BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਸੰਪਾਦਕੀ

ਸਰਕਾਰ ਜਿੰਨਾਂ ਜਾਂਚ ਤੋਂ ਭੱਜੇਗੀ ਓਨਾ ਹੀ ਸ਼ੱਕ ਪੱਕਾ ਹੋਏਗਾ

July 22, 2021 11:21 AM

ਸੰਸਦ ਦੇ ਮਾਨਸੂਨ ਇਜਲਾਸ ਦਾ ਪਹਿਲਾ ਹਫ਼ਤਾ ਅਜਾਈਂ ਜਾਂਦਾ ਨਜ਼ਰ ਆਉਂਦਾ ਹੈ। ਇਜ਼ਰਾਇਲੀ ਕੰਪਨੀ ਐਨਐਸਓ ਗਰੁੱਪ ਦੁਆਰਾ ਤਿਆਰ ਕੀਤੇ ਸਮਾਰਟ ਫੋਨਾਂ ’ਚ ਸੰਨ੍ਹ ਲਾਉਣ ਵਾਲੇ ਸਾਫ਼ਟਵੇਅਰ, ਪੈਗਾਸਸ, ਨੂੰ ਵਰਤ ਕੇ ਕੀਤੀ ਜਾਸੂਸੀ ਦੇ ਮਾਮਲੇ ’ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਨ ਲਈ ਹੁੰਦੇ ਹੰਗਾਮਿਆਂ ਕਾਰਨ ਲੋਕਸਭਾ ’ਚ ਲਗਾਤਾਰ ਦੋ ਦਿਨ ਕੰਮ ਨਹੀਂ ਹੋ ਸਕਿਆ ਹੈ। ਜ਼ਿਆਦਾ ਇਹੋ ਸੰਸਾ ਹੈ ਕਿ ਸੰਸਦ ’ਚ ਅਗਲੇ ਦਿਨਾਂ ’ਚ ਵੀ ਹੰਗਾਮੇਂ ਹੁੰਦੇ ਰਹਿਣਗੇ। ਇਸ ਦੀ ਇੱਕ ਵਜ੍ਹਾ ਇਹ ਹੈ ਕਿ ਪੈਗਾਸਸ ਰਾਹੀਂ ਜਿਨ੍ਹਾਂ ਭਾਰਤੀ ਵਿਅਕਤੀਆਂ ਦੀ ਜਾਸੂਸੀ ਕੀਤੀ ਗਈ ਹੈ, ਉਨ੍ਹਾਂ ਦੀ ਗਿਣਤੀ ਅਤੇ ਨਾਮਾਂ ਆਦਿ ਦਾ ਬਿਓਰਾ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ। ਦੋ ਦਿਨ ਪਹਿਲਾਂ ਜਾਣਕਾਰੀ ਸੀ ਕਿ ਭਾਰਤ ਦੇ ਤਿੰਨ ਸੌ ਵਿਅਕਤੀਆਂ ਦੀ ਪੈਗਾਸਸ ਰਾਹੀਂ ਜਾਸੂਸੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ, ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਨਾਮ ਸ਼ਾਮਲ ਸਨ ਅਤੇ ਸੂਚਨਾ ਸੀ ਕਿ ਬਹੁਤ ਸਾਰੇ ਪੱਤਰਕਾਰਾਂ, ਸੰਪਾਦਕਾਂ, ਸਿਆਸੀ ਵਿਰੋਧੀਆਂ, ਮਨੁੱਖੀ ਅਧਿਕਾਰਾਂ ਲਈ ਲੜ ਰਹੇ ਕਾਰਕੁਨਾਂ ਅਤੇ ਜੱਜਾਂ ਤੱਕ ਦੀ ਜਾਸੂਸੀ ਕੀਤੀ ਗਈ ਹੈ। ਅਗਲੇ ਹੀ ਦਿਨ ਇਹ ਜ਼ਾਹਿਰ ਹੋ ਗਿਆ ਕਿ 1 ਹਜ਼ਾਰ ਤੋਂ ਵੱਧ ਭਾਰਤੀ ਲੋਕਾਂ ਨੂੰ ਜਾਸੂਸੀ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਜਦੋਂ ਜਾਸੂਸੀ ਦਾ ਸ਼ਿਕਾਰ ਹੋਏ ਨਵੇਂ -ਨਵੇਂ ਨਾਮ ਸਾਹਮਣੇ ਆਉਂਦੇ ਜਾਣਗੇ ਤਾਂ ਜਾਹਿਰ ਹੈ ਕਿ ਕੇਂਦਰ ਦੀ ਸਰਕਾਰ ਸਾਹਮਣੇ ਇਹ ਮੰਗ ਵੀ ਜ਼ੋਰ ਫੜੇਗੀ ਕਿ ਉਹ ਦੱਸੇ ਕਿ ਜਾਸੂਸੀ ਕੌਣ ਕਰਵਾ ਰਿਹਾ ਹੈ। ਸੰਸਦ ਦਾ ਮਾਨਸੂਨ ਇਜਲਾਸ ਚਲਦਾ ਹੋਣ ਸਮੇਂ ਜਾਸੂਸੀ ਦੇ ਇਸ ਮਾਮਲੇ ਦੀ ਧਮਕ ਲੋਕ ਸਭਾ ਅਤੇ ਰਾਜਸਭਾ ਵਿੱਚ ਵੀ ਸੁਣਾਈ ਦੇਣੀ ਸੁਭਾਵਿਕ ਹੈ। ਜੇਕਰ ਮੋਦੀ ਸਰਕਾਰ ਪੈਗਾਸਸ ਬਾਰੇ ਪੁੱਛੇ ਜਾ ਰਹੇ ਸਵਾਲਾਂ ਬਾਰੇ ਹੀ ਜਵਾਬ ਦੇਣ ਤੋਂ ਇਸ ਤਰ੍ਹਾਂ ਹੀ ਟਲ਼ਦੀ ਰਹੇਗੀ ਤਾਂ ਸੰਸਦ ਦੀ ਕਾਰਵਾਈ ਚਲਣੀ ਔਖੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਵੀ ਜਾਸੂਸੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਰਾਜ ਸਰਕਾਰਾਂ ਨੂੰ ਡੇਗਣ ਲਈ ਪੈਗਾਸਸ ਦੀ ਵਰਤੋਂ ਕਰਨ ਦੇ ਦੋਸ਼ ਸੰਸਦ ਵਿੱਚ ਲਗ ਰਹੇ ਹਨ। ਅਜਿਹੇ ਜਾਸੂਸੀ ਕਾਂਡ ਦਾ ਸਾਹਮਣੇ ਆਉਣਾ ਇੱਕ ਜਮਹੂਰੀ ਮੁਲਕ ਲਈ ਮਾਮੂਲੀ ਘਟਨਾ ਨਹੀਂ ਹੈ ਪਰ ਸਰਕਾਰ ਕੁੱਛ ਅਜਿਹਾ ਹੀ ਪ੍ਰਭਾਵ ਦੇਣ ਦਾ ਯਤਨ ਕਰ ਰਹੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਜਾਸੂਸੀ ਨਹੀਂ ਹੋ ਸਕਦੀ। ਇਜ਼ਰਾਇਲੀ ਕੰਪਨੀ ਦਾ ਵੀ ਕਹਿਣਾ ਹੈ ਕਿ ਉਹ ਪੈਗਾਸਸ ਸਰਕਾਰਾਂ ਨੂੰ ਹੀ ਵੇਚਦੀ ਹੈ। ਨਵੇਂ ਸੂਚਨਾ ਤਕਨਾਲੌਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ’ਚ ਬੋਲਦਿਆਂ ਕਿਹਾ ਕਿ ਅਜਿਹੀ ਸੂਚੀ ਦਾ ਜਾਰੀ ਹੋਣਾ ਭਾਰਤ ਦੀ ਜਮਹੂਰੀਅਤ ਅਤੇ ਇਸ ਦੇ ਸਥਾਪਿਤ ਅਦਾਰਿਆਂ ਨੂੰ ਬਦਨਾਮ ਕਰਨ ਦਾ ਯਤਨ ਹੈ। ਕੁੱਛ ਅਜਿਹਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਤਮਾਮ ਆਗੂ ਇਹ ਆਖ਼ ਰਹੇ ਹਨ ਕਿ ਪੈਗਾਸਸ ਰਾਹੀਂ ਜਾਸੂਸੀ ਕਰਨ ਦਾ ਮਾਮਲਾ ਭਾਰਤ ਨੂੰ ਬਦਨਾਮ ਕਰਨ ਅਤੇ ਇਸ ਨੂੰ ਤਰੱਕੀ ਕਰਨ ਤੋਂ ਰੋਕਣ ਲਈ ਨਸ਼ਰ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਕਈ ਇਸ ਦਾ ਦੋਸ਼ ਕਾਂਗਰਸ ’ਤੇ ਵੀ ਲਾ ਰਹ ਹਨ। ਪਰ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਨੇਤਾ ਇਸ ਸਮੁੱਚੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਨਹੀਂ ਕਰ ਰਿਹਾ। ਪੈਗਾਸਸ ਰਾਹੀਂ ਜਾਸੂਸੀ ਸਿਰਫ਼ ਭਾਰਤ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ਵਿੱਚ ਵੀ ਹੋਈ ਹੈ। ਫਰਾਂਸ ਦੀ ਸਰਕਾਰ ਨੇ ਪੈਗਾਸਸ ਮਾਮਲੇ ਦੀ ਜਾਂਚ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਮੋਦੀ ਸਰਕਾਰ ਹਾਲੇ ਇਹ ਸਾਬਤ ਕਰਨ ਲਈ ਯਤਨਸ਼ੀਲ ਹੈ ਕਿ ਇਹ ਕੋਈ ਵੱਡਾ ਮਾਮਲਾ ਨਹੀਂ ਹੈ। ਪਰ ਜਾਸੂਸੀ ਦਾ ਇਹ ਕਾਂਡ ਕਈ ਦੇਸ਼ਾਂ ’ਚ ਵਾਪਰਿਆ ਹੈ ਅਤੇ ਇਸ ਦੇ ਨਿੱਤ-ਨਵੇਂ ਖੁਲਾਸੇ ਹੋਣੇ ਹਨ। ਕੇਂਦਰ ਦੀ ਸਰਕਾਰ ਬਹੁਤੀ ਦੇਰ ਇਨਕਾਰੀ ਨਹੀਂ ਬਣੀ ਰਹਿ ਸਕਦੀ। ਪੈਗਾਸਸ ਤਿਆਰ ਕਰਨ ਵਾਲੀ ਇਜ਼ਰਾਇਲੀ ਕੰਪਨੀ ਪੈਗਾਸਸ ਇੰਨਸਟਾਲ ਕਰਨ ਅਤੇ ਫਿਰ 10 ਫੋਨਾਂ ਦੀ ਜਾਸੂਸੀ ਕਰਨ ਲਈ ਕੋਈ 11 ਲੱਖ ਡਾਲਰ ਲੈਂਦੀ ਹੈ। ਬਲੈਕ ਬੇਰੀ ਦੇ 5 ਫੋਨਾਂ ਦੀ ਜਾਸੂਸੀ ’ਤੇ 5 ਲੱਖ ਡਾਲਰ ਦਾ ਖ਼ਰਚਾ ਆਉਂਦਾ ਹੈ। ਕੋਈ ਮਾਮੂਲੀ ਏਜੰਸੀ ਐਨਾ ਪੈਸਾ ਨਹੀਂ ਖ਼ਰਚ ਸਕਦੀ। ਕੌਣ ਲੱਖ-ਡੇਢ ਲੱਖ ਡਾਲਰ ਲਾ ਕੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ, ਜੋ ਹੁਣ ਭਾਰਤੀ ਜਨਤਾ ਪਾਰਟੀ ਦੀ ਬਦੌਲਤ ਰਾਜਸਭਾ ਦੇ ਮੈਂਬਰ ਹਨ, ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਲੜਕੀ ਦਾ ਫੋਨ ਫਰੋਲੇਗਾ? ਸੱਚਾਈ ਬਹੁਤੀ ਦੇਰ ਪਰਦੇ ਹੇਠ ਨਹੀਂ ਰਹੇਗੀ। ਸਰਕਾਰ ਜਦ ਤੱਕ ਇਸ ਸਮੁੱਚੇ ਮਾਮਲੇ ਦੀ ਸਾਂਝੀ ਪਾਰਲੀਮਾਨੀ ਕਮੇਟੀ ਵੱਲੋਂ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਤੋਂ ਭੱਜਦੀ ਰਹੇਗੀ, ਇਸ ’ਤੇ ੳੁਠਿਆ ਸ਼ੱਕ ਓਨਾ ਹੀ ਡੂੰਘਾ ਤੇ ਪੱਕਾ ਹੁੰਦਾ ਜਾਵੇਗਾ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ