Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸੰਪਾਦਕੀ

ਮੋਦੀ ਸਰਕਾਰ ਨੇ ਖ਼ੁਦ ਨੂੰ ਸੰਸਾਰ ਸਾਹਮਣੇ ਕੀਤਾ ਨੰਗਾ

September 13, 2020 08:35 PM

ਜਿਉਂ ਜਿਉਂ ਦੇਸ਼ ਸਮੱਸਿਆਵਾਂ ਵਿੱਚ ਘਿਰਦਾ ਜਾ ਰਿਹਾ ਹੈ, ਸਰਕਾਰ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ, ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਕਰਨ ਵਾਲੇ ਬੁੱਧੀਜੀਵੀਆਂ ਅਤੇ ਉੱਘੀਆਂ ਸਖਸ਼ੀਅਤਾਂ ਖ਼ਿਲਾਫ਼ ਹਮਲਾ ਤੇਜ਼ ਹੁੰਦਾ ਜਾ ਰਿਹਾ ਹੈ। ਖ਼ੁਦ ਕੇਂਦਰ ਦੀ ਮੋਦੀ ਸਰਕਾਰ ਲਗਭਗ ਤਮਾਮ ਮੁਹਾਜਾਂ 'ਤੇ  ਨਾਕਾਮ ਸਿੱਧ ਹੋ ਰਹੀ ਹੈ ਅਤੇ ਦੇਸ਼ ਨੂੰ ਵਿਕਸਤ ਕਰਨ ਦੀਆਂ ਹੁਕਮਰਾਨ ਆਗੂਆਂ ਦੀਆਂ ਯਕੀਨਦਹਾਨੀਆਂ ਅਰਥਾਂ ਤੋਂ ਕੋਰੀਆਂ ਸਾਬਤ ਹੋ ਰਹੀਆਂ ਹਨ। ਅੱਜ ਸਾਡੇ ਮੁਲਕ ਦੀ ਅਰਥਵਿਵਸਥਾ ਦਾ ਬੁਰਾ ਹਾਲ ਹੈ। ਹਾਲਤ ਇਤਨੀ ਬੁਰੀ ਹੈ ਕਿ ਅਰਥਵਿਵਸਥਾ ਦਾ ਅਜਿਹਾ ਨਿਘਾਰ ਪਿਛਲੇ ਕਈ ਦਹਾਕਿਆਂ ਦੌਰਾਨ ਵੇਖਣ ਨੂੰ ਨਹੀਂ ਮਿਲਿਆ ਹੈ। ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ, ਅਪਰੈਲ-ਜੂਨ ਦੀ ਤਿਮਾਹੀ, ਨੇ ਗਿਰਾਵਟ ਦੇ ਤਮਾਮ ਅੰਦਾਜ਼ੇ ਝੂਠੇ ਪਾ ਦਿੱਤੇ ਹਨ। ਇਸ ਤਿਮਾਹੀ ਦੌਰਾਨ ਭਾਰਤ ਦੀ ਅਰਥਵਿਵਸਥਾ ਲਗਭਗ 24 ਪ੍ਰਤੀਸ਼ਤ ਘਟ ਗਈ ਹੈ ਜਿਸ ਨੂੰ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਲਈ ਸਹਿਣ ਕਰਨਾ ਬਹੁਤ ਮੁਸ਼ਕਿਲ ਹੈ। ਇਹ ਭਵਿੱਖ 'ਚ ਦੂਰ ਤੱਕ ਮਾਰ ਕਰਨ ਵਾਲੀ ਗਿਰਾਵਟ ਹੈ। ਤਿਮਾਹੀ ਦੀ ਇਸ ਗਿਰਾਵਟ ਦੇ ਅੰਕੜਿਆਂ ਬਾਰੇ ਹਾਲੇ ਚਰਚਾਵਾਂ ਚਲ ਹੀ ਰਹੀਆਂ ਸਨ ਕਿ ਦੂਸਰੀ ਤਿਮਾਹੀ ਦੀ ਮੰਦੀ ਸਾਹਮਣੇ ਆਉਣ ਲੱਗੀ ਹੈ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਦਾ ਸਨਅਤੀ ਉਤਪਾਦਨ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ਦੇ ਪਹਿਲੇ ਮਹੀਨੇ, ਜੁਲਾਈ ਦੇ ਮਹੀਨੇ, ਵਿੱਚ 10.4 ਪ੍ਰਤੀਸ਼ਤ ਘਟ ਹੋਇਆ ਹੈ। ਪਿਛਲੇ ਪੰਜ ਮਹੀਨੇ ਤੋਂ ਸਨਅਤੀ ਉਤਪਾਦਨ 'ਚ ਗਿਰਾਵਟ ਆਉਂਦੀ ਗਈ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਦੇਸ਼ ਦੇ ਸਨਅਤੀ ਉਤਪਾਦਨ ਵਿੱਚ 29.2 ਪ੍ਰਤੀਸ਼ਤ ਦਾ ਸੰਗੋੜ ਆਇਆ ਹੈ। ਇਸੇ ਲਈ ਮੂਡੀਜ਼ ਨੇ ਭਵਿੱਖਬਾਣੀ ਕੀਤੀ ਹੈ ਕਿ ਸਮੁੱਚੇ ਚਾਲੂ ਵਿੱਤੀ ਸਾਲ ਵਿੱਚ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ 11.5 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਦੇਸ਼ ਦੀ ਅਰਥਵਿਵਸਥਾ ਬਾਰੇ ਅਪਰੈਲ-ਜੂਨ ਦੀ ਤਿਮਾਹੀ ਸੰਬੰਧੀ ਸਰਕਾਰੀ ਤੌਰ 'ਤੇ ਜਾਰੀ ਕੀਤੇ ਗਏ ਅੰਕੜਿਆਂ ਅਤੇ ਹੁਣ ਜੁਲਾਈ ਮਹੀਨੇ ਵਿੱਚ ਘਟ ਚੁੱਕੇ ਸਨਅਤੀ ਉਤਪਾਦਨ ਦੀ ਸਰਕਾਰੀ ਰਿਪੋਰਟ ਨੇ ਜਾਹਿਰ ਕਰ ਦਿੱਤਾ ਹੈ ਕਿ ਅਰਥਵਿਵਸਥਾ ਦੇ ਉਭਾਰ ਬਾਰੇ ਹੁਕਮਾਰਾਨਾਂ ਦੇ ਤਮਾਮ ਦਾਅਵੇ ਦਰੁਸਤ ਨਹੀਂ ਹਨ।
ਇਸ ਦੇ ਨਾਲ ਹੀ ਅੱਜ  ਭਾਰਤ ਬਹੁਤ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਮਾਰੀ ਦੇ ਸੰਕਟ ਨਾਲ ਵੀ ਜੂਝ ਰਿਹਾ ਹੈ। ਇਸ ਮੁਹਾਜ਼ 'ਤੇ ਵੀ ਮੋਦੀ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਦੋਂ ਇਸ ਮਹਾਮਾਰੀ ਦੇ ਦੇਸ਼ ਵਿੱਚ 6 ਸੌ ਮਾਮਲੇ ਵੀ ਨਹੀਂ ਸਨ ਤਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਚਾਨਕ ਲਾਕਡਾਊਨ ਲਾਉਂਦਿਆਂ ਕੋਰੋਨਾ ਵਿਸ਼ਾਣੂ ਵਿਰੁੱਧ ਲੜਾਈ 18 ਦਿਨਾਂ ਵਿੱਚ ਜਿੱਤ ਲੈਣ ਦਾ ਦਾਅਵਾ ਕੀਤਾ ਸੀ। ਇਹ ਇਸ ਸਾਲ ਦੇ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਦੀ ਗੱਲ ਹੈ। ਅੱਜ ਸਤੰਬਰ 'ਚ ਰੋਜ਼ਾਨਾ 90 ਹਜ਼ਾਰ ਤੋਂ ਵਧ ਮਾਮਲੇ ਆ ਰਹੇ ਹਨ, ਗਿਣਤੀ ਰੋਜ਼ਾਨਾ 1 ਲੱਖ ਨੂੰ ਛੂਹਣ ਵਾਲੀ ਹੈ ਅਤੇ ਅਸੀਂ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਸੰਸਾਰ ਵਿੱਚ ਅਮਰੀਕਾ ਤੋਂ ਬਾਅਦ ਦੂਸਰੇ ਨੰਬਰ 'ਤੇ ਪਹੁੰਚ ਚੁੱਕੇ ਹਾਂ। ਮਹਾਮਾਰੀ ਦੇ ਤਿੱਖੇ ਪਸਾਰ ਕਾਰਨ ਥਾਂ ਥਾਂ ਮੁੜ ਲਾਕਡਾਊਨ ਲੱਗੇ ਹਨ ਜਿਨ੍ਹਾਂ ਨੇ ਅਰਥਵਿਵਸਥਾ ਅਤੇ ਆਮ ਜੀਵਨ ਨੂੰ ਮੁੜ ਝਟਕਾ ਦਿੱਤਾ ਹੈ।

ਇਸ ਦੇ ਨਾਲ ਹੀ ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਵਧੇਰੇ ਤੋਂ ਵਧੇਰੇ ਲੋਕ ਆਵਾਜ਼ ਉਠਾਉਣ ਲੱਗੇ ਹਨ। ਵਿਆਪਕ ਪੱਧਰ 'ਤੇ ਕਿਸਾਨ ਸੜਕਾਂ 'ਤੇ ਉਤਰ ਆਏ ਹਨ ਜੋ ਮੋਦੀ ਸਰਕਾਰ ਦੁਆਰਾ ਖੇਤੀ ਸੰਬੰਧੀ ਜਾਰੀ ਕੀਤੇ ਆਰਡੀਨੈਂਸ ਵਾਪਸ ਕਰਵਾਉਣਾ ਚਾਹੁੰਦੇ ਹਨ। ਆਉਣ ਵਾਲੇ ਸਮੇਂ ਵਿੱਚ ਆਰਥਿਕ ਮੁੱਦਿਆਂ 'ਤੇ ਲੜਾਈ ਭਖਣ ਵਾਲੀ ਹੈ।

ਅਜਿਹੀ ਹਾਲਤ ਵਿੱਚ ਮੋਦੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਡਰਾਉਣ ਦੀ ਨੀਤੀ ਅਖਤਿਆਰ ਕਰ ਚੁੱਕੀ ਹੈ। ਇਸ ਨੇ ਨੀਤੀਗਤ ਵਿਰੋਧ ਰੱਖਦੇ ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੰਗਿਆਂ ਨਾਲ ਜਿਸ ਤਰ੍ਹਾਂ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਜਗਤ ਪ੍ਰਸਿੱਧ ਅਰਥਸ਼ਾਸਤਰੀ ਜੇਤੀ ਘੋਸ਼, ਪ੍ਰੋਫੈਸਰ ਅਪੂਰਵਾ ਨੰਦ ਤੇ ਸਰਗਰਮ ਕਾਰਕੁਨ ਜੋਗਿੰਦਰ ਯਾਦਵ ਤੇ ਦਸਤਾਵੇਜ਼ੀ ਫ਼ਿਲਮਸਾਜ਼ ਰਾਹੁਲ ਰਾਏ ਦਾ ਨਾਮ ਜੋੜਿਆ ਗਿਆ ਸੀ ਉਸ ਤੋਂ  ਇਹੋ ਪਤਾ ਚਲਦਾ ਹੈ ਕਿ ਮੋਦੀ ਸਰਕਾਰ ਆਪਣੇ ਅਸਲ ਏਜੰਡੇ 'ਤੇ ਉਤਰ ਆਈ ਹੈ। ਯੇਚੁਰੀ ਜਿਹੇ  ਨਫੀਸ ਚਿੰਤਕ ਅਤੇ ਲੋਕਪੱਖੀ ਆਰਥਿਕ ਨੀਤੀਆਂ ਦੀ ਜਗਤ ਪ੍ਰਸਿੱਧ ਪੈਰੋਕਾਰ ਜੇਤੀ ਘੋਸ਼ ਨੂੰ ਦੰਗਿਆਂ ਦੇ ਸਾਜ਼ਿਸ਼ੀ ਕਹਿਣ ਨਾਲ ਮੋਦੀ ਸਰਕਾਰ ਨੇ ਪੂਰੇ ਸੰਸਾਰ ਵਿੱਚ ਖ਼ੁਦ ਨੂੰ ਹੀ ਨੰਗਾ ਕੀਤਾ ਹੈ। ਵਿਕਾਸ ਦੇ ਮੁੱਦੇ 'ਤੇ  ਲੋਕਾਂ ਤੋਂ ਵੋਟਾਂ ਮੰਗ ਕੇ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਪਰ ਇਹ ਦੇਸ਼ ਦੀ ਅਰਥਵਿਵਸਥਾ ਨੂੰ ਭਾਰੀ ਢਾਅ ਲਾ ਚੁੱਕੀ ਹੈ ਅਤੇ ਇਸ ਵਿਰੁੱਧ ਬੋਲਣ ਵਾਲਿਆਂ ਨੂੰ ਜੇਲ੍ਹਾਂ 'ਚ ਤਾੜਨ ਦੇ ਰਾਹ ਪੈ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ