ਸੰਪਾਦਕੀ

ਪਰਿਪੱਕਤਾ ਦਾ ਪੱਲਾ ਫੜ੍ਹਦਿਆਂ ਦੂਸ਼ਣਬਾਜ਼ੀ ਤੋਂ ਉੱਪਰ ਉੱਠਣ ਦੀ ਲੋੜ

January 07, 2022 11:52 AM

ਪੰਜਾਬ ’ਚ ਚੋਣਾਂ ਤੋਂ ਪਹਿਲਾਂ ਵਾਲੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਤੇ ਹੁਕਮਰਾਨ ਬਣਨ ਦੀ ਦੌੜ ’ਚ ਸ਼ਾਮਲ ਸਾਰੀਆਂ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਪੂਰਾ ਵਾਹ ਲਾ ਰਹੀਆਂ ਹਨ। ਹੋ ਰਹੀਆਂ ਚੋਣ ਰੈਲੀਆਂ ਤੋਂ ਵੀ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਦੇ ਲੋਕ ਚੁਣਾਵੀ ਪ੍ਰਕਿਰਿਆ ਦੀ ਸਿਆਸਤ ’ਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਭਾਵੇਂ ਕਿ ਹਾਲੇ ਇਹ ਦਰਿਸ਼ ਸਾਫ਼ ਨਹੀਂ ਹੋ ਰਿਹਾ ਕਿ ਜਨਤਾ ਦਾ ਝੁਕਾਅ ਕਿਸ ਸਿਆਸੀ ਪਾਰਟੀ ਜਾਂ ਪਾਰਟੀਆਂ ਵੱਲ ਹੈ। ਮੁੱਖ ਤੌਰ ’ਤੇ ਕਾਂਗਰਸ, ਆਮ ਆਦਮੀ ਪਾਰਟੀ , ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ, ਹਕੂਮਤ ਬਣਾਉਣ ਲਈ ਸਰਗਰਮ ਨਜ਼ਰ ਆ ਰਿਹਾ ਹੈ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਵੱਖ ਹੋਈਆਂ 22 ਕਿਸਾਨ ਜਥੇਬੰਦੀਆਂ ਵੱਲੋਂ ਵੀ ‘ਸੰਯੁਕਤ ਸਮਾਜ ਮੋਰਚਾ’ ਨਾਂ ਦਾ ਮੁਹਾਜ ਖੜ੍ਹਾ ਕੀਤਾ ਗਿਆ ਹੈ ਜਿਸ ਦਾ ਨਿਸ਼ਾਨਾ ਵੀ ਸੱਤਾ ਹਾਸਲ ਕਰਨਾ ਹੈ। ਪੰਜਾਬ ’ਚ ਪਿਛਲੇ ਦਿਨੀਂ ਸਿਆਸੀ ਘਟਨਾਵਾਂ ਤੇਜ਼ੀ ਨਾਲ ਵਾਪਰੀਆਂ ਹਨ ਅਤੇ ਹੈਰਾਨ ਕਰਨ ਦੀ ਹੱਦ ਤੱਕ ਨਵੀਆਂ ਪਾਰਟੀਆਂ ਦੀ ਆਮਦ ਵੀ ਹੋਈ ਹੈ। ਸਿਆਸੀ ਘਟਨਾਵਾਂ ਦਾ ਹੈਰਾਨ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ।
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਬਣਨਾ ਵੀ ਘੱਟ ਹੈਰਾਨੀ ਵਾਲਾ ਨਹੀਂ ਸੀ। ਜਿਵੇਂ ਕਿ ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਨੂੰ ਉਮੀਦ ਸੀ ਕਿ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਵੱਲੋਂ ਵਾਪਸ ਲਏ ਜਾਣ ਬਾਅਦ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਅਤੇ ਇਸ ਦੁਆਰਾ ਬਣਾਏ ਗਏ ਗੱਠਜੋੜ ਪ੍ਰਤੀ ਪੰਜਾਬੀਆਂ ’ਚ ਹਮਦਰਦੀ ਉੱਭਰ ਆਵੇਗੀ, ਉਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਹੈ। ਇਸ ਦੀਆਂ ਚੋਣ ਜਿੱਤਣ ਦੀਆਂ ਆਸਾਂ ’ਤੇ ਅੱਜ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਚੋਣ-ਮਹਾਰਥੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ’ਚ ਰੈਲੀ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਉਣ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਉਹ ‘‘ਅੱਜ ਪੰਜਾਬ ਵਿੱਚ ਆਪਣੇ ਭੈਣਾਂ ਤੇ ਭਰਾਵਾਂ ਵਿੱਚ ਹੋਣਗੇ। ਫਿਰੋਜ਼ਪੁਰ ਵਿੱਚ ਇੱਕ ਪ੍ਰੋਗਰਾਮ ’ਚ 42 ਹਜ਼ਾਰ 750 ਕਰੋੜ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ ਜਾਣਗੇ ਜੋ ਕਿ ਲੋਕਾਂ ਦੇ ਜੀਵਨ ਦੀ ਗੁਣਵੱਤਾ ’ਚ ਵਾਧਾ ਕਰਨਗੇ।’’ ਪਰ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ, ਜਿਵੇਂ ਕਿ ਦੱਸਿਆ ਗਿਆ ਹੈ, ਮੌਸਮ ਦੀ ਖ਼ਰਾਬੀ ਕਾਰਨ ਹੈਲੀਕਾਪਟਰ ਰਾਹੀਂ ਜਾਣ ਦੀ ਥਾਂ ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਫਿਰੋਜ਼ਪੁਰ ਰੱਖੀ ਰੈਲੀ ’ਚ ਪਹੁੰਚਣਾ ਚਾਹਿਆ ਪਰ ਰਸਤੇ ’ਚ ਪੈਂਦੇ ਪਿਆਰੇਆਣਾ ਕੋਲ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਪੁਲ ’ਤੇ ਹੀ ਕੋਈ 15-20 ਮਿੰਟ ਰੁਕਣ ’ਤੇ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਉਹ ਵਾਪਸ ਚਲੇ ਗਏ।
ਇਸ ਮੁੱਦੇ ’ਤੇ ਕੇਂਦਰ ਪੰਜਾਬ ਨਾਲ ਭਿੜ ਗਿਆ ਹੈ। ਵੱਖ ਵੱਖ ਅੰਦਾਜ਼ੇ ਲਾਏ ਜਾ ਰਹੇ ਹਨ। ਕਈ ਲੋਕ ਤੌਖਲਾ ਜ਼ਾਹਿਰ ਕਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਉਣ ਲਈ ਰਾਹ ਸਾਫ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਸ਼ਟਰਪਤੀ ਨਾਲ ਵੀਰਵਾਰ ਦੀ ਮੁਲਾਕਾਤ ਨੂੰ ਇਸੇ ਨਾਲ ਨਜ਼ਰ ਨਾਲ ਵੀ ਵੇਖਿਆ ਜਾ ਰਿਹਾ ਹੈ। ਕੇਂਦਰ ਨੇ ਇਸ ਸੰਬੰਧੀ ਪੰਜਾਬ ਤੋਂ ਰਿਪੋਰਟ ਵੀ ਤਲਬ ਕੀਤੀ ਹੈ ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਈ ਘਾਟ ਨਹੀਂ ਰਹੀ ਹੈ। ਰੈਲੀ ਵਾਲੀ ਥਾਂ ’ਤੇ ਸਿਰਫ 700 ਵਿਅਕਤੀ ਹੀ ਪਹੁੰਚ ਪਾਏ ਸਨ ਜਿਸ ਕਰਕੇ ਰੈਲੀ ਰੱਦ ਕਰਨੀ ਪਈ ਹੈ। ਆਉਣ ਵਾਲੇ ਦਿਨਾਂ ’ਚ ਪਤਾ ਲੱਗ ਜਾਵੇਗਾ ਕਿ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ’ਚ ਸਥਾਪਤ ਇਸ ਦੀ ਸਰਕਾਰ ਇਸ ਘਟਨਾ ਨੂੰ ਕਿਸ ਤਰ੍ਹਾਂ ਵਰਤਣਾ ਚਾਹੁੰਦੀ ਹੈ। ਪਰ ਇੱਕ ਗੱਲ ਸਪਸ਼ੱਟ ਹੈ ਕਿ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਰੋਹ ਕਾਇਮ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੇ ਕੰਮਾਂ ਦੇ ਰੱਖੇ ਜਾਣ ਵਾਲੇ ਨੀਂਹ ਪੱਥਰਾਂ ਨਾਲ ਵਰਾਇਆ ਨਹੀਂ ਜਾ ਸਕਦਾ। ਇਸ ਤੋਂ ਚੋਣਾਂ ਦੀ ਲੜਾਈ ’ਚ ਬਣਨ ਵਾਲੀ ਤਸਵੀਰ ਵੀ ਕੁਝ ਸਾਫ਼ ਹੋਈ ਹੈ। ਬਹਰਹਾਲ, ਪ੍ਰਧਾਨ ਮੰਤਰੀ ਦੀ ਰੈਲੀ ਦੇ ਨਾ ਹੋ ਸਕਣ ਨੂੰ ਹੁਕਮਰਾਨ ਪਾਰਟੀ ਵੱਲੋਂ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਕੋਨ ਨਾਲ ਜੁੜ ਜਾਣ ਕਾਰਨ ਨਿਰਸੰਦੇਹ ਇਹ ਮਾਮਲਾ ਗੰਭੀਰ ਰੁਖ਼ ਵੀ ਅਖ਼ਤਿਆਰ ਕਰ ਗਿਆ ਹੈ, ਸੋ ਇਸ ਸਮੁੱਚੇ ਘਟਨਾ-ਚੱਕਰ ਦੇ ਪਰਛਾਵੇਂ ਤੋਂ ਪਿੱਛਾ ਛੁਡਾਉਣ ਲਈ ਹੁਣ ਪਰਿਪੱਕਤਾ ਦਾ ਪੱਲਾ ਫੜ੍ਹਦਿਆਂ ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਮਾਮਲਾ ਸੁਲਝਾਉਣ ਦੀ ਲੋੜ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ