BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਜ਼ਿੰਦਗੀ ਨੂੰ ਢੋਂਦਿਆਂ

September 11, 2021 11:09 AM

ਕੈਲਾਸ਼ ਚੰਦਰ ਸ਼ਰਮਾ

ਸਾਰੀ ਜ਼ਿੰਦਗੀ ਪੈਸੇ ਦੇ ਦੁਆਲੇ ਹੀ ਘੁੰਮਦੀ ਹੈ।ਜੇਕਰ ਜੀਵਨ ਵਿੱਚੋਂ ਪੈਸਾ ਮਨਫੀ ਹੋ ਜਾਵੇ ਤਾਂ ਜ਼ਿੰਦਗੀ ਵਿੱਚ ਠਹਿਰਾਵ ਆ ਜਾਂਦਾ ਹੈ।ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਵੀ ਮਾੜੀ ਹੁੰਦੀ ਹੈ।ਗਰੀਬੀ ਦਾ ਫਾਂਡਾ ਵਰ੍ਹਦਾ ਹੋਵੇ ਤਾਂ ਵਿਅਕਤੀ ਪੈਰ-ਪੈਰ ’ਤੇ ਤਿਲਕਦਾ ਹੈ।ਪੈਸੇ ਦੀ ਕਮੀ ਵਿਅਕਤੀ ਨੂੰ ਕਿੰਨ੍ਹਾਂ-ਕਿੰਨ੍ਹਾਂ ਘਾਟਾਂ ਦਾ ਪਾਣੀ ਪੀਣ ਲਈ ਮਜਬੂਰ ਕਰ ਦਿੰਦੀ ਹੈ, ਇਸ ਦਾ ਅਹਿਸਾਸ ਇਸ ਨੂੰ ਹੰਢਾਉਣ ਵਾਲੇ ਹੀ ਜਾਣਦੇ ਹਨ।ਅਜਿਹੇ ਹਾਲਾਤ ’ਚ ਜ਼ਿੰਦਗੀ ਨੂੰ ਮਾਣਿਆ ਨਹੀਂ ਕੇਵਲ ਢੋਇਆ ਹੀ ਜਾਂਦਾ ਹੈ।ਜ਼ਿੰਦਗੀ ਵਿੱਚੋਂ ਜ਼ਿੰਦਗੀ ਦੇ ਰੰਗ ਮਨਫੀ ਹੋ ਜਾਂਦੇ ਹਨ।ਸੋਹਣੀ ਜ਼ਿੰਦਗੀ ਜਿਊਣ ਦੀ ਖਾਹਿਸ਼ ਹਰ ਵਿਅਕਤੀ ਵਿੱਚ ਹੁੰਦੀ ਹੈ ਪਰ ਗਰੀਬੀ ਦੇ ਫੰਡੇ ਲੋਕਾਂ ਦੀਆਂ ਆਸਾਂ ਤੇ ਸੁਪਨੇ ਸੁੱਕੇ ਪੱਤਿਆਂ ਵਾਂਗ ਬਿਖਰ ਜਾਂਦੇ ਹਨ।ਘਰੋਗੀ ਆਰਥਿਕ ਤੰਗੀਆਂ ਵਿਅਕਤੀ ਦੇ ਸੰਕਲਪ ਦੇ ਰਸਤੇ ਵਿੱਚ ਕਦਮਾਂ ਵਾਸਤੇ ਜ਼ਖਮਾਂ ਅਤੇ ਛਾਲਿਆਂ ਦਾ ਰੂਪ ਧਾਰਨ ਕਰਕੇ ਪਰਖਾਂ ਕਰਦੀਆਂ ਰਹਿੰਦੀਆਂ ਹਨ।ਗਰੀਬੀ ਦਾ ਹਥਿਆਰ ਆਦਮੀ ਨੂੰ ਸਿਰਫ ਜ਼ਖਮੀ ਨਹੀਂ ਕਰਦਾ ਸਗੋਂ ਅੰਦਰੋਂ-ਅੰਦਰ ਖੋਰਦਾ ਰਹਿੰਦਾ ਹੈ। ਗਰੀਬੀ ਖੂਬਸੂਰਤ ਚਿਹਰੇ ਨੂੰ ਝੁਰੜੀਆਂ ਨਾਲ ਭਰ ਦਿੰਦੀ ਹੈ, ਤਾਕਤਵਰ ਜਿਸਮ ਢਲ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਬੁਢਾਪਾ ਜਲਦੀ ਦਸਤਕ ਦੇ ਦਿੰਦਾ ਹੈ। ਇਮਾਨਦਾਰ ਆਦਮੀ ਦੇ ਦਿਲ ’ਤੇ ਖੰਜਰ ਵਾਂਗ ਲੱਗਦੀ ਹੈ ਗਰੀਬੀ, ਜਦੋਂ ਲੋੜ ਪੈਣ ’ਤੇ ਨਜ਼ਦੀਕੀ ਰਿਸ਼ਤੇਦਾਰ ਵੀ ਬੂਹਾ ਢੋਅ ਲੈਂਦੇ ਹਨ।
ਗਰੀਬ ਨੂੰ ਥੋੜ੍ਹੇ ਜਿਹੇ ਪੈਸਿਆਂ ਲਈ ਵੀ ਗੁਲਾਮੀ ਕਰਨੀ ਪੈ ਜਾਂਦੀ ਹੈ ਅਤੇ ਬਹੁਤੇ ਵਾਰ ਨਜ਼ਦੀਕੀਆਂ ਦੀਆਂ ਚੋਟਾਂ ਵੀ ਸਹਿਣੀਆਂ ਪੈਂਦੀਆਂ ਹਨ। ਰਿਸ਼ਤੇਦਾਰੀ ਵਿੱਚ ਦਰਾੜ ਪੈ ਜਾਂਦੀ ਹੈ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਖਤਮ ਹੋ ਜਾਂਦੀ ਹੈ।ਗਰੀਬਾਂ ਨਾਲ ਤਾਂ ਰਿਸ਼ਤਾ ਦੱਸਣ ਲਈ ਵੀ ਪੈਸੇ ਵਾਲਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਅਕਸਰ ਗਰੀਬਾਂ ਦੇ ਮੋਬਾਇਲ ਨੰਬਰ ਵੀ ਨਜ਼ਦੀਕੀਆਂ ਕੋਲੋਂ ਗੁਆਚ ਜਾਂਦੇ ਹਨ।ਅੱਜ ਦੇ ਯੁੱਗ ਵਿਚ ਹਾਲ-ਚਾਲ ਵੀ ਲੋਕ ਅਮੀਰ ਰਿਸ਼ਤੇਦਾਰਾਂ ਨੂੰ ਹੀ ਪੁੱਛਦੇ ਹਨ ਜਾਂ ਜਿਨ੍ਹਾਂ ਕੋਲੋਂ ਕਿਸੇ ਮਤਲਬ ਦੀ ਆਸ ਹੋਵੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਗਰੀਬ ਵਿਅਕਤੀ ਆਪਣੇ ਬੱਚਿਆਂ ਦੇ ਅਰਮਾਨਾਂ ਨੂੰ ਵੀ ਕੁਚਲਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਕਾਰਨ ਉਸ ਦਾ ਕਲੇਜਾ ਛਲਣੀ ਹੋਇਆ ਰਹਿੰਦਾ ਹੈ ਕਿਉਂਕਿ ਨਾ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਗਰੀਬੀ ਦੇ ਲੀਰਾਂ ਵਾਲੇ ਖਿੱਦੋ ਨੂੰ ਵਿਖਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਦਾ ਹੈ। ਉਸ ਨੂੰ ਆਪਣੇ ਸੁਪਨੇ ਟੁੱਟਦੇ ਪ੍ਰਤੀਤ ਹੁੰਦੇ ਹਨ ਤੇ ਮਹਿਸੂਸ ਹੁੰਦਾ ਹੈ ਜਿਵੇਂ ਉਸ ਲਈ ਦੁਨੀਆਂ ਦਾ ਅੰਤ ਹੋ ਗਿਆ ਹੋਵੇ। ਰੱਬ ਨੇ ਵੀ ਤਾਂ ਗਰੀਬਾਂ ਨੂੰ ਅਮੀਰਾਂ ਵਰਗੀਆਂ ਚਾਹਤਾਂ ਦੇ ਕੇ ਪਰ ਸਾਧਨ ਨਾ ਬਣਾ ਕੇ ਉਨ੍ਹਾਂ ਨਾਲ ਜ਼ਿਆਦਤੀ ਹੀ ਕੀਤੀ ਹੈ। ਗਰੀਬੀ ਦੇ ਗ੍ਰਹਿਣ ਕਾਰਨ ਗਰੀਬਾਂ ਦੀ ਕਾਬਲੀਅਤ ਵੀ ਪੂਰੀ ਤਰ੍ਹਾਂ ਨਹੀਂ ਨਿਖਰ ਸਕਦੀ। ਸੰਤੁਲਿਤ ਤਬੀਅਤ ਵਿਅਕਤੀ ਸਮਾਜ ਵਿੱਚ ਵਿਚਰਣ ਦੇ ਯੋਗ ਨਹੀਂ ਰਹਿੰਦਾ।ਗਰੀਬੀ ਬਰਾਬਰ ਕੋਈ ਵੀ ਸੰਸਾਰਿਕ ਬਿਮਾਰੀ ਨਹੀਂ ਹੈ। ਹੋਰ ਬਿਮਾਰੀਆਂ ਤਾਂ ਇੱਕ ਵਾਰ ਦੇ ਇਲਾਜ ਨਾਲ ਸ਼ਾਂਤ ਹੋ ਜਾਂਦੀਆਂ ਹਨ ਪਰ ਗਰੀਬੀ ਦਾ ਇਲਾਜ ਤਾਂ ਰੋਜ਼ ਹੀ ਕਰਨਾ ਪੈਂਦਾ ਹੈ। ਗਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖੂਬਸੂਰਤੀ ਨਾਲ ਚਿਤਰਿਆ ਹੈ:
ਪੈਸਾ ਹੀ ਮਨੁੱਖੀ ਰਿਸ਼ਤਿਆਂ ਦਾ ਆਧਾਰ ਰਹਿ ਗਿਆ ਹੈ।ਸਮੁੱਚਾ ਰਿਸ਼ਤਨਾਮਾ ਗਰੀਬੀ ਦੇ ਦਬਾਅ ਹੇਠ ਤਿੜਕ ਰਿਹਾ ਹੈ ਜਿਸ ਦੀ ਚੀਸ ਵਿਅਕਤੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਦਿੰਦੀ ਹੈ।ਅਸੀਂ ਕੇਵਲ ਉਹੀ ਰਿਸ਼ਤੇ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਸਿੱਧਾ ਜਾਂ ਅਸਿੱਧਾ ਆਰਥਿਕ ਲਾਭ ਮਿਲ ਰਿਹਾ ਹੈ ਜਾਂ ਮਿਲਣ ਦੀ ਆਸ ਹੈ।
ਜ਼ਰੂਰਤ ਵਿਅਕਤੀ ਦੀ ਸਭ ਤੋਂ ਵੱਡੀ ਮਜਬੂਰੀ ਹੁੰਦੀ ਹੈ।ਜ਼ਰੂਰਤ ਪੈਣ ’ਤੇ ਮਨੁੱਖ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ।ਕਿਸੇ ਦੇ ਬੋਲਾਂ-ਕਬੋਲਾਂ ਨੂੰ ਵੀ ਬਰਦਾਸ਼ਤ ਕਰ ਲੈਂਦਾ ਹੈ।ਗਰੀਬ ਦਾ ਕੋਈ ਨਾਂ ਨਹੀਂ ਹੁੰਦਾ।ਜੋ ਲੋਕ ਰੱਖ ਲੈਣ ਉਹੀ ਉਸ ਨੂੰ ਕਬੂਲਣਾ ਪੈਂਦਾ ਹੈ।ਜ਼ਰੂਰਤ ਪੈਣ ’ਤੇ ਕੱਚੇ ਰੰਗਾਂ ਵਰਗੇ ਦੋਸਤ-ਰਿਸ਼ਤੇ ਉਦਾਸੀਆਂ ਸ਼ਕਲਾਂ ਦਾ ਪ੍ਰਗਟਾਵਾ ਕਰਦੇ ਹੋਏ ਮੈਦਾਨ ਛੱਡ ਜਾਂਦੇ ਹਨ।ਜਿਨ੍ਹਾਂ ਤੋਂ ਉਮੀਦ ਹੋਵੇ ਤੇ ਉਹੋ ਹੀ ਦਿਲ ਦੁਖਾ ਦੇਣ ਤਾਂ ਪੂਰੀ ਦੁਨੀਆਂ ਤੋਂ ਹੀ ਭਰੋਸਾ ਉੱਠ ਜਾਂਦਾ ਹੈ।
ਗਰੀਬ, ਲਾਚਾਰ, ਅਤੇ ਬੇਸਹਾਰਾ ਦਾ ਮਨ ਕਦੇ ਨਹੀਂ ਦੁਖਾਉਣਾ ਚਾਹੀਦਾ।ਜੇਕਰ ਟਿੱਚਰ ਜਾਂ ਮਜ਼ਾਕ ਕਰ ਦਿੱਤਾ ਜਾਵੇ ਜਾਂ ਉੱਚਾ ਬੋਲ ਦਿੱਤਾ ਜਾਵੇ ਤਾਂ ਉਹ ਡੋਲ ਜਾਂਦਾ ਹੈ। ਕਦੇ ਵੀ ਗਰੀਬ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਨਾ ਕਰੋ।ਗਰੀਬ ਦੀ ਹਾਅ ਬਹੁਤ ਮਾੜੀ ਹੁੰਦੀ ਹੈ।ਜੇਕਰ ਅਸੀਂ ਕਿਸੇ ਦੇ ਹਨੇਰੇ ਰਾਹਾਂ ’ਤੇ ਮੁਹੱਬਤ ਦਾ ਦੀਵਾ ਨਹੀਂ ਬਾਲ ਸਕਦੇ ਤਾਂ ਸਾਨੂੰ ਕਿਸੇ ਦੇ ਜ਼ਖਮਾਂ ’ਤੇ ਲੂਣ ਛਿੜਕਣ ਦਾ ਵੀ ਕੋਈ ਹੱਕ ਨਹੀਂ।
ਮਜਬੂਰੀ, ਬੇਵਸੀ ਤੇ ਗਰੀਬੀ ਹੀ ਮਨੁੱਖ ਨੂੰ ਗੁਨਾਹ ਕਰਨ ਲਈ ਉਕਸਾਉਂਦੇ ਹਨ ਜਿਸ ਕਾਰਨ ਇੱਕ ਹੋਰ ਸਥਿਤੀ ਉਤਪੰਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਵਿੱਚ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਸੇਵਾ-ਸਨਮਾਨ ਵਰਗੇ ਚੰਗੇ ਗੁਣਾਂ ਦੀ ਹਰ ਪਲ ਹੱਤਿਆ ਹੁੰਦੀ ਰਹਿੰਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ