BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਸੰਪਾਦਕੀ

ਮਨੁੱਖ ਦੀ ਸਮਰੱਥਾ ’ਤੇ ਸਾਧਨਾ ਦੇ ਬਿਖਰਨਗੇ ਜਲਵੇ

July 23, 2021 12:20 PM

ਇਹ ਕਹਿਣਾ ਗਲਤ ਨਹੀਂ ਹੈ ਕਿ ਮਨੁੱਖ ਦੇ ਜੀਵਨ ਵਿੱਚ ਖੇਡਾਂ ਦਾ ਮਹੱਤਵ ਕਦੇ ਖ਼ਤਮ ਨਹੀਂ ਹੋ ਸਕਦਾ ਅਤੇ ਖੇਡਾਂ ਦੇ ਲੁਤਫ਼ ਅਤੇ ਪਰਾਕਰਮ ਲਈ ਮੁਕਾਬਲੇਬਾਜ਼ੀ ਨੇ ਨਾਲ ਜੁੜੇ ਹੀ ਰਹਿਣਾ ਹੈ। ਛੋਟੇ-ਵੱਡੇ ਇਲਾਕਿਆਂ ’ਚ ਖੇਡਾਂ ਦੇ ਮੁਕਾਬਲੇ ਚਲਾਉਂਦਿਆਂ ਆਖਰ ਮਨੁੱਖ ਨੇ ਕੌਮਾਂਤਰੀ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਭਾਵੇਂ ਕਿ ਇਸ ਨੂੰ ਇਸ ਆਲਮੀ ਪੱਧਰ ’ਤੇ ਪਹੁੰਚਦਿਆਂ-ਪਹੁੰਚਦਿਆਂ ਬਹੁਤ ਸਾਰਾ ਸਮਾਂ ਗੁਆਉਣਾ ਪਿਆ। ਕੌਮਾਂਤਰੀ ਪੱਧਰ ’ਤੇ ਓਲੰਪਿਕ ਖੇਡਾਂ ਕਰਵਾਉਣ ਤੱਕ ਪਹੁੰਚਣ ਦੀ ਪ੍ਰਕਿਰਿਆ ’ਚ ਯੂਨਾਨ ਦੀ ਭੂਮਿਕਾ ਵਿਸ਼ੇਸ਼ ਰਹੀ ਜਿਸ ਦੇ ਓਲੰਪਿਆ ਸ਼ਹਿਰ ’ਚ 800 ਈਸਾ ਪੂਰਵ ਤੋਂ ਲੈ ਕੇ ਚੌਥੀ ਸਦੀ ਤੱਕ, ਕੋਈ 12 ਸੌ ਸਾਲ, ਹਰੇਕ ਚਾਰ ਸਾਲ ਬਾਅਦ, ਇਕ ਤਰ੍ਹਾਂ ਨਾਲ ਕੌਮੀ ਪੱਧਰ ’ਤੇ ਖੇਡ ਮੇਲਾ ਲੱਗਦਾ ਰਿਹਾ। ਫਿਰ ਇਹ ਮੇਲਾ ਯੂਨਾਨ ’ਚ ਰੋਮਨਾਂ ਦੀ ਚੜ੍ਹਤ ਸਮੇਂ ਦੌਰਾਨ ਦੀ ਚੱਕ-ਥੱਲ ’ਚ ਗੁਆਚ ਗਿਆ। ਆਧੁਨਿਕ ਓਲੰਪਿਕ ਖੇਡਾਂ ਦਾ ਮੁੱਢ 1894 ’ਚ ਮੁੜ ਇਨ੍ਹਾਂ ਖੇਡਾਂ ਨੂੰ ਯੂਨਾਨ (ਏਥਨਸ) ’ਚ ਹੀ ਕਰਵਾਉਣ ਲਈ ਕੌਮਾਂਤਰੀ ਕਮੇਟੀ ਦੇ ਬਣਨ ਨਾਲ ਬਝੱਾ ਅਤੇ 1896 ਵਿੱਚ ਸਦੀਆਂ ਬਾਅਦ ਓਲੰਪਿਕਸ ਦਾ ਨਵਾਂ ਰੂਪ ਵੇਖਣ ਨੂੰ ਮਿਲਿਆ। ਇਸ ’ਚ 14 ਦੇਸ਼ਾਂ ਦੇ ਕੋਈ ਢਾਈ ਸੌ ਖਿਡਾਰੀਆਂ ਨੇ ਹਿੱਸਾ ਲਿਆ ਸੀ। ਤਦ ਤੋਂ ਇਹ ਖੇਡਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਰਹੀਆਂ ਹਨ ਪਰ ਪਹਿਲੀ ਵਿਸ਼ਵ ਜੰਗ ਅਤੇ ਦੂਸਰੀ ਵਿਸ਼ਵ ਜੰਗ ਦੇ ਸਮੇਂ, 1916, 1940 ਅਤੇ 1944 ਵਿੱਚ ਓਲੰਪਿਕਸ ਨਹੀਂ ਹੋ ਸਕੀ ਸੀ। ਸੋਵੀਅਤ ਯੂਨੀਅਨ ਅਤੇ ਅਮਰੀਕਾ ਦਰਮਿਆਨ ਸ਼ੀਤ ਯੁੱਧ ਨੇ ਵੀ 1980 ਅਤੇ 1984 ਵਿੱਚ ਅਪਣਾ ਪ੍ਰਭਾਵ ਦਿਖਾਇਆ ਸੀ ਜਦੋਂ ਪਹਿਲਾਂ ਅਮਰੀਕਾ ਤੇ ਫਿਰ ਸੋਵੀਅਤ ਯੂਨੀਅਨ ਵੱਲੋਂ ਓਲੰਪਿਕਸ ਦਾ ਬਹਿਸ਼ਕਾਰ ਕਰਨ ਨਾਲ ਓਲੰਪਿਕਸ ਫਿੱਕੀ ਰਹੀ ਸੀ।
ਜਾਪਾਨ ਦੀ ਰਾਜਧਾਨੀ ਟੋਕਿਓ ’ਚ 23 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ ਓਲੰਪਿਕ ਖੇਡਾਂ, ਅਸਲ ਵਿੱਚ ਪਿਛਲੇ ਸਾਲ ਹੋਣੀਆਂ ਸਨ ਪਰ ਕੋਵਿਡ-19 ਮਹਾਮਾਰੀ ਦੇ ਕਹਿਰ ਕਾਰਨ ਅਗਾਂਹ ਪਾ ਦਿੱਤੀਆਂ ਗਈਆਂ ਸਨ। ਟੋਕਿਓ ਓਲੰਪਿਕਸ-2020 ਇੱਕ ਤਰ੍ਹਾਂ ਨਾਲ ਕੋਵਿਡ-19 ਮਹਾਮਾਰੀ ਦੇ ਕਾਲੇ ਪ੍ਰਛਾਵੇਂ ਹੇਠ ਹੀ ਹੋ ਰਹੀਆਂ ਹਨ। ਇਸ ਸਮੇਂ ਜਾਪਾਨ ਵਿੱਚ ਵੀ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਓਲੰਪਿਕਸ ਪਿੰਡ ਵਿਚਲੇ ਖਿਡਾਰੀ ਵੀ ਖ਼ਤਰੇ ਵਿੱਚ ਹਨ। ਹਾਲੇ ਤੱਕ ਖਿਡਾਰੀਆਂ ’ਚ ਲਾਗ ਦੇ ਬਹੁਤ ਮਾਮੂਲੀ, ਦੋ-ਚਾਰ, ਮਾਮਲੇ ਹੀ ਸਾਹਮਣੇ ਆਏ ਹਨ। ਜਾਪਾਨ ਦੀ ਸਰਕਾਰ ਅਤੇ ਓਲੰਪਿਕਸ ਕਮੇਟੀ ਦਾ ਪੂਰਾ ਵਾਹ ਲੱਗ ਰਿਹਾ ਹੈ। ਪਹਿਲਾਂ ਦਰਸ਼ਕ ਘਟਾਏ ਗਏ। ਉਨ੍ਹਾਂ ਦੀ ਗਿਣਤੀ 10 ਹਜ਼ਾਰ ਤੱਕ ਸੀਮਤ ਕੀਤੀ ਗਈ। ਫਿਰ ਦਰਸ਼ਕਾਂ ਦੇ ਬਗ਼ੈਰ ਹੀ ਖੇਡਾਂ ਕਰਵਾਉਣ ਦਾ ਫੈਸਲਾ ਹੋਇਆ। ਖੇਡਾਂ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਉਦਘਾਟਨ ਸਮਾਰੋਹ ’ਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਅਤੇ ਸਮਾਰੋਹ ’ਚ ਵੱਖ-ਵੱਖ ਮੁਲਕਾਂ ਵੱਲੋਂ ਆਪਣਾ ਆਪਣਾ ਝੰਡਾ ਲੈ ਕੇ ਚੱਲਣ ਵਾਲੇ ਖਿਡਾਰੀਆਂ ਦੇ ਸਮੂਹ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ।
206 ਮੁਲਕਾਂ ਦੇ 11 ਹਜ਼ਾਰ ਖਿਡਾਰੀ ਟੋਕਿਓ ਓਲੰਪਿਕਸ ’ਚ ਹਿੱਸਾ ਲੈ ਰਹੇ ਹਨ। ਖਿਡਾਰੀਆਂ ਦੀ ਭਾਰਤੀ ਟੋਲੀ ਵਿੱਚ 127 ਖਿਡਾਰੀ ਹਨ ਅਤੇ ਇਹ ਓਲੰਪਿਕਸ ਲਈ ਜਾਣ ਵਾਲੀ ਭਾਰਤ ਦੀ ਸਭ ਤੋਂ ਵੱਡੀ ਟੋਲੀ ਹੈ। ਇਸ ਟੋਲੀ ’ਚ ਸਭ ਤੋਂ ਵੱਧ ਹਰਿਆਣਾ ਅਤੇ ਦੂਸਰੇ ਨੰਬਰ ’ਤੇ ਪੰਜਾਬ ਦੇ ਖਿਡਾਰੀ ਹਨ ਜੋ ਟੁਕੜੀ ਦਾ 40 ਪ੍ਰਤੀਸ਼ਤ ਹਿੱਸਾ ਬਣਦੇ ਹਨ ਪਰ ਦੇਸ਼ ਦੇ ਕੋਨੇ ਕੋਨੇ ਤੋਂ ਨੁਮਾਇੰਦਗੀ ਹੋਈ ਹੈ। ਇਸ ’ਚ ਸਤ ਸਾਲ ਦੀ ਉਮਰ ’ਚ ਅਨਾਥ ਹੋਈ, ਰੋਜ਼ ਕਮਾ ਕੇ ਖਾਣ ਵਾਲੀ ਦਾਦੀ ਵੱਲੋਂ ਪਾਲੀ ਦੌੜਾਕ ਰਿਵਾਥੀ ਵੀ ਹੈ ਅਤੇ ਬਸ ਡਰਾਇਵਰ ਦੀ ਧੀ ਮੁਕੇਬਾਜ਼ ਲੋਵਲੀਨਾ ਵੀ ਹੈ। ਭਾਰਤ ਨੂੰ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਪਹਿਲਵਾਨੀ, ਮੁੱਕੇਬਾਜ਼ੀ ਵਿੱਚ ਤਮਗੇ ਮਿਲਣ ਦੀ ਆਸ ਹੈ। ਇਸ ਤੋਂ ਇਲਾਵਾ ਹਾਕੀ ਦੀਆਂ ਦੋਨੋਂ, ਪੁਰਸ਼ ਤੇ ਮਹਿਲਾ ਟੀਮਾਂ, ਤੋਂ ਵੀ ਵੱਡੀਆਂ ਆਸਾਂ ਹਨ। ਪਿਛਲੀ ਓਲੰਪਿਕਸ, ਰੀਓ ਓਲੰਪਿਕਸ-2016, ਵਿੱਚ ਭਾਰਤ ਨੂੰ ਇੱਕ ਚਾਂਦੀ ਦਾ ਤਮਗਾ (ਪੀਵੀ ਸਿੱਧੂ) ਅਤੇ ਇੱਕ ਤਾਂਬੇ ਦਾ ਤਮਗਾ (ਸਾਕਸ਼ੀ ਮਲਿਕ) ਮਿਲਿਆ ਸੀ। ਇਸ ਵਾਰ ਬੇਹਤਰ ਕਾਰਗੁਜ਼ਾਰੀ ਦੀ ਉਮੀਦ ਹੈ। ਸੰਸਾਰ ਦੀ ਪ੍ਰਸਿੱਧ ਇੰਟਰਟੇਨਮੈਂਟ ਡੇਟਾ ਐਂਡ ਟੈਕਨਾਲੋਜੀ ਕੰਪਨੀ ‘‘ਗਰੇਸਨੋਟ’’ ਅਨੁਸਾਰ ਭਾਰਤ ਨੂੰ 19 ਤਮਗੇ ਮਿਲ ਸਕਦੇ ਹਨ ਜਿਨ੍ਹਾਂ ’ਚ 4 ਸੋਨੇ ਦੇ ਵੀ ਹੋ ਸਕਦੇ ਹਨ। ਪਰ ਖੇਡਾਂ ਦੇ ਮਾਹਰਾਂ ਦਾ ਅੰਦਾਜ਼ਾ ਹੈ ਕਿ ਭਾਰਤ ਟੋਕਿਓ ਓਲੰਪਿਕਸ ’ਚ ਪਹਿਲਾਂ ਨਾਲੋਂ ਬੇਹਤਰ ਵਿਖਾਵਾ ਕਰੇਗਾ ਪਰ ਸ਼ਾਇਦ ਤਮਗਿਆਂ ਦੀ ਗਿਣਤੀ ਦੱਸ ਤੱਕ ਨਾ ਪਹੁੰਚ ਸਕੇ। ਬਹਰਹਾਲ, ਦੁਨੀਆ ਦਾ ਸਭ ਤੋਂ ਵੱਡਾ ਖੇਡਾ ਮੇਲਾ ਸ਼ੁਰੂ ਹੋ ਰਿਹਾ ਹੈ ਅਤੇ ਵੱਡੀ ਗੱਲ ਹੈ ਖੇਡ ਨੂੰ ਖੇਡ ਵਾਂਗ ਲੈਣਾ ਅਤੇ ਜਿੱਤ ਲਈ ਜਾਨ ਲਾ ਦੇਣਾ। ਸੋ, ਦੁਨੀਆ ਭਰ ਦੇ ਬੇਹਤਰੀਨ ਖਿਡਾਰੀਆਂ ਦੀਆਂ ਸਿਰ-ਧੜ੍ਹ ਦੀਆਂ ਬਾਜ਼ੀਆਂ ਵੇਖਣ ਨੂੰ ਮਿਲਣਗੀਆਂ ਅਤੇ ਨਵੇਂ ਰਿਕਾਰਡ ਬਣਨਗੇ ਜੋ ਮਨੁੱਖ ਦੀ ਸਮਰੱਥਾ ਤੇ ਸਾਧਨਾ ਦੇ ਜਲਵੇ ਬਖ਼ੇਰਨਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ