ਸਿਹਤ

ਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂ

December 04, 2021 10:57 AM

ਏਜੰਸੀਆਂ
ਨਵੀਂ ਦਿੱਲੀ, 3 ਦਸੰਬਰ : ਦੇਸ਼ ’ਚ ਓਮੀਕਰੋਨ ਦੇ 2 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ (ਕੋਵਿਡ-19) ਖਿਲਾਫ਼ ਲੜਾਈ ’ਚ ਹੁਣ ਤੱਕ ਸਭ ਤੋਂ ਕਾਰਗਰ ਹਥਿਆਰ ਵੱਜੋਂ ਸਾਹਮਣੇ ਆਈ ਵੈਕਸੀਨ ਦੀ ਤੀਜੀ ਡੋਜ਼ ਨੂੰ ਦੇਸ਼ ਦੇ ਵਿਗਿਆਨੀ ਇਸ ਲਾਗ ਤੋਂ ਬਚਾਅ ਦਾ ਸਫਲਤਾ ਪੂਰਵਕ ਤਰੀਕਾ ਮੰਨਦੇ ਹਨ। ਭਾਰਤੀ ਜੀਨੋਮ ਵਿਗਿਆਨੀਆਂ ਨੇ 40 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਦੇ ਟੀਕਿਆਂ ਦੀ ਬੂਸਟਰ ਡੋਜ਼ ਦੇਣ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਉੱਚ ਜੋਖ਼ਮ ਵਾਲੀ 40 ਸਾਲ ਤੋਂ ਜ਼ਿਆਦਾ ਉਮਰ ਦੀ ਆਬਾਦੀ ਨੂੰ ਤਰਜੀਹ ਦੇ ਨਾਲ ਬੂਸਟਰ ਡੋਜ਼ ਦੇਣ ਦੀ ਸਿਫਾਰਸ਼ ਕੀਤੀ ਹੈ।
ਭਾਰਤੀ ਸਾਰਸ-ਕੋਵਿਡ-2 ਜੀਨੋਮਿਕਸ ਸੀਕੁਐਂਸਿੰਗ ਕੰਨਸੌਰਟੀਅਮ (INSACOG) ਦੇ ਵਿਗਿਆਨੀਆਂ ਨੇ 40 ਸਾਲ ਤੋਂ ਉਪਰ ਵਾਲੇ ਲੋਕਾਂ ਲਈ ਬੂਸਟਰ ਡੋਜ਼ ਦੀ ਸਿਫਾਰਸ਼ ਕੀਤੀ ਹੈ। ਦੱਸਣਾ ਬਣਦਾ ਹੈ ਕਿ ਇਨਸਾਕੋਗ ਕੋਰੋਨਾ ਦੇ ਜੀਨੋਮਿਕ ਬਦਲਾਵਾਂ ਦੀ ਨਿਗਰਾਨੀ ਲਈ ਸਰਕਾਰ ਵੱਲੋਂ ਸਥਾਪਿਤ ਰਾਸ਼ਟਰੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਦਾ ਇਕ ਨੈੱਟਵਰਕ ਹੈ। ਇਨਸਾਕੋਗ ਬੁਲੇਟਿਨ ’ਚ ਕਿਹਾ ਗਿਆ ਹੈ, ‘ਸਾਰੇ ਗੈਰ-ਜੋਖਮ ਵਾਲੇ ਲੋਕਾਂ ਦਾ ਟੀਕਾਕਰਨ ਤੇ 40 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ।’ ਉਧਰ ਦੂਜੇ ਪਾਸੇ ਕੋਵੀਸ਼ੀਲਡ ਬਣਾਉਣ ਵਾਲੀ ਸੀਰਮ ਇੰਡੀਆ ਨੇ ਡੀਜੀਸੀਆਈ ਤੋਂ ਕੋਵੀਸ਼ੀਲਡ ਨੂੰ ਬੂਸ਼ਟਰ ਡੋਜ਼ ਵਜੋਂ ਮਨਜੂਰੀ ਦੇਣ ਦੀ ਅਪੀਲ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਲਾਗ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਹੋਈਆਂ ਬੂਸ਼ਟਰ ਡੋਜ਼ ਦੇਣ ਦੀ ਜ਼ਰੂਰਤ ਹੈ। ਆਈਸੀਐਮਆਰ ਦੇ ਸਾਬਕਾ ਮੁਖੀ ਡਾ. ਰਮਨ ਗੰਗਾਖੇਡਕਰ ਦਾ ਕਹਿਣਾ ਹੈ ਕਿ ਵੈਕਸੀਨ ਦੀ ਬੂਸਟਰ ਡੋਜ਼ ਕੋਰੋਨਾ ਦੇ ਹਲਕੇ ਲੱਛਣਾਂ ਤੋਂ ਬਚਣ ਦਾ ਸਭ ਤੋਂ ਸੁੱਰਿਅਤ ਉਪਾਅ ਹੈ। ਯੂਰਪ ’ਚ ਜੋ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ, ਉਹ ਕੋਰੋਨਾ ਦੇ ਮਾਇਲਡ ਇੰਨਫੈਕਸ਼ਨ ਤੋਂ ਬਚਾਅ ਲਈ ਕੀਤਾ ਜਾ ਰਿਹਾ ਹੈ। ਯੂਰਪ ਅਤੇ ਅਮਰੀਕਾ ’ਚ ਕੋਰੋਨਾ ਵਿਸ਼ਾਣੂ ਦੇ ਵੱਧਣ ਕਾਰਣ ਹੀ ਉੱਥੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ।
ਹੁਣ ਨਵੀਆਂ ਪ੍ਰਸਥਿਤੀਆਂ ’ਚ ਬੂਸਟਰ ਡੋਜ਼ ’ਤੇ ਸਰਕਾਰ ਨੂੰ ਸੋਚ ਸਮਝ ਕੇ ਅੱਗੇ ਚਲਣਾ ਹੋਵੇਗਾ ਅਤੇ ਜੇਕਰ ਬੂਸਟਰ ਡੋਜ਼ ਦੇ ਪੱਖ ’ਚ ਨਤੀਜੇ ਮਿਲਦੇ ਹਨ ਤਾਂ ਸਰਕਾਰ ਸਮੇਂ ਨਾਲ ਬੂਸਟਰ ਡੋਜ਼ ਬਾਰੇ ਫੈਂਸਲਾ ਲਵੇਗੀ। ਸੂਤਰਾਂ ਅਨੁਸਾਰ ਸਰਕਾਰ ਹਾਈ ਰਿਸਕ ਕੈਟਾਗਰੀ ’ਚ ਆਊਣ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਬਾਰੇ ਫੈਂਸਲਾ ਇਕ-ਦੋ ਮਹੀਨਿਆਂ ’ਚ ਲੈ ਸਕਦੀ ਹੈ। ਦੂਜੇ ਪਾਸੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ’ਚ ਜੈਨਟਿਕਸ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਦਾ ਕਹਿਣਾ ਹੈ ਕਿ ਓਮੀਕਰੋਨ ਵੈਰੀਐਂਟ ਦੀ ਦਸਤਕ ਤੋਂ ਬਾਅਦ ਹੁਣ ਸਰਕਾਰ ਨੂੰ ਵੈਕਸੀਨੇਸ਼ਨ ’ਤੇ ਧਿਆਨ ਦੇ ਬੂਸਟਰ ਡੋਜ਼ ’ਤੇ ਅਗੇ ਵੱਧਣਾ ਚਾਹੀਦਾ ਹੈ। ਭਾਰਤ ਨੂੰ ਸਭ ਤੋਂ ਪਹਿਲਾਂ ਹੈਲਥ ਵਰਕਰਜ਼, ਫਿਰ ਕਮਜ਼ੋਰ ਇਮਯੂਨਿਟੀ ਵਾਲੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਦੇਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ