ਸੰਪਾਦਕੀ

ਮਹਾਮਾਰੀ ਲਟਕਾਉਣ ਲਈ ਮੁਨਾਫ਼ੇ ’ਤੇ ਆਧਾਰਿਤ ਵਿਵਸਥਾ ਬਣੇਗੀ ਜ਼ਿੰਮੇਵਾਰ

January 06, 2022 12:12 PM

ਕੋਵਿਡ-19 ਮਹਾਮਾਰੀ ਨੂੰ ਸੰਸਾਰ ਵਿੱਚ ਆਏ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ। ਕੋਵਿਡ-19 ਦਾ ਪਹਿਲਾ ਮਾਮਲਾ 31 ਦਸੰਬਰ 2019 ਨੂੰ ਚੀਨ ਦੇ ਸਨਅਤੀ ਸ਼ਹਿਰ ਵੁਹਾਨ ’ਚ ਸਾਹਮਣੇ ਆਇਆ ਸੀ। ਤਦ ਤੋਂ ਇਸ ਮਹਾਮਾਰੀ ਨੂੰ ਫੈਲਾਉਣ ਵਾਲੇ ਵਿਸ਼ਾਣੂ, ਸਾਰਸ-ਕੋਵ-2 ਬਹੁਤ ਜ਼ਿਆਦਾ ਪਰਿਵਰਤਨ ਆ ਚੁੱਕੇ ਹਨ। ਪਰ ਸਭ ਤੋਂ ਖ਼ਤਰਨਾਕ ਡੇਲਟਾ ਵੇਅਰੀਐਂਟ ਹੀ ਸਾਬਤ ਹੋਇਆ ਹੈ। ਪਰ ਹੁਣ ਓਮੀਕਰੋਨ ਦਾ ਜ਼ੋਰ ਚੱਲ ਰਿਹਾ ਹੈ ਅਤੇ ਇਹ ਦੋਨੋਂ ਮਿਲ ਕੇ ਸੰਸਾਰ ਨੂੰ ਜਕੜ ਵਿੱਚ ਲੈ ਰਹੇ ਹਨ। ਓਮੀਕਰੋਨ ਨੇ ਭਾਰਤ ਵਿੱਚ ਮਹਾਮਾਰੀ ਦੀ ਤੀਜੀ ਲਹਿਰ ਆਰੰਭ ਦਿੱਤੀ ਹੈ। ਸੰਸਾਰ ਭਰ ਵਿੱਚ ਇਸ ਤੇਜ਼ੀ ਨਾਲ ਫੈਲਣ ਵਾਲੇ ਵਿਸ਼ਾਣੂ ਕਾਰਨ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਮੁੜ ਤੋਂ ਲਾਗੂ ਹੋ ਰਹੀਆਂ ਹਨ। ਭਾਰਤ ਤੇਜ਼ੀ ਨਾਲ ਇਸ ਦੀ ਗਰਿਫ਼ਤ ’ਚ ਆਉਂਦਾ ਨਜ਼ਰ ਆ ਰਿਹਾ ਹੈ। ਪਿੱਛਲੇ ਮੰਗਲਵਾਰ ਪੰਜਾਬ ਵਿੱਚ ਵੀ ਇਸ ਦੇ ਕਾਰਨ ਹੀ ਰਾਤ ਦਾ ਕਰਫ਼ਿਊ ਆਇਦ ਹੋਇਆ ਹੈ ਜਿਸ ਨੇ ਕੋਵਿਡ-19 ਦੀ ਮਹਾਮਾਰੀ ਦੀ ਦੂਜੀ ਲਹਿਰ ਦੇ ਮੁੱਢਲੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ ਜੋ ਕਿ ਡਰਾਉਣ ਅਤੇ ਉਦਾਸ ਕਰਨ ਵਾਲੀ ਹੈ। ਅਸਲ ’ਚ ਸਮੁੱਚਾ ਸੰਸਾਰ ਓਮੀਕਰੋਨ ਦੇ ਖ਼ਤਰੇ ਹੇਠ ਸਹਿਮਿਆ ਹੋਇਆ ਹੈ। ਵਿਕਸਤ ਦੇਸ਼ਾਂ ਵਿੱਚ ਧੜਾ ਧੜ ਨਵੇਂ ਮਾਮਲੇ ਆਉਣ ਨਾਲ ਭਾਰਤ ’ਚ ਵੀ ਖੌਫ਼ ਹੈ ਕਿ ਮਹੀਨੇ ਬਾਅਦ ਇੱਥੋਂ ਦੀਆਂ ਸਿਹਤ ਸਹੂਲਤਾਂ ’ਤੇ ਭਾਰੀ ਬੋਝ ਪਵੇਗਾ ਤਾਂ ਕੀ ਬਣੇਗਾ।
ਇਸ ਮਹਾਮਾਰੀ ਦੇ ਸ਼ੁਰੂ ਵਿੱਚ ਹੀ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਸਾਫ਼ ਹੋ ਗਿਆ ਸੀ ਕਿ ਇਸ ਆਫ਼ਤ ਤੋਂ ਖਹਿੜਾ ਤੱਦ ਹੀ ਛੁੱਟੇਗਾ ਜਦੋਂ ਵੱਡੇ ਪੱਧਰ ’ਤੇ ਸੰਸਾਰ ਦੀ ਸਮੁੱਚੀ ਆਬਾਦੀ ਲਈ ਟੀਕੇ ਤਿਆਰ ਹੋਣਗੇ ਅਤੇ ਲਾਏ ਵੀ ਜਾਣਗੇ। ਸਰਕਾਰਾਂ ਨੇ ਵੀ ਇਹ ਤੱਥ ਪ੍ਰਵਾਨ ਕੀਤਾ ਸੀ। ਵਿਕਸਤ ਦੇਸ਼ਾਂ , ਖਾਸ ਕਰ, ਅਮਰੀਕਾ ਨੇ ਹਰੇਕ ਮੁਲਕ ਵਿੱਚ ਲੋੜੀਂਦੇ ਟੀਕੇ ਪਹੁੰਚਾਉਣ ਦੇ ਵਾਅਦੇ ਵੀ ਕੀਤੇ ਸਨ । ਪਰ ਜਿਸ ਤੇਜ਼ੀ ਨਾਲ ਅਮੀਰ ਮੁਲਕਾਂ ਨੇ, ਭਾਰਤ ਦੇ ਸੀਰਮ ਇੰਨਸਟੀਚਿਊਟ ਆਫ਼ ਇੰਡੀਆ ਸਮੇਤ, ਦੁਨੀਆ ਭਰ ਦੀਆਂ ਟੀਕੇ (ਵੈਕਸੀਨ) ਤਿਆਰ ਕਰਨ ਵਾਲੀਆਂ ਕੰਪਨੀਆਂ ’ਤੇ ਆਪਣੇ ਪੈਸੇ ਨਾਲ ਕਾਬੂ ਕੀਤਾ, ਉਸ ਨੇ ਟੀਕੇ ਪਹਿਲਾਂ ਇਨ੍ਹਾਂ ਮੁਲਕਾਂ ਲਈ ਹੀ ਰਾਖਵੇਂ ਕਰ ਦਿੱਤੇ। ਇਨ੍ਹਾਂ ਮੁਲਕਾਂ ਨੇ ਆਪਣੇ ਲਈ ਟੀਕਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਅਤੇ ਜਦੋਂ ਇਨ੍ਹਾਂ ਦੀਆਂ ਆਬਾਦੀਆਂ ਨੂੰ ਦੂਸਰਾ ਟੀਕ ਲੱਗਣਾ ਸ਼ੁਰੂ ਹੋ ਚੁੱਕਾ ਸੀ ਤਕ ਤਕ ਬਾਕੀ ਕੇ ਦਰਮਿਆਨੀ ਆਮਦਨੀ ਵਾਲੇ ਅਤੇ ਗ਼ਰੀਬ ਮੁਲਕਾਂ ਦੀਆਂ ਆਬਾਦੀਆਂ ਨੂੰ ਟੀਕੇ ਲੱਗਣੇ ਇਕ ਤਰ੍ਹਾਂ ਨਾਲ ਹਾਲੇ ਸ਼ੁਰੂ ਹੀ ਹੋਏ ਸਨ। ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਭਾਵੇਂ ਕਿ ਵਿਸ਼ਵ ਸਿਹਤ ਸੰਗਠਨ ਕਈ ਵਾਰ ਚੇਤਾ ਚੁੱਕਾ ਹੈ ਕਿ ਦੂਸਰੀ ਡੋਜ਼ ਤੋਂ ਪਹਿਲਾਂ ਸੰਸਾਰ ਦੀ ਸਮੁੱਚੀ ਆਬਾਦੀ ਨੂੰ ਟੀਕੇ ਲਗਣੇ ਚਾਹੀਦੇ ਹਨ। ਪਰ ਅਮੀਰ ਮੁਲਕਾਂ ’ਚ ਧੜੱਲੇ ਨਾਲ ਤੀਜੀ ਡੋਜ਼ (ਬੂਸਟਰ) ਵੀ ਲਾਈ ਜਾ ਰਹੀ ਹੈ।
ਅੱਜ ਹਾਲਤ ਇਹ ਹੈ ਕਿ ਸਭ ਤੋਂ ਘੱਟ ਆਮਦਨ ਵਾਲੇ ਸਾਰੇ 25 ਮੁਲਕਾਂ ਵਿੱਚੋਂ ਹਾਲੇ 40 ਪ੍ਰਤੀਸ਼ਤ ਆਬਾਦੀ ਨੂੰ ਵੀ ਪਹਿਲਾ ਟੀਕਾ ਨਹੀਂ ਲੱਗ ਸਕਿਆ ਹੈ। ਇਸ ਤਰ੍ਹਾਂ ਹੀ ਦਰਮਿਆਨੀ ਆਮਦਨ ਵਾਲੇ 55 ਦੇਸ਼ਾਂ ਵਿੱਚ 35 ਦੇਸ਼ 40 ਪ੍ਰਤੀਸ਼ਤ ਆਬਾਦੀ ਨੂੰ ਟੀਕਾ ਲਾਉਣ ਦਾ ਨਿਸ਼ਾਨਾ ਪੂਰਾ ਨਹੀਂ ਕਰ ਸਕੇ ਹਨ। ਜਦੋਂ ਕਿ ਉੱਚ ਆਮਦਨ ਵਾਲੇ 61 ਮੁਲਕਾਂ ਵਿੱਚੋਂ 60 ਮੁਲਕ ਆਪਣੀ ਆਬਾਦੀ ਦੇ 40 ਪ੍ਰਤੀਸ਼ਤ ਤੋਂ ਵੱਧ ਹਿੱਸੇ ਨੂੰ ਟੀਕਾ ਲਾ ਚੁੱਕੇ ਹਨ। ਇਨ੍ਹਾਂ ਵਿਚੋਂ 30 ਦੇਸ਼ ਅਜਿਹੇ ਹਨ ਜਿੱਥੇ 70 ਪ੍ਰਤੀਸ਼ਤ ਤੋਂ ਵੱਧ ਆਬਾਦੀ ਨੂੰ ਟੀਕਾ ਲੱਗ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਨਾਲ ਟੀਕੇ ਉਪਲੱਬਧ ਕਰਨ ਅਤੇ ਲਾਉਣ ’ਚ ਸਹਿਯੋਗ ਕਰ ਰਹੀ ਸੰਸਥਾ ਗਾਵੀ, ਅਨੁਸਾਰ ਦਾਨ ਦੇ ਟੀਕਿਆਂ ਨਾਲ ਕੰਮ ਨਹੀਂ ਚੱਲਣ ਵਾਲਾ। ਇਹ ਥੋੜ੍ਹੇ ਸਮੇਂ ਚੱਲਣ ਵਾਲਾ ਹੱਲ ਹੈ। ਹੁਣ ਗ਼ਰੀਬ ਮੁਲਕਾਂ ਵਿੱਚ ਵੀ ਟੀਕਾ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅਮੀਰ ਮੁਲਕਾਂ ਨੇ ਜੋ ਪਹਿਲਾਂ ਤੋਂ ਟੀਕੇ ਖ਼ਰੀਦ ਰਖੇ ਹਨ ਜਾਂ ਰਾਖਵੇਂ ਕਰ ਰਖੇ ਹਨ, ਉਹ ਲੋੜਵੰਦ ਦੇਸ਼ਾਂ ਨੂੰ ਮੁਫ਼ਤ ਦੇਣ ’ਚ ਤੇਜ਼ੀ ਆਉਣੀ ਚਾਹੀਦੀ ਹੈ। ਡਿਊਕ ਯੂਨੀਵਰਸਿਟੀ ਗਲੋਬਲ ਹੈਲਥ ਸੈਂਟਰ ਅਨੁਸਾਰ 2022 ਦੇ ਸਤੰਬਰ ਮਹੀਨੇ ਤਕ ਦੁਨੀਆ ਦੀ 70 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਲਾਉਣ ਦਾ ਨਿਸ਼ਾਨਾ ਰੱਖਿਆ ਗਿਆ ਸੀ ਪਰ ਇਹ ਤੱਦ ਹੀ ਸੰਭਵ ਸੀ ਜੇਕਰ 2021 ’ਚ 40 ਪ੍ਰਤੀਸ਼ਤ ਆਬਾਦੀ ਦੇ ਟੀਕਾ ਲੱਗ ਜਾਂਦਾ। 90 ਦੇਸ਼ ਆਪਣੀ 40 ਪ੍ਰਤੀਸ਼ਤ ਆਬਾਦੀ ਦੇ ਟੀਕਾ ਨਹੀਂ ਲਾ ਸਕੇ ਹਨ। ਇਹ ਬਹੁਤ ਚਿੰਤਾ ਵਾਲੀ ਗੱਲ ਹੈ।
ਅਮੀਰ ਦੇਸ਼ਾਂ ਦੀ ਇਸ ਵਿਤਕਰੇਬਾਜ਼ੀ ਕਾਰਨ ਕੋਵਿਡ-19 ਮਹਾਮਾਰੀ ਹੋਰ ਲੰਬਾ ਖਿੱਚ ਸਕਦੀ ਹੈ। ਇਹ ਮੁਨਾਫੇ ਉੱਤੇ ਆਧਾਰਿਤ ਵਿਵਸਥਾ ਹੈ ਜੋ ਲੋਕਾਂ ਦੀਆਂ ਮੌਤਾਂ ਵਧਾ ਰਹੀ ਹੈ ਅਤੇ ਆਰਥਿਕ ਨੁਕਸਾਨ ਵੀ ਕਰਵਾਏਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ