BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਸੰਪਾਦਕੀ

ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਸੇਧ ਲੈਣ ਸਰਕਾਰਾਂ

July 21, 2021 11:16 AM

ਦੇਸ਼ ’ਚ ਸਿਹਤ ਖੇਤਰ ਦਾ ਨਿੱਜੀਕਰਨ ਕਰਨ ਦੀ ਸਰਕਾਰ ਦੀ ਨੀਤੀ, ਦੇਸ਼ ਦੇ ਆਮ ਲੋਕਾਂ ਦੀਆਂ ਸਿਹਤ ਸੰਬੰਧੀ ਜ਼ਰੂਰਤਾਂ ਪੂਰੀਆਂ ਕਰਨ ਦੇ ਉਦੇਸ਼ ਸਾਹਮਣੇ ਕਿੰਨੀ ਵਿਅਰਥ ਹੈ, ਇਸ ਦਾ ਪਤਾ ਕੋਵਿਡ-19 ਮਹਾਮਾਰੀ, ਖਾਸ ਕਰ ਇਸ ਦੀ ਦੂਸਰੀ ਲਹਿਰ ਦੌਰਾਨ, ਲੱਗ ਚੁੱਕਾ ਹੈ। ਇਸ ਨੀਤੀ ਤਹਿਤ ਮੁਫ਼ਤ ਦੇ ਭਾਅ ਜ਼ਮੀਨਾਂ ਤੇ ਕਰਜ਼ ਦੇ ਕੇ ਜੋ ਦਿਖਾਵੇ ਦੇ ਚਮਕਦਾਰ ਤੇ ਦਬਦਬੇਦਾਰ ਹਸਪਤਾਲ ਬਣਾਏ ਗਏ ਹਨ, ਉਹ ਮਹਾਮਾਰੀ ਤੋਂ ਢੇਰ ਸਮਾਂ ਪਹਿਲਾਂ ਹੀ ਆਮ ਲੋਕਾਂ ਦੀ ਲੁੱਟ ਅਤੇ ਠੱਗੀ ਦੇ ਕੇਂਦਰਾਂ ਵਜੋਂ ਜਾਣੇ ਜਾਂਦੇ ਰਹੇ ਹਨ। ਇਨ੍ਹਾਂ ਨਿੱਜੀ ਹਸਪਤਾਲਾਂ ਦੀਆਂ ਲੁੱਟ ਦੀਆਂ ਘਟਨਾਵਾਂ ਕਿਸੇ ਤੋਂ ਵੀ ਸੁਣੀਆਂ ਜਾ ਸਕਦੀਆਂ ਹਨ। ਮਨੁੱਖੀ ਕਦਰਾਂ-ਕੀਮਤਾਂ ਅਤੇ ਡਾਕਟਰੀ ਪੇਸ਼ੇ ਦੀ ਨੈਤਿਕਤਾ ਨੂੰ ਕੁਚਲ ਕੇ ਮਰ ਚੁੱਕੇ ਮਰੀਜ਼ ਦੀ ਲਾਸ਼ ਲਈ ਕਈ-ਕਈ ਦਿਨ ਰੱਖਕੇ ਬਿੱਲ ਵਧਾਉਣ ਦੇ ਇਨ੍ਹਾਂ ਹਸਪਤਾਲਾਂ ਦੇ ਕਿੱਸੇ ਪਿੰਡਾਂ ਤੱਕ ਮਸ਼ਹੂਰ ਹਨ। ਫਿਰ ਵੀ ਸਰਕਾਰਾਂ ਇਨ੍ਹਾਂ ਹਸਪਤਾਲਾਂ ਦੇ ਪਿੱਛੇ ਖੜ੍ਹੀਆਂ ਰਹੀਆਂ ਅਤੇ ਇਨ੍ਹਾਂ ਦੁਆਰਾ ਆਮ ਮਰੀਜ਼ਾਂ ਦੀ ਕੀਤੀ ਜਾਂਦੀ ਲੁੱਟ ਵਲੋਂ ਅਣਜਾਣ ਬਣੀਆਂ ਰਹੀਆਂ ਹਨ। ਸਰਕਾਰਾਂ ਨੇ ਲੋਕਾਂ ਦੀਆਂ ਤਕਲੀਫਾਂ ਅਤੇ ਉਨ੍ਹਾਂ ਦੀਆਂ ਚੀਕਾਂ ਤੇ ਹਾੜਿਆਂ ਵਲ ਕੋਈ ਧਿਆਨ ਨਹੀਂ ਦਿੱਤਾ।
ਜਦੋਂ ਦੇਸ਼ ਦੇ ਲੋਕਾਂ ਲਈ ਕੋਵਿਡ-19 ਮਹਾਮਾਰੀ ਭਾਰੀ ਬਿਪਤਾ ਬਣ ਕੇ ਆਈ ਤਦ ਵੀ ਨਿੱਜੀ ਹਸਪਤਾਲਾਂ ਨੇ ਲੁੱਟ ਦੀ ਆਪਣੀ ਰੀਤ ਨੂੰ ਘਟਾਉਣਾ ਤਾਂ ਕੀ ਸੀ ਸਗੋਂ ਹੋਰ ਵੀ ਵਧਾ ਦਿੱਤਾ। ਹਰੇਕ ਚੀਜ਼ ਦਾ ਮੁੱਲ ਵਧਾ ਕੇ ਬਿੱਲ ਬਣਾਏ, ਅਤੇ ਅਣਲੋੜੀਂਦੀਆਂ ਦਵਾਈਆਂ ਤੇ ਟੀਕਿਆਂ ਦੀ ਵਰਤੋਂ ਦਿਖਾ ਕੇ ਬਿੱਲਾਂ ਵਿੱਚ ਵੱਡੇ ਇਜ਼ਾਫੇ ਕੀਤੇ ਗਏ। ਡਾਕਟਰੀ ਵਸਤਾਂ ਤੇ ਸੇਵਾਵਾਂ ਦੀ ਸਰਕਾਰ ਵਲੋਂ ਤੈਅ ਕੀਤੀ ਕੀਮਤ ਦੀ ਪਰਵਾਹ ਨਹੀਂ ਕੀਤੀ। ਨਤੀਜੇ ਵਜੋਂ ਪਹਿਲਾਂ ਤੋਂ ਹੀ ਮੁਸੀਬਤ ਦੇ ਸ਼ਿਕਾਰ ਲੋਕਾਂ ’ਚ ਨਿੱਜੀ ਹਸਪਤਾਲਾਂ ਦੀਆਂ ਠੱਗੀਆਂ ਕਾਰਨ ਹਾਹਾਕਾਰ ਮੱਚਿਆ ਤੇ ਸਰਕਾਰ ਜਾਗੀ। ਪੜਤਾਲਾਂ ਹੋਈਆਂ, ਜਿਨ੍ਹਾਂ ’ਚ ਇੱਕ ਵੀ ਨਾਮੀ ਨਿੱਜੀ ਹਸਪਤਾਲ ਭਰਿਸ਼ਟਾਚਾਰ ਦੇ ਦਾਗ਼ ਤੋਂ ਨਹੀਂ ਬਚ ਸਕਿਆ। ਲਗਭਗ ਸਾਰੇ ਹੀ ਵੱਡੇ ਨਿੱਜੀ ਹਸਪਤਾਲਾਂ ਬਾਰੇ ਰਿਪੋਰਟਾਂ ਛਪੀਆਂ ਹਨ ਕਿ ਕਿਵੇਂ ਇਨ੍ਹਾਂ ਨੇ ਮਰੀਜ਼ਾਂ ਨੂੰ ਲੁੱਟਿਆ ਹੈ ਅਤੇ ਹੇਰਾਫੇਰੀਆਂ ਕੀਤੀਆਂ ਹਨ। ਸ਼ਾਇਦ ਪ੍ਰਸ਼ਾਸਨ ਨੇ ਛੋਟੇ-ਮੋਟੇ ਜ਼ੁਰਮਾਨੇ ਕਰਕੇ ਸਾਰ ਲਿਆ ਹੈ, ਜਿਹੜੀਆਂ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਸਨ ਉਹ ਹੌਲੀ-ਹੌਲੀ ਖ਼ਤਮ ਕਰ ਲਈਆਂ ਜਾਣਗੀਆਂ l
ਇਸ ’ਚ ਹੈਰਾਨੀ ਨਹੀਂ ਕਿ ਮਹਾਮਾਰੀ ਦੌਰਾਨ ਵੀ ਨਿੱਜੀ ਹਸਪਤਾਲਾਂ ਦੁਆਰਾ ਮਚਾਈ ਲੁੱਟ ਅਤੇ ਸ਼ਰੇਆਮ ਮਰੀਜ਼ਾਂ ਨਾਲ ਮਾਰੀਆਂ ਠੱਗੀਆਂ ਵਿਰੁੱਧ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਵੱਡੀਆਂ ਕਾਰਵਾਈਆਂ ਤਾਂ ਕੀ ਹੋਣੀਆਂ ਸਨ, ਹੁਕਮਰਾਨ ਸਿਆਸਤਦਾਨਾਂ ਦੇ ਬਿਆਨ ਤੱਕ ਨਹੀਂ ਆਏ। ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਕਿਸੇ ਰਾਜ ਦੀ, ਇਨ੍ਹਾਂ ਵਲੋਂ, ਇਨ੍ਹਾਂ ਦੇ ਸਿਹਤ ਅਤੇ ਦੂਸਰੇ ਮੰਤਰੀਆਂ ਵਲੋਂ, ਨਿੱਜੀ ਹਸਪਤਾਲਾਂ ਵਿਰੁੱਧ ਇਕ ਆਵਾਜ਼ ਨਹੀਂ ਉਠੀ, ਹਾਲਾਂਕਿ ਸਥਿਤੀ ਬਹੁਤ ਗੰਭੀਰ ਸੀ ਅਤੇ ਲੋਕਾਂ ’ਚ ਭਾਰੀ ਨਿਰਾਸ਼ਾ ਤੇ ਰੋਸ ਸੀ।
ਆਖਰ ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਸਰਕਾਰਾਂ ਅਤੇ ਲੋਕ ਨੁਮਾਇੰਦਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਸੁਪਰੀਮ ਕੋਰਟ ਗੁਜਰਾਤ ਦੇ ਰਾਜਕੋਟ ਤੇ ਅਹਿਮਦਾਬਾਦ ਦੇ ਹਸਪਤਾਲਾਂ ’ਚ ਅੱਗ ਲੱਗਣ ਕਾਰਨ ਹੋਈ ਮਰੀਜ਼ਾਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਇਹ ਮਾਮਲਾ ਵੀ ਸੁਪਰੀਮ ਕੋਰਟ ਨੇ ਖ਼ੁਦ ਹੀ ਆਪਣੇ ਹੱਥ ਲਿਆ ਸੀ। ਬੀਤੇ ਸੋਮਵਾਰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਕਹਿਣਾ ਪਿਆ : ‘‘ ਮਨੁੱਖੀ ਸੰਕਟ ਦੇ ਹੁੰਦਿਆਂ ਇਹ ਵੱਡੇ ਹਸਪਤਾਲ ਰੀਅਲ ਅਸਟੇਟ ਵਾਂਗ ਵੱਡੇ ਉਦਯੋਗ ਬਣ ਗਏ ਹਨ। ਸੰਕਟ ਸਮੇਂ ਹਸਪਤਾਲ ਮਰੀਜ਼ਾਂ ਦੀ ਮਦਦ ਕਰਨ ਲਈ ਹੁੰਦੇ ਹਨ। ਪਰ ਵਿਆਪਕ ਤੌਰ ’ਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਪੈਸੇ ਬਣਾਉਣ ਦੀ ਮਸ਼ੀਨ ਬਣ ਰਹੇ ਹਨ ਅਤੇ ਮਰੀਜ਼ਾਂ ਦੀ ਪਰੇਸ਼ਾਨੀ ਵਧਾ ਰਹੇ ਹਨ।’’ ਸੁਪਰੀਮ ਕੋਰਟ ਨੇ ਇਕ ਅਜਿਹੀ ਟਿੱਪਣੀ ਵੀ ਕੀਤੀ ਜੋ ਬਹੁਤ ਪਹਿਲਾਂ ਤੋਂ ਹੀ ਆਮ ਭਾਰਤੀਆਂ ਦੀ ਜ਼ੁਬਾਨ ’ਤੇ ਹੈ। ਸੁਪਰੀਮ ਕੋਰਟ ਨੇ ਕਿਹਾ ‘‘ਅਸੀਂ ਉਨ੍ਹਾਂ ਨੂੰ [ਨਿੱਜੀ ਹਸਪਤਾਲਾਂ ਨੂੰ] ਲੋਕਾਂ ਦੀਆਂ ਜ਼ਿੰਦਗੀਆਂ ਦੀ ਕੀਮਤ ’ਤੇ ਪੈਸੇ ਕਮਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਅਜਿਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਬੇਹਤਰ ਹੈ।’’ ਸਰਕਾਰਾਂ, ਖਾਸ ਕਰ ਕੇਂਦਰ ਦੀ ਸਰਕਾਰ, ਨੂੰ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਸੇਧ ਲੈਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ