BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਗੀਤਕਾਰ ਗੁਰਨਾਮ ਗਾਮਾ ਨੂੰ ਯਾਦ ਕਰਦਿਆਂ...

July 08, 2021 11:53 AM

ਬਿੰਦਰ ਸਿੰਘ ਖੁੱਡੀ ਕਲਾਂ

ਪੰਜਾਬੀ ਗੀਤਕਾਰੀ ’ਚ ਝੁੱਲੀ ਲੱਚਰਤਾ, ਹਿੰਸਾ ਅਤੇ ਨਸ਼ਿਆਂ ਦੀ ਹਨੇਰੀ ਦੌਰਾਨ ਵੀ ਆਪਣੇ ਆਪ ਨੂੰ ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਨਾਲ ਜੋੜੀ ਰੱਖਣ ਵਾਲੇ ਗੀਤਕਾਰਾਂ ਦੀ ਗੱਲ ਕਰਦਿਆਂ ਮਰਹੂਮ ਗੁਰਨਾਮ ਸਿੰਘ ਗਾਮਾ ਦਾ ਨਾਂ ਹਮੇਸ਼ਾ ਮੋਹਰੀ ਸਫ਼ਾ ਵਿੱਚ ਯਾਦ ਕੀਤਾ ਜਾਵੇਗਾ। ਗੁਰਨਾਮ ਗਾਮੇ ਦੇ ਗੀਤ ਸ਼ੋਹਰਤ ਅਤੇ ਦੌਲਤ ਦੀ ਕਾਮਨਾ ਵੱਸ ਪੰਜਾਬੀ ਗਾਇਕੀ ਨੂੰ ਕਲੰਕਿਤ ਕਰਨ ਵਾਲੇ ਗੀਤਕਾਰਾਂ ਦੇ ਮੂੰਹ ’ਤੇ ਹਮੇਸ਼ਾਂ ਚਪੇੜ ਵਾਂਗ ਵੱਜਦੇ ਰਹਿਣਗੇ। ਇਹ ਸ਼ਾਇਦ ਗਾਮੇ ਦੇ ਗੀਤਾਂ ਦੇ ਵਿਸ਼ਿਆਂ ਦੀ ਹੀ ਦੇਣ ਹੈ ਕਿ ਉਹ ਸਰੀਰਕ ਤੌਰ ’ਤੇ ਸਾਡੇ ਵਿੱਚ ਮੌਜ਼ੂਦ ਨਾ ਹੋਣ ’ਤੇ ਵੀ ਸਾਡੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਗਾਮੇ ਦੇ ਗੀਤ ਅੱਜ ਵੀ ਉਸਾਰੂ ਪੰਜਾਬੀ ਗਾਇਕੀ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਹਨ ਅਤੇ ਹਮੇਸ਼ਾ ਬਣੇ ਵੀ ਰਹਿਣਗੇ।
ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਰਣਸ਼ੀਹ ’ਚ ਜਨਮੇ ਗੁਰਨਾਮ ਸਿੰਘ ਗਾਮਾ ਨੂੰ ਪੰਜਾਬੀ ਗੀਤਕਾਰੀ ਵਾਂਗ ਹੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨਾਲ ਵੀ ਅੰਤਾਂ ਦਾ ਮੋਹ ਸੀ। ਗਾਮੇ ਨੇ ਕਬੱਡੀ ’ਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੀਆਂ ਅਨੇਕਾਂ ਪ੍ਰਾਪਤੀਆਂ ਕੀਤੀਆਂ। ਗਾਮਾ ਸਾਲ 1994 ’ਚ ਕਬੱਡੀ ਦਾ ਆਲ ਇੰਡੀਆ ਗੋਲਡ ਮੈਡਲਿਸਟ ਬਣਿਆ।
ਸਾਹਿਤ ਨਾਲ ਵੀ ਗਾਮੇ ਨੂੰ ਬਚਪਨ ਤੋਂ ਹੀ ਲਗਾਅ ਸੀ। ਪਿਤਾ ਜੀ ਤੋਂ ਲੱਗੀ ਗੀਤਕਾਰੀ ਅਤੇ ਪੁਸਤਕਾਂ ਪੜ੍ਹਨ ਦੀ ਲਗਨ ਪਤਾ ਨਹੀਂ ਕਦੋਂ ਉਸ ਨੂੰ ਗੀਤਕਾਰੀ ਦੇ ਖੇਤਰ ’ਚ ਲੈ ਆਈ। ਗਾਮੇ ਦੇ ਪਿਤਾ ਨੇ ਦੱਸਿਆ ਕਿ ਫੌਜ ਵਿੱਚ ਨੌਕਰੀ ਕਰਦਿਆਂ ਉਹ ਖੁਦ ਥੋੜ੍ਹੀ ਬਹੁਤੀ ਗੀਤਕਾਰੀ ਕਰਦਾ ਰਹਿੰਦਾ ਸੀ। ਸ਼ਾਇਦ ਉਸ ਦਾ ਇਹ ਸ਼ੌਕ ਹੀ ਉਸ ਦੇ ਪੁੱਤਰਾਂ ਦੀ ਗੀਤਕਾਰੀ ’ਚ ਪ੍ਰਵੇਸ਼ ਦਾ ਸਬੱਬ ਬਣਿਆ ਹੈ। ਗਾਮੇ ਦੀ ਕਬੱਡੀ ਖੇਡ ਅਤੇ ਸਰੀਰਕ ਜੁੱਸੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕਬੱਡੀ ਖੇਡ ਬਦੌਲਤ ਗਾਮੇ ਨੂੰ ਫੌਜ, ਪੁਲਿਸ ਅਤੇ ਰੇਲ ਕੋਚ ਫੈਕਟਰੀ ਸਮੇਤ ਕਈ ਵਿਭਾਗਾਂ ਵੱਲੋਂ ਨੌਕਰੀ ਦੀ ਪੇਸ਼ਕਸ਼ ਹੋਈ ਅਤੇ ਕੁੱਝ ਸਮੇਂ ਲਈ ਉਸ ਨੇ ਨੌਕਰੀ ਕੀਤੀ ਵੀ, ਪਰ ਉਸ ਅੰਦਰ ਪਲ ਰਿਹਾ ਗੀਤਕਾਰੀ ਦਾ ਸ਼ੌਕ ਨੌਕਰੀ ਨੂੰ ਆਪਣੇ ਰਸਤੇ ਦੀ ਰੁਕਾਵਟ ਮੰਨਦਾ ਰਿਹਾ ਅਤੇ ਅੰਤ ਗਾਮੇ ਨੇ ਨੌਕਰੀ ਛੱਡ ਗੀਤਕਾਰੀ ਨੂੰ ਅਪਣਾਉਣ ਦਾ ਫੈਸਲਾ ਕੀਤਾ।
ਗਾਮੇ ਨੇ ਗੀਤਕਾਰੀ ਦੇ ਖੇਤਰ ’ਚ ਅਜਿਹਾ ਪੈਰ੍ਹ ਪਾਇਆ ਕਿ ਸਰੋਤਿਆਂ ਨੂੰ ਕੀਲ੍ਹ ਕੇ ਰੱਖ ਦਿੱਤਾ। ਅਜੋਕੇ ਸਮੇਂ ਦੀ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੀ ਗੀਤਕਾਰੀ ਤੋਂ ਗਾਮੇ ਨੂੰ ਸਖ਼ਤ ਨਫ਼ਰਤ ਸੀ। ਗੀਤਕਾਰੀ ਗਾਮੇ ਦਾ ਸ਼ੌਕ ਸੀ ਨਾ ਕਿ ਸ਼ੋਹਰਤ ਜਾਂ ਦੌਲਤ ਕਮਾਉਣ ਦਾ ਜਰੀਆ। ਕਬੱਡੀ ਖੇਡਣ ਸਮੇਂ ਗਾਮਾ ਆਪਣੇ ਲਿਖੇ ਗੀਤ ਅਤੇ ਸ਼ੇਅਰ ਦੋਸਤਾਂ-ਮਿੱਤਰਾਂ ਨੂੰ ਸੁਣਾਉਂਦਾ ਤਾਂ ਸਾਰੇ ਖੂਬ ਪ੍ਰਸ਼ੰਸ਼ਾ ਕਰਦੇ। ਦੋਸਤਾਂ ਮਿੱਤਰਾਂ ਦੀ ਪ੍ਰਸ਼ੰਸ਼ਾ ਬਦੌਲਤ ਗਾਮੇ ਨੇ ਆਪਣੇ ਲਿਖੇ ਗੀਤ ਗਾਇਕਾਂ ਨੂੰ ਵਿਖਾਏ ਤਾਂ ਉਨ੍ਹਾਂ ਵੱਲੋਂ ਉਸਦੇ ਗੀਤ ਬਹੁਤ ਪਸੰਦ ਕੀਤੇ ਗਏ। ਸਾਲ 1996-97 ’ਚ ਗਾਮੇ ਨੇ ਬਕਾਇਦਾ ਪ੍ਰੋਫੈਸ਼ਨਲ ਤੌਰ ’ਤੇ ਪੰਜਾਬੀ ਗੀਤਕਾਰੀ ਦੇ ਖੇਤਰ ’ਚ ਅਜਿਹਾ ਪ੍ਰਵੇਸ਼ ਕੀਤਾ ਕਿ ਮੁੜ ਕੇ ਨਹੀਂ ਵੇਖਿਆ। ਗੀਤ ‘ਐਨਾ ਤੈਨੂੰ ਪਿਆਰ ਕਰਾਂ’ ਨੇ ਗਾਮੇ ਨੂੰ ਗੀਤਕਾਰੀ ਦੇ ਖੇਤਰ ’ਚ ਪੱਕੇ ਪੈਰੀਂ ਕੀਤਾ। ਸੈਂਕੜਿਆਂ ਦੀ ਗਿਣਤੀ ’ਚ ਲਿਖੇ ਉਸਦੇ ਗੀਤਾਂ ਨੂੰ ਜਿੱਥੇ ਕਈ ਨਾਮੀ ਗਾਇਕਾਂ ਨੇ ਆਵਾਜ਼ ਦਿੱਤੀ, ਉੱਥੇ ਹੀ ਕਈ ਗਾਇਕਾਂ ਨੂੰ ਗਾਮੇ ਦੇ ਗੀਤਾਂ ਨੇ ਨਾਮੀ ਵੀ ਬਣਾਇਆ। ਗੀਤ “ਏਨਾ ਤੈਨੂੰ ਪਿਆਰ ਕਰਾਂ” ਨੇ ਬਲਕਾਰ ਸਿੱਧੂ ਦੀ ਆਵਾਜ਼ ਨੂੰ ਘਰ ਘਰ ਪਹੁੰਚਾਇਆ। “ਤੈਨੂੰ ਯਾਦ ਤਾਂ ਕਰਾਂ ਜੇ ਭੁੱਲਿਆ ਹੋਵਾਂ” ਅਤੇ “ਬੰਦੇ ਵੀ ਦੇਸੀ ਆਂ ਪੀਂਦੇ ਵੀ ਦੇਸੀ ਆਂ” ਗੀਤ ਇੰਦਰਜੀਤ ਨਿੱਕੂ ਅਤੇ ਅਮਰਿੰਦਰ ਗਿੱਲ ਦੀ ਪ੍ਰਸਿੱਧੀ ਦਾ ਸਬੱਬ ਬਣੇ। ਨਛੱਤਰ ਗਿੱਲ ਅਤੇ ਅੰਗਰੇਜ ਅਲੀ ਨੇ ਵੀ ਗਾਮੇ ਦੇ ਬਹੁਤ ਸਾਰੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਗਾਮੇ ਦੀ ਕਲਮ ਦਾ ਜਾਦੂ ਫਿਲਮ ‘ਪਿੰਡ ਦੀ ਕੁੜੀ’ ਸਮੇਤ ਕਈ ਹੋਰ ਫਿਲਮਾਂ ’ਚ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ। ਗਾਮੇ ਵੱਲੋਂ ਰੀਲੀਜ਼ ਕੀਤੀ ਆਪਣੀ ਐਲਬਮ ‘ਪਾਖੰਡ’ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਗਾਮੇ ਨੂੰ ਲੀਵਰ ਦੀ ਬਿਮਾਰੀ ਨੇ ਅਜਿਹਾ ਘੇਰਾ ਪਾਇਆ ਕਿ ਰੁਖਸਤਗੀ ਨਾਲ ਹੀ ਖਹਿੜਾ ਛੁੱਟਿਆ। ਲੰਬਾ ਸਮਾਂ ਚੱਲੀ ਬਿਮਾਰੀ ਨੇ ਗਾਮੇ ਨੂੰ ਸਰੀਰਕ ਅਤੇ ਆਰਥਿਕ ਤੌਰ ’ਤੇ ਬੇਹੱਦ ਕਮਜੋਰ ਕਰ ਦਿੱਤਾ ਸੀ। ਗਾਮਾ ਪੈਸੇ ਦਾ ਪੁੱਤ ਨਹੀਂ ਸੀ ਉਹ ਤਾਂ ਮਿਆਰੀ ਗੀਤਕਾਰੀ ਦਾ ਸ਼ੁਦਾਈ ਸੀ। ਗਾਮੇ ਨੇ ਕਈ ਟੈਲੀਵੀਜ਼ਨ ਚੈਨਲਾਂ ਨਾਲ ਇੰਟਰਵਿਊ ’ਚ ਉਸ ਨੂੰ ਉਸਦੇ ਗੀਤਾਂ ਦਾ ਕੋਈ ਪੈਸਾ ਨਾ ਮਿਲਣ ਦੀ ਗੱਲ ਵੀ ਕਹੀ ਸੀ। ਪਰਿਵਾਰਕ ਗੀਤਕਾਰੀ ਨੂੰ ਪ੍ਰਣਾਏ ਗੀਤਕਾਰ ਦਾ ਦੁਖਦਾਇਕ ਵਿਛੋੜਾ ਸਾਡੇ ਸਭ ਲਈ ਕਈ ਸਵਾਲ ਛੱਡ ਗਿਆ ਹੈ। ਸਾਡੇ ਲਈ ਸਵਾਲ ਹੈ ਕਿ ਜੇਕਰ ਲੱਚਰ ਅਤੇ ਹਿੰਸਕ ਗੀਤਕਾਰੀ ਕਰਨ ਵਾਲੇ ਮਾਇਆ ’ਚ ਖੇਡ ਸਕਦੇ ਹਨ ਤਾਂ ਸੰਜੀਦਾ ਗੀਤਕਾਰੀ ਨੂੰ ਪ੍ਰਣਾਏ ਗੀਤਕਾਰਾਂ ਨਾਲ ਅਜਿਹਾ ਵਿਵਹਾਰ ਕਿਉਂ? ਸਵਾਲ ਸਰਕਾਰਾਂ ਲਈ ਵੀ ਹੈ ਜਿਹੜੀਆਂ ਮਿਆਰੀ ਸਾਹਿਤਕਾਰਾਂ ਦੀ ਕਦੇ ਵੀ ਸਾਰ ਨਹੀਂ ਲੈਂਦੀਆਂ।
ਗਾਮੇ ਦਾ ਪੁੱਤਰ ਵੀ ਪਿਤਾ ਵਾਂਗ ਹੀ ਕਬੱਡੀ ਦਾ ਵਧੀਆ ਖਿਡਾਰੀ ਹੈ। ਕਾਮਨਾਂ! ਕਰਦੇ ਹਾਂ ਕਿ ਗਾਮੇ ਦਾ ਪੁੱਤਰ ਕਬੱਡੀ ਵਾਂਗ ਹੀ ਪਿਤਾ ਦੀ ਸੱਭਿਅਕ ਗੀਤਕਾਰੀ ਨੂੰ ਵੀ ਮੁੜ ਸੁਰਜੀਤ ਕਰੇ। ਅੱਜ ਜਨਮ ਦਿਨ ਮੌਕੇ ਗਾਮੇ ਬਾਰੇ ਇਹੋ ਕਿਹਾ ਜਾ ਸਕਦਾ ਹੈ “ਯਾਦ ਤਾਂ ਕਰੀਏ ਜੇ ਕਦੇ ਭੁੱਲੇ ਹੋਈਏ”। ਹਕੀਕਤ ਇਹ ਵੀ ਹੈ ਕਿ ਗਾਮੇ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ