BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਲੇਖ

ਬਚਪਨ ਦੀ ਇੱਕ ਅਦਭੁੱਤ ਯਾਦ

August 03, 2021 11:42 AM

ਬਹਾਦਰ ਸਿੰਘ ਗੋਸਲ

ਪਾਣੀ ਕੁਦਰਤ ਦੀ ਅਦਭੁਤ ਦੇਣ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ, ਪਸ਼ੂ- ਪੰਛੀਆਂ, ਸਭ ਜੀਵਾਂ ਅਤੇ ਇੱਥੋਂ ਤੱਕ ਕੇ ਬਨਸਪਤੀ ਸਭ ਦਾ ਜੀਵਨ ਆਧਾਰ ਪਾਣੀ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਹਾਣੀ ਹੀ ਖਤਮ ਹੋ ਜਾਂਦੀ ਹੈ। ਛੋਟੇ-ਛੋਟੇ ਪੌਦੇ ਪਾਣੀ ਤੋਂ ਬਗੈਰ ਕੁਮਲਾ ਕੇ ਸੁੱਕ ਜਾਂਦੇ ਹਨ। ਇਸ ਵਾਸਤੇ ਕਿਸਾਨ ਲਈ ਤਾਂ ਪਾਣੀ ਵਰਦਾਨ ਹੈ ਕਿਉਂਕਿ ਉਸਦੀ ਖੇਤੀ ਪਾਣੀ ਤੋਂ ਬਿਨਾਂ ਨਿਫਲ ਹੈ। ਹਰ ਫ਼ਸਲ ਸਮੇਂ-ਸਮੇਂ ਤੇ ਪਾਣੀ ਮੰਗਦੀ ਹੈ। ਫ਼ਸਲ ਨੂੰ ਪਾਣੀ ਦੇਣਾ ਅਤੇ ਗੋਡੀ ਕਰਨਾ ਖੇਤੀ ਦੀਆਂ ਦੋ ਮੁੱਖ ਧਰਾਵਾਂ ਹਨ।
ਕਹਿਣ ਦਾ ਭਾਵ ਕਿ ਕਿਸਾਨੀ ਦਾ ਸਾਰਾ ਦਾਰੋ ਮਦਾਰ ਮੀਂਹ ਪਰ ਨਿਰਭਰ ਕਰਦਾ ਸੀ। ਹੌਲੀ-ਹੌਲੀ ਖੂਹ ਲੱਗਣੇ ਸ਼ੁਰੂ ਹੋ ਗਏ ਅਤੇ ਪਿੰਡਾਂ ਦੇ ਰੱਜੇ-ਪੁੱਜੇ ਕਿਸਾਨ ਆਪਣੇ ਖੇਤਾਂ ਵਿੱਚ ਖੂਹ ਲਗਾਉਣ ਲੱਗੇ। ਇਨ੍ਹਾਂ ਖੂਹਾਂ ਰਾਹੀਂ ਫਸਲਾਂ ਨੂੰ ਪਾਣੀ ਦੇਣ ਦੀ ਚੰਗੀ ਸਹੂਲਤ ਮੁਹੱਈਆ ਹੋਣ ਲੱਗੀ। ਇਨ੍ਹਾਂ ਖੂਹਾਂ ਚੋਂ ਟਿੰਡਾਂ ਰਾਹੀਂ ਪਾਣੀ ਕੱਢਣ ਲਈ ਕਿਸਾਨ ਨੂੰ ਬਲਦਾਂ ਦੀਆਂ ਜੋੜੀਆਂ ਜਾਂ ਊਠ ਰੱਖਣੇ ਜ਼ਰੂਰੀ ਹੋ ਗਏ। ਇਸ ਤਰ੍ਹਾਂ ਪੰਜਾਬ ਵਿੱਚ ਵੀ ਇੱਕ ਨਵਾਂ ਸਭਿਆਚਾਰਿਕ ਢਾਂਚਾ ਖੜ੍ਹਾ ਹੋ ਗਿਆ।
ਭਾਵੇਂ ਸਮੇਂ ਦੇ ਬਦਲਣ ਨਾਲ ਖੇਤਾਂ ਨੂੰ ਪਾਣੀ ਦੇਣ ਲਈ ਨਹਿਰਾਂ ਦਾ ਸਿਸਟਮ ਸ਼ੁਰੂ ਹੋਇਆ ਅਤੇ ਫਿਰ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਭਰਮਾਰ ਹੋ ਗਈ। ਪੰਜਾਬ ਵਿੱਚ ਅੱਜ ਕੱਲ ਪਾਣੀ ਜਿਆਦਾਤਰ ਇਨ੍ਹਾਂ ਬਿਜਲੀ ਦੀਆਂ ਮੋਟਰਾਂ ਨਾਲ ਹੀ ਸਿੰਚਾਈ ਦੇ ਕੰਮ ਆ ਰਿਹਾ ਹੈ। ਜਦੋਂ ਸਾਰੇ ਖੇਤਾਂ ਨੂੰ ਖੂਹਾਂ, ਮੋਟਰਾਂ ਜਾਂ ਨਹਿਰਾਂ ਦਾ ਪਾਣੀ ਨਹੀਂ ਸੀ ਮਿਲਦਾ , ਉਸ ਸਮੇਂ ਦੀ ਖੇਤੀ ਦੇ ਹਾਲ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ।
ਇਸ ਤਰ੍ਹਾਂ ਹੀ ਮੇਰੇ ਬਚਪਨ ਵਿੱਚ ਵਾਪਰਿਆ ਜਦੋਂ ਮੇਰੇ ਦਾਦਾ ਜੀ ਨੇ ਇੱਕ ਖੇਤ ਪਿੰਡ ਦੀ ਨਿਆਂਈ ਵਾਲੀ ਜ਼ਮੀਨ ਵਿੱਚ ਖੇਤੀ ਲਈ ਲੈ ਲਿਆ ਅਤੇ ਸਮੇਂ ਦੇ ਅਨੁਸਾਰ ਉਸ ਵਿੱਚ ਮੱਕੀ ਬੀਜ ਦਿੱਤੀ। ਇਹ ਗੱਲ 1958-59 ਦੀ ਹੋਵੇਗੀ। ਸ਼ੁਰੂ ਵਿੱਚ ਤਾਂ ਇੱਕ-ਦੋ ਮੀਂਹ ਚੰਗੇ ਪੈ ਗਏ ਅਤੇ ਮੱਕੀ ਵੀ ਚੰਗੀ ਫ਼ਸਲ ਦੇ ਤੌਰ ਤੇ ਵੱਡੀ ਹੋਣ ਲੱਗੀ। ਪਰ ਇਥੇ ਮੁਸ਼ਕਿਲ ਇਹ ਸੀ ਕਿ ਉਸ ਖੇਤ ਨੂੰ ਨਾ ਕਿਸੇ ਖੂਹ ਦਾ, ਨਾ ਨਹਿਰ ਦਾ ਕਿਸੇ ਪਾਸਿਓ ਪਾਣੀ ਲੱਗਦਾ ਸੀ। ਹੁਣ ਜਦੋਂ ਮੱਕੀ ਦੀ ਫ਼ਸਲ ਤੇ ਝੰਡੇ-ਬਾਬੂ ਨਿਕਲਣ ਦਾ ਸਮਾ ਆਇਆ ਤਾਂ ਮੀਂਹ ਨੇ ਮੂੰਹ ਮੋੜ ਲਿਆ। ਹਰ ਰੋਜ਼ ਅਸਮਾਨ ਵੱਲ ਦੇਖ ਬਦਲਾਂ ਦੀ ਉਡੀਕ ਕੀਤੀ ਜਾਂਦੀ ਪਰ ਉਹ ਤਾਂ ਜਿਵੇਂ ਰੁੱਸ ਗਏ ਹੋਣ। ਮੱਕੀ ਦੀ ਫਸਲ ਪਾਣੀ ਮੰਗਣ ਲਗੀ ਪਰ ਪਾਣੀ ਕਿੱਥੋਂ ਆਵੇ? ਇੱਕ ਦਿਨ ਮਜ਼ਬੂਰ ਹੋ ਕੇ ਘਰਦਿਆਂ ਨੇ ਫੈਸਲਾ ਕੀਤਾ ਕਿ ਪਿੰਡ ਦੇ ਵੱਡੇ ਟੋਭੇ ਤੋਂ ਡਾਲ ਰਾਂਹੀ ਪਾਣੀ ਲਗਾਇਆ ਜਾਵੇ। ਉਹ ਮੱਕੀ ਵਾਲਾ ਖੇਤ ਉਸ ਟੋਭੇ ਤੋਂ ਕੋਈ 300 ਮੀਟਰ ਦੂਰੀ ਪਰ ਸੀ। ਇਸ ਲਈ ਟੋਭੇ ਤੇ ਖਾਸ ਸਥਾਨ ਦੀ ਚੋਣ ਕਰਕੇ ਮੱਕੀ ਦੇ ਖੇਤ ਤੱਕ ਲੰਬਾ ਖਾਲ ਬਣਾਇਆ ਗਿਆ। ਇੱਕ ਡਾਲ ਦਾ ਪ੍ਰਬੰਧ ਕੀਤਾ ਗਿਆ। ਜੋ ਇੱਕ ਤਿਰਛੇ ਟਾਪੇ ਦੀ ਤਰ੍ਹਾਂ ਦੀ ਲੋਹੇ ਦੀ ਬਣੀ ਹੋਈ ਸੀ ਅਤੇ ਦੋਹਾਂ ਪਾਸਿਆਂ ਤੋਂ ਰਸੀਆਂ ਬੰਨ੍ਹ ਕੇ ਚੁੱਕੀ ਜਾਂਦੀ ਸੀ। ਦੂਜੇ ਦਿਨ ਇੱਕ ਦਿਹਾੜੀਦਾਰ ਮਜ਼ਦੂਰ ਨਾਲ ਲੈ ਕੇ ਮੇਰੇ ਦਾਦਾ ਜੀ, ਬਾਪੂ ਜੀ ਅਤੇ ਚਾਚਾ ਜੀ, ਡਾਲ ਰਾਹੀਂ ਮੱਕੀ ਨੂੰ ਪਾਣੀ ਦੇਣ ਲਈ ਡਾਲ ਲੈ ਕੇ ਟੋਭੇ ਤੇ ਪਹੁੰਚ ਗਏ। ਡਾਲ ਨੂੰ ਚਲਾਉਣ ਲਈ ਦੋ ਆਦਮੀਆਂ ਦੀ ਲੋੜ ਹੁੰਦੀ ਸੀ ਇਸ ਲਈ ਘਰ ਵਾਲਿਆਂ ਨੇ ਦੋ ਜੋੜੀਆਂ ਬਣਾ ਲਈ, ਇੱਕ ਜੋੜੀ ਅਰਾਮ ਕਰਦੀ ਤਾਂ ਦੂਜੀ ਡਾਲ ਮਾਰਦੀ। ਬੜਾ ਅਜੀਬੋ-ਗਰੀਬ ਜਿਹਾ ਮਾਹੌਲ ਬਣਿਆ ਹੋਇਆ ਸੀ। ਸਾਨੂੰ ਬੱਚਿਆਂ ਨੂੰ ਤਾਂ ਜਿਵੇਂ ਖੇਡ ਹੀ ਮਿਲ ਗਈ, ਅਸੀਂ ਕਦੇ ਡਾਲ ਚੱਲਦੀ ਦੇਖਦੇ, ਕਦੇ ਖਾਲ੍ਹ ਦੇ ਨਾਲ ਜਾ ਜਾ ਕੇ ਪਾਣੀ ਜਾਂਦਾ ਦੇਖਦੇ ਅਤੇ ਮੱਕੀ ਦੇ ਖੇਤ ਤੱਕ ਪਹੁੰਚ ਜਾਂਦੇ। ਬਚਪਨ ਤਾਂ ਬਚਪਨ ਹੁੰਦਾ ਹੈ, ਬੜਾ ਅਨੰਦ ਜਿਹਾ ਅਨੁਭਵ ਹੋ ਰਿਹਾ ਸੀ। ਬਾਪੂ ਜੀ ਹੋਰਾਂ ਸਾਨੂੰ ਕਹਿਣ ਕਿ ਤੁਸੀਂ ਘਰ ਜਾ ਕੇ ਖੇਡੋਂ, ਪਰ ਸਾਨੂੰ ਤਾਂ ਡਾਲ ਵਾਲੀ ਖੇਡ ਅਤੇ ਪਾਣੀ ਨਾਲ ਖੇਡਣਾ ਹੀ ਚੰਗਾ ਲੱਗਦਾ ਸੀ। ਅਸੀਂ ਘਰ ਨਾ ਜਾਂਦੇ ਸਗੋਂ ਉੱਥੇ ਹੀ ਡਾਲ ਚੱਲਣ ਦਾ ਅਨੰਦ ਮਾਣਦੇ।
ਕਿਉਂਕਿ ਖਾਲ੍ਹ ਲੰਬਾ ਸੀ ਇਸ ਲਈ ਪਾਣੀ ਦਾ ਖੇਤ ਤੱਕ ਪਹੁੰਚਾਉਣਾ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਸੀ। ਜਦੋਂ ਪਾਣੀ ਇੱਕ ਵਾਰ ਧੁਰ ਖੇਤ ਤੱਕ ਪਹੁੰਚ ਗਿਆ ਤਾਂ ਉਸ ਦੀ ਚਾਲ ਨੂੰ ਬਣਾਈ ਰੱਖਣਾ ਉਸ ਤੋਂ ਵੱਧ ਜ਼ਰੂਰੀ ਸੀ। ਖਾਲ੍ਹ ਮਰ ਨ ਜਾਵੇ, ਇਸ ਲਈ ਜਦੋਂ ਡਾਲ ਮਾਰਨ ਵਾਲਿਆਂ ਦੀ ਇੱਕ ਜੋੜੀ ਥੱਕ ਜਾਂਦੀ ਤਾਂ ਤੁਰੰਤ ਦੂਜੀ ਜੋੜੀ ਡਾਲ ਮਾਰਨਾ ਸ਼ੁਰੂ ਕਰ ਦੇਂਦੀ ਤਾਂ ਕਿ ਪਾਣੀ ਨਿਰੰਤਰ ਚੱਲਦਾ ਰਹੇ। ਜਦੋਂ ਰੋਟੀ ਜਾਂ ਚਾਹ ਉੱਥੇ ਪਹੁੰਚਦੀ ਤਾਂ ਵੀ ਡਾਲ ਮਾਰਨ ਦਾ ਕੰਮ ਬੰਦ ਨਾ ਕੀਤਾ ਜਾਂਦਾ ਸਗੋਂ ਚਾਰੇ ਜਣੇ ਬਦਲ ਬਦਲ ਕੇ ਰੋਟੀ ਖਾਂਦੇ ਜਾਂ ਚਾਹ ਪੀਂਦੇ। ਇਹ ਸਿਲਸਿਲਾ ਸਾਰਾ ਦਿਨ ਚੱਲਦਾ ਰਿਹਾ ਅਤੇ ਸ਼ਾਮ ਤੱਕ ਪੂਰੇ ਖੇਤ ਨੂੰ ਪਾਣੀ ਲੱਗ ਗਿਆ। ਸਾਡਾ ਬੱਚਿਆਂ ਦਾ ਤਾਂ ਉਹ ਦਿਨ ਬਹੁਤ ਹੀ ਚੰਗਾ ਬੀਤਿਆ, ਕਿਉਂਕਿ ਸਾਡੇ ਲਈ ਇਹ ਦ੍ਰਿਸ਼ ਬਹੁਤ ਹੀ ਨਵਾਂ ਅਤੇ ਕੁੱਝ ਸਿੱਖਣ ਵਾਲਾ ਸੀ।
ਖੇਤ ਨੂੰ ਪਾਣੀ ਲੱਗਣ ਤੋਂ ਬਾਅਦ ਸਾਰੇ ਘਰਦਿਆਂ ਨੂੰ ਇੱਕ ਤਸੱਲੀ ਜਿਹੀ ਹੋ ਗਈ ਕਿ ਹੁਣ ਮੱਕੀ ਦੀ ਫ਼ਸਲ ਸੁੱਕਣ ਤੋਂ ਬੱਚ ਜਾਵੇਗੀ। ਹੁਣ ਮੱਕੀ ਦੀ ਰਾਖੀ ਕਰਨ ਦਾ ਕੰਮ ਸਿਰ ਆ ਪਿਆ। ਘਰਦਿਆਂ ਨੇ ਮੱਕੀ ਦੇ ਖੇਤ ਵਿੱਚ ਹੀ ਇੱਕ ਉੱਚਾ ਮਨਾ ਬਣਾ ਦਿੱਤਾ ਜਿਸ ਪਰ ਬੈਠ ਕੇ ਆਵਾਜ਼ ਦੇ ਕੇ ਜਾਂ ਤਾੜੀਆਂ ਮਾਰ ਕੇ ਪੰਛੀਆਂ ਨੂੰ ਉਡਾਇਆ ਜਾਂਦਾ ਸੀ। ਇਸ ਕੰਮ ਲਈ ਸਾਡੇ ਬੱਚਿਆਂ ਦੀ ਹੀ ਡਿਊਟੀ ਲਗਾਈ ਗਈ। ਸਵੇਰ, ਸ਼ਾਮ ਅਸੀਂ ਮਨੇ ਤੇ ਜਾ ਬੈਠਦੇ ਅਤੇ ਪੰਛੀਆਂ ਨੂੰ ਉਡਾਉਂਦੇ ਰਹਿੰਦੇ । ਸਾਡੇ ਲਈ ਇਹ ਖੇਡ ਦੀ ਖੇਡ ਅਤੇ ਕੰਮ ਦਾ ਕੰਮ ਮਿਲ ਗਿਆ ਸੀ।
ਪਰ ਮੈਂ ਜਦੋਂ ਵੀ ਰਾਖੀ ਲਈ ਮਨੇ ਉੱਪਰ ਚੜ੍ਹਦਾ, ਮੈਨੂੰ ਤਾਂ ਦੂਰੋ ਉਹ ਪਾਣੀ ਵਾਲਾ ਖਾਲ੍ਹ ਵੀ ਨਜ਼ਰ ਆਉਂਦਾ ਅਤੇ ਤੁਰੰਤ ਯਾਦ ਆ ਜਾਂਦੀ ਉਹ ਪਾਣੀ ਦੇਣ ਵਾਲੀ ਡਾਲ ਜਿਸਨੇ ਹੁਣ ਖੇਤ ਵਿੱਚ ਰੌਣਕਾਂ ਲਾ ਦਿੱਤੀਆਂ ਸਨ। ਵਾਰ-ਵਾਰ ਮਨ ਵਿੱਚ ਉਹ ਦਿਨ ਅਤੇ ਡਾਲ ਮਾਰਨ ਦਾ ਦ੍ਰਿਸ਼ ਅਖਾਂ ਮਨੁੱਖੀ ਦਿਮਾਗ ਦੀ ਵਿਗਿਆਨਿਕ ਕਾਢ ਵਾਂਗ ਹੀ ਲੱਗੀ। ਕਿਸੇ ਨੇ ਠੀਕ ਹੀ ਤਾਂ ਕਿਹਾ ਹੈ, ‘‘ਲੋੜ ਕਾਢ ਦੀ ਮਾਂ ਹੁੰਦੀ ਹੈ। ’’ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਗਈ ਤਾਂ ਮੱਕੀ ਵੱਢ ਕੇ ਜਦੋਂ ਛੱਲੀਆਂ ਕੁੱਟ ਕੇ ਮੱਕੀ ਕੱਢੀ ਗਈ ਤਾਂ ਮੱਕੀ ਦੇ ਦਾਣਿਆਂ ਨਾਲ ਵਿਹੜਾ ਭਰ ਗਿਆ ਅਤੇ ਰੱਬ ਨੇ ਸੱਚ ਵਿੱਚ ਹੀ ਸਾਡੀ ਕੋਠੀ ਦਾਣੇ ਪਾ ਦਿੱਤੇ ਸਨ।
ਅਜ ਕਲ ਸਿੰਚਾਈ ਦੇ ਨਵੇਂ ਢੰਗ ਆਉਣ ਨਾਲ ਸਿੰਚਾਈ ਭਾਵੇਂ ਸੌਖੀ ਅਤੇ ਅਰਾਮਦਾਇਕ ਹੋ ਗਈ ਹੈ ਪਰ ਹੁਣ ਸਾਡੇ ਪਿੰਡਾਂ ਵਿਚੋਂ ਉਹ ਡਾਲ ਮਾਰਨ ਦਾ ਦ੍ਰਿਸ਼ ਬਿਲਕੁੱਲ ਦੇਖਣ ਨੂੰ ਨਹੀਂ ਮਿਲਦਾ, ਪਰ ਮੇਰਾ ਮਨ ਤਾਂ ਅੱਜ ਵੀ ਉਸ ਡਾਲ ਮਾਰਨ ਦੇ ਸੀਨ ਨੂੰ ਯਾਦ ਕਰਕੇ ਅਨੰਦ ਮਈ ਹੋ ਜਾਂਦਾ ਹੈ। ਸਾਡੇ ਅੱਜ ਦੇ ਬੱਚਿਆਂ ਨੂੰ ਅਤੇ ਖਾਸ ਕਰਕੇ ਸ਼ਹਿਰੀ ਬੱਚਿਆਂ ਨੂੰ ਤਾਂ ਸਾਡੇ ਸਭਿਆਚਾਰਿਕ ਵਿਰਸੇ ਬਾਰੇ ਬਿਲਕੁੱਲ ਵੀ ਪਤਾ ਨਹੀਂ ਹੈ ਉਹ ਨਹੀਂ ਜਾਣਦੇ ਕਿ ਡਾਲ ਮਾਰਨਾ ਕੀ ਹੁੰਦਾ ਹੈ ਅਤੇ ਖੇਤੀ ਲਈ ਇਸ ਦੀ ਕੀ ਮਹੱਤਤਾ ਹੈ। ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਦੇ ਬੱਚਿਆਂ ਨੂੰ ਆਪਣੇ ਪੁਰਾਣੇ ਵਿਰਸੇ ਬਾਰੇ ਜ਼ਰੂਰ ਦੱਸਦੇ ਰਹਿਣ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ