ਲੇਖ

ਕੋਰੋਨਾ ਦਾ ਝੰਬਿਆ ਵਪਾਰੀ ਤੇ ਓਮੀਕਰੋਨ

January 08, 2022 12:23 PM

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਕੋਰੋਨਾ ਨੇ ਭਾਰਤ ਸਮੇਤ ਸਾਰੇ ਸੰਸਾਰ ਵਿੱਚ ਵਪਾਰ ਦਾ ਐਸਾ ਭੱਠਾ ਬਿਠਾਇਆ ਸੀ ਜੋ ਅੱਜ ਤੱਕ ਤਾਬ ਨਹੀਂ ਆਇਆ। ਛੋਟੇ ਮੋਟੇ ਰੇਹੜੀ ਵਾਲੇ ਜਾਂ ਗਲੀ ਦੇ ਦੁਕਾਨਦਾਰ ਦੀ ਗੱਲ ਤਾਂ ਇੱਕ ਪਾਸੇ ਰਹੀ, ਵੱਡੇ ਵੱਡੇ ਉਦਯੋਗਪਤੀ, ਫਾਈਵ ਸਟਾਰ ਹੋਟਲਾਂ ਵਾਲੇ, ਸ਼ਾਪਿੰਗ ਮਾਲ, ਹਵਾਈ ਕੰਪਨੀਆਂ ਅਤੇ ਅਮੇਜ਼ਾਨ ਵਰਗੀਆਂ ਆਨਲਾਈਨ ਸ਼ਾਪਿੰਗ ਕੰਪਨੀਆਂ ਆਦਿ ਬਰਬਾਦ ਹੋਣ ਦੇ ਕਿਨਾਰੇ ਪਹੁੰਚ ਗਈਆਂ ਸਨ। ਪ੍ਰਾਪਰਟੀ ਦੀ ਖਰੀਦ ਵੇਚ ਦਾ ਕਾਰੋਬਾਰ ਅਜਿਹਾ ਧਰਤੀ ’ਤੇ ਡਿੱਗਾ ਹੈ ਕਿ ਅਜੇ ਤੱਕ ਨਹੀਂ ਸੰਭਲਿਆ। ਅਰਬਾਂ ਰੁਪਏ ਦਾ ਮਾਲ ਲਾਕਡਾਊਨ ਵੇਲੇ ਦੁਕਾਨਾਂ ਵਿੱਚ ਪਿਆ ਬਰਬਾਦ ਹੋ ਗਿਆ ਸੀ। ਹਾਲੇ ਸੰਸਾਰ ਕੋਰੋਨਾ ਦੀ ਦਹਿਸ਼ਤ ਤੋਂ ਉੱਭਰਿਆ ਨਹੀਂ ਹੈ ਕਿ ਓਮੀਕਰੋਨ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਸਾਹ ਸੂਤ ਲਏ ਹਨ। ਅਜਿਹਾ ਹੀ ਇੱਕ ਦੁਖੀ ਵਪਾਰੀ ਸੁਰਿੰਦਰ ਨੀਟਾ ਇੱਕ ਦਿਹਾੜੇ ਰਾਤ ਨੂੰ ਸੋਮ ਰਸ ਨਾਲ ਗਮ ਗਲਤ ਕਰ ਕੇ ਡਿੱਗਦਾ ਢਹਿੰਦਾ ਆਪਣੇ ਘਰ ਪਹੁੰਚਿਆ ਤਾਂ ਉਸ ਦਾ ਪਤਨੀ ਨਾਲ ਵਾਦ ਵਿਵਾਦ ਮੁਕਾਬਲਾ ਸ਼ੁਰੂ ਹੋ ਗਿਆ।
ਪਤਨੀ ਨੇ ਨੀਟੇ ਅੱਗੇ ਖਾਣਾ ਪਰੋਸਿਆ ਤੇ ਨਾਲ ਹੀ ਨਜ਼ਰਾਂ ਤਿਰਛੀਆਂ ਜਿਹੀਆਂ ਕਰ ਕੇ ਪਹਿਲਾ ਅਗਨ ਬਾਣ ਦਾਗ ਦਿੱਤਾ, “ਤੁਸੀਂ ਬਹੁਤ ਬਦਲ ਗਏ ਉ। ਅੱਜ ਕਲ੍ਹ ਚੰਗੀ ਤਰਾਂ ਗੱਲ ਬਾਤ ਈ ਨਈਂ ਕਰਦੇ।” ਡੁੱਬ ਰਹੇ ਵਪਾਰ ਨੂੰ ਬਚਾਉਣ ਦੀਆਂ ਸੋਚਾਂ ਵਿੱਚ ਡੁੱਬੇ ਨੀਟੇ ਨੂੰ ਪਹਿਲਾਂ ਹੀ ਰੋਟੀ ਜ਼ਹਿਰ ਵਰਗੀ ਲੱਗ ਰਹੀ ਸੀ। ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਆ ਰਹੀ ਕਿ ਉਹ ਕੱਦੂ ਖਾ ਰਿਹਾ ਹੈ ਕਿ ਮਲਾਈ ਕੋਫਤਾ। ਉਸ ਨੇ ਵਕਤ ਕੱਢਣ ਵਾਲੀ ਗੱਲ ਕੀਤੀ, “ਨਈਂ, ਇਹੋ ਜਈ ਕੋਈ ਗੱਲ ਨਈਂ। ਬੱਸ ਥੋੜ੍ਹਾ ਬਿਜ਼ੀ ਆਂ ਅੱਜ ਕਲ੍ਹ।” ਪਰ ਪਤਨੀ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਕੁੱਦੀ ਸੀ।
ਕੁਝ ਦਿਨਾਂ ਤੋਂ ਨੀਟੇ ਦੇ ਘਰ ਗ੍ਰਹਿਸਥੀ ਵੱਲ ਘੱਟ ਧਿਆਨ ਦੇਣ ਕਾਰਨ ਉਸ ਨੂੰ ਲੱਗ ਰਿਹਾ ਸੀ ਕਿ ਪਤੀ ਪਰਮੇਸ਼ਰਮਰ ਘਰ ਵਿੱਚ ਰਾਮ ਅਤੇ ਗਲੀ ਵਿੱਚ ਸ਼ਿਆਮ ਵਾਲੀਆਂ ਖੇਡਾਂ ਖੇਡ ਰਿਹਾ ਹੈ। ਨਾਲ ਦੇ ਘਰ ਵਾਲੀ ਚੱਟਕ ਜਿਹੀ ਗੁਆਂਢਣ ਰਾਣੋ ’ਤੇ ਤਾਂ ਉਸ ਨੂੰ ਪੂਰਾ ਸ਼ੱਕ ਸੀ ਕਿ ਉਸ ਦਾ ਨੀਟੇ ਨਾਲ ਅੱਖ ਮਟੱਕਾ ਚੱਲ ਰਿਹਾ ਹੈ। “ਦੋ ਤਿੰਨ ਮਹੀਨੇ ਤੋਂ ਤੁਸੀਂ ਹਰ ਗੱਲ ਵਿੱਚ ਕੰਮ ਦਾ ਬਹਾਨਾ ਬਣਾ ਦਿੰਦੇ ਉ। ਲੱਗਦਾ ਤੁਸੀਂ ਮੇਰੇ ਤੋਂ ਕੁਝ ਛਿਪਾ ਰਹੇ ਉ। ਕਿਸੇ ਸਿੱਧੇ ਪੁੱਠੇ ਚੱਕਰ ਵਿੱਚ ਤਾਂ ਨਹੀਂ ਫਸ ਗਏ?” ਪਤਨੀ ਕਚਹਿਰੀ ਦੇ ਕਿਸੇ ਘਾਗ ਵਕੀਲ ਵਾਂਗ ਸਵਾਲ ’ਤੇ ਸਵਾਲ ਦਾਗ ਰਹੀ ਸੀ।
“ਨਈਂ ਭਾਈ, ਕੰਮ ਦੀ ਟੈਨਸ਼ਨ ਆ ਹੋਰ ਕੁਝ ਨਈਂ। ਵੇਖੀਂ ਜੇ ਘਰੇ ਕੋਈ ਸਿਰ ਪੀੜ ਦੀ ਗੋਲੀ ਪਈ ਤਾਂ ਦਈਂ, ਸਵੇਰ ਦਾ ਸਿਰ ਪਾਟੀ ਜਾਂਦੈ,” ਨੀਟੇ ਨੇ ਗੱਲ ਟਾਲਣ ਲਈ ਦੀ ਗਰਜ਼ ਨਾਲ ਕਿਹਾ। ਪਤਨੀ ਨੀਟੇ ਦੀ ਸਿਰ ਪੀੜ ਵਾਲੀ ਗੱਲ ਸੁਣ ਕੇ ਡਰ ਗਈ ਕਿ ਕਿਤੇ ਟੈਨਸ਼ਨ ਕਾਰਨ ਇਸ ਨੂੰ ਬਰੇਨ ਹੈਮਰੇਜ਼ ਹੀ ਨਾ ਹੋ ਜਾਵੇ। ਫਿਰ ਨਵੀਆਂ ਨਵੀਆਂ ਸਾੜੀਆਂ ਕੌਣ ਲੈ ਕੇ ਦੇਵੇਗਾ ਤੇ ਕਿੱਟੀ ਪਾਰਟੀਆਂ ਦਾ ਖਰਚਾ ਕੌਣ ਚੁੱਕੇਗਾ? ਉਹ ਇੱਕ ਦਮ ਦੁਰਗਾ ਦੇ ਅਵਤਾਰ ਤੋਂ ਸਤੀ ਸਵਿੱਤਰੀ ਬਣ ਗਈ, “ਤੁਸੀਂ ਹਮੇਸ਼ਾਂ ਆਪਣੀ ਟੈਨਸ਼ਨ ਮੇਰੇ ਤੋਂ ਛਿਪਾਉਂਦੇ ਉ। ਮੈਨੂੰ ਦੱਸੋ ਕੀ ਪੰਗਾ ਆਣ ਪਿਆ ਐ, ਮੈਂ ਕਾਹਦੇ ਵਾਸਤੇ ਆਂ? ਆਪਾਂ ਦੋਵੇਂ ਰਲ ਕੇ ਕੋਈ ਹੱਲ ਕੱਢਦੇ ਆਂ। ਆਖਰ ਪਤਨੀ ਨੂੰ ਸ਼ਾਸ਼ਤਰਾਂ ਵਿੱਚ ਅਰਧਾਂਗਣੀ ਐਵੇਂ ਤਾਂ ਨਹੀਂ ਕਿਹਾ ਗਿਆ?”
ਸੜੇ ਬਲੇ ਨੀਟੇ ਨੇ ਯਮਰਾਜ ਦੇ ਸੈਕਟਰੀ ਚਿਤਰਗੁਪਤ ਵਾਂਗ ਆਪਣੇ ਦੁੱਖਾਂ ਦੀ ਕਿਤਾਬ ਖੋਲ੍ਹ ਦਿੱਤੀ, “ਲੈ ਫਿਰ ਸੁਣ ਜੇ ਨਈਂ ਟਲਦੀ ਤਾਂ। ਹਾਲੇ ਤਾਂ ਕੋਰੋਨਾ ਦੇ ਲਾਕਡਾਊਨ ਨਾਲ ਹੋਏ ਨੁਕਸਾਨ ਦੀ ਪੂਰਤੀ ਨਹੀਂ ਸੀ ਹੋਈ ਕਿ ਹੁਣ ਆਹ ਨਵੀਂ ਬਿਮਾਰੀ ਓਮੀਕਰੋਨ ਨੇ ਸਾਹ ਸ਼ਾਟ ਕਰ ਦਿੱਤੇ ਨੇ। ਗਾਹਕ ਕੋਈ ਦੁਕਾਨ ਵੱਲ ਮੂੰਹ ਨਹੀਂ ਕਰਦਾ, ਕਿਸੇ ਕੋਲ ਪੈਸਾ ਈ ਹੈਨੀਂ। ਦੁਕਾਨ ਖਰੀਦਣ ਵੇਲੇ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਗਈਆਂ ਨੇ ਤੇ ਬੈਂਕ ਵਾਲੇ ਨੋਟਿਸ ’ਤੇ ਨੋਟਿਸ ਕੱਢ ਰਹੇ ਆ। ਕਹਿੰਦੇ ਆ ਜੇ ਇਸ ਮਹੀਨੇ ਕਿਸ਼ਤ ਨਾ ਭਰੀ ਤਾਂ ਦੁਕਾਨ ’ਤੇ ਕਬਜ਼ਾ ਕਰ ਲੈਣਾ ਆਂ। ਫੈਕਟਰੀ ਲੰਙੇ ਡੰਗ ਚੱਲ ਰਹੀ ਆ, ਕੋਰੋਨਾ ਵੇਲੇ ਭੱਜੀ ਹੋਈ ਯੂ.ਪੀ. ਬਿਹਾਰ ਵਾਲੀ ਲੇਬਰ ਅਜੇ ਤੱਕ ਵਾਪਿਸ ਨਹੀਂ ਆਈ।
ਐਕਸਪੋਰਟ ਕਰਨ ਲਈ ਜਿਹੜਾ ਥੋੜ੍ਹਾ ਬਹੁਤਾ ਮਾਲ ਤਿਆਰ ਕੀਤਾ ਸੀ, ਉਹ ਕਸਟਮ ਵਾਲਿਆਂ ਕੋਲ ਫਸਿਆ ਪਿਆ ਆ। ਹੁਣ ਉਨ੍ਹਾਂ ਦੀ ਜੇਬ ਗਰਮ ਕਰਨੀ ਪੈਣੀ ਆਂ। ਮੈਨੇਜਰ ਨੂੰ ਭੇਜਿਆ ਸ਼ਾਇਦ ਕੋਈ ਢਾਹ ਭੰਨ ਕਰ ਕੇ ਮਾਲ ਕਢਵਾਏ। ਇਨਕਮ ਟੈਕਸ ਤੇ ਜੀ.ਐਸ.ਟੀ. ਦੀ ਰਿਟਰਨ ਫਾਈਲ ਕਰਨੀ ਆ, ਪ੍ਰਾਪਰਟੀ ਟੈਕਸ ਭਰਨਾ ਆ, ਉੱਪਰੋਂ ਉਧਾਰ ਦਿੱਤੇ ਮਾਲ ਦੀ ਉਗਰਾਹੀ ਨਈਂ ਆ ਰਹੀ ਤੇ ਗਾਹਕੀ ਕੋਈ ਹੈ ਨਈਂ। ਸਾਰੇ ਮੰਦੀ ਦਾ ਰੋਣਾ ਰੋਈ ਜਾਂਦੇ ਆ। ਮਾਰਚ ਵਿੱਚ ਕਲੋਸਿੰਗ ਕਰਨੀ ਆ ਤੇ ਅਕਾਊਂਟੈਂਟ ਸਾਲਾ ਆ ਨਹੀਂ ਰਿਹਾ। ਉਸ ਦਾ ਲੰਡਰ ਮੁੰਡਾ ਮੁਹੱਲੇ ਦੇ ਪ੍ਰਧਾਨ ਦੀ ਕੁੜੀ ਕੱਢ ਕੇ ਲੈ ਗਿਆ ਆ। ਪ੍ਰਧਾਨ ਨੇ ਅਕਾਊਂਟੈਂਟ ਦਾ ਸਾਰਾ ਟੱਬਰ ਥਾਣੇ ਫੜਾਇਆ ਹੋਇਆ ਆ ਜਿੱਥੇ ਉਨ੍ਹਾਂ ਦੀ ਤਿੰਨ ਟਾਈਮ ਛਿੱਤਰ ਪਰੇਡ ਹੋ ਰਹੀ ਆ। ਕਦੇ ਕੋਈ ਬਿਜਲੀ ਵਾਲਾ, ਕਦੇ ਪ੍ਰਦੂਸ਼ਣ ਵਾਲਾ, ਕਦੇ ਸੇਲਜ਼ ਟੈਕਸ ਵਾਲਾ, ਕਦੇ ਜੀ.ਐਸ.ਟੀ. ਵਾਲਾ, ਕਦੇ ਪੱਤਰਕਾਰ, ਕਦੇ ਟਰੈਫਿਕ ਵਾਲਾ ਤੇ ਕਦੇ ਲੋਕਲ ਥਾਣੇ ਦਾ ਐਸ.ਐਚ.ਉ. ਵਗਾਰ ਲੈਣ ਲਈ ਆ ਧਮਕਦਾ ਆ। ਸਾਨੂੰ ਤਾਂ ਲੋਹੜੀ ਦੀਵਾਲੀ ਦੀਆਂ ਵਗਾਰਾਂ ਨੇ ਈ ਮਾਰ ਛੱਡਿਆ ਆ। ਹੁਣ ਦੱਸ ਤੂੰ ਇਸ ਸਭ ਖਲਜਗਣ ਵਿੱਚ ਮੇਰੀ ਕੀ ਮਦਦ ਕਰ ਸਕਦੀ ਆਂ?”
ਪਤੀ ਦੀ ਦਰਦ ਕਹਾਣੀ ਸੁਣ ਕੇ ਪਤਨੀ ਨੂੰ ਚੱਕਰ ਆਉਣ ਲੱਗ ਪਏ ਤੇ ਜ਼ਿੰਦਗੀ ਦਾ ਪਹਿਲਾ ਹਾਰਟ ਅਟੈਕ ਹੋਣ ਦੇ ਚਾਂਸ ਬਣ ਗਏ। ਉਹ ਮੱਥੇ ’ਤੇ ਆ ਗਈਆਂ ਤਰੇਲੀਆਂ ਪੂੰਝਦੀ ਹੋਈ ਬਹੁਤ ਹੀ ਪਿਆਰ ਨਾਲ ਬੋਲੀ, “ਵੇਖੋ ਜੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਤਾਂ ਆਉਂਦੇ ਈ ਰਹਿੰਦੇ ਆ। ਇਸ ਤਰਾਂ ਦਿਲ ਥੋੜ੍ਹਾ ਛੱਡੀਦਾ ਹੁੰਦਾ? ਤੁਸੀਂ ਇੱਕ ਛੋਟਾ ਜਿਹਾ ਪੈੱਗ ਹੋਰ ਲਗਾ ਲਉ ਤੇ ਅਰਾਮ ਨਾਲ ਸੌਂ ਜਾਉ, ਸਵੇਰੇ ਗੱਲ ਕਰਾਂਗੇ।”

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ