BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਤਾਂ ਕਿ ਬਿਰਧਾਂ ਦਾ ਪੰਜਾਬ ਨਾ ਬਣ ਜਾਵੇ!

June 29, 2021 11:16 AM

ਅਸ਼ਵਨੀ ਚਤਰਥ

ਕੋਈ ਸਮਾਂ ਸੀ ਜਦ ਇਕੱਲੇ ਦੁਆਬਾ ਖੇਤਰ ਵਿੱਚੋਂ ਹੀ ਜ਼ਿਆਦਾਤਰ ਲੋਕ ਵਿਦੇਸ਼ਾਂ ਨੂੰ ਗਏ ਹੋਏ ਸਨ ਪਰ ਅੱਜ ਹਰ ਕੋਨੇ ਵਿੱਚ ਬੱਚਿਆਂ ਦੀ ਵਿਦੇਸ਼ਾਂ ਨੂੰ ਜਾਣ ਦੀ ਦੌੜ ਲੱਗੀ ਹੋਈ ਹੈ । ਹਾਲਤ ਇਹ ਹੈ ਕਿ ਪਿੰਡਾਂ, ਸ਼ਹਿਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਹਰ ਤੀਸਰੇ ਘਰ ਵਿੱਚ ਬੱਚੇ ਵਿਦੇਸ਼ਾਂ ਵਿੱਚ ਗਏ ਹੋਏ ਹਨ ਅਤੇ ਘਰ ਵਿੱਚ ਸਿਰਫ ਬਿਰਧ ਹੀ ਨਜ਼ਰ ਆਉਂਦੇ ਹਨ ਭਾਵ ਕਿ ਬਿਰਧ-ਆਸ਼ਰਮ ਜੋ ਪਹਿਲਾਂ ਕੇਵਲ ਸ਼ਹਿਰਾਂ ਵਿੱਚ ਹੀ ਕਿਤੇ-ਕਿਤੇ ਨਜ਼ਰ ਆਉਂਦੇ ਸਨ, ਅੱਜ ਹਰ ਘਰ ਬਿਰਧ-ਆਸ਼ਰਮ ਬਣਿਆ ਹੋਇਆ ਹੈ । ਹਾਲਤ ਇਹ ਹੋ ਗਈ ਹੈ ਕਿ ਗਰੀਬ ਜਾਂ ਮੱਧ-ਵਰਗ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ । ਅਜਿਹਾ ਕਰਨ ਵਾਸਤੇ ਉਹ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਜਾਂ ਗਹਿਣੇ ਰੱਖ ਕੇ ਅਤੇ ਵਿੱਤੋਂ ਬਾਹਰ ਜਾ ਕੇ ਵੀ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜ਼ਬੂਰ ਹੋ ਰਹੇ ਹਨ । ਇਹ ਗੱਲ ਵੱਖਰੀ ਹੈ ਕਿ ਇਹ ਬੱਚੇ ਜੋ ਪੰਜਾਬ ਵਿੱਚ ਰਹਿ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਨ, ਉਹੀ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਬੁਰੇ ਹਲਾਤਾਂ ਵਿੱਚ ਰਹਿੰਦੇ ਹਨ ਅਤੇ ਮਾੜੇ ਤੋਂ ਮਾੜਾ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ । ਇਸ ਤੋਂ ਬੁਰੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮੰਦੇ ਭਾਗਾਂ ਨੂੰ ਜੇ ਬੱਚਾ ਉੱਥੇ ਜਾ ਕੇ ਨਾ ਟਿਕ ਸਕੇ ਤਾਂ ਮਾਪਿਆਂ ਦੁਆਰਾ ਚੁੱਕਿਆ ਹੋਇਆ ਕਰਜ਼ਾ ਉਮਰ ਭਰ ਉਹਨਾਂ ਲਈ ਬੋਝ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਤਾਂ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਘਰ ਦਾ ਕੋਈ ਨਾ ਕੋਈ ਜੀਅ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ ।
ਵਿਦੇਸ਼ਾਂ ਨੂੰ ਜਾਣ ਦੀ ਇਹ ਦੌੜ ਬਿਨਾਂ ਕਾਰਨ ਹੀ ਨਹੀਂ ਲੱਗੀ ਹੋਈ ਸਗੋਂ ਇਸ ਪਿੱਛੇ ਕਈ ਗੰਭੀਰ ਕਾਰਨ ਵੀ ਹਨ . ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਭਾਵ ਕਿ ਪਿੰਡਾਂ ਵਿੱਚ ਖੇਤੀ ਹੀ ਰੋਜ਼ਗਾਰ ਦਾ ਇੱਕ ਮੁੱਖ ਸਾਧਨ ਹੈ ਪਰ ਅਜੋਕੇ ਖੇਤੀ ਧੰਦਿਆਂ ਵਿੱਚ ਅਨੇਕ ਸਮੱਸਿਆਵਾਂ ਹਨ ਜਿਨ੍ਹਾ ਦਾ ਹੱਲ ਲੱਭਣ ਦੀ ਲੋੜ ਹੈ । ਅਲਪ-ਰੋਜ਼ਗਾਰ, ਖੇਤੀ ਦੇ ਕੰਮ ਦਾ ਮੌਸਮੀ ਸੁਭਾਅ, ਸਹਿਯੋਗੀ ਧੰਦਿਆਂ ਦੀ ਘਾਟ, ਖੇਤੀ ਉਪਜਾਂ ਦਾ ਦੋਸ਼ਪੂਰਨ ਮੰਡੀਕਰਨ, ਖੇਤੀ ਉਪਜਾਂ ਦੀ ਦੂਜੇ ਸੂਬਿਆਂ ਤੇ ਵਿਦੇਸ਼ਾਂ ਵਿੱਚ ਘੱਟ ਮੰਗ ਅਤੇ ਖੇਤੀ ਸੰਬੰਧੀ ਉਦਯੋਗਾਂ ਦੀ ਘਾਟ ਅਜਿਹੇ ਕੁਝ ਕਾਰਨ ਹਨ ਜਿੰਨ੍ਹਾਂ ਸਦਕਾ ਕਿਸਾਨਾਂ ਦੀ ਆਮਦਨ ਵਿੱਚ ਖੜੋਤ ਆਈ ਹੈ ਅਤੇ ਕਿਸਾਨੀ ਨਾਲ ਸੰਬੰਧਿਤ ਬੱਚੇ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋਏ ਹਨ ।
ਕਿਸੇ ਵੀ ਰਾਜ ਵਿੱਚ ਰੋਜ਼ਗਾਰ ਦਾ ਦੂਜਾ ਵੱਡਾ ਸਾਧਨ ਉਦਯੋਗ ਹੁੰਦੇ ਹਨ ਪਰ ਪੰਜਾਬ ਵਿੱਚ ਉਦਯੋਗਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ । ਸਰਹੱਦੀ ਰਾਜ ਹੋਣ ਕਾਰਨ ਏਥੇ ਕਦੀ ਕੋਈ ਵੱਡਾ ਉਦਯੋਗ ਨਹੀਂ ਲੱਗਾ ਅਤੇ ਜੋ ਕੋਈ ਛੋਟੇ ਅਤੇ ਮੱਧ ਵਰਗੀ ਉਦਯੋਗ ਲੱਗੇ ਵੀ ਹੋਏ ਸਨ ਉਹ ਵੀ ਸਮੇਂ-ਸਮੇਂ ਦੀਆਂ ਦੋਸ਼-ਪੂਰਨ ਉਦਯੋਗ ਨੀਤੀਆਂ ਸਦਕਾ ਦੂਸਰੇ ਰਾਜਾਂ ਵਿੱਚ ਚਲੇ ਗਏ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਵੇਂ ਉਦਯੋਗ ਲਗਾਉਣ ਵਿੱਚ ਕੋਈ ਰੁਚੀ ਨਹੀਂ ਵਿਖਾਈ ਜਿਸ ਕਾਰਨ ਏਥੇ ਰੋਜ਼ਗਾਰ ਦੇ ਕੋਈ ਮੌਕੇ ਪੈਦਾ ਨਹੀਂ ਹੋ ਸਕੇ । ਇਸ ਤੋਂ ਇਲਾਵਾ ਵਧਦੀ ਆਬਾਦੀ ਕਾਰਨ ਪੈਦਾ ਹੋਈ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਡਰ ਤੋਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਮਜਬੂਰ ਹੋਏ ।
ਇਸ ਸਮੱਸਿਆ ਦਾ ਜੇਕਰ ਹੱਲ ਲੱਭਣ ਦੀ ਗੱਲ ਕਰੀਏ ਤਾਂ ਖੇਤੀ ਖੇਤਰ ਵਿੱਚ ਨਵੇਂ ਸਿਰੇ ਤੋਂ ਖੋਜ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ। ਅਜਿਹਾ ਕਰਨ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਜ਼ਮੀਨ ਵਿਚਲੇ ਵਡਮੁੱਲੇ ਪਾਣੀ ਨੂੰ ਵੀ ਬਚਾਇਆ ਵੀ ਜਾ ਸਕੇਗਾ । ਖੇਤੀ ਦੇ ਖੇਤਰ ਵਿੱਚ ਹੋਰ ਬਦਲ ਲੱਭਣ ਲਈ ਕਿਸਾਨਾਂ ਨੂੰ ਫੁੱਲਾਂ ਤੇ ਫਲਾਂ ਦੀ ਖੇਤੀ, ਤੇਲ ਵਾਲੇ ਬੀਜਾਂ ਦੀ ਖੇਤੀ, ਸਬਜ਼ੀਆਂ, ਪੋਲਟਰੀ, ਡੇਅਰੀ ਫਾਰਮ, ਮੱਛੀ-ਪਾਲਣ, ਮਧੂ-ਮੱਖੀ ਪਾਲਣ ਅਤੇ ਨਰਸਰੀਆਂ ਵਰਗੇ ਧੰਦਿਆਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ।
ਉਦਯੋਗ ਦੇ ਖੇਤਰ ਵਿੱਚ ਖੇਤੀ ਸਹਾਇਕ ਅਤੇ ਖੇਤੀ ਪੂਰਕ ਉਦਯੋਗਾਂ ਜਿਵੇਂ ਫਲਾਂ ਅਤੇ ਟਮਾਟਰ ਆਦਿ ਦੇ ਜੂਸ, ਜੈਮ, ਚਟਣੀ, ਮਸਾਲੇ, ਬੇਕਰੀ ਅਤੇ ਹੋਰ ਖਾਣ ਵਾਲੀਆਂ ਵਸਤਾਂ ਦੀ ਪੈਦਾਵਾਰ ਅਤੇ ਪੈਕਿੰਗ ਸੰਬੰਧੀ ਉਦਯੋਗ ਲਗਾ ਕੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ ।
ਅਜਿਹਾ ਕਰਨ ਲਈ ਖੇਤੀ ਵਿਗਿਆਨੀ, ਉਦਯੋਗਿਕ ਮਾਹਿਰ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਬੱਚੇ ਵਿਦੇਸ਼ਾਂ ਦਾ ਰੁਖ਼ ਕਰਨ ਦੀ ਬਜਾਏ ਏਥੇ ਹੀ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਪੰਜਾਬ ਨੂੰ ਇੱਕ ਬਿਰਧ ਪੰਜਾਬ ਬਣਨ ਤੋਂ ਰੋਕਿਆ ਜਾ ਸਕੇ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ