BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਸਾਫ਼-ਸੁਥਰੀ ਸਿਆਸਤ

July 21, 2021 11:17 AM

ਰਾਜਿੰਦਰ ਪਾਲ ਸ਼ਰਮਾ

ਲੋਕਰਾਜ ਦੀ ਸੁਚੱਜਤਾ ਤੇ ਸਫ਼ਲਤਾ ਸਾਫ਼ ਸੁਥਰੀ ਸਿਆਸਤ ’ਤੇ ਨਿਰਭਰ ਕਰਦੀ ਹੈ। ਸਿਆਸਤ ਮੁੱਦਿਆਂ ਜਾਂ ਪਾਲਿਸੀ ’ਤੇ ਆਧਾਰਤ ਹੋਣੀ ਚਾਹੀਦੀ ਹੈ ਤੇ ਨੁਕਤਾਚੀਨੀ ਸਿਹਤਮੰਦ ਤੇ ਉਸਾਰੂ ਜ਼ਰੂਰੀ ਹੈ। ਐਵੇਂ ਸਰੀਕੇਬਾਜ਼ੀ ਸਦਕਾ ਇਕ-ਦੂਜੇ ’ਚ ਨੁਕਸ ਕੱਢਣੇ ਠੀਕ ਨਹੀਂ ਹੁੰਦੇ। ਇਹ ਦਰਾਣੀ-ਜਠਾਣੀ ਜਾਂ ਨੂੰਹ-ਸੱਸ ਵਾਲੀ ਦੂਸ਼ਣਬਾਜ਼ੀ ਤੋਂ ਮੁਕਤ ਹੋਣੀ ਜ਼ਰੂਰੀ ਹੈ। ਵਿਰੋਧੀ ਧਿਰ ਲੋਕਰਾਜ ’ਚ ਅਤਿ ਜ਼ਰੂਰੀ ਹੈ ਤਾਂ ਜੋ ਸਰਕਾਰ ਨੂੰ ਗਲਤ ਪਾਸੇ ਜਾਣ ਤੋਂ ਰੋਕਿਆ ਜਾ ਸਕੇ। ਚੰਗੇ ਕੀਤੇ ਕੰਮਾਂ ਦੀ ਸਿਫ਼ਤ ਨਾ ਸਹੀ ਪਰ ਪਰੋੜਤਾ ਜ਼ਰੂਰ ਕਰਨੀ ਬਣਦੀ ਹੈ। ਸਾਡੇ ਸਿਆਸੀ ਪਾਰਟੀਆਂ ਇੱਕ-ਦੂਜੇ ਦੇ ਕੀੜੇ ਕੱਢਣ ’ਤੇ ਹੀ ਜ਼ੋਰ ਲਾਉਂਦੀਆਂ ਹਨ ਚਾਹੇ ਕਈ ਵਾਰ ਇਹ ਦਲੀਲ ਦੀ ਕਸਵੱਟੀ ’ਤੇ ਪੂਰਾ ਨਹੀਂ ਉੱਤਰਦਾ।
ਸਾਡੇ ਲੋਕਰਾਜ ਸਥਾਪਤ ਤਾਂ ਹੋ ਗਿਆ ਹੈ। ਚੋਣਾਂ ਹੁੰਦੀਆਂ ਅਤੇ ਬਦਲਾਅ ਹੁੰਦਾ ਹੈ। ਪਰੰਤੂ ਤਾਕਤ ਦੀ ਦੁਰਵਰਤੋਂ ਬਲਕਿ ਤਾਕਤ ਦਾ ਨਸ਼ਾ, ਕੰਮ ਖਰਾਬ ਕਰ ਰਿਹਾ ਹੈ। ਕਾਨੂੰਨ ਦੀ ਸਰਬ ਉੱਚਤਾ ਅਜੇ ਤੱਕ ਸਥਾਪਤ ਨਹੀਂ ਹੋ ਸਕੀ। ਤਕੜੇ ਦਾ ਸੱਤੀਂ ਵੀਹੀਂ ਸੌ ਆਮ ਚਲਦਾ ਹੈ। ਕਾਨੂੰਨ ਮੂਹਰੇ ਸਭ ਬਰਾਬਰ ਚਾਹੀਦੇ ਹਨ ਤੇ ਗਲਤ ਕੰਮ ਕਿਸੇ ਦਾ ਨਹੀਂ ਹੋਣਾ ਚਾਹੀਦਾ ਹੈ ਤੇ ਠੀਕ ਕੰਮ ਕਿਸੇ ਦਾ ਰੁਕਣਾ ਨਹੀਂ ਚਾਹੀਦਾ। ਸਿਫਾਰਸ਼ ਤੇ ਪੈਸੇ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ। ਫਿਰ ਦਲਬਦਲੀ ਉਰਫ਼ ਦਿਲਬਦਲੀ ਦਾ ਰੋਗ ਬਹੁਤ ਜ਼ਿਆਦਾ ਹੈ। ਸੱਤਾਧਾਰੀ ਲੋਕ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਡੇਗਣ ਦਾ ਖਲਨਾਇਕੀ ਡਰਾਮਾ ਆਮ ਕਰਦੇ ਹਨ। ਸਭ ਤੋਂ ਢੀਠਤਾ ਤੇ ਗਿਰਾਵਟ ਦੀ ਗੱਲ ਹੈ ਦਲਬਦਲੀ ਕਰਨ ਵਾਲੇ ਸਿਆਸੀ ਯੋਧੇ ਨੂੰ ਇੰਜ ਜੀ ਆਇਆਂ ਆਖਿਆ ਜਾਂਦਾ ਹੈ ਜਿਸ ਤਰ੍ਹਾਂ ਕੋਈ ਵਿਸ਼ੇਸ਼ ਮਹਿਮਾਨ ਹੋਵੇ। ਸਮਾਗਮ ਰਚਾ ਕੇ ਫੋਟੋ ਹੁੰਦੀ ਹੈ। ਉਂਜ ਦਲਬਦਲੀ ਕਰਨ ਵਾਲੇ ਨੂੰ ਫਿਟੇ ਮੂੰਹ ਕਹਿਣਾ ਬਣਦਾ ਹੈ। ਕੇਵਲ ਚੜ੍ਹਦੇ ਸੂਰਜ ਵੱਲ ਟਪੂਸੀ ਮਾਰ ਕੇ ਹੋਣਾ ਤਾਂ ਜੋ ਰਾਜਭਾਗ ਦਾ ਅਨੰਦ ਆਵੇ ਅਤਿ ਗਿਰਾਵਟ ਦਾ ਪ੍ਰਤੀਕ ਹੈ। ਹਾਂ, ਕੋਈ ਪਾਲਿਸੀ ਨਾਲ ਮਤਭੇਦ ਹੋਣ ’ਤੇ ਪਾਰਟੀ ਛੱਡੀ ਜਾ ਸਕਦੀ ਹੈ ਨਾ ਕੇ ਟਪੂਸੀ ਮਾਰ ਕੇ ਦੂਜੀ ਪਾਰਟੀ ਦੀ ਰੇਹੜੀ ਵਿੱਚ ਚੜ੍ਹਨਾ ਚਾਹੀਦਾ ਹੈ। ਸਾਡੇ ਲੱਗਭਗ ਸਾਰੇ ਬਦਬਦਲੂ ਲਾਲਚ ਸਦਕਾ ਹੀ ਗਿਰਗਟ ਵਾਂਗ ਰੰਗ ਬਦਲਦੇ ਹਨ ਜੋ ਸਾਫ਼ ਸੁਥਰ ਸਿਆਸਤ ਨੂੰ ਨੇੜੇ ਨਹੀਂ ਆਉਣ ਦਿੰਦੇ।
ਭ੍ਰਿਸ਼ਟਾਚਾਰ ਤਾਂ ਸੁੱਖ ਨਾਲ ਸਾਡੇ ਸਥਾਪਤ ਸ਼ੈਅ ਵਾਂਗ ਹੀ ਹੈ। ਟਾਂਵੇ-ਟਾਂਵੇ ਨੇਤਾ ਹਨ ਜੋ ਸਾਫ਼ ਤੇ ਇਮਾਨਦਾਰ ਹਨ ਨਹੀਂ ਤਾਂ ‘ਰਾਮ ਰਾਮ ਜਪਣਾ’ ਵਾਲੀ ਹਾਲ ਹੀ ਜ਼ਿਆਦਾ ਹੈ। ਚਮਚਾਗਿਰੀ ਦਾ ਧੰਦਾ ਵੀ ਪੂਰੀ ਤਰ੍ਹਾਂ ਇਸੇ ਕਾਰਨ ਸਥਾਪਤ ਹੈ। ਵਿਧਾਇਕਾਂ ਦੀ ਖਰੀਦੋ-ਫ਼ਰੋਖਤ ਦੇ ਚਰਚੇ ਆਮ ਹਨ। ਜਾਂ ਫਿਰ ਵਜ਼ੀਰੀ ਜਾਂ ਚੇਅਰਮੈਨੀ ਦੇ ਲਾਲਚ ਸਦਕਾ ਵਿਧਾਇਕ ਛਾਲਾਂ ਮਾਰ ਕੇ ਦੂਜੇ ਦੇ ਪਾਲੇ ’ਚ ਜਾ ਵੜਦੇ ਹਨ। ਕਾਂਗਰਸ ਦੇ ਰਾਜ ਵੇਲੇ ਵੀ ਚਲਦਾ ਸੀ ਪਰ ਹੁਣ ਭਾਜਪਾ ਵਾਲੇ ਵੀ ਪਿੱਛੇ ਨਹੀਂ ਹਨ। ਇਹ ਹਊਮੇ ਗ੍ਰਸਤ ਜ਼ਿਆਦਾ ਹਨ। ਕਦੇ ਪੰਜਾਹ ਸਾਲ ਰਾਜ ਕਰਨ ਦੀ ਗੱਲ ਕਰਦੇ ਹਨ ਅਤੇ ਕਦੇ ਕਾਂਗਰਸ ਮੁਕਤ ਦੀ ਗੱਲ ਕਰਦੇ ਹਨ। ਇਹ ਸਾਧਾਰਨ ਤਾਂ ਦੇ ਉਲਟ ਹੈ। ਕਾਂਗਰਸ ਨੇ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਲਈ ਹੈ ਤੇ ਭੁਗਤ ਰਹੀ ਹੈ। ਪਰ ਕਾਂਗਰਸ ਕੋਈ ‘ਬਿਮਾਰੀ (ਪੋਲੀਓ ਆਦਿ)’ ਤਾਂ ਨਹੀਂ ਜਿਸ ਤੋਂ ਭਾਜਪਾ ਵਾਲੇ ਦੋਸਤ ਮੁਕਤ ਕਰਵਾਉਣਾ ਚਾਹੁੰਦੇ ਹਨ।
ਕੇਂਦਰ ’ਚ ਭਾਜਪਾ ਸਰਕਾਰ ਆਉਣ ਨਾਲ ਖੁਸ਼ੀ ਹੋਈ ਸੀ ਤੇ ਆਸ ਸੀ ਕਿ ਮਰਿਯਾਦਾ ਆਧਾਰਤ ਕੰਮ ਹੋਣਗੇ। ਚਲੋ ਭ੍ਰਿਸ਼ਟਾਚਾਰ ਦੀ ਚਰਚਾ ਤਾਂ ਕਾਫ਼ੀ ਘਟ ਗਈ ਜੋ ਅੱਛੀ ਗੱਲ ਹੈ ਪਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜਨ ਦਾ ਕੰਮ ਆਮ ਹੋ ਗਿਆ। ਕਰਨਾਟਕ ’ਚ ਹੋਇਆ, ਮੱਧ ਪ੍ਰਦੇਸ਼ ਹੋਇਆ ਤੇ ਰਾਜਸਥਾਨ ਦੀ ਚਰਚਾ ਚੱਲ ਰਹੀ ਹੈ। ਸ੍ਰੀ ਵਾਜਪਾਈ ਸਮਾਜ ਦੀ ਤਬਦੀਲੀ ਦੀ ਗੱਲ ਕਰਦੇ ਸਨ। ਉਹ ਆਖਦੇ ਸਨ ਕਿ ਦਲਬਦਲੀ ਨੂੰ ਹੱਲਾਸ਼ੇਰੀ ਦੇ ਕੇ ਸਰਕਾਰ ਬਦਲੀ ਜਾ ਸਕਦੀ ਹੈ ਪਰ ਬਦਲਣਾ ਸਮਾਜ ਚਾਹੀਦਾ ਹੈ ਤਾਂ ਜੋ ਸਭ ਆਨੰਦ ਮਾਨਣ। ਸਤਿਕਾਰਯੋਗ ਸ਼ਾਂਤਾ ਕੁਮਾਰ ਜੋ ਆਪ ਭਾਜਪਾ ਦੇ ਪੁਰਾਣੇ ਮੈਂਬਰ ਹਨ, ਕਹਿ ਚੁੱਕੇ ਹਨ ਕਿ ਭਾਜਪਾ ਜੋ ਆਪਣੇ ਆਪ ਨੂੰ ਵਿਸ਼ੇਸ਼ ਕਿਸਮ ਦੀ ਪਾਰਟੀ ਅਖਵਾਉਂਦੀ ਸੀ ਹੁਣ ਕੁਰਾਹੇ ਪੈ ਕੇ ਆਮ ਜਿਹੀ ਬਣ ਗਈ ਹੈ।
ਕਈ ਪੱਖਾਂ ਤੋਂ ਸਾਡੇ ਸਿਆਸਤ ਗੰਧਲੀ ਬਲਕਿ ਗੰਦੀ ਹੈ। ਇਸ ਦਾ ਸੁਧਾਰ ਅਤਿ ਜ਼ਰੂਰੀ ਹੈ। ਇਕ ਕੰਮ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਹੈ। ਫਿਰ ‘ਸਭ ਦਾ ਸਾਥ, ਸਭ ਦਾ ਵਿਕਾਸ’ ਜ਼ਰੂਰ ਹੋਏਗਾ। ਗਲਤ ਠੀਕ ਢੰਗ ਬਲਕਿ ਹਥਕੰਡੇ ਵਰਤ ਕੇ ਸੱਤਾ ਦੀ ਭੁੱਖ ਮਿਟਾਉਣ ਦੀ ਲੋੜ ਗਿਰਾਵਟ ਦੀ ਨਿਸ਼ਾਨੀ ਹੈ। ਚੋਣਾਂ ’ਚ ਅੰਨ੍ਹਾ ਖਰਚਾ, ਦਾਦਾ ਗਿਰੀ ਆਦਿ ਨਿੰਦਣਯੋਗ ਹਨ। ਯੂਰਪ ਤੇ ਵਿਸ਼ੇਸ਼ ਕਰਕੇ ਇੰਗਲੈਂਡ ਦੇ ਲੋਕਰਾਜ ਦੀ ਨਕਲ ਕਰਨ ਨਾਲ ਹੀ ਅਸੀਂ ਸਾਫ਼ ਸੁਥਰਾ ਲੋਕ ਰਾਜ ਸਥਾਪਤ ਕਰ ਸਕਾਂਗੇ ਤੇ ਲੋਕਾਂ ਦਾ ਭਲਾ ਵੱਧ ਹੋਏਗਾ। ਦੇਸ਼ ਦੀ ਸ਼ਾਨ ਵਧੇਗੀ। ਆਸ ਕਰਦੇ ਹਾਂ ਇਕ ਦਿਨ ਸਾਡੀ ਸਿਆਸਤ ਸਾਫ਼ ਸੁਥਰੀ ਹੋ ਜਾਏਗੀ ਤੇ ਲੋਕਰਾਜ ਦੀ ਸ਼ਾਨ ਵਧੇਗੀ। ਕਾਨੂੰਨ ਦੀ ਸਰਵਉੱਚਤਾ ਸਥਾਪਤ ਹੋਣ ਨਾਲ ਸਰਬਤ ਦਾ ਭਲਾ ਹੋਵੇ ਅਤੇ ਸਭ ਨੂੰ ਇਨਸਾਫ਼ ਮਿਲਣ ਲੱਗੇਗਾ। ਭਾਵ ਸਭ ਦਾ ਸਾਥ, ਸਭ ਦਾ ਵਿਕਾਸ ਹੋਏਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ