BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

‘ਮੈਂ ਜੀ ਤੁਹਾਡੀ ਜਿੱਤ ਲਈ 100 ਆਖੰਡ ਪਾਠ ਸੁੱਖੇ ਹਨ...’

July 12, 2021 11:29 AM

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਅੱਜ ਕਲ੍ਹ ਦੇ ਜ਼ਮਾਨੇ ਵਿੱਚ ਅਫ਼ਸਰਾਂ ਲਈ ਚੰਗੀ ਜਗ੍ਹਾ ’ਤੇ ਪੋਸਟਿੰਗ ਕਰਵਾਉਣੀ ਅਤੇ ਲੀਡਰਾਂ ਲਈ ਕਿਸੇ ਚੰਗੀ ਪਾਰਟੀ ਦੀ ਐਮਐਲਏ ਜਾਂ ਐਮਪੀ ਦੀ ਟਿਕਟ ਹਾਸਲ ਕਰਨੀ ਬਹੁਤ ਹੀ ਟੇਢੀ ਖੀਰ ਹੈ। ਇਸ ਕੰਮ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਪਰ ਅਜਿਹੇ ਲੋਕ ਸਿਰਫ ਮੌਕੇ ਦੇ ਅਫ਼ਸਰਾਂ ਅਤੇ ਰਾਜ ਕਰ ਰਹੀ ਪਾਰਟੀ ਦੇ ਹੀ ਵਫ਼ਾਦਾਰ ਹੁੰਦੇ ਹਨ। ਇੱਕ ਵਾਰ ਕੋਈ ਅਫ਼ਸਰ ਬਦਲ ਕੇ ਕਿਸੇ ਨਵੀਂ ਜਗ੍ਹਾ ’ਤੇ ਪਹੁੰਚਿਆ ਤਾਂ ਦਫ਼ਤਰ ਦਾ ਸੁਪਰਡੈਂਟ ਉਸ ਕੋਲ ਪੁਰਾਣੇ ਅਫ਼ਸਰ ਦੀ ਬਦਨਾਮੀ ਕਰਨ ਲੱਗਾ ਕਿ ਉਹ ਤਾਂ ਬਹੁਤ ਹੀ ਕੁਰੱਪਟ, ਮੂੰਹ ਫੱਟ ਅਤੇ ਸਿਰੇ ਦਾ ਘਟੀਆ ਬੰਦਾ ਸੀ, ਆਦਿ ਆਦਿ। ਕਾਫੀ ਦੇਰ ਚੁਗਲੀਆਂ ਸੁਣਨ ਤੋਂ ਬਾਅਦ ਨਵਾਂ ਅਫ਼ਸਰ ਬੋਲਿਆ, “ਤੇ ਬਾਊ ਜੀ ਮੈਂ ਕਿਹੋ ਜਿਹਾ ਬੰਦਾ ਹਾਂ?” ਸੁਪਰਡੈਂਟ ਹੀਂ ਹੀਂ ਕਰ ਕੇ ਬੋਲਿਆ, “ਜਨਾਬ ਮੌਕੇ ਦਾ ਅਫ਼ਸਰ ਵੀ ਕਦੇ ਮਾੜਾ ਹੁੰਦਾ ਹੈ?” ਹਰ ਬੰਦੇ ਨੂੰ ਐਨੀ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਜੇ ਅੱਜ ਇਹ ਵਿਅਕਤੀ ਪੁਰਾਣੇ ਅਫ਼ਸਰ ਦੀ ਬਦਨਾਮੀ ਕਰ ਰਿਹਾ ਹੈ ਤਾਂ ਕੱਲ੍ਹ ਨੂੰ ਮੇਰੀ ਵੀ ਕਰੇਗਾ। ਪਰ ਅਜਿਹੇ ਲੋਕਾਂ ਦੀ ਮਿੱਠੀ ਜ਼ੁਬਾਨ, ਤਾਰੀਫ ਦਾ ਢੰਗ ਅਤੇ ਚੁਗਲੀ ਦੀ ਮੁਹਾਰਤ ਜੋਗੀ ਦੀ ਬੀਨ ਵਾਂਗ ਮਾਲਕ ਨੂੰ ਕੀਲ ਲੈਂਦੀ ਹੈ।
10-15 ਸਾਲ ਪਹਿਲਾਂ ਦੀ ਗੱਲ ਹੈ ਕਿ ਜਰਨੈਲ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੰਸਪੈਕਟਰ ਥਾਣੇ ਜੰਡਿਆਲੇ ਦਾ ਐਸਐਚਓ ਲੱਗਾ ਹੋਇਆ ਸੀ। ਇੱਕ ਦਿਨ ਸਵੇਰੇ-ਸਵੇਰੇ ਇੱਕ ਨੇਤਾ ਕਿਸੇ ਕੰਮ ਥਾਣੇ ਆਣ ਪਹੁੰਚਿਆ। ਉਹ ਅਜੇ ਕਾਰ ਵਿੱਚ ਹੀ ਬੈਠਾ ਸੀ ਕਿ ਮੁਨਸ਼ੀ ਨੇ ਦੌੜ ਕੇ ਐਸਐਚਓ ਨੂੰ ਦੱਸਿਆ ਕਿ ਫਲਾਣੇ ਨੇਤਾ ਜੀ ਆਏ ਹਨ। ਐਸਐਚਓ ਦੀ ਪੋਸਟਿੰਗ ਕਰਵਾਉਣ ਵਿੱਚ ਉਸ ਨੇਤਾ ਦਾ ਕਾਫੀ ਹੱਥ ਸੀ। ਇਸ ਲਈ ਉਹ ਫਟਾਫਟ ਗਿਆ ਤੇ ਸੈਲਿਊਟ ਮਾਰ ਕੇ ਇੱਕ ਦਮ ਨੇਤਾ ਦੀ ਕਾਰ ਦੀ ਬਾਰੀ ਖੋਲ੍ਹ ਦਿੱਤੀ। ਨੇਤਾ ਨੇ ਐਸਐਚਓ ਨੂੰ ਆਉਂਦੇ ਨਹੀਂ ਸੀ ਵੇਖਿਆ ਤੇ ਆਪਣੇ ਧਿਆਨ ਬਾਰੀ ਨਾਲ ਢੋਅ ਲਾ ਕੇ ਕਿਸੇ ਨਾਲ ਮੋਬਾਇਲ ’ਤੇ ਗੱਲ ਕਰ ਰਿਹਾ ਸੀ। ਅਚਾਨਕ ਬਾਰੀ ਖੁਲ੍ਹ ਜਾਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਬਾਹਰ ਜਾ ਡਿੱਗਾ। ਉਸ ਦਾ ਮੋਬਾਇਲ ਕਿਤੇ ਤੇ ਪੱਗ ਕਿਤੇ ਖਿੱਲਰ ਗਈ। ਉੱਪਰੋਂ ਸਿਤਮ ਇਹ ਹੋਇਆ ਕਿ ਥਾਣੇ ਵਿੱਚ ਆਪਣੇ ਕੰਮ ਕਰਾਉਣ ਲਈ ਨੇਤਾ ਦੀ ਉਡੀਕ ਵਿੱਚ ਖੜ੍ਹੇ ਇਲਾਕੇ ਦੇ ਲੋਕ ਵੀ ਉੱਚੀ-ਉੱਚੀ ਹੱਸ ਪਏ। ਐਸਐਚਓ ਨੇ ਬਥੇਰੀਆਂ ਮਾਫੀਆਂ ਮੰਗੀਆਂ ਪਰ ਨੇਤਾ ਉਸ ਦੀ ਬਦਲੀ ਕਰਵਾ ਕੇ ਹੀ ਹਟਿਆ।
ਕਾਫੀ ਸਾਲ ਪਹਿਲਾਂ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਨੀਤਕ ਪਰਿਵਾਰ ਦਾ ਮੈਂਬਰ ਕਾਕਾ ਸਿੰਘ (ਕਾਲਪਨਿਕ ਨਾਮ) ਜ਼ਿਮਨੀ ਚੋਣ ਲੜ ਰਿਹਾ ਸੀ। ਵਿਰੋਧੀ ਪਾਰਟੀ ਨੇ ਉਸ ਨੂੰ ਹਰਾਉਣ ਲਈ ਪੂਰਾ ਟਿੱਲ ਲਗਾਇਆ ਹੋਇਆ ਸੀ ਤੇ ਰਾਜਨੀਤਕ ਪਰਿਵਾਰ ਲਈ ਉਹ ਚੋਣ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਈ ਸੀ। ਆਖਰ ਹਰ ਪ੍ਰਕਾਰ ਦੇ ਸਾਮ, ਦਾਮ, ਦੰਡ, ਭੇਦ ਅਤੇ ਰਾਜਨੀਤਕ ਪੈਂਤਰੇਬਾਜ਼ੀਆਂ ਵਰਤਣ ਦੇ ਬਾਵਜੂਦ ਵਿਰੋਧੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤੇ ਕਾਕਾ ਸਿੰਘ ਜਿੱਤ ਗਿਆ। ਉਸ ਦੇ ਘਰ ਢੋਲ-ਢਮੱਕੇ ਵੱਜਣ ਲੱਗ ਪਏ ਤੇ ਸੈਂਕੜੇ ਲੋਕ ਵਧਾਈਆਂ ਦੇਣ ਅਤੇ ਇਹ ਦੱਸਣ ਲਈ ਪਹੁੰਚ ਗਏ ਕਿ ਉਨ੍ਹਾਂ ਨੇ ਕਾਕਾ ਸਿੰਘ ਦੀ ਜਿੱਤ ਲਈ ਕਿੰਨੇ ਸਿਰ ਤੋੜ ਯਤਨ ਕੀਤੇ ਹਨ। ਕਈ ਅਜਿਹੇ ਲੋਕ ਵੀ ਮੌਕੇ ਦਾ ਫਾਇਦਾ ਉਠਾਉਣ ਲਈ ਪਹੁੰਚ ਗਏ ਜਿਨ੍ਹਾਂ ਨੇ ਚੋਣ ਦੌਰਾਨ ਉਸ ਹਲਕੇ ਵਿੱਚ ਪੈਰ ਵੀ ਨਹੀਂ ਸੀ ਪਾਇਆ। ਜਦੋਂ ਜਸ਼ਨ ਥੋੜ੍ਹੇ ਜਿਹੇ ਮੱਠੇ ਪਏ ਤਾਂ ਮੰਗਤਾ ਜੀ ਨਾਮ ਦਾ ਇੱਕ ਅਫ਼ਸਰ ਵੀ ਮੌਕੇ ਦਾ ਫਾਇਦਾ ਉਠਾਉਣ ਬਾਰੇ ਸੋਚਣ ਲੱਗਾ। ਹਾਲਾਂਕਿ ਮੰਗਤਾ ਜੀ ਦਾ ਚੋਣ ਹਲਕੇ ਨਾਲ ਦੂਰ-ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ ਤੇ ਨਾ ਹੀ ਉਸ ਦੀ ਉਸ ਹਲਕੇ ਵਿੱਚ ਕੋਈ ਵੋਟ ਸੀ।
ਮੰਗਤਾ ਜੀ ਕਈ ਸਾਲਾਂ ਤੋਂ ਆਪਣੀਆਂ ਭੈੜੀਆਂ ਕਰਤੂਤਾਂ ਕਾਰਨ ਗੁੱਠੇ ਲੱਗਾ ਹੋਇਆ ਸੀ ਤੇ ਕਿਸੇ ਮਲਾਈਦਾਰ ਪੋਸਟਿੰਗ ਲਈ ਤਰਸ ਰਿਹਾ ਸੀ। ਉਹ ਜਾਣਦਾ ਸੀ ਕਿ ਕਾਕਾ ਸਿੰਘ ਦਾ ਪਰਿਵਾਰ ਬਹੁਤ ਹੀ ਧਾਰਮਿਕ ਪ੍ਰਵਿਰਤੀ ਦਾ ਹੈ ਤੇ ਉਸ ਨੇ ਇਸ ਗੱਲ ਦਾ ਫਾਇਦਾ ਉਠਾਉਣ ਦੀ ਸਕੀਮ ਬਣਾ ਲਈ। ਉਸ ਨੇ ਸੁਖਜੀਤ ਸਿੰਘ ਦੇ ਇੱਕ ਨਜ਼ਦੀਕੀ ਨੇਤਾ ਦੇ ਤਰਲੇ ਮਿੰਨਤਾਂ ਕਰ ਕੇ ਮੁਲਾਕਾਤ ਦਾ ਜੁਗਾੜ ਵੀ ਫਿੱਟ ਕਰ ਲਿਆ। ਹੁਣ ਮੰਗਤਾ ਜੀ ਦੀ ਕਿਸਮਤ ਮਾੜੀ ਸੀ ਕਿ ਸੁਖਜੀਤ ਸਿੰਘ ਦਾ ਪੀਏ ਉਸ ਦੀਆਂ ਕਰਤੂਤਾਂ ਬਾਰੇ ਪਹਿਲਾਂ ਤੋਂ ਹੀ ਜਾਣਦਾ ਸੀ। ਜਦੋਂ ਪੀਏ ਨੇ ਮੰਗਤਾ ਜੀ ਨੂੰ ਆਉਂਦਾ ਵੇਖਿਆ ਤਾਂ ਉਸ ਨੇ ਸੁਖਜੀਤ ਸਿੰਘ ਦੇ ਕੰਨ ਵਿੱਚ ਉਸ ਬਾਰੇ ਫੂਕ ਮਾਰ ਦਿੱਤੀ। ਇਸ ਗੱਲ ਤੋਂ ਅਣਜਾਣ ਮੰਗਤਾ ਜੀ ਨੇ ਸੁਖਜੀਤ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਤੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਸਰ ਮੈਂ ਇੱਕ ਬੇਨਤੀ ਕਰਨੀ ਹੈ। ਸੁਖਜੀਤ ਸਿੰਘ ਵੱਲੋਂ ਹਾਂ ਵਿੱਚ ਸਿਰ ਹਿਲਾਉਣ ’ਤੇ ਉਸ ਨੇ ਕਿਹਾ ਕਿ ਮੈਂ ਕਾਕਾ ਸਿੰਘ ਜੀ ਦੀ ਜਿੱਤ ਲਈ ਫਲਾਣੇ ਗੁਰਦੁਆਰੇ ਵਿੱਚ ਸੌ ਲੜੀਵਾਰ ਆਖੰਡ ਪਾਠ ਸੁੱਖੇ ਹਨ। ਇਸ ਲਈ ਤੁਸੀਂ ਮੇਰੀ ਪੋਸਟਿੰਗ ਉਸ ਸ਼ਹਿਰ ਵਿੱਚ ਕਰਵਾ ਦਿਉ ਤਾਂ ਜੋ ਮੈਂ ਇਹ ਮਹਾਨ ਸੇਵਾ ਆਪਣੀ ਹਾਜ਼ਰੀ ਵਿੱਚ ਸੰਪੂਰਨ ਕਰਵਾ ਸਕਾਂ। ਅਸਲ ਵਿੱਚ ਉਹ ਗੁਰਦੁਆਰਾ ਪੰਜਾਬ ਦੇ ਇੱਕ ਬਹੁਤ ਹੀ ਪ੍ਰਸਿੱਧ ਉਦਯੋਗਿਕ ਸ਼ਹਿਰ ਵਿੱਚ ਸਥਿੱਤ ਸੀ।
ਸੁਖਜੀਤ ਸਿੰਘ ਫੌਰਨ ਉਸ ਦੀ ਮੰਸ਼ਾ ਸਮਝ ਗਿਆ ਕਿ ਇਹ ਆਪਣੀ ਇੱਕ ਸਾਲ ਦੀ ਪੋਸਟਿੰਗ ਪੱਕੀ ਕਰਨ ਲਈ ਆਇਆ ਹੈ। ਉਸ ਨੇ ਹੱਸ ਕੇ ਕਿਹਾ, “ਕਾਕਾ ਸ਼ੁਕਰ ਹੈ ਕਿ ਤੂੰ ਪੰਜਾਬ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਹੀ ਸੁੱਖਣਾ ਸੁੱਖੀ ਹੈ। ਜੇ ਕਿਤੇ ਹੇਮਕੁੰਟ ਸਾਹਿਬ ਜਾਂ ਹਜ਼ੂਰ ਸਾਹਿਬ ਵਿਖੇ ਸੁੱਖ ਲੈਂਦਾ ਤਾਂ ਸਾਨੂੰ ਤੇਰੀ ਪੋਸਟਿੰਗ ਲਈ ਉੱਤਰਾਖੰਡ ਜਾਂ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣੇ ਪੈਣੇ ਸਨ। ਹੁਣ ਤੇਰੀ ਭਲਾਈ ਇਸੇ ਵਿੱਚ ਹੈ ਕਿ ਤੂੰ ਇਹ ਸੇਵਾ ਆਪਣੇ ਪੱਲੇ ਤੋਂ ਕਰਵਾ ਤੇ ਜੇ ਪੈਸੇ ਨਹੀਂ ਹੈਗੇ ਤਾਂ ਮੇਰੇ ਪੀਏ ਕੋਲੋਂ ਮੰਗ ਲੈ।” ਮੰਗਤਾ ਜੀ ਸਮਝ ਗਿਆ ਕਿ ਮਾਮਲਾ ਪੁੱਠਾ ਪੈ ਗਿਆ ਹੈ ਤੇ ਉਸ ਨੇ ਜਲਦੀ-ਜਲਦੀ ਉਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ