BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਲੇਖ

ਕਠੋਰ ਹਾਲਤਾਂ ’ਚ ਰਾਹਤ ਭਾਲਦੇ ਲੋਕ

July 09, 2021 11:07 AM

ਪੁਸ਼ਪਿੰਦਰ ਜੀਤ ਸਿੰਘ ਭਲੂਰੀਆ

ਆਧੁਨਿਕ ਸਦੀ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਨਵੀਆਂ ਨਵੀਆਂ ਕਾਢਾਂ ਨੇ ਸਾਡਾ ਜੀਵਨ ਬਹੁਤ ਸੌਖਾਲਾ ਕਰ ਦਿੱਤਾ ਹੈ। ਨਵੀਆਂ ਨਵੀਆਂ ਤਕਨੀਕਾਂ ਅੱਜ ਦੇ ਮਨੁੱਖ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕ ਰਹੀਆਂ ਹਨ ਅਤੇ ਹਰ ਕੋਈ ਤਰੱਕੀ ਕਰਨਾ ਚਾਹੁੰਦਾ ਹੈ ਅਤੇ ਕੋਸ਼ਿਸ਼ ਵੀ ਕਰਦਾ ਹੈ ਅਤੇ ਸਿਆਣੇ ਵੀ ਕਹਿੰਦੇ ਹਨ, ‘ਬਿਨਾਂ ਮਿਹਨਤ ਚੁੱਕਣਾ ਹੱਥ ਔਖਾ।’ ਸਿਆਣੇ ਲੋਕ ਤਰੱਕੀ ਕਰਨ ਲਈ ਮਿਹਨਤ ਅਤੇ ਪੜ੍ਹਾਈ ਕਰਦੇ ਹਨ ਪਰ ਅੱਜ-ਕੱਲ੍ਹ ਹਰ ਇਨਸਾਨ ਮੰਜ਼ਿਲ ਤੱਕ ਤਾਂ ਪਹੁੰਚਣਾ ਚਾਹੁੰਦਾ ਹੈ ਪਰ ਸੌਖੇ ਤਰੀਕੇ ਨਾਲ। ਜ਼ਿਆਦਾਤਰ ਲੋਕ ਸ਼ਾਰਟਕੱਟ ਵਰਤਦੇ ਹਨ ਕਿ ਅਸੀਂ ਮੰਜ਼ਿਲ ਵੀ ਪਾ ਲਈਏ ਅਤੇ ਮਿਹਨਤ ਵੀ ਨਾ ਕਰਨੀ ਪਵੇ। ਇਸ ਲਈ ਅੱਜ-ਕੱਲ੍ਹ ਨਵਾਂ ਹੀ ਟਰੈਂਡ ਚੱਲ ਰਿਹਾ ਹੈ ਕਿ ਕੁੰਡਲੀ, ਗ੍ਰਹਿ ਨਸ਼ੱਤਰ, ਜਾਂ ਧਾਗੇ ਤਵੀਤਾਂ ਵਰਗੇ ਕਰਮ ਕਾਂਡ ਕਰਕੇ ਉੱਚਾ ਰੁਤਬਾ ਜਾਂ ਉੱਚੀ ਪਦਵੀ ਜਾਂ ਮਨ ਚਾਹੀ ਰੀਝ ਪੂਰੀ ਕੀਤੀ ਜਾ ਸਕੇ। ਲੋਕ ਕਰਮ ਕਾਂਡਾਂ ਨੂੰ ਮਿਹਨਤ ਸਮਝ ਕੇ ਉਲਝ ਰਹੇ ਹਨ ਅਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਪਹਿਲਾਂ ਪਹਿਲ ਲੋਕ ਪੁਰਜ਼ੋਰ ਮਿਹਨਤ ਕਰਦੇ ਅਤੇ ਦਿਨ-ਰਾਤ ਇੱਕ ਕਰ ਦਿੰਦੇ ਜਾਂ ਕਹੀਏ ਪਦਵੀਆਂ ਨੂੰ ਪਾਉਣ ਲਈ ਪੜ੍ਹਾਈਆਂ ਕਰਦੇ ਅਤੇ ਗਿਆਨ ਹਾਸਲ ਕਰ ਕੇ ਆਪਣੇ ਆਪ ਨੂੰ ਉਸ ਪਦਵੀ ਜਾਂ ਰੁਤਬੇ ਦੇ ਕਾਬਿਲ ਬਣਾਉਂਦੇ ਪਰ ਅੱਜ-ਕੱਲ੍ਹ ਇਹ ਸਭ ਬਦਲਦਾ ਜਾ ਰਿਹਾ ਹੈ।
ਅਕਸਰ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ’ਤੇ ਆਉਂਦੀਆਂ ਮਸ਼ਹੂਰੀਆਂ ਅਤੇ ਜਗ੍ਹਾ-ਜਗ੍ਹਾ ਲੱਗੇ ਇਸ਼ਤਿਹਾਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਦੁਖੀ ਇਨਸਾਨ ਦੀ ਲਾਚਾਰੀ ਕਰਕੇ ਇਹ ਚਾਲਾਕ ਲੋਕ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ। ਹਰ ਇਨਸਾਨ ਆਪਣਾ ਭਵਿੱਖ ਜਾਨਣਾ ਚਾਹੁੰਦਾ ਹੈ ਅਤੇ ਸੁਖਾਲਾ ਹੋਣਾ ਚਾਹੁੰਦਾ ਹੈ, ਇਸ ਲਈ ਜਗ੍ਹਾ-ਜਗ੍ਹਾ ਬੈਠੇ ਲੋਕ ਆਪਣਾ ਧੰਦਾ ਚਲਾ ਰਹੇ ਹਨ ਅਤੇ ਜੋ ਲੋਕ ਪਹਿਲਾਂ ਹੀ ਦੁਖੀ ਹਨ ਉਹ ਹੋਰ ਦੁਖੀ ਹੋ ਰਹੇ ਹਨ। ਕਠੋਰ ਹਾਲਤਾਂ ਕਰਕੇ ਲੋਕ ਹੱਲ ਲੱਭਣ ਲਈ ਇਹੋ ਜਿਹੇ ਲੋਕਾਂ ਦਾ ਸਹਾਰਾ ਲੈ ਲੈਂਦੇ ਹਨ ਅਤੇ ਆਪਣਾ ਸ਼ੋਸ਼ਣ ਕਰਵਾ ਬੈਠਦੇ ਹਨ।
ਸਰਕਾਰਾਂ ਦੀਆਂ ਨੀਤੀਆਂ ਤੋਂ ਹਰ ਕੋਈ ਜਾਣੂ ਹੈ ਕਿ ਅੱਜ-ਕੱਲ੍ਹ ਕੀ ਹੋ ਰਿਹਾ ਹੈ ਤੇ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਬੇਰੁਜ਼ਗਾਰੀ ਵਧ ਰਹੀ ਹੈ। ਜੇਕਰ ਸਰਕਾਰਾਂ ਨੌਕਰੀਆਂ ਵੀ ਦੇ ਰਹੀਆਂ ਹਨ ਤਾਂ ਤਨਖਾਹ ਦੇ ਨਾਂ ’ਤੇ ਮਜ਼ਾਕ ਹੋ ਰਿਹਾ ਹੈ। ਘੱਟ ਤਨਖਾਹ ਜਾਂ ਬੇਰੁਜਗਾਰੀ ਦੇ ਚਲਦਿਆਂ ਘਰਦੇ ਖ਼ਰਚੇ ਪੂਰੇ ਨਾ ਹੋਣ ਦੀ ਸੂਰਤ ਵਿੱਚ ਘਰ ਵਿੱਚ ਤਣਾਅ ਦੀ ਸਥਿਤੀ ਬਣਦੀ ਹੈ ਅਤੇ ਕਲੇਸ਼ ਕਾਰਨ ਦੁਖੀ ਹੋ ਕੇ ਕੁਝ ਲੋਕ ਨਸ਼ਿਆਂ ਵੱਲ ਭੱਜਦੇ ਹਨ। ਦੁਖੀ ਹੋ ਕੇ ਕਈ ਲੋਕ ਤਰ੍ਹਾਂ-ਤਰ੍ਹਾਂ ਦੇ ਢੌਂਗੀ ਬਾਬਿਆਂ ਕੋਲ ਜਾਂਦੇ ਹਨ ਤਾਂ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇ।
ਜੇਕਰ ਸਰਕਾਰਾਂ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਅਤੇ ਆਮ ਜਨਤਾ ਨੂੰ ਸੁੱਖ, ਰੁਜ਼ਗਾਰ ਅਤੇ ਪੂਰੀਆਂ ਤਨਖਾਹਾਂ ਦੇਣ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣ। ਅਕਸਰ ਵਿਹਲੜ ਅਤੇ ਅਯਾਸ਼ ਲੋਕ ਹੀ ਬਾਬੇ ਬਣਦੇ ਹਨ ਅਤੇ ਗ਼ਰੀਬ ਅਤੇ ਬੇਵੱਸ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਅਤੇ ਡਰਾ ਕੇ ਹੋਰ ਲੁੱਟਦੇ ਹਨ। ਕੁਝ ਲੋਕ ਥੋੜ੍ਹਾ ਬਹੁਤ ਸਿੱਖ ਕੇ ਜੋਤਿਸ਼ ਕੇਂਦਰ ਖੋਲ੍ਹ ਲੈਂਦੇ ਹਨ ਅਤੇ ਗ੍ਰਹਿ ਤੇ ਸਾੜਸਤੀਆਂ ਤੋਂ ਡਰਾ ਕੇ ਮਹਿੰਗੇ ਪੂਜਾ ਪਾਠ ਜਾਂ ਮਹਿੰਗੇ ਨਗ ਪਹਿਨਾ ਕੇ ਲੁੱਟਦੇ ਹਨ। ਦੱਸਣ ਵਾਲੇ ਦੱਸਦੇ ਹਨ ਕਿ ਇਹ ਲੋਕ ਪੰਜਾਹ ਰੁਪਏ ਦਾ ਨਗ, ਮੋਤੀ ਲੈ ਕੇ ਦੋ ਤੋਂ ਪੰਜ ਹਜ਼ਾਰ ਰੁਪਏ ਤੱਕ ਵੇਚ ਦਿੰਦੇ ਹਨ ਅਤੇ ਲੋਕ ਇਸ ਤਰ੍ਹਾਂ ਦੋਹਰੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਮਨੁੱਖ ਹੋਰ ਕਮਜ਼ੋਰ ਹੋ ਰਹੇ ਹਨ। ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਚੌਰਾਹਿਆਂ ਅਤੇ ਨਹਿਰਾਂ, ਕੱਸੀਆਂ ਵਿੱਚ ਅਕਸਰ ਹੀ ਲੋਕਾਂ ਦੁਆਰਾ ਕੀਤੇ ਟੂਣੇ ਆਦਿ ਦੇਖੇ ਜਾ ਸਕਦੇ ਹਨ। ਸਰਕਾਰਾਂ ਨੂੰ ਵੀ ਇਸ ਸਭ ਬਾਰੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਲੋਕਾਂ ਦੇ ਹੋ ਰਹੇ ਸ਼ੋਸ਼ਣ ਬਾਰੇ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਸਰਕਾਰਾਂ ਨੂੰ ਧਰਮਾਂ, ਜਾਤਾਂ, ਦੇ ਭੇਦਭਾਵ ਤਿਆਗ ਕੇ ਇਨਸਾਨੀਅਤ ਨੂੰ ਉੱਚਾ ਚੁੱਕ ਕੇ ਇਨਸਾਨੀਅਤ ਲਈ ਕੰਮ ਕਰਨੇ ਚਾਹੀਦੇ ਹਨ, ਕਿਉਂਕਿ ਜੇਕਰ ਸਰਕਾਰਾਂ ਚਾਹੁਣ ਤਾਂ ਹੀ ਇਹ ਸਭ ਸੰਭਵ ਹੋ ਸਕਦਾ ਹੈ। ਅਸੀਂ ਦੇਖ ਰਹੇ ਹਾਂ ਡੇਰਾਵਾਦ ਦਾ ਹੋ ਰਿਹਾ ਪਸਾਰ ਅਤੇ ਨਿੱਤ ਅਖ਼ਬਾਰਾਂ ਅਤੇ ਟੈਲੀਵਿਜ਼ਨ ਰਾਹੀਂ ਆਉਂਦੀਆਂ ਖ਼ਬਰਾਂ ਸਿਰਫ ਨਿਰਾਸ਼ਾ ਪੈਦਾ ਕਰਨ ਵਾਲੀਆਂ ਹੀ ਹਨ। ਤਰ੍ਹਾਂ ਤਰ੍ਹਾਂ ਦੇ ਸਿਆਣੇ ਭਾਵ ਪੁੱਛਾਂ ਦੇਣ ਵਾਲੇ ਢੌਂਗੀ, ਜੋਤਿਸ਼ੀ, ਤਾਂਤਰਿਕ ਗਲੀਆਂ ਮੁਹੱਲਿਆਂ ਵਿੱਚ ਫਿਰਦੇ ਇਹ ਲੋਕ ਰੋਜ਼ ਹੀ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਸਰਕਾਰਾਂ ਲਈ ਇਹ ਬਹੁਤ ਚਿੰਤਾਜਨਕ ਗੱਲ ਹੋਣੀ ਚਾਹੀਦੀ ਹੈ। ਜੇਕਰ ਸਰਕਾਰਾਂ ਲੋਕਾਂ ਨੂੰ ਰਾਹਤ ਭਰਿਆ ਜੀਵਨ ਦੇਣ ਤਾਂ ਢੌਂਗੀ ਬਾਬਿਆਂ ਤੋਂ ਲੋਕਾਂ ਦੀ ਰੱਖਿਆ ਹੋ ਸਕਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ