ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਹੁਣ ਤੱਕ ਬਲੈਕ ਫੰਗਸ (ਮਿਊਕੋਰਮਾਇਕੋਸਿਸ) ਦੇ 40,845 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ’ਚੋਂ 31,344 ਮਾਮਲੇ ਪ੍ਰਕਿਰਤੀ ’ਚ ਰਾਈਨੋਸੇਰੇਬ੍ਰੇਲ ਦੇ ਹਨ। ਰਾਈਨੋਸੇਰੇਬ੍ਰੇਲ ਮਿਊਕੋਰਮਾਇਕੋਸਿਸ ਸਾਈਨਸ, ਨੱਕ ਦੀ ਨਲੀ, ਮੂੰਹ ਅਤੇ ਦਿਮਾਗ ’ਚ ਫੰਗਸ ਕਾਰਨ ਹੋਣ ਵਾਲਾ ਦੁਰਲੱਭ ਪ੍ਰਕਾਰ ਦਾ ਲਾਗ ਹੈ। ਕੋਵਿਡ-19 ’ਤੇ ਉੱਚ ਪੱਧਰੀ ਮੰਤਰੀ ਸਮੂਹ ਦੀ 29ਵੀਂ ਮੀਟਿੰਗ ’ਚ ਹਰਸ਼ਵਰਧਨ ਨੇ ਮੈਂਬਰਾਂ ਨੂੰ ਦੱਸਿਆ ਕਿ ਇਸ ਬਿਮਾਰੀ ਨਾਲ ਹੁਣ ਤਕ 3129 ਲੋਕਾਂ ਦੀ ਮੌਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਬਲੈਕ ਫੰਗਸ ਨਾਲ ਇਨਫੈਕਟਿਡ ਹੋਣ ਵਾਲਿਆਂ ’ਚੋਂ 85.5 ਫੀਸਦੀ ਭਾਵ 34,940 ਲੋਕਾਂ ਨੂੰ ਕੋਰੋਨਾ ਹੋਇਆ ਸੀ, 64.11 ਫੀਸਦੀ ਭਾਵ 26,187 ਡਾਇਬਟੀਜ਼ ਤੋਂ ਪੀੜਤ ਸਨ ਅਤੇ 21,523 ਭਾਵ 52.69 ਫੀਸਦੀ ਲੋਕਾਂ ਨੂੰ ਲਾਗ ਦੌਰਾਨ ਸਟੇਰਾਇਡ ਦਿੱਤੇ ਗਏ ਸਨ।