BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਸੰਪਾਦਕੀ

ਪ੍ਰਧਾਨ ਮੰਤਰੀ ਹੁਣ ਗ੍ਰਹਿ ਰਾਜ ਮੰਤਰੀ ਟੇਨੀ ਨੂੰ ਚਲਦਾ ਕਰਨ

January 05, 2022 12:51 PM

ਲਖੀਮਪੁਰ ਖੀਰੀ ਹੱਤਿਆ-ਕਾਂਡ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੇ ਚੀਫ਼ ਜੁਡੀਸ਼ਲ ਮਜਿਸਟਰੇਟ ਦੀ ਅਦਾਲਤ ’ਚ ਫਰਦ-ਜੁਰਮ (ਚਾਰਜਸ਼ੀਟ) ਦਾਖਲ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਡਿਵੀਜ਼ਨ ’ਚ ਪੈਂਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨਿਆ ’ਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੱਡੀਆਂ ਚਾੜ੍ਹ ਦਿੱਤੀਆਂ ਗਈਆਂ ਸਨ। ਜਾ ਰਹੇ ਕਿਸਾਨਾਂ ਨੂੰ ਪਹਿਲਾਂ ਥਾਰ ਜੀਪ ਹੇਠ ਦਰੜਿਆ ਗਿਆ ਜਿਸ ਦੇ ਪਿੱਛੇ-ਪਿੱਛੇ ਦੋ ਹੋਰ ਵਾਹਨ ਤੇਜ਼ੀ ਨਾਲ ਗੁਜ਼ਰੇ। ਚਾਰ ਕਿਸਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਪੱਤਰਕਾਰ ਵੀ ਨਾਲ ਹੀ ਮਾਰਿਆ ਗਿਆ। ਹੱਤਿਆ-ਕਾਂਡ ਤੋਂ ਬਾਅਦ ਗੁੱਸੇ ’ਚ ਆਈ ਭੀੜ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਜਿਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਇਕ ਥਾਰ ਜੀਪ ਦਾ ਡਰਾਇਵਰ ਸੀ। ਇਸ ਜੀਪ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਬੈਠਾ ਸੀ ਜਿਸ ਦੇ ਵਾਹਨ ਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਦਰੜਿਆ ਸੀ। ਆਸ਼ੀਸ਼ ਮਿਸ਼ਰਾ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀਆਂ ਵੀ ਚਲਾਈਆਂ ਸਨ।
ਇਹ ਕਾਂਡ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੁਆਰਾ ਚਲਾਏ ਗਏ ਅੰਦੋਲਨ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਇਸ ਦਾ ਪਿਛੋਕੜ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ, ਕੱਟੜ ਸਮਰੱਥਕਾਂ ਅਤੇ ਵਜ਼ੀਰਾਂ ਆਦਿ ਵਿੱਚ ਉਸ ਸਮੇਂ ਪਾਏ ਜਾਂਦੇ ਕਿਸਾਨ ਵਿਰੋਧੀ ਹਰਖ ਅਤੇ ਕਿਸਾਨ ਅੰਦੋਲਨ ਨੂੰ ਨਾਕਾਮ ਕਰਨ ਦੇ ਉਨ੍ਹਾਂ ਯਤਨਾਂ ਦੀ ਅਸਫਲਤਾ ਤੋਂ ਪੈਦਾ ਹੋਏ ਖਿਝ ਤੇ ਗੁੱਸੇ ਦੁਆਰਾ ਨਿਰਮਤ ਹੈ। ਖ਼ੁਦ ਗ੍ਰਹਿ ਰਾਜ ਮੰਤਰੀ ਤੇ ਆਸ਼ੀਸ਼ ਮਿਸ਼ਰਾ ਦੇ ਪਿਤਾ ਅਜੇ ਮਿਸ਼ਰਾ ਟੇਨੀ ਨੇ ਇਸ ਹੱਤਿਆ-ਕਾਂਡ ਤੋਂ ਪਹਿਲਾਂ ਕਿਸਾਨਾਂ ਨੂੰ ਸਿੱਧੇ ਕਰ ਦੇਣ ਦੀ ਧਮਕੀ ਵੀ ਦਿੱਤੀ ਸੀ। ਹੱਤਿਆ-ਕਾਂਡ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਅਤੇ ਸਿਰਫ ਕਿਸਾਨਾਂ ਨੂੰ ਗੁਨਾਹਗਾਰ ਦੱਸਣ ਲਈ ਹਰ ਹੀਲਾ ਵਰਤਿਆ ਅਤੇ ਜਾਂਚ ਦਾ ਕੰਮ ਬੇਹੱਦ ਸੁਸਤ ਰਫ਼ਤਾਰ ਨਾਲ ਚਲਾਇਆ ਜਿਸ ਲਈ ਇਸ ਨੂੰ ਸੁਪਰੀਮ ਕੋਰਟ ਤੋਂ ਖਰੀਆਂ-ਖਰੀਆਂ ਵੀ ਸੁਣਨੀਆਂ ਪਈਆਂ। ਤਦ ਹੀ ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਇਹ ਮਾਮਲਾ ਜਾਂਚ ਲਈ ਸੌਂਪਿਆ ਤੇ ਅਗਵਾਈ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਾਕੇਸ਼ ਕੁਮਾਰ ਨੂੰ ਥਾਪਿਆ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪਹਿਲੇ ਦਿਨ ਤੋਂ ਹੀ ਸਮੁੱਚਾ ਮਾਮਲਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਮੁੰਡੇ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਜਾਣ ਲੱਗਾ ਜਦੋਂ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਸਾਬਤ ਕਰਨ ’ਤੇ ਲੱਗੇ ਹੋਏ ਸਨ ਕਿ ਉਨ੍ਹਾਂ ਦਾ ਮੁੰਡਾ ਤਾਂ ਹੱਤਿਆ-ਕਾਂਡ ਵਾਲੀ ਥਾਂ ਤੋਂ ਦੋ ਮੀਲ ਦੂਰੀ ’ਤੇ ਸੀ। ਪਰ ਜਾਂਚ ਨੇ ਸਾਬਤ ਕਰ ਦਿੱਤਾ ਕਿ ਆਸ਼ੀਸ਼ ਮਿਸ਼ਰਾ ਉਸੇ ਥਾਰ ਜੀਪ ਵਿੱਚ ਸੀ ਜਿਸ ਹੇਠ ਕਿਸਾਨ ਦਰੜੇ ਗਏ ਸਨ।
ਵਿਸ਼ੇਸ਼ ਜਾਂਚ ਟੀਮ ਨੇ ਪਿਛਲੇ ਸਾਲ ਦੇ ਦਸੰਬਰ ਮਹੀਨੇ ਦੀ ਤੇਰਾਂ ਤਾਰੀਕ ਨੂੰ ਅਦਾਲਤ ਨੂੰ ਇਕ ਰਿਪੋਰਟ ਸੌਂਪੀ ਸੀ ਜਿਸ ’ਚ 3 ਅਕਤੂਬਰ ਦੇ ਲਖੀਮਪੁਰ ਖੀਰੀ ਦੇ ਕਾਂਡ ਨੂੰ ਸੋਚੀ ਸਮਝੀ ਸਾਜ਼ਿਸ਼ ਆਖਿਆ ਸੀ ਜੋ ਕਿਸੇ ਲਾ-ਪ੍ਰਵਾਹੀ ਕਾਰਨ ਨਹੀਂ ਸਗੋਂ ਕਤਲ ਦੇ ਇਰਾਦੇ ਨਾਲ ਅੰਜ਼ਾਮ ਦਿੱਤਾ ਗਿਆ ਸੀ। ਤਦ ਵਿਸ਼ੇਸ਼ ਜਾਂਚ ਟੀਮ ਦੀ ਅਰਜ਼ੀ ’ਤੇ ਅਦਾਲਤ ਨੇ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਜਾਣ-ਬੁੱਝ ਕੇ ਵੱਡੀ ਸੱਟ ਮਾਰਨ ਦੇ ਦੋਸ਼ ਵੀ ਜੋੜ ਦਿੱਤੇ ਸਨ।
ਨਵੇਂ ਸਾਲ ਦੇ ਤੀਜੇ ਦਿਨ ਵਿਸ਼ੇਸ਼ ਜਾਂਚ ਟੀਮ ਨੇ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ’ਚ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਗਰਦਾਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਦਰੜ ਕੇ ਮਾਰ ਦੇਣ ਵਾਲੇ ਵਾਹਨ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਆਸ਼ੀਸ਼ ਮਿਸ਼ਰਾ ਵੀ ਸੀ। ਪੰਜ ਹਜ਼ਾਰ ਸਫਿਆਂ ਦੀ ਫਰਦ ਜੁਰਮ ’ਚ 208 ਗਵਾਹਾਂ ਦੇ ਬਿਆਨਾਂ ’ਤੇ ਇਹ ਤੱਥ ਆਧਾਰਿਤ ਹੈ। ਆਸ਼ੀਸ਼ ਮਿਸ਼ਰਾ ਖ਼ਿਲਾਫ਼ ਕਤਲ, ਇਰਾਦਾ ਕਤਲ, ਦੰਗਾਬਾਜ਼ੀ, ਮਾਰੂ ਹਥਿਆਰਾਂ ਨਾਲ ਲੈਸ ਹੋਣ, ਖਤਰਨਾਕ ਹਥਿਆਰ ਜਾਂ ਸਾਧਨ ਨਾਲ ਸੱਟ ਮਾਰਨ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਰਿਸ਼ਤੇਦਾਰ ਵਰਿੰਦਰ ਸ਼ੁਕਲਾ ’ਤੇ ਸਬੂਤ ਮਿਟਾਉਣ ਦੇ ਦੋਸ਼ ਲੱਗੇ ਹਨ। ਉਹ ਹਾਲੇ ਤੱਕ ਜੇਲ੍ਹ ਤੋਂ ਬਾਹਰ ਹੈ ਜਦੋਂ ਕਿ ਆਸ਼ੀਸ਼ ਮਿਸ਼ਰਾ 13 ਹੋਰਨਾਂ ਨਾਲ ਜੇਲ੍ਹ ਵਿੱਚ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਿਸ਼ੇਸ਼ ਜਾਂਚ ਟੀਮ ਦੀ 13 ਦਸੰਬਰ ਦੀ ਰਿਪੋਰਟ ਬਾਅਦ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਚਲਦਾ ਕਰਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਦੋਸ਼ੀ ਦਾ ਸਾਥ ਦੇਣ ਦਾ ਰਾਹ ਚੁਣਿਆ। ਹੁਣ ਜਦੋਂ ਅਦਾਲਤ ਵਿੱਚ ਚਾਰਜਸ਼ੀਟ ਹੀ ਦਾਖ਼ਲ ਹੋ ਗਈ ਹੈ ਤਾਂ ਸਾਫ ਹੋ ਗਿਆ ਹੈ ਕਿ ਦੋਸ਼ ਬੇ-ਬੁਨਿਆਦ ਨਹੀਂ। ਇਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਚਲਦਾ ਕਰਨਾ ਚਾਹੀਦਾ ਹੈ। ਟੇਨੀ ਨੂੰ ਅਸਤੀਫ਼ਾ ਦੇਣ ਲਈ ਵੀ ਕਿਹਾ ਜਾ ਸਕਦਾ ਹੈ। ਵਰਨਾ ਈਮਾਨਦਾਰੀ ਅਤੇ ਸੁਸ਼ਾਸਨ ਦੇ ਤਮਾਮ ਦਾਅਵੇ ਜੁਮਲੇ ਹੀ ਸਮਝੇ ਜਾਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ