BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਲੇਖ

ਮਿਡਲ ਜਵਾਨੀ ਦੀ ਸਰਦਲ ’ਤੋਂ

November 24, 2021 01:09 PM

ਤਰਸੇਮ ਲੰਡੇ

ਸੰਨ ਦੋ ਹਜਾਰ ਵਿੱਚ ਮੈਂ ਪਿੰਡੋਂ ਦਸਵੀਂ ਪਾਸ ਕਰਕੇ ਕੋਟਕਪੂਰੇ ਗਿਆਰ੍ਹਵੀਂ ਸ਼੍ਰੇਣੀ ਵਿਚ ਦਾਖਲਾ ਲੈ ਲਿਆ ਸੀ। ਮੇਰੇ ਨਾਲ ਮੇਰੇ ਚਾਚੇ ਦੇ ਮੁੰਡੇ ਤੋਂ ਇਲਾਵਾ ਪਿੰਡ ਦੇ ਹੋਰ ਵੀ ਕਈ ਮੁੰਡੇ ਪੜ੍ਹਦੇ ਸਨ। ਸਮਾਲਸਰ ਤੋਂ ਮੇਰਾ ਪਿੰਡ ਤਕਰੀਬਨ ਚਾਰ ਕੁ ਕਿਲੋਮੀਟਰ ਦੀ ਵਿੱਥ ’ਤੇ ਉੱਤਰ ਦਿਸ਼ਾ ਵਿੱਚ ਸਥਿਤ ਹੈ। ਮੁੱਖ ਸੜਕ ਤੋਂ ਪਾਸੇ ਹੋਣ ਕਰਕੇ ਮੇਰੇ ਪਿੰਡ ਨੂੰ ਸਮਾਲਸਰ ਤੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚੱਲਦੇ ਹਨ। ਉਸ ਸਮੇਂ ਰੋਡੇ ਕਾਲਜ, ਮੋਗਾ ਆਈ.ਟੀ.ਆਈ ਅਤੇ ਫਰੀਦਕੋਟ ਆਈ.ਟੀ.ਆਈ ਦੇ ਨਾਂ ਦੀ ਚੜਤ ਕਰਕੇ ਬੱਸ ਕੰਡਕਟਰ ਵਿਦਿਆਰਥੀਆਂ ਤੋਂ ਟਿਕਟ ਕੱਟਣ ਦੀ ਹਿੰਮਤ ਵੀ ਨਹੀਂ ਕਰਦੇ ਸਨ। ਦੂਜੇ ਪਾਸੇ ਮੇਰੇ ਪਿੰਡ ਤੋਂ ਮਿੰਨੀ ਬੱਸਾਂ ਵੀ ਕੋਟਕਪੂਰਾ ਨੂੰ ਚੱਲਦੀਆਂ ਸਨ। ਇਨ੍ਹਾਂ ਬੱਸਾਂ ਦੇ ਕੰਡਕਟਰ ਬਾਕੀ ਪਿੰਡਾਂ ਦੇ ਸਟੂਡੈਂਟਸ ਅੱਗੇ ਤਾਂ ਕੁਸਕਦੇ ਨਹੀਂ ਸਨ, ਪਰ ਮੇਰੇ ਪਿੰਡ ਦੇ ਵਿਦਿਆਰਥੀਆਂ ਨੂੰ ਕੌੜਦੇ ਸਨ। ਇੱਕ ਦਿਨ ਅਸੀੰ ਚਹੁੰ ਕੁ ਜਾਣਿਆਂ ਨੇ ਮਿੰਨੀ ਬੱਸ ਤੇ ਜਾਣ ਦੀ ਰਾਇ ਬਣਾਈ । ਰਸਤੇ ਵਿੱਚ ਉਹ ਕੰਡਕਟਰ ਸਾਡੇ ’ਤੇ ਬੁੜਕਣ ਲੱਗ ਗਿਆ। ਸਾਨੂੰ ਆਪਣੀ ਹੱਤਕ ਮਹਿਸੂਸ ਹੋਣ ਲੱਗੀ। ਅਸੀਂ ਉਸ ਨੂੰ ਕਿਹਾ,‘‘ਸਾਡੇ ਪਿੰਡ ਵਾਰੀ ਕਿਉਂ ਤੇਰੇ ਡੂਮਣਾ ਲੜਦੈ...?’’ ਕਹਿੰਦਾ, ‘‘ਥੋਡੇ ਪਿੰਡ ਵਾਲੇ ਵਾਇਆ ਸਮਾਲਸਰ ਆਉਣ।’’ ਚੜ੍ਹਦੀ ਜਵਾਨੀ ਸੀ। ਮੁੱਛ ਫੁੱਟਣ ਲੱਗੀ ਸੀ। ਆਸ ਪਾਸ ਦੇ ਪਿੰਡਾਂ ਵਿੱਚ ਸਾਡੇ ਪਿੰਡ ਦੀ ਚੰਗੀ ਭੱਲ ਬਣੀ ਹੋਈ ਸੀ। ਅਸੀਂ ਕਿਹਾ ,‘‘ਜੇ ਆਹ ਗੱਲ ਆ ਤਾਂ ਅਸੀਂ ਇਹਦੇ ਤੇ ਹੀ ਆਇਆ ਕਰਾਂਗੇ...।’’ ਉਹ ਵੀ ਅੱਗੋਂ ਤੱਤਾ ਹੁੰਦਿਆਂ ਕਹਿਣ ਲੱਗਾ,‘‘ਹੁਣੇ ਉਤਰੋ.।’’ ਅਸੀਂ ਆਪਣੀਆਂ ਸ਼ਰਟਾਂ ਦੇ ਕਫ ਚੜ੍ਹਾ ਲਏ ਤੇ ਕਿਹਾ, ‘‘ਜੇ ਮਾਈ ਦਾ ਲਾਲ ਆ ਤਾਂ ਦੇਖ ਲੈ ਹਿੰਮਤ....।’’ ਉਹਨੇ ਵਿਸਲ ਮਾਰ ਕੇ ਬੱਸ ਰੋਕ ਲਈ। ਇੱਕ ਜਾਨੇ ਨੂੰ ਜਬਰੀ ਉਤਾਰਨ ਲਈ ਧੱਕਾ ਮਾਰਿਆ। ਬੱਸ ਫੇਰ ਕੀ, ਅਸੀਂ ਭੂੰਡਾਂ ਵਾਂਗੂੰ ਚੁੰਬੜ ਗਏ ਤੇ ਉਹਦਾ ਮੂੰਹ ਸੁਜਾ ਦਿੱਤਾ। ਸਵਾਰੀਆਂ ਨੇ ਬਹੁਤ ਬੂਹ-ਦੁਹਾਈ ਕੀਤੀ। ਪਰ ਅਸੀਂ ਆਪਣਾ ਕੰਮ ਕਰ ਦਿੱਤਾ ਸੀ। ਨਾਲ ਇਹ ਕਹਿ ਦਿੱਤਾ,‘‘ਜੇ ਹਿੰਮਤ ਹੋਈ ਤਾਂ ਹੁਣ ਲੰਘਾਈ ਬੱਸ ਪਿੰਡ ਵਿੱਚ ਦੀ...।’’ ਉਹਨੇ ਸ਼ਾਮ ਨੂੰ ਥਾਣੇ ਜਾ ਦਰਖਾਸਤ ਦਿੱਤੀ। ਦੋ ਕੁ ਪੁਲਿਸ ਵਾਲੇ ਸਾਡੇ ਘਰੀੰ ਆਏ। ਭਿਣਕ ਪੈਣ ਤੇ ਅਸੀੰ ਪਹਿਲਾਂ ਹੀ ਸੱਜੇ-ਖੱਬੇ ਹੋ ਗਏ। ਤਾਂ ਉਹ ਅਗਲੇ ਦਿਨ ਥਾਣੇ ਪੇਸ਼ ਹੋਣ ਬਾਰੇ ਕਹਿ ਕੇ ਤੁਰ ਗਏ। ਉਨ੍ਹਾਂ ਦੇ ਜਾਣ ਦੀ ਦੇਰ ਹੀ ਸੀ। ਬਾਅਦ ਵਿੱਚ ਘਰਦਿਆਂ ਨੇ ਮੇਰੀ ਤੇ ਚਾਚੇ ਦੇ ਮੁੰਡੇ ਦੀ ਚੰਗੀ ਖੁੰਭ-ਠੱਪ ਕੀਤੀ। ਅਸੀਂ ਵਾਰ ਵਾਰ ਆਪਣਾ ਪੱਖ ਰੱਖਣਾ ਚਾਹਿਆ ਪਰ ਕਿੱਥੇ....?
‘‘ਪਿਓ ਦਾਦੇ ਨੇ ਕਦੇ ਥਾਣਾ ਨਹੀਂ ਦੇਖਿਆ, ਤੇ ਤੁਸੀਂ ਰਹਿੰਦੀ ਕਸਰ ਪੂਰੀ ਕਰ ‘ਤੀ ....।’’ ਪਿਤਾ ਜੀ ਦੇ ਸ਼ਬਦਾਂ ਨੇ ਸਾਡਾ ਸਿਰ ਝੁਕਾ ਦਿੱਤਾ ਸੀ। ਮਸਲਾ ਐਥੋੰ ਤੱਕ ਜਾਊ, ਇਹ ਤਾਂ ਅਸੀੰ ਸੋਚਿਆ ਵੀ ਨਹੀੰ ਸੀ। ਗੱਲ ਪਿੰਡ ਵਿੱਚ ਲਾਟ ਵਾਂਗ ਫੈਲ ਗਈ। ਚਾਹੇ ਅਗਲੇ ਦਿਨ ਥਾਣੇ ਜਾ ਕੇ ਸਾਡਾ ਉਸ ਕੰਡਕਟਰ ਨਾਲ ਰਾਜ਼ੀਨਾਮਾ ਹੋ ਗਿਆ ਸੀ।
ਇਹ ਘਟਨਾ ਅਜੇ ਤਾਜ਼ਾ ਹੀ ਸੀ। ਫਿਰ ਇੱਕ ਦਿਨ ਸਾਡੇ ਇੱਕ ਮਿੱਤਰ ਪਿਆਰੇ ਨੇ ਸਾਨੂੰ ਕੋਈ ਬਹਾਨਾ ਮਾਰ ਕੇ ਬੱਸ ’ਚੋਂ ਉਤਾਰ ਲਿਆ। ਅਸਲ ਵਿੱਚ ਉਸ ਦੀ ਕਿਸੇ ਮੁੰਡੇ ਨਾਲ ਕੋਈ ਲਾਗ ਡਾਟ ਸੀ। ਬੱਸ ’ਚੋੰ ਉਤਾਰਨ ਤੋੰ ਬਾਅਦ ਉਹ ਕਹਿਣ ਲੱਗਾ, ‘‘ਆਪਾਂ ਇਕ ਮੁੰਡਾ ਸੋਧਣਾ, ਉਹ ਪਿਛਲੀ ਬਸ ਤੇ ਆਉਂਦੈ.....।’’ ਸੁਣਦਿਆਂ ਸਾਡੇ ਤਾਂ ਹੱਥਾਂ ਦੇ ਤੋਤੇ ਉੱਡ ਗਏ। ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਹਨੂੰ ਸਾਡੇ ਤੋਂ ਉਮੀਦ ਸੀ ਕਿ ਇਹ ਅਜਿਹੇ ਕੰਮਾਂ ਵਿਚ ਕਾਫੀ ਮਾਹਿਰ ਹਨ। ਪਿਛਲੇ ਦਿਨੀਂ ਇਨ੍ਹਾਂ ਨੇ ਕੁੱਝ ਅਜਿਹਾ ਕਰਕੇ ਚੰਗਾ ਨਾਮਣਾ ਖੱਟਿਆ ਹੈ। ਮੈਨੂੰ ਤਾਂ ਲੱਗਿਆ- ਲੈ ਬਈ ਮਿੱਤਰਾ, ਹੁਣ ਪੜ੍ਹਾਈ ਪੜੂਈ ਤਾਂ ਇੱਕ ਪਾਸੇ, ਲੱਗਦੈ ਆਹੀ ਕੰਮਾਂ ਜੋਗੇ ਰਹਿਗੇ । ਜੇ ਅਸੀਂ ਉਸ ਨੂੰ ਜਵਾਬ ਦਿੰਦੇ ਤਾਂ ਪਿੰਡ ਦੇ ਮੁੰਡਿਆਂ ਨੇ ਸਾਨੂੰ ਗੱਦਾਰ, ਮੱਕਾਰ, ਬੇਕਾਰ ਪਤਾ ਨਹੀਂ ਕੀ ਕੀ ਸ਼ਬਦਾਂ ਨਾਲ ਪ੍ਰਚਾਰਨਾ ਸੀ। ਪਰ ਸਾਡੀ ਚੰਗੀ ਕਿਸਮਤ ਕਿ ਉਹ ਮੁੰਡਾ ਅਗਲੀ ਬੱਸ ਵਿਚ ਨਹੀਂ ਸੀ। ਜੋ ਸਾਡਾ ਟਾਰਗਿਟ ਸੀ। ਇਹ ਦੇਖ ਕੇ ਆਪਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।
ਇਸੇ ਤਰ੍ਹਾਂ ਹੀ ਇੱਕ ਕਾਲਜ ਦਾ ਪ੍ਰਧਾਨ ਸਾਡਾ ਲਿਹਾਜ਼ੀ ਸੀ। ਉਹਨੇ ਸਾਨੂੰ ਰਾਇ ਦਿੱਤੀ ਕਿ ਮੇਰੇ ਨਾਲ ਇਲੈਕਸ਼ਨ ਵਿੱਚ ਚੱਲਿਆ ਕਰੋ। ਆਪਾਂ ਖਾ ਪੀ ਕੇ ਬਸ ਗੇੜੇ ਹੀ ਕੱਢਣੇ ਆ। ਮੌਜਾਂ ਨੇ । ਉਹਨੂੰ ਤਾਂ ਅਸੀਂ ‘ਠੀਕ ਆ’ ਕਹਿ ਦਿੱਤਾ। ਪਰ ਗੱਲ ਸਾਨੂੰ ਨਾ ਜਚੀ। ਅਸੀਂ ਟਾਲ਼ਾ ਵੱਟਣ ’ਚ ਹੀ ਆਪਣੀ ਭਲਾਈ ਸਮਝੀ। ਇਸ ਤੋੰ ਅਗਲੀ ਘਟਨਾ ਦੋ ਕੁ ਸਾਲ ਬਾਅਦ ਦੀ ਸੀ। ਕਾਲਜ ਦੇ ਕੁੱਝ ਮੁੰਡਿਆਂ ਨੇ ਇਹ ਸੋਚਿਆ ਕਿ ਆਪਾਂ ਇਸ ਵਾਰ ਪ੍ਰਧਾਨਗੀ ਦੀ ਚੋਣ ਲੜਨੀ ਹੈ। ਬਾਕੀਆਂ ਦੀ ਤਰਾਂ ਮੈਨੂੰ ਵੀ ਉਮੀਦਵਾਰੀ ਲਈ ਜ਼ੋਰ ਪਾਇਆ ਗਿਆ । ਪਰ ਜ਼ਿਹਨ ਵਿੱਚ ‘ਬੱਸ ਕੰਡਕਟਰ ਵਾਲੀ ਘਟਨਾ’ ਘੁੰਮ ਰਹੀ ਸੀ। ਆਪਾਂ ਲੜ ਛੁਡਾ ਕੇ ਬਿਮਾਰ ਹੋਣ ਦਾ ਬਹਾਨਾ ਲਾ ਕੁੱਝ ਦਿਨ ਛੁੱਟੀਆਂ ਮਾਰੀਆਂ। ਫਿਰ ਜਾ ਕਾਲਜ ਦੀ ਲਾਇਬਰੇਰੀ ਨਾਲ ਮੁਹੱਬਤ ਪਾ ਲਈ। ਜਿੱਥੇ ਖਾਲੀ ਲੈਕਚਰ ਦੌਰਾਨ ਜਾ ਕੇ ਕੋਈ ਨਾ ਕੋਈ ਪੁਸਤਕ ਜਾਂ ਰਸਾਲਾ ਪੜ੍ਹਨਾ ਸ਼ੁਰੂ ਕਰ ਦੇਣਾ। ਇੱਥੇ ਵਾਲੀ ਸ਼ਾਂਤੀ, ਬਾਹਰ ਵਾਲੀ ਕੁੁਰਬਲ-ਕੁਰਬਲ ਤੋਂ ਵੀਹ ਗੁਣਾ ਚੰਗੀ ਸੀ। ਇਸ ਤਰ੍ਹਾਂ ਅੰਦਰ ਸਾਹਿਤ ਦੀ ਚੰਗਿਆੜੀ ਲੱਗ ਗਈ ਸੀ। ਅਗਲੇ ਸਾਲ ਮੈਨੂੰ ਕਾਲਜ ਦੇ ਮੈਗਜੀਨ ਦਾ ਵਿਦਿਆਰਥੀ ਸੰਪਾਦਕ ਬਣਨ ਦਾ ਮੌਕਾ ਵੀ ਮਿਲ ਗਿਆ। ਕਿਤਾਬਾਂ ਪੜ੍ਹਨ ਨਾਲ ਜ਼ਿੰਦਗੀ ਮੋੜਾ ਕੱਟ ਚੁੱਕੀ ਸੀ। ਕਦੇ ਕਦਾਈ ਅਖਬਾਰ ਵਿੱਚ ਛਪਦੀ ਰਚਨਾ ਨੂੰ ਕੱਟ ਕੇ ਮੈਂ ਸਾਂਭ ਸਾਂਭ ਰੱਖਦਾ।
ਕੁੱਝ ਸਾਲ ਲੈਬੋਰੇਟਰੀ ਵਿੱਚ ਲਗਾਉਣ ਤੋੰ ਬਾਅਦ ਸ਼ੋਸ਼ਿਤ ਹੋਇਆ ਮਨ ਉਸ ਪਾਸਿਓੰ ਅੱਕ ਚੁੱਕਾ ਸੀ। ਬੀ.ਐੱਡ ਕਰਨ ਤੋੰ ਸਾਲ ਕੁ ਬਾਅਦ ਸਿੱਖਿਆ ਮਹਿਕਮੇ ਵਿੱਚ ਬਤੌਰ ਅਧਿਆਪਕ ਮੈਨੂੰ ਠੇਕਾ ਅਧਾਰਿਤ ਨੌਕਰੀ ਮਿਲ ਗਈ। ਪਰ ਤਰਾਂ ਤਰ੍ਹਾਂ ਦੇ ਘਾਟੇ ਖਾਣ ਤੋਂ ਅੱਠ ਸਾਲ ਬਾਅਦ ਮੱਥੇ ਤੋੰ ਆਹ ਠੇਕੇ ਦਾ ਟੈਗ ਲਹਿ ਕੇ ਪੱਕੇ ਹੋਣ ਦਾ ਟੈਗ ਲੱਗ ਗਿਆ ਸੀ।
ਜਵਾਨੀ ਦੇ ਝੱਖੜ ਤੋਂ ਬੱਚ ਕੇ ਹੁਣ ਜ਼ਿੰਦਗੀ ਸੂਝ ਭਰੀ ਮੱਧਮ ਚਾਲ ਚੱਲਣ ਲੱਗ ਪਈ ਹੈ। ਹੁਣ ਪਤਾ ਲੱਗਦਾ ਕਿ ਸਭ ਦੀ ਜ਼ਿੰਦਗੀ ਵਿੱਚ ਕੁੱਝ ਇਸ ਤਰਾਂ ਦਾ ਤੂਫਾਨ ਆਉਂਦਾ ਹੈ। ਕੋਈ ਬੱਚ ਜਾਂਦਾ ਤੇ ਕੋਈ ਇਸ ਵਿੱਚ ਵਹਿ ਜਾਂਦਾ ਹੈ। ਤਾਂ ਫੇਰ ਆਪਣੀਆਂ ਹੱਡ ਬੀਤੀਆਂ ਵਿਦਿਆਰਥੀਆਂ ਨੂੰ ਸੁਣਾ ਕੇ ਜਵਾਨੀ ਦੀ ਹਨੇਰ ਗਰਦੀ ਤੋਂ ਬੱਚਣ ਦੀਆਂ ਨਸੀਹਤਾਂ ਦੇਈਦੀਆਂ ਹਨ। ਸੋਚੀਦਾ ਜੇਕਰ ਵਿਦਿਆਰਥੀਆਂ ਨੂੰ ਜਵਾਨੀ ਦੀ ਅਵਸਥਾ ਵਿੱਚ ਕਰਾਹੇ ਪੈਣ ਤੋਂ ਬਚਾ ਲਈਏ ਤਾਂ ਅਸੀਂ ਆਪਣੇ ਅਸਲ ਮਨੋਰਥ ਵਿੱਚ ਕਾਮਯਾਬ ਹੋ ਜਾਵਾਂਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ