BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਸੁਪਰੀਟ ਕੋਰਟ ਦੇ ਦਖਲ ਬਾਅਦ ਹਾਲਤ ’ਚ ਆਏਗਾ ਠਹਿਰਾਅ

January 08, 2022 12:21 PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ’ਚ ਫਿਰੋਜ਼ਪੁਰ ਵਿਖੇ ਰੱਖੀ ਰੈਲੀ ਨੂੰ ਮੁਖਾਤਿਬ ਹੋਏ ਬਗੈਰ ਹੀ ਦਿੱਲੀ ਵਾਪਸ ਪਰਤ ਜਾਣ ਦੀ ਘਟਨਾ ਬਾਅਦ ਕੇਂਦਰ ਦੀ ਸਰਕਾਰ ਅਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੁਆਰਾ ਅਪਣਾਇਆ ਵਤੀਰਾ ਮਸਲੇ ਅਤੇ ਉਠੇ ਸਵਾਲਾਂ ਨੂੰ ਹੱਲ ਕਰਨ ਦੀ ਥਾਂ ਪੰਜਾਬ ਸਰਕਾਰ ਨਾਲ ਟਕਰਾਅ ਪੈਦਾ ਕਰਨ ਵਾਲਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਈ ਦੋ ਸਾਲ ਬਾਅਦ ਪੰਜਾਬ ਆਏ ਸਨ। ਉਨ੍ਹਾਂ ਨੇ ਚਾਰ ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਵਿਕਾਸ ਕਾਰਜਾਂ ਲਈ ਨੀਂਹ-ਪੱਥਰ ਰੱਖਣੇ ਸਨ ਅਤੇ ਫਿਰੋਜ਼ਪੁਰ ’ਚ ਰੱਖੀ ਇਕ ਰੈਲੀ ਨੂੰ ਮੁਖਾਤਿਬ ਹੋਣਾ ਸੀ। ਉਹ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ਤੱਕ ਹਵਾਈ ਸਫਰ ਕਰਦਿਆਂ ਪਹੁੰਚੇ ਸਨ ਪਰ ਇਥੋਂ ਫਿਰੋਜ਼ਪੁਰ ਜਾਣ ਲਈ ਉਨ੍ਹਾਂ ਨੂੰ ਖ਼ਰਾਬ ਮੌਸਮ ਕਰਕੇ ਸੜਕ ਰਾਹੀਂ ਜਾਣ ਦਾ ਫੈਸਲਾ ਕਰਨਾ ਪਿਆ। ਕਿਸਾਨਾਂ ਦੁਆਰਾ ਪਹਿਲਾਂ ਤੋਂ ਲਾਏ ਧਰਨੇ ਕਾਰਨ ਉਨ੍ਹਾਂ ਨੂੰ ਰਾਹ ਵਿੱਚੋਂ ਹੀ ਮੁੜਣਾ ਪਿਆ, ਮੁੜਨ ਤੋਂ ਪਹਿਲਾ ਇਕ ਪੁਲ ’ਤੇ ਉਨ੍ਹਾਂ ਦਾ ਕਾਫਲਾ ਕੋਈ 20 ਮਿੰਟ ਤੱਕ ਰੁਕਿਆ ਵੀ ਰਿਹਾ। ਬਠਿੰਡਾ ਵਾਪਸ ਪਹੁੰਚ ਕੇ ਉਹ ਦਿੱਲੀ ਨੂੰ ਪਰਤ ਗਏ।
ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋ ਗਈ, ਪ੍ਰਧਾਨ ਮੰਤਰੀ ਪਹੁੰਚ ਨਹੀਂ ਸਕੇ ਅਤੇ ਵਾਪਸ ਪਰਤ ਗਏ, ਇਹ ਸਭ ਕਿਉਂ ਤੇ ਕਿਸ ਤਰ੍ਹਾਂ ਵਾਪਰਿਆ? ਇਸ ਸਬੰਧੀ ਕੇਂਦਰ ਦੀ ਸਰਕਾਰ ਵਲੋਂ ਮੰਤਰੀਆਂ ਦੇ ਬਿਆਨਾਂ ਦੇ ਰੂਪ ’ਚ ਪਹਿਲਾ ਪ੍ਰਤੀਕਰਮ ਇਹ ਆਇਆ ਕਿ ਇਹ ਸਭ ਸਾਜ਼ਿਸ਼ ਕਾਰਨ ਵਾਪਰਿਆ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਿਮਰਤੀ ਇਰਾਨੀ ਨੇ ਤਾਂ ਸ਼ਬਦ ‘‘ਖੂਨੀ ਸਾਜ਼ਿਸ਼’’ ਵਰਤਿਆ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਸਭ ਕੁਝ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਦਦ ਨਾਲ ਗਿਣੇ ਮਿੱਥੇ ਢੰਗ ਨਾਲ ਕੀਤਾ ਗਿਆ ਹੈ। ਕਿਸਾਨਾਂ ਨੂੰ ਦੋਸ਼ੀ ਬਣਾਇਆ ਗਿਆ। ਹਾਲਾਂਕਿ ਜੋ ਲੋਕ ਪ੍ਰਧਾਨ ਮੰਤਰੀ ਦੇ ਕਾਫਲੇ ਨੇੜੇ ਪਹੁੰਚੇ ਦਿਖੇ, ਉਨ੍ਹਾਂ ਦੇ ਹੱਥਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਸਨ ਅਤੇ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਕ ਵਿਚ ਨਾਅਰੇ ਲਗਾ ਰਹੇ ਸਨ। ਕਿਸਾਨ ਕੋਈ ਇੱਕ ਕਿਲੋਮੀਟਰ ਦੂਰ ਬੈਠੇ ਸਨ। ਉਹ ਸਵੇਰ ਤੋਂ ਹੀ ਧਰਨੇ ’ਤੇ ਸਨ ਕਿਉਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਦੇ ਡੀਸੀ ਦੇ ਦਫ਼ਤਰ ਸਾਹਮਣੇ ਰੋਸ ਵਿਖਾਵਾ ਕਰਨ ਲਈ ਜਾਣ ਨਹੀਂ ਦਿੱਤਾ ਸੀ। ਪੰਜਾਬ ਸਰਕਾਰ ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਭੰਗ ਹੋਣਾ ਪ੍ਰਵਾਨ ਨਹੀਂ ਕਰ ਰਹੀ। ਪੰਜਾਬ ਸਰਕਾਰ ਨੇ ਸਮੁੱਚੇ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਦੀ ਅਗਵਾਈ ’ਚ ਇਕ ਉਚ ਪੱਧਰੀ ਕਮੇਟੀ ਬਣਾ ਦਿੱਤੀ ਹੈ। ਐਫਆਈਆਰ ਵੀ ਦਾਖਲ ਹੋ ਗਈ ਹੈ। ਕੇਂਦਰ ਦੀ ਸਰਕਾਰ ਨੇ ਵੀ ਇਸੇ ਮਾਮਲੇ ਦੀ ਜਾਂਚ ਲਈ ਸਕੱਤਰ (ਸੁਰੱਖਿਆ) ਦੀ ਅਗਵਾਈ ’ਚ ਕਮੇਟੀ ਬਣਾਈ ਹੈ।
ਇਨ੍ਹਾਂ ਦੋ ਕਮੇਟੀਆਂ ਦੇ ਗਠਿਤ ਹੋਣ ਤੋਂ ਲਗਦਾ ਹੈ ਕਿ ਜਾਂਚ ਦੇ ਨਤੀਜੇ ਪਹਿਲਾਂ ਕੱਢੇ ਗਏ ਸਿੱਟਿਆਂ ਦੇ ਅਨੁਸਾਰ ਹੋ ਸਕਦੇ ਹਨ। ਪਰ ਇੱਕ ਸਭ ਤੋਂ ਵੱਡਾ ਸਵਾਲ ਇਹ ਰਹੇਗਾ ਕਿ ਬਠਿੰਡਾ ਦੇ ਹਵਾਈ ਅੱਡੇ ਤੋਂ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਫਿਰੋਜ਼ਪੁਰ ਜਾਣ ਦਾ ਫੈਸਲਾ ਕਿਸ ਨੇ ਕੀਤਾ? ਬਹਰਹਾਲ, ਮਾਮਲਾ ਸੁਪਰੀਮ ਕੋਰਟ ਵਿਚ ਵੀ ਪਹੁੰਚ ਚੁੱਕਾ ਹੈ। ਸੁਪਰੀਮ ਕੋਰਟ ਨੇ ਸਮੁੱਚਾ ਮਾਮਲਾ ਹੱਥ ਵਿੱਚ ਲੈਂਦਿਆਂ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਨਾਲ ਸੰਬੰਧਿਤ ਤਮਾਮ ਰਿਕਾਰਡ ਆਪਣੇ ਹੱਥ ਲਵੇ ਤੇ ਸੰਭਾਲੇ। ਇਸ ਸਬੰਧ ’ਚ ਸਰਵਉਚ ਅਦਾਲਤ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਅਤੇ ਦੂਸਰੀਆਂ ਕੇਂਦਰੀ ਤੇ ਸੂਬਾਈ ਏਜੰਸੀਆਂ ਨੂੰ ਰਿਕਾਰਡ ਪ੍ਰਾਪਤ ਕਰਨ ਅਤੇ ਸੀਲਬੰਦ ਕਰਨ ’ਚ ਸਹਿਯੋਗ ਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਸੁਪਰੀਮ ਕੋਰਟ ’ਚ ਅਗਲੀ ਸੁਣਵਾਈ ਅਗਲੇ ਸੋਮਵਾਰ ਨੂੰ ਹੋਣੀ ਹੈ। ਸੁਪਰੀਮ ਕੋਰਟ ਦਾ ਦਖਲ ਸਵਾਗਤਯੋਗ ਹੈ ਅਤੇ ਇਸ ਨਾਲ ਆਸ ਬਣੀ ਹੈ ਕਿ ਹਕੀਕਤ ਸਾਹਮਣੇ ਆਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ