BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਸੰਪਾਦਕੀ

ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉਚ-ਪੱਧਰੀ ਜਾਂਚ ਦੀ ਲੋੜ

July 20, 2021 01:07 PM

ਇਜ਼ਰਾਇਲੀ ਫਰਮ, ਐਨਐਸਓ, ਜਿਸ ਦਾ ਨਾਮ ਇਸ ਕੰਪਨੀ ਦੇ ਤਿੰਨ ਬਾਨੀਆਂ-ਨਿਵ ਕਾਰਮੀ, ਸ਼ਾਲੇਵ ਹੂਲੀਓ ਅਤੇ ਓਮਰੀ ਲਾਵੀ-ਦੇ ਨਾਮਾਂ ’ਤੇ ਹੈ, ਵੱਲੋਂ ਸਮਾਰਟ ਫੋਨਾਂ ਦੀ ਜਾਸੂਸੀ ਕਰਨ ਅਤੇ ਇਨ੍ਹਾਂ ਤੋਂ ਡੇਟਾ ਹਥਿਆਉਣ ਲਈ ਤਿਆਰ ਕੀਤਾ ਸਾਫ਼ਟਵੇਅਰ, ਪੈਗਾਸਸ, ਇੱਕ ਵਾਰ ਮੁੜ ਭਾਰਤ ਵਿੱਚ ਚਰਚਾ ’ਚ ਆ ਗਿਆ ਹੈ ਅਤੇ ਅਗਲੇ ਦਿਨਾਂ ’ਚ ਇਸ ਦਾ ਜ਼ਿਕਰ ਬਾਰ-ਬਾਰ ਹੋਣ ਵਾਲਾ ਹੈ। ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਦੇ ਦਿਨ ਪੈਗਾਸਸ ਰਾਹੀਂ ਦੇਸ਼ ਦੇ 300 ਤੋਂ ਵੱਧ ਸਮਾਰਟ ਫੋਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਦਾ ਸਾਹਮਣੇ ਆਉਣਾ ਸਰਕਾਰ ਲਈ ਪਰੇਸ਼ਾਨੀ ਪੈਦਾ ਕਰਨ ਵਾਲਾ ਰਹੇਗਾ। ਇਜ਼ਰਾਇਲ ਦੀ ਕੰਪਨੀ ਦੁਆਰਾ ਦਾਆਵਾ ਕੀਤਾ ਜਾਂਦਾ ਹੈ ਕਿ ਉਹ ਪੈਗਾਸਸ ਸਾਫ਼ਟਵੇਅਰ ਸਿਰਫ਼ ਸਰਕਾਰਾਂ ਨੂੰ ਹੀ ਵੇਚਦੀ ਹੈ। ਇਸ ਦਾ ਮੁੱਲ ਵੀ ਸੈਂਕੜੇ ਕਰੋੜਾਂ ਰੁਪਇਆਂ ’ਚ ਹੈ। ਪਰ ਜੋ ਸਾਹਮਣੇ ਆਇਆ ਹੈ, ਉਸ ਤੋਂ ਲਗਦਾ ਹੈ ਕਿ ਸਰਕਾਰਾਂ ਦੇਸ਼ ਦੇ ਹੀ ਜ਼ਿੰਮੇਵਾਰ ਨਾਗਰਿਕਾਂ ਦੀ ਜਾਸੂਸੀ ਕਰਨ ਦਾ ਕਾਰਾ ਕਰ ਰਹੀਆਂ ਹਨ।
ਦਸ ਮੁਲਕਾਂ ਦੇ ਮੀਡੀਆ ਅਦਾਰਿਆਂ ਦੇ ਸੈਂਕੜੇ ਪੱਤਰਕਾਰਾਂ ਨੇ ਮਿਲਕੇ ਜ਼ਾਹਰ ਕੀਤਾ ਹੈ ਕਿ ਇਜ਼ਰਾਇਲ ਕੰਪਨੀ ਦੇ ਸਾਫ਼ਟਵੇਅਰ, ਪੈਗਾਸਸ, ਨੂੰ ਵਰਤ ਕੇ ਸੰਸਾਰ ਦੀਆਂ ਬਹੁਤ ਸਾਰੀਆਂ ਸਰਕਾਰਾਂ ਨੇ ਆਪਣੇ ਕੁਝ ਜ਼ਿੰਮੇਵਾਰ ਨਾਗਰਿਕਾਂ, ਜੱਜਾਂ, ਵਿਰੋਧੀ ਪਾਰਟੀਆਂ ਦੇ ਆਗੂਆਂ, ਪੱਤਰਕਾਰਾਂ, ਵਕੀਲਾਂ, ਕਾਰੋਬਾਰੀਆਂ ਅਤੇ ਇਥੋਂ ਤੱਕ ਕਿ ਸਮਾਜਕ ਕਾਰਕੁਨਾਂ ਦੀ ਜਾਸੂਸੀ ਕਰਵਾਈ ਹੈ। ਭਾਰਤ ਦੇ ਡਿਜ਼ੀਟਲ ਨਿਊਜ਼ ਪਲੇਟਫਾਰਮ ‘‘ਦ ਵਾਇਰ’’, ਜੋ ਕਿ ਇਸ ਕਾਂਡ ਨੂੰ ਨੰਗਾ ਕਰਨ ਲਈ ਮਿਲ-ਜੁਲ ਕੇ ਕੰਮ ਕਰ ਰਹੀਆਂ ਸਮਾਚਾਰ ਏਜੰਸੀਆਂ ਵਿੱਚੋਂ ਇੱਕ ਹੈ, ਨੇ ਪਿਛਲੇ ਐਤਵਾਰ ਦੱਸਿਆ ਹੈ ਕਿ ਦੁਨੀਆ ਭਰ ’ਚ 50 ਹਜ਼ਾਰ ਸਮਾਰਟ ਫੋਨਾਂ ਦੇ ਡੇਟਾ ਚੋਰੀ ਹੋਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਗ਼ੈਰ-ਮੁਨਾਫਾਕਾਰੀ ਫਰਾਂਸੀਸੀ ਸੰਸਥਾ ‘‘ਫਾਰਬਿਡਨ ਸਟੋਰੀਜ਼’’ ਅਤੇ ‘‘ਐਮਨਸਟੀ ਇੰਟਰਨੈਸ਼ਨਲ’’ ਨੂੰ ਲੱਗੀ ਸੀ, ਜਿਨ੍ਹਾਂ ਨੇ ਇਸ ਜਾਣਕਾਰੀ ਨੂੰ ਸਹਿਯੋਗੀ 16 ਮੀਡੀਆ ਅਦਾਰਿਆਂ ਨਾਲ ਸਾਂਝਾ ਕੀਤਾ ਜਿਨ੍ਹਾਂ ’ਚ ‘ਦ ਗਾਰਡੀਅਨ’, ‘ਦ ਵਸ਼ਿੰਗਟਨ ਪੋਸਟ’ ਤੇ ਹੋਰ ਪ੍ਰਸਿੱਧ ਫਰਾਂਸੀਸੀ ਤੇ ਜਰਮਨ ਅਖ਼ਬਾਰਾਂ ਸ਼ਾਮਲ ਹਨ। ਇਸ ਤੋਂ ਛੁੱਟ ਅਰਬ ਅਤੇ ਯੂਰਪ ਦੇ ਗਿਆਰਾਂ ਹੋਰ ਅਦਾਰਿਆਂ ਨੂੰ ਵੀ ਜਾਣਕਾਰੀ ਦਿੱਤੀ ਗਈ। ਸੰਸਾਰ ਦੇ 50 ਦੇਸ਼ਾਂ ਦੇ ਕੋਈ 1 ਹਜ਼ਾਰ ਸਮਾਰਟਫੋਨਾਂ ਦੇ ਮਾਲਕਾਂ ਦਾ ਪਤਾ ਲਾ ਲਿਆ ਗਿਆ ਹੈ, ਜੋ ਕਿ ਨਿਸ਼ਾਨਾ ਬਣਾਏ ਗਏ ਹਨ। ਹੋਰਨਾਂ ਦੀ ਤੇਜ਼ੀ ਨਾਲ ਤਸਦੀਕ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਨਿਸ਼ਾਨਾ ਬਣਾਏ ਗਏ ਸਮਾਰਟ ਫੋਨਾਂ ਦੀ ਗਿਣਤੀ 300 ਤੋਂ ਵੱਧ ਹੈ। ਜਿਨ੍ਹਾਂ ਦੀ ਜਾਸੂਸੀ ਹੋਈ ਹੈ, ਉਨ੍ਹਾਂ ਵਿੱਚ ਮੋਦੀ ਸਰਕਾਰ ਦੇ ਦੋ ਵਰਤਮਾਨ ਮੰਤਰੀ, ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਉੱਚ ਅਦਾਲਤਾਂ ਦੇ ਜੱਜ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 40 ਤੋਂ ਵੱਧ ਪੱਤਰਕਾਰਾਂ ਅਤੇ ਕਈ ਕਾਰੋਬਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ‘ਫਾਰਬਿਡਨ ਸਟੋਰੀਜ਼’ ਅਤੇ ‘ਐਮਨਸਟੀ ਇੰਟਰਨੈਸ਼ਨਲ’ ਅਨੁਸਾਰ ਸੀਨੀਅਰ ਸੰਪਾਦਕਾਂ ਤੇ ਪੱਤਰਕਾਰਾਂ ਦੀ ਜਾਸੂਸੀ 2019 ਦੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਸ਼ੁਰੂ ਹੋ ਗਈ ਸੀ। ‘ਵਸ਼ਿੰਗਟਨ ਪੋਸਟ’ ਅਨੁਸਾਰ ਇਨ੍ਹਾਂ ਦੇ ਨਾਮ ਜਲਦ ਨਸ਼ਰ ਕੀਤੇ ਜਾਣਗੇ। ‘ਐਮਨਸਟੀ ਇੰਟਰਨੈਸ਼ਨਲ’ ਅਨੁਸਾਰ ਜਾਸੂਸੀ ਕਿਸ ਨੇ ਕਰਵਾਈ ਹੈ, ਇਸ ਬਾਰੇ ਵੀ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ’ਚ ਇਸ ਜਾਸੂਸੀ ਕਾਂਡ ਦੀਆਂ ਪਰਤਾਂ ਖੁੱਲ੍ਹਣ ਨਾਲ ਕਈ ਧਮਾਕੇ ਹੋਣ ਦੀ ਸੰਭਾਵਨਾ ਹੈ। ਸੰਸਦ ’ਚ ਪੈਗਾਸਸ ਦਾ ਮੁੱਦਾ ਉੱਠਣ ’ਤੇ ਆਈਟੀ ਮੰਤਰੀ ਨੇ ਸਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਪਰ ਇਹ ਮਾਮਲਾ ਇਥੇ ਹੀ ਖਤਮ ਹੋਣ ਵਾਲਾ ਨਹੀਂ। ਸਰਕਾਰ ਨੂੰ ਆਪਣੇ ਆਪ ਨੂੰ ਬੇਦਾਗ ਸਾਬਤ ਕਰਨ ਲਈ ਇਸ ਸਮੁੱਚੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉੱਚ-ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ