BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਸ਼ਾਇਰ ਹਰਭਜਨ ਸਿੰਘ ‘ਹਾਮੀ’ ਨੂੰ ਯਾਦ ਕਰਦਿਆਂ...

July 20, 2021 01:08 PM

ਬਲਕਰਨ ‘ਕੋਟ ਸ਼ਮੀਰ’

ਸਾਹਿਤ ਦੇ ਖੇਤਰ ਵਿੱਚ ਆਪਣਾ ਅੱਡਰਾ ਅਧਿਆਤਮਕ ਪਹੁੰਚ ਦਾ ਮੁਕਾਮ ਬਣਾਉਣ ਵਾਲੇ ਹਰਭਜਨ ਸਿੰਘ ‘ਹਾਮੀ’ ਇੱਕ ਜਹੀਨ ਕਵੀ, ਪੱਤਰਕਾਰ, ਅਧਿਆਪਕ, ਸਬ ਐਡੀਟਰ ਅਤੇ ਇਸ ਤੋਂ ਵੀ ਵੱਡੀ ਗੱਲ ਇੱਕ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਸਨ। ਜਲੰਧਰ ਜ਼ਿਲੇ~ ਦੇ ਸ਼ਾਹਕੋਟ ਲਾਗੇ ਆਪਣੇ ਨਾਨਕੇ ਪਿੰਡ ਕੋਹਾੜ ਕਲਾਂ ’ਚ ਉਨ੍ਹਾਂ ਦਾ ਜਨਮ 1932 ਈ: ਵਿੱਚ ਸ: ਬਚਨ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ, ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ, ਉਨ੍ਹਾਂ ਨੇ ਉਸਦਾ ਨਾਂ ਹਰਭਜਨ ਸਿੰਘ ਰੱਖਿਆ, ਸਾਹਿਤਕ ਜਗਤ ਵਿੱਚ ਪ੍ਰਵੇਸ਼ ਕਰਦਿਆਂ ਜਾਂ ਇੰਝ ਕਹਿ ਲਵੋ ਕਿ ਹਰਭਜਨ ਦੇ ਕਵਿਤਾ ਅੰਦਰੋਂ ਫੁਟਦਿਆਂ ਹੀ ਉਨ੍ਹਾਂ ਦੇ ਨਾਂ ਨਾਲ਼ ‘ਹਾਮੀ’ ਪੱਕੇ ਤੌਰ ਤੇ ਜੁੜ ਗਿਆ ਸੀ। ਉਹ ਸਾਰੀ ਉਮਰ ਸੱਚ ਦਾ ਹਾਮੀ ਰਿਹਾ ਜਿਸਦੀ ਹਾਮੀ ਅੱਜ ਵੀ ਉਨ੍ਹਾਂ ਦੀਆਂ 25 ਤੋਂ ਵੱਧ ਲਿਖੀਆਂ ਕਿਤਾਬਾਂ ਭਰਦੀਆਂ ਹਨ।
ਹਰਭਜਨ ਸਿੰਘ ‘ਹਾਮੀ’ ਜੀ ਨੇ ਸੁਲਤਾਨਪੁਰ ਲੋਧੀ ਦੇ ਖਾਲਸਾ ਸਕੂਲ ਵਿੱਚ ਅਤੇ ਫਿਰ ਐੱਸ. ਡੀ. ਸਕੂਲ ਵਿੱਚ ਨੌਕਰੀ ਕੀਤੀ, ਉਹ ਡਡਵੰਡੀ ਦੇ ਹਾਈ ਸਕੂਲ ਦੇ ਮੁੱਖ ਅਧਿਆਪਕ ਵੀ ਰਹੇ। ਫਿਰ ਰੇਲਵੇ ’ਚ ਨੌਕਰੀ ਕਰਦਿਆਂ ਅੰਬਾਲਾ, ਜਲੰਧਰ ਅਤੇ ਅਮ੍ਰਿੰਤਸਰ ਸਟੇਸ਼ਨਾਂ ਤੇ ਰਹਿੰਦਿਆਂ ਵੀ ਸ਼ਾਇਰੀ ਨਾਲ਼ ਅੰਦਰੋਂ ਜੁੜੇ ਰਹੇ। 1978 ਵਿੱਚ ਪੰਜਾਬੀ ਅਦਾਰੇ ‘ਜਗ ਬਾਣੀ’ ਦੇ ਸਬ ਐਡੀਟਰ ਬਣੇ। 1990 ਈ: ਵਿੱਚ ‘ਵਿਸ਼ਵ ਪੰਜਾਬੀ ਕਾਨਫਰੰਸ’ ਵਿੱਚ ਭਾਗ ਲੈਣ ਲਈ ਉਹ ਟੋਰਾਂਟੋ ਚਲੇ ਗਏ। ਵਾਪਸ ਆ ਕੇ ਉਨ੍ਹਾਂ ਨੇ ‘ਅੱਜ ਦੀ ਅਵਾਜ਼’ ਅਤੇ ‘ਨਵਾਂ ਜ਼ਮਾਨਾ’ ਦੇ ਸਬ ਐਡੀਟਰ ਵਜੋਂ ਕੰਮ ਕੀਤਾ।
ਉੁੰਝ ‘ਹਾਮੀ’ ਦੀ ਕਵਿਤਾ ਨੂੰ ਕਿਸੇ ਸੀਮਤ ਦਾਇਰੇ ਜਾਂ ਕਿਸੇ ਵਾਦ ਨਾਲ਼ ਜੋੜ ਕੇ ਦੇਖਣਾ ਠੀਕ ਨਹੀਂ ਹੋਵੇਗਾ, ਕਿਉਂਕਿ ਉਹ ਵਿਸ਼ਾਲ ਹਿਰਦੇ ਦੇ ਜਹੀਨ ਸ਼ਾਇਰ ਸਨ। ਉਹ ਕਵਿਤਾ ਨੂੰ ਨਾ ਸਿਰਫ ਲਿਖਦੇ ਹੀ ਸਨ ਸਗੋਂ ਕਵਿਤਾ ਨੂੰ ਗਹਿਰਾਈ ਦੇ ਤਲ ਤੋਂ ਮਹਿਸੂਸਦੇ ਹੋਏ ਮਾਣਦੇ ਵੀ ਸਨ। ਉਨ੍ਹਾਂ ਦੀ ਉਰਦੂ -ਫਾਰਸੀ ਭਾਸ਼ਾਈ ਸਮਝ ਉਚੇਰੀ ਹੋਣ ਕਾਰਨ ਸਾਹਿਤਕ ਜਗਤ ਵਿੱਚ ਉਨ੍ਹਾਂ ਨੂੰ ਭਰਪੂਰ ਸ਼ੁਹਰਤ ਮਿਲੀ।
ਫਖਰ ਅਤੇ ਮਾਣ ਵਾਲ਼ੀ ਗੱਲ ਹੈ ਕਿ ਸਿੱਖ ਜਗਤ ਨੂੰ ਸਿੱਖੀ ਸਿਧਾਂਤਾਂ , ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਦਿਲੋਂ-ਜਾਨੋਂ ਸਮਰਪਿਤ ਇੱਕ ਡੂੰਘੇ ਸ਼ਾਇਰ ਸ: ਹਰਭਜਨ ਸਿੰਘ ‘ਹਾਮੀ’ ਮਿਲੇ, ਜਿਸ ਨਾਲ਼ ਸਿੱਖੀ ਦੀਆਂ ਬਾਰੀਕ ਸਮਝਾਂ ਆਮ ਪਾਠਕਾਂ ਦੇ ਪੱਲੇ ਪਈਆਂ। ‘ਹਾਮੀ’ ਆਪਣੀ ਕਵਿਤਾ ਨੂੰ ਸਟੇਜ ’ਤੇ ਵੀ ਹੁਨਰਮਈ ਢੰਗ ਨਾਲ਼ ਕਹਿਣ ਜਾਣਦੇ ਸਨ, ਆਪਣੇ ਸਮਕਾਲੀ ਕਵੀਆਂ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਸੀ।
ਉਨ੍ਹਾਂ ਦੀ ਸਭ ਤੋਂ ਵੱਡੀ ਸਾਹਿਤਕ ਦੇਣ ਸ੍ਰੀ ਗੁਰੂ ਗੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਉਰਦੂ ਵਿੱਚ ਤਰਜਮਾ ਕਰਨਾ ਸੀ। ਮਹਾਂਕਾਵਿ ‘ਸਾਈਂ ਮੀਆਂ ਮੀਰ’ ਅਤੇ ‘ਸ੍ਰੀ ਚੰਦਾਇਣ ਤੋਂ ਇਲਾਵਾ ਗਜਲ ਸੰਗਹਿ ‘ਮਿਜਰਾਬ’, ਸਰਾਬ ਅਤੇ ਧੁਆਂਖੇ ਨਕਸ਼ ਤੋਂ ਬਿਨਾ ‘ਮੈਂ ਹਾਂ ਕੋਹਿਨੂਰ’, ਸਰਮਦ, ਪਾਕ ਰੂਹਾਂ, ਦੇਵ ਲੋਕ ਆਦਿ ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ।
ਉਨ੍ਹਾਂ ਨੂੰ ਭਾਰਤੀ ਦਲਿਤ ਸਾਹਿਤ ਐਕਾਦਮੀ, ਸ਼੍ਰੋਮਣੀ ਕਮੇਟੀ ਅਮ੍ਰਿੰਤਸਰ, ਗੁਰਦਆਰਾ ਕਮੇਟੀ ਦਿੱਲੀ , ਸ੍ਰੀ ਗੁਰੂ ਸਿੰਘ ਸਭਾ ਟੋਰਾਂਟੋ (ਕਨੇਡਾ) ਤੋਂ ਬਿਨਾਂ ਹੋਰ ਵੀ ਕਈ ਸਾਹਿਤਕ ਸਭਾਵਾਂ ਵੱਲੋਂ ਸਨਮਾਨਤ ਕੀਤਾ ਗਿਆ।
ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਾਹਿਤ ਨੂੰ ਸਮਰਪਿਤ ਕਰ ਦਿੱਤੀ, ਜ਼ਿੰਦਗੀ ਦੇ ਅੰਤਲੇ ਦਿਨਾਂ ਵਿੱਚ ਵੀ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਉਰਦੂ ਦੇ ਤਰਜਮੇ ਨੂੰ ਸੰਪੂਰਨ ਕਰਨ ਵਿੱਚ ਸ਼ਿੱਦਤ ਅਤੇ ਲਗਨ ਨਾਲ਼ ਜੁਟੇ ਰਹੇ, ਜਿਉਂ ਹੀ ਇਹ ਕਾਰਜ ਸੰਪੂਰਨ ਹੋਇਆ 20 ਜੁਲਾਈ 1994 ਈ: ਨੂੰ ਉਹ ਸਾਡੇ ਤੋਂ ਸਦਾ ਲਈ ਵਿੱਛੜ ਗਏ।
ਕੁਝ ਵੀ ਹੋਵੇ ਸ: ਹਰਭਜਨ ਸਿੰਘ ‘ਹਾਮੀ’ ਜਿਹੀ ਗਹਿਰੀ ਸਮਝ ਵਾਲ਼ਾ ਇੱਕ ਵੱਡਾ ਅਧਿਆਤਮਵਾਦੀ ਕਵੀ ਛੇਤੀ ਕਿਤੇ ਦੁਬਾਰਾ ਨਹੀਂ ਮਿਲਣਾ, ਉਨ੍ਹਾਂ ਦੀਆਂ ਕਿਰਤਾਂ ਜਿਉਂਦੀਆਂ ਰਹਿਣਗੀਆਂ, ਜੋ, ਜਿੱਥੇ ਉਸਨੇ ਸਫਰ ਛੱਡਿਆ ਹੈ , ਉਸ ਤੋਂ ਅਗਲੇਰੇ ਪੜਾਵਾਂ ਵੱਲ ਵਧਣ ਲਈ ਸਾਹਿਤ ਰਸੀਆਂ ਨੂੰ ਇਸ਼ਾਰੇ ਕਰਦੀਆਂ ਰਹਿਣਗੀਆਂ ਅਤੇ ਪਾਠਕਾਂ ਨੂੰ ਆਪਣੀ ਨਿੱਘੀ ਲੋਅ ਹਮੇਸ਼ਾਂ ਵੰਡਦੀਆਂ ਰਹਿਣਗੀਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ