉਨ੍ਹਾਂ ਸਭ ਪੁਰਾਣੀਆਂ ਯਾਦਾਂ ਨੂੰ ਯਾਦ ਕਰਦਿਆਂ ਸਿਰਫ ਮਨ ਨੂੰ ਢਾਰਸ ਦੇਣ ਲਈ ਇੰਨਾ ਕੁ ਜ਼ਰੂਰ ਕਹੀਦਾ ਹੈ, ‘‘ਉਹ ਸਭ ਵਿਸਰੇ ਸਮੇਂ ਦੇ ਚਾਅ ਸਨ।’’ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜ਼ਿਆਦਾ ਵਿਕਾਸ ਦੇ ਚਾਅ ਵਿੱਚ ਮਨੁੱਖ ਕੁਦਰਤੀ ਤੋਹਫਿਆਂ ਤੋਂ ਬਹੁਤ ਦੂਰ ਜਾ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ