BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਸ਼ਹੀਦ ਜਤਿਨ ਦਾਸ ਨੂੰ ਯਾਦ ਕਰਦਿਆਂ...

September 13, 2021 11:39 AM

ਦਵਿੰਦਰ ਪਾਲ ਹੀਉਂ

ਉਸ ਸਮੇਂ ਕੁੱਝ ਲੋਕ ਇਹ ਮੰਨ ਚੁੱਕੇ ਸਨ ਕਿ “ਅੰਗਰੇਜ਼ ਦੇ ਰਾਜ ਵਿੱਚ ਤਾਂ ਸੂਰਜ ਨਹੀਂ ਛਿਪਦਾ’’ ਫਿਰ ਅਸੀਂ ਇਨ੍ਹਾਂ ਦਾ ਕਿਵੇਂ ਮੁਕਾਬਲਾ ਕਰ ਸਕਾਂਗੇ? ਪਰ ਫਿਰ ਵੀ ਆਜ਼ਾਦੀ ਦੇ ਪ੍ਰਵਾਨਿਆਂ ਨੇ ਆਪਣੇ ਦੇਸ਼ ਭਾਰਤ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਬਹੁਤ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਇਨ੍ਹਾਂ ਫਰੰਗੀਆਂ ਦਾ ਸੂਰਜ ਅਸਤ ਕਰਕੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਦੇਸ਼ ਭਗਤ ਯੋਧਿਆਂ ਵਿੱਚ ਬਹੁਤੇ ਪੰਜਾਬੀ ਅਤੇ ਬੰਗਾਲੀ ਕ੍ਰਾਂਤੀਕਾਰੀ ਸੂਰਮਿਆਂ ਵਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ। ਪਰ ਅਫਸੋਸ ਹੈ ਕਿ ਸਾਡੇ ਦੇਸ਼ ਦੇ ਲੋਕ ਕੁੱਝ ਕੂ ਛੱਡ ਕੇ ਬਹੁਤੇ ਸ਼ਹੀਦਾਂ ਦਾ ਨਾਮ ਵੀ ਭੁੱਲ ਚੁੱਕੇ ਹਨ ਅਤੇ ਸਾਡੀਆਂ ਸਰਕਾਰਾਂ ਵੀ ਇਨ੍ਹਾਂ ਵਲੋਂ ਲਿਆਂਦੀ ਆਜ਼ਾਦ ਦਾ ਪੂਰਾ ਲਾਭ ਉਠਾਉਂਦੇ ਹੋਏ ਲੋਕਾਂ ਵਿੱਚੋਂ ਇਨ੍ਹਾਂ ਦੇਸ਼ ਭਗਤਾਂ ਦੀਆਂ ਕਹਾਣੀਆਂ ਗਾਇਬ ਕਰਨ ਅਤੇ ਵਿਰਾਸਤ ਯਾਦਗਾਰਾਂ ਮਿਟਾਉਣ ਲਈ ਤੱਤਪਰ ਰਹਿੰਦੀਆਂ ਹਨ। ਅੱਜ ਆਜ਼ਾਦ ਸੰਗ੍ਰਾਮ ਦੇ ਉਸ ਮਹਾਨ ਸ਼ਹੀਦ ਬਾਰੇ ਵਿਚਾਰ ਕਰਦੇ ਹਾਂ ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਇਨਕਲਾਬੀ ਸਾਥੀਆਂ ਨੂੰ ਜੇਲ੍ਹ ਅੰਦਰ ਨਿਰਣਾਇਕ ਲੜਾਈ ਲੜਨ ਲਈ ਮਜ਼ਬੂਰ ਕਰ ਦਿੱਤਾ ਸੀ।
ਸ਼ਹੀਦ ਜਤਿੰਦਰ ਨਾਥ ਦਾਸ ਉਰਫ਼ ਜਤਿਨ ਦਾਸ ਜਿਸ ਨੂੰ ਉਸਦੇ ਯੁੱਧ ਸਾਥੀ ਪਿਆਰ ਨਾਲ ਜਤਿਨ ਦਾ ਜਾਂ ਦਾਦਾ ਕਹਿ ਕੇ ਬੁਲਾਉਂਦੇ ਸਨ ਅੱਜ ਉਸ ਯੋਧੇ ਦੇ 92ਵੇੰ ਸ਼ਹੀਦੀ ਦਿਵਸ ਮੌਕੇ ਯਾਦ ਕਰਦੇ ਹਾਂ। ਸ਼ਹੀਦ ਜਤਿਨ ਦਾਸ ਦਾ ਜਨਮ ਬੰਗਾਲ ਦੇ ਪ੍ਰਮੁੱਖ ਸ਼ਹਿਰ ਕਲਕੱਤਾ ਵਿਖੇ 27 ਅਕਤੂਬਰ 1904 ਨੂੰ ਇੱਕ ਸਾਧਾਰਨ ਪ੍ਰੀਵਾਰ ਵਿੱਚ ਪਿਤਾ ਬੰਕੇ ਬਿਹਾਰੀ ਤੇ ਮਾਤਾ ਸੁਹਾਸ਼ਨੀ ਦੇ ਘਰ ਹੋਇਆ। ਜਤਿਨ ਦਾਸ ਚੜ੍ਹਦੀ ਜਵਾਨੀ ਦੇ ਨਾਲ ਹੀ ਕ੍ਰਾਂਤੀਕਾਰੀ ਗਰੁੱਪ “ਅਨੂਸੀਨਲ ਸਮਿਤਿ’’ ਵਿੱਚ ਸ਼ਾਮਲ ਹੋ ਗਏ ਅਤੇ ਮਹਿਜ 16 ਸਾਲ ਦੀ ਉਮਰ 1920 ਵਿੱਚ ਹੀ ਉਹ ਮਹਾਤਮਾ ਗਾਂਧੀ ਵਲੋਂ ਚਲਾਈ ਗਈ ਸਵਦੇਸ਼ੀ ਲਹਿਰ ਵਿੱਚ ਕੁੱਦ ਪਏ ਕਲਕੱਤਾ ਦੇ ਵਿੱਦਿਆ ਸਾਗਰ ਕਾਲਜ ਵਿੱਚ ਪੜ੍ਹਦੇ ਹੋਏ ਜਤਿਨ ਸ਼ਹਿਰ ਅੰਦਰ ਵਿਦੇਸ਼ੀ ਕੱਪੜੇ ਵੇਚਣ ਵਾਲੀ ਦੁਕਾਨ ਅੱਗੇ ਧਰਨੇ ’ਤੇ ਬੈਠ ਗਿਆ ਜਿੱਥੋਂ ਉਸ ਨੂੰ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਜਿਸ ਕਾਰਨ ਉਨ੍ਹਾਂ ਨੇ ਛੇ ਮਹੀਨੇ ਦੀ ਕੈਦ ਕੱਟੀ। ਜਤਿਨ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਪਰ ਉਨ੍ਹਾਂ ਦੀ ਸਭ ਤੋਂ ਵਧੇਰੇ ਚਰਚਿਤ ਅਤੇ ਆਖਰੀ ਜੇਲ੍ਹ ਯਾਤਰਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਦੋਂ ਜਤਿਨ ਦਾਸ ਨੂੰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਸਾਥੀਆਂ ਵਾਸਤੇ ਬੰਬ ਬਣਾਉਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਗਿਆ (ਜੋ ਬੰਬ ਭਗਤ ਸਿੰਘ ਹੋਰਾਂ ਨੇ ਅਸੰਬਲੀ ਵਿੱਚ ਸੁੱਟ ਕੇ ਧਮਾਕਾ ਕੀਤਾ ਸੀ ਉਹ ਬੰਬ ਵੀ ਜਤਿਨ ਦਾਸ ਨੇ ਬਣਾਇਆ ਸੀ) 1925 ਦੇ ਕਕੋਰੀ ਕਾਂਡ ਵਿਚ ਵੀ ਜਤਿੰਦਰ ਨਾਥ ਦਾਸ ਸ਼ਾਮਲ ਸੀ। ਜਤਿਨ ਦਾਸ ਨੇ “ਭਾਰਤੀ ਸੋਸ਼ਲਿਸਟ ਰਿਪਬਲਿਕਨ ਅਸੋਸੀਏਸ਼ਨ’’ ਜੋ ਭਗਤ ਸਿੰਘ ਤੇ ਸਾਥੀਆਂ ਵਲੋਂ ਬਣਾਈ ਗਈ ਸੀ ਵਿਚ ਵੀ ਸਰਗਰਮ ਭੂਮਿਕਾ ਨਿਭਾਈ।
14 ਜੂਨ 1929 ਨੂੰ ਜਤਿਨ ਦਾਸ ਨੂੰ ਲਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇਸ ਜੇਲ੍ਹ ਅੰਦਰ ਭਾਰਤੀ ਰਾਜਨੀਤਕ ਕੈਦੀਆਂ ਦੀ ਹਾਲਤ ਬੇਹੱਦ ਖ਼ਰਾਬ ਸੀ ਕਿਉਂਕਿ ਜੇਲ੍ਹ ਵਿੱਚ ਇਸੇ ਤਰ੍ਹਾਂ ਦੇ ਹੀ ਯੂਰਪੀਅਨ ਤੇ ਅੰਗਰੇਜ਼ ਕੈਦੀਆਂ ਨੂੰ ਤਾਂ ਕਾਫੀ ਸਹੂਲਤਾਂ ਮੁਹੱਈਆ ਸਨ ਪਰ ਭਾਰਤੀ ਕੈਦੀਆਂ ਨਾਲ ਭਾਰੀ ਵਿਤਕਰਾ ਕਰਦੇ ਹੋਏ ਮਾੜਾ ਖਾਣਾ ਅਤੇ ਗੰਦੇ ਕੱਪੜੇ ਦਿੱਤੇ ਜਾਂਦੇ ਸਨ ਜਿਸ ਕਾਰਨ ਹੌਲੀ-ਹੌਲੀ ਭਾਰਤੀ ਕੈਦੀਆਂ ਅੰਦਰ ਗੁੱਸਾ ਵਧਦਾ ਗਿਆ ਭਗਤ ਸਿੰਘ, ਬੁੱਕਟੇਸ਼ਵਰ ਦੱਤ ਅਤੇ ਬਾਕੀ ਸਾਥੀਆਂ ਨੇ ਮਿਲ ਕੇ ਇਸ ਵਿਤਕਰੇ ਖ਼ਿਲਾਫ਼ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਜਦੋਂ ਇਸ ਸਬੰਧੀ ਜਤਿਨ ਦਾਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਅੰਨਸ਼ਨ ਦਾ ਅਰਥ “ਜਿੱਤ ਜਾਂ ਮੌਤ’’ ਹੀ ਹੋਵੇਗਾ ਫਿਰ ਮੈਨੂੰ ਕੋਈ ਵਿਚਕਾਰ ਨਹੀਂ ਰੋਕੇਗਾ ਤਾਂ ਮੈਂ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਤਿਆਰ ਹਾਂ। ਜਤਿਨ ਦਾਸ ਦੇ ਇਸ ਮਜਬੂਤ ਇਰਾਦੇ ਨੇ ਭਗਤ ਸਿੰਘ ਤੇ ਹੋਰ ਇਨਕਲਾਬੀ ਸਾਥੀਆਂ ਨੂੰ ਆਰ-ਪਾਰ ਦੀ ਲੜਾਈ ਲੜਨ ਵਾਸਤੇ ਮਜਬੂਰ ਕਰ ਦਿੱਤਾ।
ਕੁੱਝ ਦਿਨਾਂ ਬਾਅਦ ਜਦੋਂ ਇਹ ਖ਼ਬਰ ਸਮੁੱਚੇ ਭਾਰਤ ਅੰਦਰ ਫੈਲ ਗਈ ਅਤੇ ਅੰਗਰੇਜ਼ੀ ਹਕੂਮਤ ਦੀ ਸਾਰੇ ਪਾਸੇ ਥੂਹ-ਥੂਹ ਹੋਣ ਲੱਗ ਪਈ ਤਾਂ ਜੇਲ੍ਹ ਅਧਿਕਾਰੀਆਂ ਵਲੋਂ ਧੱਕੇ ਨਾਲ ਖਾਣਾ ਖਿਲਾਉਣ ਦੇ ਯਤਨ ਕੀਤੇ ਗਏ ਜਿਸ ਤਹਿਤ ਜਤਿਨ ਦਾਸ ਦੇ ਵੀ ਮੂੰਹ ਵਿਚ ਜਬਰੀ ਪਾਇਪ ਪਾ ਕੇ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਰੋਕਣ ਲਈ ਜਤਿਨ ਵਲੋਂ ਜ਼ੋਰ-ਜ਼ੋਰ ਨਾਲ ਖੰਗਣ ਕਾਰਨ ਦੁੱਧ ਦੀਆਂ ਕੁੱਝ ਬੂੰਦਾਂ ਉਸਦੇ ਫੇਫੜਿਆਂ ਅੰਦਰ ਚਲੇ ਜਾਣ ਅਤੇ ਜ਼ਿਆਦਾ ਜ਼ੋਰ ਲੱਗਣ ਕਾਰਨ ਉਸਦੀ ਹਾਲਤ ਬੇਹੱਦ ਗੰਭੀਰ ਹੋ ਗਈ ਜਿਸ ਕਰਕੇ ਉਸ ਦੀ ਦੇਖਭਾਲ ਵਾਸਤੇ ਉਸਦੇ ਛੋਟੇ ਭਰਾ ਕਿਰਣ ਚੰਦ ਨੂੰ ਸੱਦਿਆ ਗਿਆ ਜਿਸਨੂੰ ਜਤਿਨ ਦਾਸ ਨੇ ਪਹਿਲਾਂ ਇਹ ਕਸਮ ਲੈ ਕੇ ਨਾਲ ਰਹਿਣ ਦੀ ਰਜ਼ਾਮੰਦੀ ਦਿੱਤੀ ਕਿ ਉਹ ਨਾ ਤਾਂ ਖ਼ੁਦ ਉਸ ਨੂੰ ਖਾਣੇ ਲਈ ਕਹੇਗਾ ਅਤੇ ਨਾ ਹੀ ਉਸ ਦੀ ਬੇਹੋਸ਼ੀ ਆਦਿ ਦੀ ਹਾਲਤ ਵਿਚ ਪ੍ਰਸ਼ਾਸਨ ਨੂੰ ਕੋਈ ਅਨਰਜੀ ਆਦਿ ਦੀ ਸੂਈ ਤੱਕ ਲਗਾਉਣ ਦੇਵੇਗਾ। ਵਿਗਿਆਨ ਅਨੁਸਾਰ ਇਨਸਾਨ ਬਿਨਾਂ ਪਾਣੀ ਦੇ ਇਕ ਹਫ਼ਤਾ ਤੇ ਬਗੈਰ ਖਾਣੇ ਤੋਂ ਇੱਕ ਮਹੀਨਾ ਜਿਉਂਦਾ ਰਹਿ ਸਕਦਾ ਹੈ ਪਰ ਇਹ ਇਨਕਲਾਬੀ ਯੋਧਾ 63 ਦਿਨ ਝੇਲ ਗਿਆ ਅਤੇ 13 ਸਤੰਬਰ 1929 ਨੂੰ 24ਵੇਂ ਵਰ੍ਹੇ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਸਤੇ ਕੁਰਬਾਨੀ ਦੇ ਗਿਆ। ਲਹੌਰ ਦੀ ਸੈਂਟਰਲ ਜੇਲ੍ਹ ਅੰਦਰ ਹੋਈ ਇਸ ਇਤਿਹਾਸਕ ਭੁੱਖ ਹੜਤਾਲ ਦੌਰਾਨ ਸ਼ਹੀਦ ਹੋਇਆ ਇਕਲੌਤਾ ਕ੍ਰਾਂਤੀਕਾਰੀ ਸਾਥੀ ਜਤਿਨ ਦਾਸ ਇਸ ਲੜਾਈ ਦਾ ਸਿਹਰਾ ਸਜਾ ਕੇ ਬਾਕੀ ਕੈਦੀਆਂ ਨੂੰ ਬਰਾਬਰ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਂਦਾ ਹੋਇਆ ਇਸ ਦੁਨੀਆ ਤੋਂ ਕੂਚ ਕਰ ਗਿਆ।
ਸ਼ਹੀਦ ਜਤਿਨ ਦਾਸ ਦੇ ਅੰਤਿਮ ਸੰਸਕਾਰ ਲਈ ਉਸ ਦੇ ਪਾਵਨ ਸਰੀਰ ਨੂੰ ਲਹੌਰ ਤੋਂ ਕਲਕੱਤਾ ਲਿਜਾਇਆ ਜਾਣਾ ਤਹਿ ਹੋਇਆ ਤਾਂ ਇਸ ਕਾਰਜ ਦੀ ਜਿੰਮੇਵਾਰੀ ਸ਼ਹੀਦ ਸਾਥੀ ਭਗਵਤੀ ਚਰਨ ਵੋਹਰਾ ਦੀ ਸੁਪਤਨੀ ਬੀਬੀ ਦੁਰਗਾ ਦੇਵੀ ਵੋਹਰਾ (ਦੁਰਗਾ ਭਾਬੀ) ਅਤੇ ਜਤਿਨ ਦਾਸ ਦੇ ਛੋਟੇ ਭਰਾ ਕਿਰਣ ਚੰਦ ਨੇ ਨਿਭਾਈ ਉਸ ਵਕਤ ਸ਼ਹੀਦ ਦਾਦਾ ਦੇ ਅੰਤਿਮ ਦਰਸ਼ਨਾਂ ਲਈ ਲਹੌਰ ਤੋਂ ਕਲਕੱਤਾ ਤੱਕ ਹਰ ਰੇਲਵੇ ਸਟੇਸ਼ਨ ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਦਿੱਲੀ ਵਿੱਚ ਲੱਖਾਂ ਲੋਕ ਇਕੱਤਰ ਸਨ। ਰਾਤ ਨੂੰ ਜਦੋਂ ਰੇਲ ਗੱਡੀ ਕਾਨਪੁਰ ਪੁੱਜੀ ਤਾਂ ਉੱਥੇ ਜਵਾਹਰ ਲਾਲ ਨਹਿਰੂ ਤੇ ਗਣੇਸ਼ ਸ਼ੰਕਰ ਵਿਦਿਆਰਥੀ ਦੀ ਅਗਵਾਈ ਹੇਠ ਲੱਖਾਂ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੱਗੇ ਜਾ ਕੇ ਅਲਾਹਾਬਾਦ ਸ਼ਟੇਸ਼ਨ ਤੇ ਕਮਲਾ ਨਹਿਰੂ ਦੀ ਅਗਵਾਈ ਵਿਚ ਤੇ ਇਸੇ ਤਰ੍ਹਾਂ ਹੀ ਹਰ ਸ਼ਟੇਸ਼ਨ ’ਤੇ ਆਜ਼ਾਦੀ ਘੁਲਾਟੀਆਂ ਦੀ ਹਾਜ਼ਰੀ ਵਿੱਚ ਬਹੁਤ ਭਾਰੀ ਇਕੱਠ ਹੋਏ ਸਨ। ਮਹਾਨ ਸ਼ਹੀਦ ਦੀ ਇਹ ਅੰਤਿਮ ਯਾਤਰਾ ਜਦੋਂ ਉਸ ਦੀ ਜਨਮ ਭੂਮੀ ਕਲਕੱਤਾ ਵਿਖੇ ਪਹੁੰਚੀ ਤਾਂ ਉੱਥੇ ਆਜ਼ਾਦ ਹਿੰਦ ਫੌਜ ਦੇ ਮੁੱਖੀ ਸ਼ੁਭਾਸ਼ ਚੰਦਰ ਬੋਸ, ਬਸੰਤੀ ਦਾਸ ਅਤੇ ਸਾਥੀ ਬੁੱਕਟੇਸ਼ਵਰ ਦੱਤ ਦੀ ਭੈਣ ਪ੍ਰਾਮਿਲਾ ਦੇਵੀ ਦੀ ਹਾਜ਼ਰੀ ਵਿੱਚ 7 ਲੱਖ ਤੋਂ ਵੀ ਵਧੇਰੇ ਲੋਕ ਇਕੱਤਰ ਸਨ। ਇਹ ਇਕੱਠ ਐਨਾ ਪ੍ਰਭਾਵਸ਼ਾਲੀ ਸੀ ਕਿ ਮੀਲਾਂ ਤੱਕ ਸੜਕਾਂ ਉੱਪਰ ਲੋਕ ਹੀ ਨਜ਼ਰ ਆ ਰਹੇ ਸਨ ਜੋ ਆਪਣੇ ਇਸ ਮਹਾਨ ਹੀਰੋ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸਨ। ਇਸੇ ਤਰ੍ਹਾਂ ਪੂਰੇ ਦੇਸ਼ ਅੰਦਰ ਬਹੁਤ ਸਾਰੇ ਸ਼ਰਧਾਂਜਲੀ ਸਮਾਗਮ ਕੀਤੇ ਗਏ ਜਿਸ ਵਿੱਚ ਕਰੋੜਾਂ ਇਨਸਾਫ਼ ਪਸੰਦ ਲੋਕਾਂ ਨੇ ਹਿੱਸਾ ਲਿਆ ਜਿਸ ਨੂੰ ਵੇਖਦੇ ਹੋਏ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿੱਲ ਗਈਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ