BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਅਸਲ ਮਿਠਾਸ

July 28, 2021 01:08 PM

 

ਪਰਮਜੀਤ ਕੌਰ

ਸਵੇਰੇ ਹੀ ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਰੋਜ਼ ਦੀ ਤਰ੍ਹਾਂ ਅੱਜ ਵੀ ਦਾਦਾ-ਦਾਦੀ ਸਵੇਰੇ ਹੀ ਉੱਚੀ ਉੱਚੀ ਬੋਲ ਰਹੇ ਸੀ । ਦਾਦੀ ਅੰਦਰੋ ਨਿਕਲ ਕੇ ਦਾਦੇ ਦੇ ਕੋਲ ਜਾ ਕੇ ਉਸਦੀ ਮੰਜੀ ਦੇ ਸਰ੍ਹਾਣੇ ਬੈਠ ਗਈ । ਹੁਣ ਦਾਦਾ ਉਸਨੂੰ ਖਰੀਆ - ਖਰੀਆ ਸੁਣਾ ਰਿਹਾ ਸੀ , ‘ਫੱਫੇ ਕੁੱਟਣੀਏ ! ਤੈਨੂੰ ਸਾਰੀ ਜ਼ਿੰਦਗੀ ਬੰਦੇ ਦੀ ਇੱਜ਼ਤ ਕਰਨੀ ਨੀ ਆਈ, ਜਦ ਮੈ ਮੰਜੇ ਦੇ ਪੇਂਧੀ ਬੈਠਾ ਤਾਂ ਤੂੰ ਸਰ੍ਹਾਣੇ ਵੱਲ ਚੜ੍ਹ ਕੇ ਬੈਠ ਗਈ, ਕੋਈ ਸ਼ਰਮ ਕਰਲਾ ! ਤੀਵੀਂ ਤਾਂ ਬੰਦੇ ਤੋਂ ਨੀਵੀਂ ਹੀ ਸੋਭਦੀ।’ ਦਾਦੀ ਵੀ ਇਹ ਸੁਣ ਕੇ ਬੁੜ - ਬੂੜ ਕਰਦੀ ਅੰਦਰ ਤੁਰ ਗਈ । ਏਨੇ ਨੂੰ ਵੀਰ ਤੇ ਭਾਬੀ ਜਿਨ੍ਹਾਂ ਦੇ ਵਿਆਹ ਨੂੰ ਅਜੇ ਚਾਰ ਮਹੀਨੇ ਹੋਏ ਸੀ, ਤਿਆਰ ਹੋਏ ਆਪਣੇ ਕਮਰੇ ਚੋਂ ਬਾਹਰ ਆ ਰਹੇ ਸੀ । ਹਾਏ ! ਕਿੰਨੀ ਸੋਹਣੀ ਜੋੜੀ ਲਗਦੀ ਸੀ, ਕਿੰਨੇ ਪਿਆਰ ਨਾਲ ਇਕ ਦੂਸਰੇ ਨੂੰ ਦੇਖ ਰਹੇ ਸੀ । ਬਾਹਰ ਆ ਕੇ ਵੀਰ ਨੇ ਗੱਡੀ ਕੋਲ ਆ ਕੇ ਤਾਕੀ ਖੋਲ ਕੇ ਬੜੇ ਹੀ ਪਿਆਰ ਨਾਲ ਭਾਬੀ ਨੂੰ ਗੱਡੀ ’ਚ ਬਿਠਾਇਆ । ਭਾਬੀ ਵੀ ਬਹੁਤ ਖੁਸ਼ ਸੀ ਕਿਉਂਕਿ ਵੀਰ ਉਸਨੂੰ ਸ਼ਹਿਰ ਲੈ ਕੇ ਜਾ ਰਿਹਾ ਸੀ । ਮੈ ਇਹ ਸਭ ਦੇਖ ਕੇ ਆਪ ਮੁਹਾਰੇ ਹੀ ਗੱਲਾਂ ਕਰਨ ਲੱਗੀ , ‘ ਪਤਾ ਨੀ ਦਾਦੀ ਨੇ ਕਿਵੇਂ ਸਾਰੀ ਉਮਰ ਦਾਦੇ ਨਾਲ ਕੱਢ ਲਈ, ਇਹਨਾਂ ਪੁਰਾਣੇ ਬੰਦਿਆ ਨੂੰ ਕੀ ਪਤਾ ਵੀ ਸੱਚਾ ਪਿਆਰ ਕੀ ਹੁੰਦਾ ? ਇਹ ਤਾਂ ਵੀਰ ਤੇ ਭਾਬੀ ਦਾ ਹੈ । ਕਿੰਨੀ ਸੋਹਣੀ ਹੈ ਦੋਨਾਂ ਦੀ ਜਿੰਦਗੀ ।’ ਸ਼ਾਮ ਹੋ ਚੁੱਕੀ ਸੀ , ਅੱਜ ਭਾਬੀ ਘਰ ਨਾ ਹੋਣ ਕਰਕੇ ਰੋਟੀ ਬਣਾਉਣ ਵਿੱਚ ਦੇਰੀ ਹੋਗੀ ਜਿਸ ਕਰਕੇ ਦਾਦੀ ਭੜਕ ਕੇ ਬੋਲੀ, ਕੀ ਗੱਲ ਕੁੜੇ ! ਅੱਜ ਚੌਂਕੇ ਨੀ ਚੜ੍ਹਨਾ ? ਥੋਡਾ ਬਾਪੂ ਆਉਣ ਵਾਲਾ, ਦਵਾਈ ਲੈਣੀ ਹੁੰਦੀ ਉਸ ਨੇ ਰੋਟੀ ਦੀ ਬੁਰਕੀ ਖਾ ਕੇ । ਤੁਸੀਂ ਅਜੇ ਚੁੱਲ੍ਹੇ ਅੱਗ ਨੀ ਪਾਈ ।’ ਮੇਰੇ ਤੋਂ ਰਿਹਾ ਨੀ ਗਿਆ । ਮੈ ਕਿਹਾ, ‘ਦਾਦੀ ਰੋਜ਼ ਏਨੀ ਕਪੱਤ ਕਰਦਾ ਦਾਦਾ ਤੇਰੀ , ਤੇ ਤੂੰ ਫਿਰ ਵੀ ! ’ ਦਾਦੀ ਨੇ ਪਲਟਦਿਆ ਹੀ ਜਵਾਬ ਦਿੱਤਾ , ‘ ਕੋਈ ਨਾ ਕੁੜੇ ! ਮੇਰੇ ਸਿਰ ਦਾ ਸਾਈਂ ਹੈ , ਮੇਰੇ ਪੇਕਿਆਂ ਦੀ ਸਹੇੜ ਹੈ , ਕੀ ਹੋਇਆਂ ਜੇ ਦੋ ਕੌੜੇ ਬੋਲ ਬੋਲ ਲੈਂਦਾ ? ਆਹ ਵਿਹੜੇ ਲੱਗੀ ਨਿੰਮ ਵੀ ਕੌੜੀ , ਫਿਰ ਕਿਹੜਾ ਪੁੱਟ ਕੇ ਸੁੱਟ ਦਿੱਤੀ ।’ ਏਨੇ ਨੂੰ ਦਾਦਾ ਵੀ ਘਰ ਆ ਗਿਆ ਜਿਹੜਾ ਲਾਗਲੇ ਪਿੰਡ ਦੇ ਮੇਲੇ ਤੇ ਜਾ ਕੇ ਆਇਆ ਸੀ । ਆਉਂਦੇ ਹੀ ਦਾਦੀ ਕੋਲ ਆਇਆ ਤੇ ਕਿਹਾ , ‘ਆਹ ਫੜ੍ਹ ਬਚਨ ਕੁਰੇ ! ਹਰਨਾਮੇ ਹਲਵਾਈ ਦੀਆਂ ਜਲੇਬੀਆਂ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਿਆਇਆ ! ਖਾ ਲੇ ਸੋਂਕ ਨਾਲ ਇਸ ਵਾਰ ! ਹੁਣ ਤਾਂ ਗੋਡੇ ਗਿੱਟੇ ਰਹਿ ਗਏ ! ਲੱਗਦਾ ਨੀ ਅਗਲੇ ਸਾਲ ਦਾ ਮੇਲਾ ਦੇਖੂ ।’ ਦਾਦੀ ਵੀ ਝੱਟ ਬੋਲੀ , ‘ ਨਾ ਸਰਦਾਰਾ ! ਇੰਝ ਨਾ ਕਹਿ, ਤੂੰ ਸਾਰਾ ਸਾਲ ਮੈਨੂੰ ਅੱਕ ਤੋ ਵੀ ਕੌੜੇ ਬੋਲ ਬੋਲਦਾ, ਤੇ ਫਿਰ ਜਦੋਂ ਸਾਲ ਬਾਅਦ ਮੈਨੂੰ ਇਹ ਜਲੇਬੀਆਂ ਲਿਆ ਕੇ ਹੱਥ ਤੇ ਰੱਖਦਾ ਤਾਂ ਤੇਰੇ ਸਾਰੇ ਕੌੜੇ ਬੋਲ ਇਹਨਾਂ ਜਲੇਬੀਆਂ ਦੀ ਮਿਠਾਸ ਚ ਭਿਜ ਕੇ ਮਿਸ਼ਰੀ ਬਣ ਜਾਂਦੇ।’ ਏਨੇ ਨੂੰ ਵੀਰ ਤੇ ਭਾਬੀ ਵੀ ਆ ਜਾਂਦੇ , ਪਰ ਭਾਬੀ ਗੁੱਸੇ ’ਚ ਲਾਲ ਸੀ ਤੇ ਤੇਜ਼ੀ ਨਾਲ ਆਪਣੇ ਕਮਰੇ ’ਚ ਗਈ । ਮਾਂ ਨੇ ਵੀਰ ਨੂੰ ਇਸਦਾ ਕਾਰਨ ਪੁੱਛਿਆ ਤਾਂ ਵੀਰ ਨੇ ਦੱਸਿਆ , ‘ਮਾਂ ਮੈ ਇਸਨੂੰ ਹਰ ਉਹ ਚੀਜ ਲੇ ਕੇ ਦਿੱਤੀ ਜੋ ਇਸਨੇ ਪਸੰਦ ਕੀਤੀ । ਤੈਨੂੰ ਪਤਾ ਮਾਂ ! ਮੇਰੇ ਪੇਟ ਵਿਚ ਕਿੰਨੀ ਇਨਫੈਕਸ਼ਨ ਵੱਧ ਗਈ ਹੈ ਤੇ ਡਾਕਟਰ ਨੇ ਮੈਨੂੰ ਬਾਹਰਲੀ ਚੀਜ ਖਾਣ ਦੀ ਮਨਾਹੀ ਕੀਤੀ । ਤੇ ਇਹ ਇਸ ਗੱਲ ਤੇ ਅੜ ਗਈ ਕਿ ਬਾਹਰ ਹੀ ਖਾਣਾ ਤੇ ਮੈਂ ਇਸਨੂੰ ਗੁੱਸੇ ’ਚ ਦੋ ਗੱਲਾਂ ਕਹਿ ਦਿੱਤੀਆਂ । ‘ਏਨੇ ਨੂੰ ਭਾਬੀ ਵੀ ਅੰਦਰੋ ਆਪਣਾ ਸਮਾਨ ਚੁੱਕ ਲਿਆਈ ਤੇ ਕਹਿਣ ਲੱਗੀ , ‘ ਮੈਂ ਨੀ ਰਹਿਣਾ ਇਹੋ ਜਿਹੇ ਆਦਮੀ ਨਾਲ , ਇਹਨੂੰ ਭੋਰਾ ਬੋਲਣ ਦੀ ਲਿਆਕਤ ਨੀ , ਇਹਨੂੰ ਮੇਰੀ ਇੱਜ਼ਤ ਨੀ ਕਰਨੀ ਆਉਂਦੀ, ਇਹਦੇ ਨਾਲ ਵਿਆਹੁਣਾ ਮੇਰੇ ਪੇਕਿਆਂ ਦੀ ਵੱਡੀ ਗਲਤੀ ਸੀ, ਬਸ ਮੈਨੂੰ ਤਾਂ ਤਲਾਕ ਚਾਹੀਦਾ ਹੁਣ ਇਸ ਕੋਲੋਂ ।’ ਏਨਾ ਕਹਿ ਕੇ ਉਹ ਬਾਹਰ ਵੱਲ ਚਲੀ ਗਈ ਤੇ ਸਾਡੇ ਰੋਕਣ ਤੇ ਵੀ ਉਹ ਨਾ ਰੁਕੀ ਤੇ ਮੈਂ ਕੰਧ ਦੇ ਸਹਾਰੇ ਖੜੀ ਸਵਾਲਾਂ ਜਵਾਬਾਂ ਵਿਚ ਉਲਝ ਗਈ , ‘ਵੀਰੇ ਦੇ ਇੱਕ ਕੌੜੇ ਬੋਲ ਨੂੰ ਭਾਬੀ ਸਹਿ ਨੀ ਸਕੀ, ਉਸ ’ਚ ਆਤਮ ਸਨਮਾਨ ਜਾਗ ਗਿਆ । ਫਿਰ ਦਾਦੀ ਦਾ ਆਤਮ ਸਨਮਾਨ ਕਿੱਥੇ ਸੀ ? ਆਹ ਜਿਹੜੇ ਵੀਰ ਤੇ ਭਾਬੀ ਰੋਜ਼ ਚੋਜ ਕਰਦੇ ਸੀ, ਘੰਟਿਆਂ ਬੱਧੀ ਫੋਨ ’ਤੇ ਗੱਲਾਂ ਕਰਦੇ ਸੀ, ਹੱਥਾਂ ’ਚ ਹੱਥ ਲੇ ਕੇ ਘੁੰਮਦੇ ਸੀ, ਇਹ ਸਭ ਡਰਾਮਾ ਸੀ ? ‘ਤੇ ਮੈਂ ਸੋਚਦੀ ਹੀ ਰਹਿ ਗਈ ,’ ਆਖਿਰ ‘ਸੱਚਾ ਪਿਆਰ’ ਕਿਸਦਾ ਸੀ ? ਜਦੋਂ ਮੈਂ ਵੀਰ ਤੇ ਭਾਬੀ ਦੇ ਰਿਸ਼ਤੇ ਬਾਰੇ ਸੋਚਿਆ ਤਾਂ ਮੇਰੀਆਂ ਅੱਖਾਂ ਅੱਗੇ ਕੋਈ ਬੇਸੁਆਦਾ ਜਿਹਾ ਪਕਵਾਨ ਆ ਗਿਆ ਜਿਸਨੂੰ ਪਰੋਸਣ ਲਈ ਬੇਲੋੜੀਆਂ ਚੀਜਾਂ ਨਾਲ ਸਜਾਇਆ ਜਾਂਦਾ ਜਦੋਂ ਦਾਦਾ ਦਾਦੀ ਦੇ ਰਿਸ਼ਤੇ ਬਾਰੇ ਸੋਚਿਆ ਤਾਂ ਮੇਰਾ ਮੂੰਹ ਜਲੇਬੀਆਂ ਦੀ ਮਿਠਾਸ ਨਾਲ ਭਰ ਗਿਆ ਤੇ ਮੈਨੂੰ ਸੱਚੇ ਪਿਆਰ ਦੇ ਅਰਥ ਵੀ ਸਮਝ ਆ ਗਏ । 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ