BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਸੰਪਾਦਕੀ

ਸਰਕਾਰ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਜਲਦ ਗੱਲਬਾਤ ਸ਼ੁਰੂ ਕਰੇ

November 23, 2021 11:43 AM

ਮੋਦੀ ਸਰਕਾਰ ਦੁਆਰਾ ਧੱਕੇ ਅਤੇ ਧੌਂਸ ਨਾਲ ਪਾਸ ਕੀਤੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਕੋਈ ਸਾਲ ਭਰ ਦੇ ਲੰਮੇ, ਸਖ਼ਤ ਅਤੇ ਆਪਾਵਾਰੂ ਸੰਘਰਸ਼ ਤੋਂ ਬਾਅਦ ਉਸ ਵਕਤ ਇਤਹਾਸਕ ਕਾਮਯਾਬੀ ਮਿਲੀ ਜਦੋਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਤਿੰਨੋਂ ਨਵੇਂ ਖੇਤੀ ਕਾਨੂੰਨ, ਜੋ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਲੇ ਕਾਨੂੰਨਾਂ ਵਜੋਂ ਮਸ਼ਹੂਰ ਹਨ, ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨਿਰਸੰਦੇਹ ਇਹ ਇਸ ਸਦੀ ਦੇ ਸਭ ਤੋਂ ਵੱਡੇ ਅਤੇ ਇਤਹਾਸਕ ਕਿਸਾਨ ਸੰਘਰਸ਼ ਦੀ ਇਤਹਾਸਕ ਜਿੱਤ ਸੀ। ਸੰਘਰਸ਼ ਕਰਦਿਆਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਹਫ਼ਤੇ ਅੰਦਰ ਹੀ ਇਕ ਸਾਲ ਹੋ ਜਾਣਾ ਹੈ। ਇਸ ਸਮੇਂ ਦੌਰਾਨ ਕਿਸਾਨਾਂ ਨੇ ਜਿੱਥੇ ਖੁੱਲ੍ਹੇ ਆਸਮਾਨ ਹੇਠ ਸਰਦੀ, ਗਰਮੀ ਅਤੇ ਬਰਸਾਤ ਦੇ ਮੌਸਮਾਂ ਦੇ ਕਹਿਰ ਨੂੰ ਹੱਸਦੇ-ਹੱਸਦੇ ਝੱਲਿਆ, ਉਥੇ ਸਰਕਾਰੀ ਜੁਲਮ ਅਤੇ ਕੋਵਿਡ-19 ਮਹਾਮਾਰੀ ਦੇ ਖ਼ਤਰੇ ਦਾ ਵੀ ਡਟ ਕੇ ਮੁਕਾਬਲਾ ਕੀਤਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕਾਨੂੰਨ ਵਾਪਸ ਲਏ ਜਾਣ ਦੇ ਸਰਕਾਰ ਦੇ ਫੈਸਲੇ ਦਾ ਬਜਾ ਤੌਰ ’ਤੇ ਜਸ਼ਨ ਮਨਾਇਆ ਗਿਆ ਪਰ ਜਲਦ ਹੀ ਸਵਾਲ ਉੱਠ ਖਲੋਤਾ ਕਿ ਕਿਸਾਨਾਂ ਦੀਆਂ ਬਾਕੀ ਦੀਆਂ ਮੰਗਾਂ ਜੋ ਕਿ ਸਰਕਾਰ ਨਾਲ ਚੱਲੀ ਗੱਲਬਾਤ ਦੇ ਦੌਰਾਂ ਦੌਰਾਨ ਵੀ ਵਿਚਾਰੀਆਂ ਜਾਂਦੀਆਂ ਰਹੀਆਂ ਸਨ, ਬਾਰੇ ਸਰਕਾਰ ਚੁੱਪ ਕਿਉਂ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇਣ ਬਾਰੇ ਇਕ ਕਮੇਟੀ ਬਨਾਉਣ ਦਾ ਐਲਾਨ ਜ਼ਰੂਰ ਕੀਤਾ ਹੈ। ਉਹ ਜਾਣਦੇ ਹਨ ਕਿ ਕਿਸਾਨਾਂ ਦੀ ਇਹ ਦੂਸਰੀ ਵੱਡੀ ਮੰਗ ਹੈ। ਅਸਲ ’ਚ ਕਿਸਾਨਾਂ ਨੇ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਖੁੱਲ੍ਹੇ ਖ਼ਤ ਵਿੱਚ ਵੀ ਬਿਆਨ ਕੀਤਾ ਹੈ, ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਦੇ ਨਾਲ ਨਾਲ ਦੂਸਰੀਆਂ ਮੰਗਾਂ ’ਤੇ ਵੀ ਬਰਾਬਰ ਦਾ ਜ਼ੋਰ ਦਿੱਤਾ ਸੀ। ਕਿਸਾਨਾਂ ਅਨੁਸਾਰ ਉਨ੍ਹਾਂ ਦੀਆਂ ਮੰਗਾਂ ਹਾਲੇ ਮੰਨੀਆਂ ਨਹੀਂ ਗਈਆਂ ਹਨ। ਇਹ ਛੇ ਮੰਗਾਂ ਹਨ : ਦੇਸ਼ ਭਰ ਦੇ ਸਾਰੇ ਕਿਸਾਨਾਂ ਲਈ ਸਾਰੀਆਂ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਯਕੀਨੀ ਬਣਾਉਣ ਦਾ ਕਾਨੂੰਨ ਪਾਸ ਕੀਤਾ ਜਾਵੇ, ਜਿਸ ਬਾਰੇ ਕੇਂਦਰ ਦੀ ਸਰਕਾਰ ਸੰਸਦ ਵਿੱਚ ਐਲਾਨ ਵੀ ਕਰ ਚੁੱਕੀ ਹੈ ਅਤੇ ਜਿਸ ਦੀ 2011 ਵਿੱਚ ਬਣੀ ਉਸ ਕਮੇਟੀ ਨੇ ਵੀ ਸਿਫਾਰਸ਼ ਕੀਤੀ ਸੀ, ਜਿਸ ਦੇ ਚੇਅਰਮੈਨ ਖ਼ੁਦ ਵਰਤਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਨ। ਦੂਸਰੀ ਮੰਗ ਬਿਜਲੀ (ਸੋਧ) ਬਿੱਲ ਵਾਪਸ ਕਰਵਾਉਣ ਦੀ ਹੈ, ਜੋ ਕਿ ਗੱਲਬਾਤ ਦੌਰਾਨ ਵਾਪਸ ਲੈਣਾ ਸਰਕਾਰ ਨੇ ਮੰਨਿਆ ਵੀ ਸੀ। ਕਿਸਾਨ ਚਾਹੁੰਦੇ ਹਨ ਕਿ ਐਨਸੀਆਰ ਅਤੇ ਨਾਲ ਦੇ ਖ਼ੇਤਰਾਂ ਲਈ ਹਵਾ ਨੂੰ ਸ਼ੁੱਧ ਰੱਖਣ ਸੰਬੰਧੀ ਬਣਾਏ ਗਏ 2021 ਦੇ ਕਾਨੂੰਨ ਵਿਚਲੀਆਂ ਕਿਸਾਨਾਂ ਨੂੰ ਸਜ਼ਾਵਾਂ ਦਿੰਦੀਆਂ ਮੱਦਾਂ ਖ਼ਤਮ ਕੀਤੀਆਂ ਜਾਣ। ਇੱਥੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕੇਂਦਰ ਦੀ ਸਰਕਾਰ ਖ਼ੁਦ ਸੁਪਰੀਮ ਕੋਰਟ ਨੂੰ ਦੱਸ ਚੁੱਕੀ ਹੈ ਕਿ ਦਿੱਲੀ ਦੇ ਆਲੇ-ਦੁਆਲੇ ਦੇ ਖੇਤਰ ’ਚ ਹੁੰਦੇ ਕੁੱਲ ਪ੍ਰਦੂਸ਼ਣ ’ਚ ਕਿਸਾਨਾਂ ਦੁਆਰਾ ਪਰਾਲੀ ਸਾੜਨ ਆਦਿ ਨਾਲ ਹੁੰਦੇ ਪ੍ਰਦੂਸ਼ਣ ਦਾ ਹਿੱਸਾ 4 ਤੋਂ 10 ਪ੍ਰਤੀਸ਼ਤ ਹੀ ਹੁੰਦਾ ਹੈ। ਕਿਸਾਨਾਂ ਦੀ ਪੰਜਵੀਂ ਮੰਗ ਲਖ਼ੀਮਪੁਰ ਖ਼ੀਰੀ ਹੱਤਿਆ ਕਾਂਡ ਨਾਲ ਸੰਬੰਧਤ ਹੈ, ਉਹ ਚਾਹੁੰਦੇ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਕਤਲ ਦਾ ਕੇਸ ਚਲਾਇਆ ਜਾਵੇ। ਅਜੈ ਮਿਸ਼ਰਾ ਟੇਨੀ ਹਾਲੇ ਵੀ ਪ੍ਰਧਾਨ ਮੰਤਰੀ ਦੇ ਮੰਚ ’ਤੇ ਬੈਠਾ ਨਜ਼ਰ ਆਉਂਦਾ ਹੈ। ਕਿਸਾਨਾਂ ਦੀ ਛੇਵੀਂ ਮੰਗ ਸਿੱਧੇ ਤੌਰ ’ਤੇ ਉਨ੍ਹਾਂ ਦੇ ਦ੍ਰਿੜ੍ਹ ਸੰਘਰਸ਼ ਨਾਲ ਜੁੜੀ ਹੋਈ ਹੈ। ਇਸ ਸੰਘਰਸ਼ ’ਚ ਤਕਰੀਬਨ 700 ਕਿਸਾਨ ਜਾਨਾਂ ਗੁਆ ਚੁੱਕੇ ਹਨ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਦੂਸਰੀ ਸਹਾਇਤਾ ਦਿੱਤੀ ਜਾਵੇ। ਉਹ ਸਿੰਘੂ ਬਾਰਡਰ ’ਤੇ ਇਨ੍ਹਾਂ ਕਿਸਾਨ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਲਈ ਜ਼ਮੀਨ ਦੀ ਵੀ ਮੰਗ ਕਰ ਰਹੇ ਹਨ।
ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈ ਕੇ ਮੋਦੀ ਸਰਕਾਰ ਨੇ ਸਿੱਧੇ ਤੌਰ ’ਤੇ ਇਹ ਪ੍ਰਵਾਨ ਕੀਤਾ ਹੈ ਕਿ ਕਿਸਾਨ ਆਪਣੀ ਜਾਇਜ਼ ਮੰਗ ’ਤੇ ਡਟੇ ਹੋਏ ਸਨ। ਸਰਕਾਰ ਤੋਂ ਗੱਲਬਾਤ ਦੇ ਦੌਰਾਂ ਦੌਰਾਨ ਇਹ ਵੀ ਗੁੱਝਾ ਨਹੀਂ ਰਿਹਾ ਹੋਵੇਗਾ ਕਿ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਵੀ ਜਾਇਜ਼ ਹਨ ਅਤੇ ਹਰ ਜਗ੍ਹਾ ਇਹੋ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਜਲਦ ਵਾਪਸ ਲੈਣ ਦਾ ਫੈਸਲਾ ਕਰਨਾ ਚਾਹੀਦਾ ਸੀ। ਸੋ ਹੁਣ ਵੀ ਸਮਾਂ ਨਹੀਂ ਗਵਾਉਣਾ ਚਾਹੀਦਾ। ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ’ਤੇ ਕਿਸਾਨ ਆਗੂਆਂ ਨਾਲ ਜਲਦ ਤੋਂ ਜਲਦ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਇਨ੍ਹਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਤਸੱਲੀ ਨਾਲ ਆਪਣੇ ਘਰਾਂ ਨੂੰ ਪਰਤ ਸਕਣ ਅਤੇ ਖੇਤੀ ਦੇ ਕੰਮਾਂ ’ਚ ਜੁਟ ਸਕਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ